ਮਮਦਾਨੀ ਦੀ ਜਿੱਤ ਟਰੰਪ ਲਈ ਖ਼ਤਰੇ ਦੀ ਘੰਟੀ
ਅੱਜ ਵਿਸ਼ਵ ਦਾ ਕੋਈ ਅਜਿਹਾ ਦੇਸ਼ ਨਹੀਂ, ਜਿੱਥੇ ਭਾਰਤੀ ਮੂਲ ਦੇ ਪਰਵਾਸੀਆਂ ਦਾ ਡੰਕਾ ਨਾ ਵੱਜਦਾ ਹੋਵੇ। ਵਿਗਿਆਨ, ਅਰਥ ਸ਼ਾਸਤਰ, ਇਨਫੋਟੈਕ, ਕਾਰੋਬਾਰ, ਟਰਾਂਸਪੋਰਟ, ਖੇਤੀ, ਜਨਤਕ ਸੇਵਾਵਾਂ, ਡਿਪਲੋਮੇਸੀ, ਅਧਿਆਤਮਿਕ ਖੇਤਰਾਂ ਵਿੱਚ ਹੀ ਨਹੀਂ ਬਲਕਿ ਰਾਜਨੀਤਕ ਖੇਤਰ ਵਿੱਚ ਵੀ ਉਨ੍ਹਾਂ ਦਾ ਅੱਖਾਂ ਚੁੰਧਿਆ ਦੇਣ ਵਾਲਾ ਜਲਵਾ ਕਾਇਮ ਹੈ।
ਵਿਸ਼ਵ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਅਤੇ ਉਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਤਿੱਖੇ ਅਤੇ ਨਿੱਜੀ ਵਿਰੋਧ ਦੇ ਬਾਵਜੂਦ 4 ਨਵੰਬਰ 2025 ਨੂੰ ਅਮਰੀਕਾ ਦੇ ਨਾਮਵਰ, ਅਮੀਰ ਅਤੇ ਵੱਡੇ ਮਹਾਨਗਰ ਨਿਊਯਾਰਕ ਦੇ 111ਵੇਂ ਮੇਅਰ ਵਜੋਂ ਭਾਰਤੀ ਮੂਲ (ਮਾਂ ਪੰਜਾਬੀ ਮੂਲ) ਦੇ ਪਰਿਵਾਰ ਦੇ ਫਰਜੰਦ 34 ਸਾਲਾ ਡੈਮੋਕ੍ਰੈਟਿਕ ਸੋਸ਼ਲਿਸਟ ਜ਼ੋਹਰਾਨ ਮਮਦਾਨੀ ਦਾ ਚੁਣਿਆ ਜਾਣਾ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ। ਉਸ ਦੀ ਜਿੱਤ ਨੇ ਅਮਰੀਕੀ ਵ੍ਹਾਈਟ ਹਾਊਸ ਦੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ ਹਨ।
ਜ਼ੋਹਰਾਨ ਮਮਦਾਨੀ ਪੰਜਾਬ ਦੀ ਧੀ ਮੀਰਾ ਨਾਇਰ ਦਾ ਪੁੱਤਰ ਹੈ। ਮੀਰਾ ਨਾਇਰ ਦਿੱਲੀ ਪੜ੍ਹੀ ਲਿਖੀ ਉੱਘੀ ਫਿਲਮਸਾਜ਼ ਹੈ ਅਤੇ ਪ੍ਰੋ. ਮਹਿਮੂਦ ਮਮਦਾਨੀ ਜੋ ਮੁੰਬਈ ਦੇ ਜੰਮਪਲ ਹਨ, ਇਤਿਹਾਸ ਦੇ ਵਿਦਵਾਨ ਹਨ। ਉਹ ਕਦੇ ਕੰਪਾਲਾ (ਯੂਗਾਂਡਾ) ਚਲੇ ਗਏ ਸਨ। ਜ਼ੋਹਰਾਨ ਦਾ ਜਨਮ ਕੰਪਾਲਾ ਵਿਖੇ 18 ਅਕਤੂਬਰ 1991 ਵਿੱਚ ਹੋਇਆ ਸੀ। ਜਦੋਂ ਉਹ 5 ਸਾਲ ਦਾ ਸੀ ਤਾਂ ਮਮਦਾਨੀ ਪਰਿਵਾਰ ਕੇਪਟਾਊਨ (ਦੱਖਣੀ ਅਫ਼ਰੀਕਾ) ਅਤੇ ਦੋ ਸਾਲ ਬਾਅਦ ਨਿਊਯਾਰਕ, ਅਮਰੀਕਾ ਪੱਕੇ ਤੌਰ ’ਤੇ ਵੱਸ ਗਿਆ। ਜ਼ੋਹਰਾਨ ਮਮਦਾਨੀ ਨੇ 2018 ਵਿੱਚ ਅਮਰੀਕੀ ਨਾਗਰਿਕਤਾ ਪ੍ਰਾਪਤ ਕੀਤੀ। ਪ੍ਰੋ. ਮਮਦਾਨੀ ਦੇ ਖੱਬੇ ਪੱਖੀ ਵਿਚਾਰਾਂ ਤੋਂ ਨੌਜਵਾਨ ਮਮਦਾਨੀ ਪੂਰੀ ਤਰ੍ਹਾਂ ਪ੍ਰਭਾਵਿਤ ਹੈ। ਮਮਦਾਨੀ 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨਿਊਯਾਰਕ ਰਾਜ ਦੀ ਵਿਧਾਨ ਸਭਾ ਲਈ ਚੁਣਿਆ ਗਿਆ। 2022 ਅਤੇ 2024 ਵਿੱਚ ਉਹ ਮੁੜ ਚੁਣਿਆ ਜਾਂਦਾ ਰਿਹਾ। ਪਿਛਲੇ ਸਾਲ ਉਸ ਨੇ ਨਿਊਯਾਰਕ ਦੇ ਮੇਅਰ ਦੀ ਚੋਣ ਲੜਨ ਦਾ ਐਲਾਨ ਕੀਤਾ। ਹੈਰਾਨਗੀ ਦੀ ਗੱਲ ਇਹ ਹੈ ਕਿ ਉਸ ਸਮੇਂ ਉਸ ਨੂੰ 1 ਫ਼ੀਸਦੀ ਨਿਊਯਾਰਕ ਮਹਾਨਗਰ ਨਿਵਾਸੀਆਂ ਦੀ ਹਮਾਇਤ ਵੀ ਹਾਸਿਲ ਨਹੀਂ ਸੀ।
ਮਮਦਾਨੀ ਦਾ ਸਿੱਧਾ ਰਾਜਨੀਤਕ ਮੁਕਾਬਲਾ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਵਜੋਂ ਆਜ਼ਾਦ ਧਨਾਢ ਅਤੇ ਕਾਰਪੋਰੇਟ ਖ਼ਰਬਪਤੀਆਂ ਦੀ ਹਮਾਇਤ ਪ੍ਰਾਪਤ ਸਾਬਕਾ ਗਵਰਨਰ ਐਂਡਰਿਊ ਕੂਮੋ ਨਾਲ ਸੀ। ਕੁਝ ਔਰਤਾਂ ਵੱਲੋਂ ਉਸ ’ਤੇ ਛੇੜਛਾੜ ਦੇ ਦੋਸ਼ਾਂ ਕਰਕੇ 2021 ਵਿੱਚ ਉਸ ਨੇ ਨਿਊਯਾਰਕ ਦੇ ਗਵਰਨਰ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਪ੍ਰਾਇਮਰੀ ਚੋਣਾਂ ਵਿੱਚ ਕੂਮੋ ਨੂੰ ਮਮਦਾਨੀ ਨੇ ਜੂਨ 2025 ਵਿੱਚ 13 ਪੁਆਇੰਟਾਂ ’ਤੇ ਚਿੱਤ ਕੀਤਾ ਸੀ। ਇਸ ਜਿੱਤ ਨੇ ਪੂਰੇ ਅਮਰੀਕਾ ਵਿੱਚ ਹਲਚਲ ਪੈਦਾ ਕਰ ਦਿੱਤੀ ਸੀ।
ਸਤਾਹਠ ਸਾਲਾ ਕੂਮੋ ਡੈਮੋਕ੍ਰੈਟਿਕ ਪਾਰਟੀ ਦੇ ਸਾਬਕਾ ਗਵਰਨਰ ਮਾਰੀਉ ਕੂਮੋ ਦਾ ਪੁੱਤਰ ਹੈ ਜੋ 2011 ਤੋਂ 2021 ਵਿੱਚ ਆਪਣਾ ਅਸਤੀਫ਼ਾ ਦੇਣ ਤੱਕ ਨਿਊਯਾਰਕ ਦਾ ਗਵਰਨਰ ਰਿਹਾ ਸੀ। ਉਸ ਦਾ ਰਾਜਨੀਤਕ ਪਿਛੋਕੜ ਬਹੁਤ ਮਜ਼ਬੂਤ ਸੀ। ਪ੍ਰਾਇਮਰੀ ਚੋਣਾਂ ਵਿੱਚ ਉਸ ਵਰਗੇ ਮਜ਼ਬੂਤ ਉਮੀਦਵਾਰ ਨੂੰ ਹਰਾਉਣਾ ਪਰਵਾਸੀ ਭਾਰਤੀ ਪਰਿਵਾਰ ਦੇ ਫਰਜੰਦ ਮਮਦਾਨੀ ਲਈ ਬਹੁਤ ਜੋਖਮ ਭਰਿਆ ਕਾਰਜ ਸੀ। ਉਹ ਅਮਰੀਕੀ ਸਰਕਾਰਾਂ ਵਿੱਚ ਅਹਿਮ ਅਹੁਦੇ ਹੰਢਾਉਣ ਅਤੇ ਰਾਸ਼ਟਰਪਤੀ ਬਿਲ ਕਲਿੰਟਨ ਅਧੀਨ 1997 ਤੋਂ 2001 ਤੱਕ ਸਕੱਤਰ ਪਦ ’ਤੇ ਰਹਿਣ ਵਾਲਾ ਵਿਅਕਤੀ ਸੀ। ਪ੍ਰਾਇਮਰੀ ਚੋਣਾਂ ਹਾਰਨ ਬਾਅਦ ਉਸ ਨੇ ਟਰੰਪ ਅਤੇ ਧਨਾਢ ਪਿੱਠੂਆਂ ਦੀ ਹਮਾਇਤ ਨਾਲ ਆਜ਼ਾਦ ਉਮੀਦਵਾਰ ਵਜੋਂ ਕੁੱਦਣ ਦਾ ਫ਼ੈਸਲਾ ਕੀਤਾ ਸੀ।
ਰਿਪਬਲਿਕਨ ਪਾਰਟੀ ਦਾ ਅਧਿਕਾਰਤ ਉਮੀਦਵਾਰ ਕੁਰਟਿਸ ਸਲੀਵਾ ਸੀ, ਪਰ ਪਾਰਟੀ ਨੇ ਚੋਣ ਮੁਹਿੰਮ ਦੌਰਾਨ ਕੂਮੋ ਦੀ ਹਮਾਇਤ ਜਾਰੀ ਰੱਖੀ। ਪਾਰਟੀ ਅਨੁਸ਼ਾਸਨ ਛਿੱਕੇ ’ਤੇ ਟੰਗਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖ਼ੁਦ ਕੂਮੋ ਦੀ ਹਮਾਇਤ ਦਾ ਐਲਾਨ 3 ਨਵੰਬਰ 2025 ਨੂੰ ਕਰ ਦਿੱਤਾ। ਉਸ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਕੂਮੋ ਨੂੰ ਵੋਟ ਪਾਓ। ਉਸ ਨੇ ਨਿਊਯਾਰਕ ਵਾਸੀਆਂ ਨੂੰ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਮਮਦਾਨੀ ਨੂੰ ਮੇਅਰ ਚੁਣਿਆ ਤਾਂ ਉਹ ਮਹਾਨਗਰ ਦੇ ਫੰਡ ਰੋਕ ਦੇਵੇਗਾ ਅਤੇ ਨੈਸ਼ਨਲ ਗਾਰਡ ਤਾਇਨਾਤ ਕਰ ਦੇਵੇਗਾ।
ਖਰਬਪਤੀ ਐਲਨ ਮਸਕ ਨੇ ਵੀ ਨਿਊਯਾਰਕ ਵੋਟਰਾਂ ਨੂੰ ਕੂਮੋ ਦੀ ਹਮਾਇਤ ਕਰਨ ਦੀ ਅਪੀਲ ਕੀਤੀ। ਨਿਊਯਾਰਕ ਦੇ ਸੈਨੇਟਰ ਚੱਕ ਸ਼ੁਮਰ ਅਤੇ ਕ੍ਰਿਸਟਨ ਗਿਲੀਬ੍ਰਾਂਡ ਨੇ ਵੀ ਮਮਦਾਨੀ ਦਾ ਵਿਰੋਧ ਕੀਤਾ, ਪਰ ਅਗਾਂਹਵਧੂ ਖੱਬੇ ਪੱਖੀ ਵਰਮੋਂਟ ਤੋਂ ਸੈਨੇਟਰ ਬਰਨੀ ਸੈਂਡਰਜ਼ ਅਤੇ ਨਿਊਯਾਰਕ ਕਾਂਗਰਸਮੈਨ ਅਲੈਗਜ਼ੈਂਡਰੀਆ ਓਕਾਸੀਓ ਕੋਰਟੇਜ਼ ਹਰ ਮੁਹਾਜ਼ ’ਤੇ ਮਮਦਾਨੀ ਦੀ ਪਿੱਠ ’ਤੇ ਰਹੇ। ਨਿਊਯਾਰਕ ਦੇ ਹਰਮਨ ਪਿਆਰੇ ਆਗੂ ਜੇਰੀ ਨਾਦਲਰ ਅਤੇ ਅਟਾਰਨੀ ਲਟੀਟੀਆ ਜੇਮਜ਼ ਨੇ ਵੀ ਉਸ ਦੀ ਡਟ ਕੇ ਹਮਾਇਤ ਕੀਤੀ। ਚੋਣ ਨੇੜੇ ਆਉਣ ’ਤੇ ਅਮਰੀਕੀ ਕਾਂਗਰਸ ਦੇ ਘੱਟਗਿਣਤੀ ਆਗੂ ਹਕੀਮ ਜੈਫਰੀਜ਼ ਨੇ ਵੀ ਉਸ ਦੀ ਹਮਾਇਤ ਦਾ ਐਲਾਨ ਕਰ ਦਿੱਤਾ। ਸ਼ੁਰੂ ਵਿੱਚ ਅਜੋਕੇ ਮੇਅਰ ਏਰਕ ਐਡਮਜ਼ ਨੇ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰਨ ਦਾ ਐਲਾਨ ਕੀਤਾ ਸੀ, ਪਰ ਹਮਾਇਤ ਨਾ ਮਿਲਦੀ ਦੇਖ ਕੇ ਸਤੰਬਰ 2025 ਵਿੱਚ ਕਿਨਾਰਾ ਕਰ ਲਿਆ।
ਨਿਊਯਾਰਕ ਸ਼ਹਿਰ ਚਕਾਚੌਂਧ ਭਰਿਆ ਮਹਿੰਗਾ ਸ਼ਹਿਰ ਹੈ। ਆਮ ਨਿਵਾਸੀਆਂ ਲਈ ਮਕਾਨਾਂ, ਫਲੈਟਾਂ ਜਾਂ ਕਮਰਿਆਂ ਦਾ ਕਿਰਾਇਆ ਦੇਣਾ ਮੁਹਾਲ ਹੈ। ਘਰ ਖ਼ਰੀਦਣਾ ਅਸੰਭਵ ਹੈ। ਭਾਰੀ ਕੀਮਤਾਂ ਕਰਕੇ ਇਹ ਪਹੁੰਚ ਤੋਂ ਬਾਹਰ ਹੈ। ਅਮਨ ਕਾਨੂੰਨ ਦੀ ਸਥਿਤੀ ਚਿੰਤਾਜਨਕ ਬਣੀ ਰਹਿੰਦੀ ਹੈ। ਨਸ਼ੀਲੇ ਪਦਾਰਥਾਂ, ਦਵਾਈਆਂ ਅਤੇ ਹੋਰ ਵਸਤੂਆਂ ਦੀ ਤਸਕਰੀ ਬਾਦਸਤੂਰ ਚੁਣੌਤੀ ਬਣੀ ਹੋਈ ਹੈ। ਬੇਰੁਜ਼ਗਾਰੀ ਅਤੇ ਘੱਟ ਉਜਰਤ ਨੌਜਵਾਨਾਂ ਦੀਆਂ ਸਮੱਸਿਆਵਾਂ ਹਨ। ਮਮਦਾਨੀ ਨੇ ਨਗਰ ਨਿਗਮ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਕਿਰਾਇਆ ਸਿਸਟਮ ਅਤੇ ਮਕਾਨ ਖ਼ਰੀਦ ਆਮ ਲੋਕਾਂ ਦੀ ਪਹੁੰਚ ਵਾਲੇ ਬਣਾਏ ਜਾਣਗੇ। ਕਿਰਤੀ ਦੀ ਘੱਟੋ-ਘੱਟ ਉਜਰਤ 30 ਡਾਲਰ ਰੋਜ਼ਾਨਾ ਕੀਤੀ ਜਾਵੇਗੀ। ਅਪਰਾਧੀਆਂ, ਤਸਕਰਾਂ, ਧੋਖੇਬਾਜ਼ਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਅਮੀਰ ਲੋਕਾਂ ’ਤੇ ਟੈਕਸ ਠੋਕਿਆ ਜਾਵੇਗਾ। ਨਿਊਯਾਰਕ ਨੂੰ ਸਸਤਾ ਅਤੇ ਸੁਰੱਖਿਅਤ ਮਹਾਨਗਰ ਬਣਾਇਆ ਜਾਵੇਗਾ। ਬੱਸ ਸੇਵਾ ਮੁਫ਼ਤ ਕੀਤੀ ਜਾਵੇਗੀ।
ਮਮਦਾਨੀ ਦੇ ਸਮਾਜਵਾਦੀ ਵਿਚਾਰ, ਗਾਜ਼ਾ ਪੱਟੀ ਅੰਦਰ ਹਮਾਸ ਦੀ ਨਸਲਕੁਸ਼ੀ, ਇਸਲਾਮੋਫੋਬੀਆ, ਨਸਲਵਾਦ ਦਾ ਵਿਰੋਧ, ਕੱਟੜਵਾਦੀ ਯਹੂਦੀਆਂ ਦੀ ਆਲੋਚਨਾ, ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਨਿਊਯਾਰਕ ਆਉਣ ’ਤੇ ਗ੍ਰਿਫ਼ਤਾਰ ਕਰਨ ਦਾ ਐਲਾਨ ਅਮਰੀਕੀ ਰਾਸ਼ਟਰਪਤੀ ਨੂੰ ਸੂਲਾਂ ਵਾਂਗ ਚੁੱਭਦੇ ਸਨ। ਉਹ ਅਤੇ ਉਸ ਦੇ ਪਿੱਠੂ ਉਸ ਨੂੰ ‘ਜੇਹਾਦੀ’, ਅਤਿਵਾਦੀ, ਕਮਿਊਨਿਸਟ ਕਹਿ ਕੇ ਬਦਨਾਮ ਕਰ ਰਹੇ ਸਨ। ਉਸ ਦੀ ਜਿੱਤ ਕਰਕੇ ਅਮਰੀਕਾ ਵਿੱਚ ਮੁੜ 9/11 ਹਮਲਿਆਂ ਨੂੰ ਸੱਦਾ ਦੇਣਾ ਐਲਾਨ ਰਹੇ ਸਨ। ਉਸ ਨੂੰ ਮੁਸਲਿਮ ਕੱਟੜਵਾਦੀ ਕਰਾਰ ਦੇ ਰਹੇ ਸਨ। ਉਸ ਦੀ ਈਰਾਨੀ ਮੂਲ ਦੀ ਪਤਨੀ ਨੂੰ ਨਹੀਂ ਬਖ਼ਸ਼ਿਆ ਜਾ ਰਿਹਾ।
ਮਮਦਾਨੀ ਨੇ ਆਪਣੀ ਚੋਣ ਲਈ ਵਿਚਾਰਧਾਰਕ ਵਾਲੰਟੀਅਰ ਫ਼ੌਜ ਤਿਆਰ ਕੀਤੀ। ਲੋਕ ਪੱਖੀ ਹੱਥ ਲਿਖਤ ਬੈਨਰ ਥਾਂ ਥਾਂ ਲਗਾਏ। ਹਰ ਘਰ ਦਾ ਦਰਵਾਜ਼ਾ ਖੜਕਾ ਕੇ ਲੋਕਸ਼ਾਹੀ ਅਤੇ ਰਾਜਨੀਤਕ ਤਬਦੀਲੀ ਦੀ ਅਲਖ ਜਗਾਈ। ਯਹੂਦੀ ਮਾਨਵਵਾਦੀ ਲੋਕਾਂ ਨਾਲ ਤਾਲਮੇਲ ਕੀਤਾ। ਭਾਰਤੀ ਅਤੇ ਖ਼ਾਸ ਕਰ ਕੇ ਸਿੱਖ ਭਾਈਚਾਰੇ ਨਾਲ ਤਾਲਮੇਲ ਕਾਇਮ ਕੀਤਾ। ਆਰਥਿਕ, ਸਮਾਜਿਕ, ਧਾਰਮਿਕ ਨਾਬਰਾਬਰੀ ਤੇ ਨਫ਼ਰਤ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਇਸ ਦੇ ਖਾਤਮੇ ਦੀ ਯੋਜਨਾ ਬਣਾਈ। ਮੁਸਲਿਮ ਹੋਣਾ ਕਬੂਲ ਕਰ ਕੇ ਸਰਬ ਸਾਂਝੀਵਾਲਤਾ ਦੀ ਅਲਖ ਜਗਾਈ। ਜਿੱਤ ਤੋਂ ਬਾਅਦ ਸਭ ਤੋਂ ਪਹਿਲਾਂ ਕੇਸਕੀ ਸਜਾ ਕੇ ਉਹ ਗੁਰਦੁਆਰਾ ਸਾਹਿਬ ਸ਼ਰਧਾਪੂਰਵਕ ਨਤਮਸਤਕ ਹੋਇਆ। ਇਤਿਹਾਸ ਵਿੱਚ ਪਹਿਲੀ ਵਾਰ 20 ਲੱਖ ਨਿਊਯਾਰਕ ਵੋਟਰ ਹੁੰਮ ਹੁੰਮਾ ਕੇ ਵੋਟ ਕਰਨ ਪੁੱਜੇ। ਮਮਦਾਨੀ ਨੇ 1036051 ਭਾਵ 50.4 ਪ੍ਰਤੀਸ਼ਤ, ਐਂਡਰਿਊ ਕੂਮੋ ਨੇ 854995 ਭਾਵ 41.6, ਕਰਟਿਸ ਸਲੀਵਾ ਨੇ 146137 ਭਾਵ 7.1 ਫ਼ੀਸਦੀ ਵੋਟਾ ਪ੍ਰਾਪਤ ਕੀਤੀਆਂ। ਉਸ ਨੇ ਵਿਰੋਧੀਆਂ ਨੂੰ ਕਰਾਰੀ ਹਾਰ ਦਿੱਤੀ। ਪਹਿਲੀ ਜਨਵਰੀ 2026 ਨੂੰ ਮਮਦਾਨੀ ਮੇਅਰ ਦਾ ਪਦ ਗ੍ਰਹਿਣ ਕਰੇਗਾ।
ਡੋਨਾਲਡ ਟਰੰਪ ਦੀ ਚੋਣ ਤੋਂ ਬਾਅਦ ਇਹ ਪਹਿਲੀਆਂ ਅਹਿਮ ਚੋਣਾਂ ਸਨ। ਨਿਊਯਾਰਕ ਤੋਂ ਇਲਾਵਾ ਡੈਮੋਕ੍ਰੈਟਿਕ ਉਮੀਦਵਾਰਾਂ ਮਿੱਕੀ ਸ਼ੈਰਿਲ ਨੇ ਨਿਊਜਰਸੀ ਅਤੇ ਅਬੀਗੇਲ ਸਪੈਨਬਰਜਰ ਨੇ ਵਰਜੀਨੀਆ ਦੇ ਗਵਰਨਰਾਂ ਵਜੋਂ ਜਿੱਤ ਹਾਸਿਲ ਕੀਤੀ। ਪੈਨਸਲਵੇਨੀਆ ਵਿੱਚ ਡੈਮੋਕ੍ਰੈਟਾਂ ਨੇ ਤਿੰਨ ਸੁਪਰੀਮ ਕੋਰਟ ਸੀਟਾਂ ਹਾਸਿਲ ਕੀਤੀਆਂ। ਵਰਜੀਨੀਆ ਵਿਧਾਨ ਸਭਾ ਵਿੱਚ 13 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ। ਇਸ ਰਾਜ ਦੀ ਉਪ ਮੇਅਰ ਭਾਰਤੀ ਮੂਲ ਦੀ ਗਜ਼ਾਲਾ ਹਾਸ਼ਮੀ, ਸਿਨਸਿਨਾਟੀ (ਓਹੀਓ ਪ੍ਰਾਂਤ) ਮੇਅਰ ਦੀ ਸੀਟ ਭਾਰਤੀ ਮੂਲ ਦੇ ਆਫਤਾਬ ਪੁਰੇਵਾਲ ਨੇ ਡੈਮੋਕ੍ਰੈਟ ਉਮੀਦਵਾਰ ਵਜੋਂ ਉਪ ਰਾਸ਼ਟਰਪਤੀ ਜੇਡੀ ਵਾਂਸ ਦੇ ਮਤੇਰੇ ਭਰਾ ਕੋਰੀ ਬੋਵਮੈਨ ਨੂੰ ਚਿੱਤ ਕਰ ਕੇ ਜਿੱਤੀ ਹੈ।
ਟਰੰਪ ਲਈ ਇਹ ਖ਼ਤਰੇ ਦੀ ਘੰਟੀ ਹੈ। ਅਗਲੇ ਸਾਲ ਮੱਧਕਾਲੀ ਚੋਣਾਂ ਤੋਂ ਪਹਿਲਾਂ ਇਹ ਕੌੜਾ ਧਮਾਕੇਦਾਰ ਟਰੇਲਰ ਹੈ। ਦਰਅਸਲ, ਅਮਰੀਕਾ ਦੇ 50 ਰਾਜਾਂ ਦੇ 34 ਕਰੋੜ ਲੋਕ ਉਸ ਦੀ ਤਾਨਾਸ਼ਾਹੀ, ਅਰਧ ਪਾਗਲ ਹਰਕਤਾਂ, ਟੈਰਿਫ ਟੈਰਿਰ, ਗੁਆਂਢੀ ਦੇਸ਼ਾਂ ਕੈਨੇਡਾ ਅਤੇ ਮੈਕਸਿਕੋ ਨਾਲ ਹੀ ਨਹੀਂ ਬਲਕਿ ਥਾਂ ਥਾਂ ਆਢਾ ਲਾਉਣ ਕਰਕੇ ਤੰਗ ਆ ਚੁੱਕੇ ਹਨ। ਇੰਜ ਪ੍ਰਤੀਤ ਹੁੰਦਾ ਹੈ ਜਿਵੇਂ 2028 ਵਿੱਚ ਵ੍ਹਾਈਟ ਹਾਊਸ ਵਿੱਚ ਤਬਦੀਲੀ ਦੇ ਨਵੇਂ ਅਧਿਆਇ ਦੀ ਸ਼ੁਰੂਆਤ ਹੋ ਗਈ ਹੋਵੇ।
*ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
ਸੰਪਰਕ: 12898292929
