ਜੈਪੁਰ: ਰਾਜਸਥਾਨ ਦੇ ਜੈਪੁਰ ਵਿੱਚ ਕੌਮਾਂਤਰੀ ਭਾਰਤੀ ਫ਼ਿਲਮ ਅਕੈਡਮੀ ਐਵਾਰਡਜ਼ (ਆਇਫਾ-2025) ਦੌਰਾਨ ਅੱਜ ਵੱਖ-ਵੱਖ ਕਲਾਕਾਰਾਂ ਨੇ ਹਾਜ਼ਰੀ ਲਵਾਈ। ਇਸ ਦੌਰਾਨ ਬੌਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਆਇਫਾ ਐਵਾਰਡਜ਼ ਨਾਲ ਆਪਣੀ ਸਾਂਝ ਨੂੰ ਯਾਦ ਕੀਤਾ ਤੇ ਅਦਾਕਾਰ ਰਿਤਿਕ ਰੌਸ਼ਨ ਦੀ ਸ਼ਲਾਘਾ ਕਰਦਿਆਂ ਉਸ ਨੂੰ ‘ਨ੍ਰਿਤ ਦਾ ਭਗਵਾਨ’ ਕਰਾਰ ਦਿੱਤਾ। ਬੌਲੀਵੁੱਡ ’ਚ ਸਰਵੋਤਮ ਡਾਂਸਰ ਸਬੰਧੀ ਸਵਾਲ ’ਤੇ ਮਾਧੁਰੀ ਨੇ ਕਿਹਾ, ‘‘ਮੈਂ ਨਹੀਂ ਜਾਣਦੀ। ਬਹੁਤ ਸਾਰੇ ਵਧੀਆ ਪੁਰਸ਼ ਡਾਂਸਰ ਹਨ। ਸ਼ਾਹਿਦ ਕਪੂਰ, ਟਾਈਗਰ, ਵਰੁਣ, ਰਿਤਿਕ ਰੌਸ਼ਨ। ਮੇਰਾ ਮਤਲਬ ਉਹ (ਰਿਤਿਕ ਰੌਸ਼ਨ ਨ੍ਰਿਤ ਦਾ) ਭਗਵਾਨ ਹੈ।’’ ਮਾਧੁਰੀ ਦੀਕਸ਼ਿਤ ਨੇ ਆਇਫਾ ਨਾਲ ਆਪਣੇ ਲਗਾਅ ਅਤੇ ਇਸ ਵੱਕਾਰੀ ਸਮਾਗਮ ਸਬੰਧੀ ਯਾਦਾਂ ਵੀ ਸਾਂਝੀਆਂ ਕਰਦਿਆਂ ਭਾਰਤੀ ਸਿਨੇਮਾ ਦੇ ਵਧਣ-ਫੁੱਲਣ ਬਾਰੇ ਵਿਚਾਰ ਸਾਂਝੇ ਕੀਤੇ।’’ ਉਸ ਨੇ ਕਿਹਾ, ‘‘ਆਇਫਾ ਇਕ ਪਰਿਵਾਰ ਵਾਂਗ ਹੈ। ਅਸੀਂ ਕਈ ਸਾਲਾਂ ਤੋਂ ਜੁੜੇ ਹੋਏ ਹਾਂ। ਅਸੀਂ ਜਦੋਂ ਵੀ ਇੱਥੇ ਆਏ ਤਾਂ ਖੂਬ ਮਸਤੀ ਕੀਤੀ। ਅਸੀਂ ਇੱਕ ਦੂਜੇ ਦੀ ਸਫਲਤਾ ਦਾ ਜਸ਼ਨ ਮਨਾਉਂਦੇ ਹਾਂ।’’ ਅਦਾਕਾਰਾ ਨੇ ਆਈਆਈਐੱਫਏ ਦੇ 25 ਵਰ੍ਹਿਆਂ ਦੇ ਸਫ਼ਰ ਬਾਰੇ ਵੀ ਚਾਣਨਾ ਪਾਇਆ ਤੇ ਇਸ ਦਾ 25ਵਾਂ ਐਡੀਸ਼ਨ ’ਚ ਰਾਜਸਥਾਨ ਕਰਵਾਉਣ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰਾਜਸਥਾਨ ’ਚ ਬਹੁਤ ਖੂਬਸੂਰਤ ਚੀਜ਼ਾਂ ਹਨ। ਖਾਸਕਰ ਜੈਪੁਰ ਬਹੁਤ ਸੋਹਣਾ ਹੈ। ਇੱਥੇ ਨ੍ਰਿਤ, ਸੰਗੀਤ, ਰੰਗ ਤੇ ਮਹਿਲ ਹਨ।’’ ਐਵਾਰਡ ਸਮਾਗਮ ਦੌਰਾਨ ਕਰੀਨਾ ਕਪੂਰ ਆਪਣੇ ਦਾਦਾ ਅਤੇ ਉੱਘੇ ਫ਼ਿਲਮਸਾਜ਼ ਰਾਜ ਕਪੂਰ ਨੂੰ ਸ਼ਰਧਾਂਜਲੀ ਭੇਟ ਕਰੇਗੀ। -ਏਐੱਨਆਈ
+
Advertisement
Advertisement
Advertisement
Advertisement
×