ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੁਰਾਣੇ ਪੰਜਾਬ ਨੂੰ ਹਾਕਾਂ...

ਪ੍ਰੋ. ਪੂਰਨ ਸਿੰਘ ਪੁਰਾਣੇ ਪੰਜਾਬ ਨੂੰ ਸ਼ਿੱਦਤ ਨਾਲ ਯਾਦ ਕਰਦੇ ਸਨ ਤੇ ਅੱਜ ਸਚਮੁੱਚ ਇਕ ਵਾਰ ਫਿਰ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰ ਕੇ ਵਾਪਸ ਮੋੜ ਲਿਆਉਣ ਦੀ ਬਹੁਤ ਲੋੜ ਹੈੇ। ਅਤੀਤ ਦੇ ਪੰਨੇ ਫਰੋਲਣ ’ਤੇ ਪਤਾ ਲੱਗਦਾ ਹੈ ਕਿ ਕੁਝ...
Advertisement
ਪ੍ਰੋ. ਪੂਰਨ ਸਿੰਘ ਪੁਰਾਣੇ ਪੰਜਾਬ ਨੂੰ ਸ਼ਿੱਦਤ ਨਾਲ ਯਾਦ ਕਰਦੇ ਸਨ ਤੇ ਅੱਜ ਸਚਮੁੱਚ ਇਕ ਵਾਰ ਫਿਰ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰ ਕੇ ਵਾਪਸ ਮੋੜ ਲਿਆਉਣ ਦੀ ਬਹੁਤ ਲੋੜ ਹੈੇ। ਅਤੀਤ ਦੇ ਪੰਨੇ ਫਰੋਲਣ ’ਤੇ ਪਤਾ ਲੱਗਦਾ ਹੈ ਕਿ ਕੁਝ ਕੁ ਸਾਲ ਪਹਿਲਾਂ ਇਥੇ ਉਹ ਵੀ ਸਮਾਂ ਸੀ ਜਦੋਂ ਪੰਜਾਬ ਖ਼ੁਸ਼ਹਾਲੀ ਅਤੇ ਸਰਦਾਰੀ ਮਾਣਦਾ ਹੋਇਆ ਪੂਰੇ ਭਾਰਤ ਦਾ ਮੋਹਰੀ ਸੂਬਾ ਸੀ। ਇੱਥੇ ਖੇਤੀਬਾੜੀ ਦੇ ਨਾਲ-ਨਾਲ ਉਦਯੋਗ ਵੀ ਚੜ੍ਹਦੀ ਕਲਾ ਵਿਚ ਸਨ। ਪੰਜਾਬ ਤੋਂ ਪਰਵਾਸ ਕਰ ਕੇ ਅਮਰੀਕਾ, ਇੰਗਲੈਂਡ, ਕੈਨੇਡਾ, ਫਰਾਂਸ, ਜਰਮਨੀ ਅਤੇ ਹੋਰ ਮੁਲਕਾਂ ਵਿਚ ਗਏ ਪੰਜਾਬੀ ਲੋਕ ਉੱਥੇ ਹੱਡ-ਭੰਨਵੀਂ ਮਿਹਨਤ ਕਰ ਕੇ ਕਮਾਈਆਂ ਕਰਦੇ ਸਨ ਤੇ ਫਿਰ ਆਪਣੀ ਕਮਾਈ ਦਾ ਵੱਡਾ ਹਿੱਸਾ ਪਿੱਛੇ ਪੰਜਾਬ ’ਚ ਰਹਿੰਦੇ ਆਪਣੇ ਪਰਿਵਾਰ ਨੂੰ ਭੇਜਦੇ ਸਨ। ਉਨ੍ਹਾਂ ਦੇ ਪਰਿਵਾਰਕ ਜੀਅ ਵੀ ਸਿਆਣੇ ਸਨ, ਉਹ ਵੀ ਰੁਪਏ ਪੈਸੇ ਦਾ ਥੋਥਾ ਦਿਖਾਵਾ ਕਰਨ ਦੀ ਥਾਂ ਵਾਹੀਯੋਗ ਜ਼ਮੀਨਾਂ, ਰਹਿਣਯੋਗ ਪਲਾਟ ਜਾਂ ਸੋਨਾ ਆਦਿ ਖ਼ਰੀਦ ਲੈਂਦੇ ਸਨ। ਇਸ ਤਰ੍ਹਾਂ ਬਾਹਰੋਂ ਆਇਆ ਪੈਸਾ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦਿੰਦਾ ਸੀ ਪਰ ਹੁਣ ਹਾਲਾਤ ਉਹ ਨਹੀਂ ਰਹੇ।ਅਤੀਤ ਵੱਲ ਝਾਤੀ ਮਾਰਦਿਆਂ ਜਦੋਂ ਅਸੀਂ 44 ਕੁ ਸਾਲ ਪਿੱਛੇ, ਭਾਵ, 1981 ਵਿਚ ਪੁੱਜਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਜਿਹੜਾ ਪੰਜਾਬ ਅੱਜ ਪ੍ਰਤੀ ਵਿਅਕਤੀ ਆਮਦਨੀ ਪੱਖੋਂ ਦੇਸ਼ ਵਿਚ 16ਵੇਂ ਸਥਾਨ ’ਤੇ ਹੈ, ਉਸ ਵੇਲੇ ਦੇਸ਼ ਵਿੱਚੋਂ ਸਭ ਤੋਂ ਪਹਿਲੇ ਸਥਾਨ ’ਤੇ ਸੀ। 2001 ਵਿਚ ਪੰਜਾਬ ਪ੍ਰਤੀ ਵਿਅਕਤੀ ਆਮਦਨੀ ਪੱਖੋਂ ਖਿਸਕ ਕੇ ਚੌਥੇ ਸਥਾਨ ’ਤੇ ਆ ਗਿਆ ਸੀ। 2000 ਤੋਂ 2010 ਵਾਲੇ ਦਹਾਕੇ ਦੌਰਾਨ ਹਾਲਤ ਇਹ ਸੀ ਕਿ ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨੀ ਵਾਧਾ ਦਰ ਪੂਰੇ ਦੇਸ਼ ਵਿੱਚੋਂ ਸਭ ਤੋਂ ਘੱਟ ਦਰ ਰੱਖਣ ਵਾਲੇ ਰਾਜ ਮਨੀਪੁਰ ਤੋਂ ਬਾਅਦ ਦੂਜੇ ਨੰਬਰ ’ਤੇ ਸੀ। ਪੰਜਾਬ ਵਿੱਚ ਫੈਲੇ ਅਤਿਵਾਦ ਨੇ ਇੱਥੋਂ ਦੇ ਉਦਯੋਗ ਜਗਤ ਨੂੰ ਤਬਾਹ ਕਰ ਕੇ ਰੱਖ ਦਿੱਤਾ। ਕਈ ਵੱਡੇ ਉਦਯੋਗ ਪੰਜਾਬ ਤੋਂ ਬਾਹਰ ਪਲਾਇਨ ਕਰ ਗਏ ਅਤੇ ਮੱਧਮ ਤੇ ਛੋਟੇ ਦਰਜੇ ਦੇ ਉਦਯੋਗ ਗ਼ਲਤ ਸਰਕਾਰੀ ਨੀਤੀਆਂ ਕਰ ਕੇ ਅਤੇ ਔਖੀ ਘੜੀ ਵਿੱਚ ਸਰਕਾਰਾਂ ਵੱਲੋਂ ਬਾਂਹ ਨਾ ਫੜਨ ਕਰ ਕੇ ਹੌਲੀ-ਹੌਲੀ ਸਹਿਕਦੇ ਹੋਏ ਦਮ ਤੋੜਨ ਲੱਗ ਪਏ ਸਨ।

ਬਟਾਲਾ ਜਿਸ ਨੂੰ ਕਿਸੇ ਵਕਤ 'ਲੋਹੇ ਦਾ ਸ਼ਹਿਰ' ਕਿਹਾ ਜਾਂਦਾ ਸੀ, ਦੀ ਹਰ ਗਲੀ ਵਿਚ ਖ਼ਰਾਦ ਦੇ ਅਤੇ ਹੋਰ ਮਸ਼ੀਨੀ ਪੁਰਜ਼ੇ ਬਣਾਉਣ ਦੇ ਛੋਟੇ-ਛੋਟੇ ਕਾਰਖ਼ਾਨੇ ਚੱਲਦੇ ਸਨ ਤੇ ਦੇਗ਼ੀ ਲੋਹਾ ਢਾਲਣ ਦੀਆਂ ਕਈ ਫਾਊਂਡਰੀਆਂ ਚੰਗਾ ਕਾਰੋਬਾਰ ਕਰ ਰਹੀਆਂ ਸਨ। ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਸੀ। ਬਟਾਲਾ, ਲੁਧਿਆਣਾ, ਜਲੰਧਰ ਅਤੇ ਮੰਡੀ ਗੋਬਿੰਦਗੜ੍ਹ ਦੀਆਂ ਸਨਅਤਾਂ ਕਰ ਕੇ ਸਮੁੱਚਾ ਸੂਬਾ ਛਾਲਾਂ ਮਾਰਦਾ ਹੋਇਆ ਤਰੱਕੀ ਕਰ ਰਿਹਾ ਸੀ। ਫਿਰ ਅਤਿਵਾਦ ਅਤੇ ਗ਼ਲਤ ਸਰਕਾਰੀ ਨੀਤੀਆਂ ਪੰਜਾਬ ਦੇ ਉਦਯੋਗਾਂ ਨੂੰ ਲੈ ਬੈਠੀਆਂ ਤੇ ਇਕ-ਇਕ ਕਰ ਕੇ ਇਥੇ ਮੌਜੂਦ ਸਭ ਵੱਡੇ-ਛੋਟੇ ਕਾਰਖ਼ਾਨੇ ਬੰਦ ਹੋਣੇ ਸ਼ੁਰੂ ਹੋ ਗਏ। ਇਕ ਵੇਲੇ ਤਾਂ ਆਲਮ ਇਹ ਵੀ ਆ ਗਿਆ ਕਿ ਆਰਥਿਕ ਤੰਗੀ ਕਾਰਨ ਕਾਰਖ਼ਾਨਿਆਂ ਦੇ ਮਾਲਕਾਂ ਨੂੰ ਨਾ ਕੇਵਲ ਆਪਣੇ ਕਾਰਖ਼ਾਨਿਆਂ ਦੀਆਂ ਜ਼ਮੀਨਾਂ ਤੱਕ ਵੇਚਣੀਆਂ ਪੈ ਗਈਆਂ ਸਗੋਂ ਬਚੇ-ਖੁਚੇ ਕਾਰਖ਼ਾਨਿਆਂ ’ਚ ਜਾ ਕੇ ਆਪ ਮਜ਼ਦੂਰ ਬਣ ਕੇ ਕੰਮ ਕਰਨਾ ਪੈ ਗਿਆ। ਉਦਯੋਗਾਂ ਦਾ ਲੱਕ ਐਸਾ ਟੁੱਟਾ ਕਿ ਮੁੜ ਕਦੇ ਜੁੜ ਨਹੀਂ ਸਕਿਆ। ਬਟਾਲਾ, ਲੁਧਿਆਣਾ ਅਤੇ ਜਲੰਧਰ ਦੇ ਉਦਯੋਗ ਜਗਤ ਨਾਲ ਜੁੜੇ ਕਾਰਖ਼ਾਨੇਦਾਰ ਤੇ ਮਜ਼ਦੂਰ ਅੱਜ ਵੀ ਉਨ੍ਹਾਂ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਅੱਖਾਂ ਭਰ ਲੈਂਦੇ ਹਨ ਤੇ ਮੱਲੋ-ਮੱਲੀ ਉਨ੍ਹਾਂ ਨੂੰ ਪੁਰਾਣਾ ਪੰਜਾਬ ਯਾਦ ਆ ਜਾਂਦਾ ਹੈ।

Advertisement

ਕੋਈ ਵੇਲਾ ਸੀ ਜਦੋਂ ਪੰਜਾਬ ਦੇ ਹਰ ਘਰ ਵਿਚ ਛਾਂਦਾਰ ਜਾਂ ਫ਼ਲਦਾਰ ਰੁੱਖ ਅਤੇ ਦੁਧਾਰੂ ਡੰਗਰ ਹੁੰਦੇ ਸਨ। ਵਾਹੀਯੋਗ ਜ਼ਮੀਨ ਭਾਵੇਂ ਥੋੜ੍ਹੀ ਹੋਵੇ ਤੇ ਭਾਵੇਂ ਬਹੁਤੀ, ਹਰੇਕ ਕਿਸਾਨ ਹੱਥੀਂ ਖੇਤੀ ਕਰਦਾ ਸੀ। ਉਹ ਆਪਣੇ ਸਰੀਰਕ ਬਲ ਅਤੇ ਦਿਮਾਗੀ ਸੂਝ ’ਤੇ ਵੱਧ ਟੇਕ ਰੱਖਦਾ ਸੀ। ਸਾਰਾ ਪਰਿਵਾਰ ਖੇਤਾਂ ਵਿਚ ਬੀਜ ਬੀਜਣ ਤੋਂ ਲੈ ਕੇ ਫ਼ਸਲ ਵੱਢਣ ਤੱਕ ਹੱਡ-ਭੰਨਵੀਂ ਮ੍ਰਿਹਨਤ ਕਰਦਾ ਸੀ। ਜ਼ਮੀਨ ਅਤੇ ਉਪਜ ਚਾਹੇ ਘੱਟ ਸੀ ਪਰ ਕੋਈ ਵੀ ਕਿਸਾਨ ਕਰਜ਼ੇ ਦੀ ਪੰਡ ਹੇਠ ਦੱਬੇ ਹੋਣ ਕਾਰਨ ਆਪਣੇ ਸਾਫ਼ੇ ਨਾਲ ਆਪਣੇ ਹੀ ਖੇਤ ਵਿਚ ਫ਼ਾਹਾ ਨਹੀਂ ਲੈਂਦਾ ਸੀ। ਉਂਝ ਇਹ ਕਿੰਨੀ ਅਜੀਬ ਗੱਲ ਹੈ ਕਿ ਕਿਸਾਨਾਂ ਦੇ ਖੇਤਾਂ ਵਿਚ ਕੰਮ ਕਰ ਕੇ ਆਪਣੇ ਪਰਿਵਾਰ ਪਾਲਣ ਵਾਲੇ ਬੇਜ਼ਮੀਨੇ ਦਿਹਾੜੀਦਾਰ ਮਜ਼ਦੂਰ ਅੱਜ ਵੀ ਵਿੱਤੀ ਕਾਰਨਾਂ ਕਰ ਕੇ ਖ਼ੁਦਕੁਸ਼ੀ ਨਹੀਂ ਕਰਦੇ ਪਰ ਦੋ ਕਿੱਲਿਆਂ ਤੋਂ ਲੈ ਕੇ ਦਸ ਕਿੱਲਿਆਂ ਤੱਕ ਦੇ ਮਾਲਕ ਕਿਸਾਨ ਸਲਫ਼ਾਸ ਖਾ ਕੇ ਆਪਣੀ ਜਾਨ ਦੇ ਰਹੇ ਹਨ। ਕਾਸ਼! ਕਿਧਰੇ ਪੰਜਾਬ ਦੇ ਉਹ ਦਿਨ ਪਰਤ ਆਉਣ, ਜਦੋਂ ਕਿਸਾਨ ਆਪਣੀ ਜ਼ਮੀਨ ਅਤੇ ਆਪਣੀ ਵਿੱਤੀ ਹੈਸੀਅਤ ਮੁਤਾਬਿਕ ਖ਼ਰਚੇ ਕਰਦਾ ਸੀ। ਇਹ ਗੱਲ ਵੀ ਓਨੀ ਹੀ ਸੱਚ ਹੈ ਕਿ ਸਿਆਸਤਦਾਨ, ਅਫਸਰਸ਼ਾਹੀ ਅਤੇ ਉਦਯੋਗਪਤੀਆਂ ਜਾਂ ਵਪਾਰੀਆਂ ਦੇ ਚੰਦਰੇ ਗਠਜੋੜ ਕਰ ਕੇ ਖੇਤੀ ਸੰਦਾਂ, ਬੀਜਾਂ, ਖਾਦਾਂ ਅਤੇ ਕੀਟਨਾਸ਼ਕਾਂ ਦੀਆਂ ਕੀਮਤਾਂ ਵਿਚ ਹੋਣ ਵਾਲੇ ਵਾਧੇ ਦੀ ਬਨਿਸਪਤ ਫ਼ਸਲਾਂ ਦੇ ਮੁੱਲ ਵਿੱਚ ਲੋੜੀਂਦਾ ਵਾਧਾ ਨਹੀਂ ਹੋ ਰਿਹਾ ਹੈ ਜਿਸ ਕਰ ਕੇ ਖੇਤੀਬਾੜੀ ਲਾਹੇਵੰਦਾ ਕਿੱਤਾ ਨਹੀਂ ਰਹੀ ਅਤੇ ਕਿਸਾਨਾਂ ਨੂੰ ਵਿੱਤੀ ਔਕੜਾਂ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ। ਹਕੀਕਤ ਇਹ ਵੀ ਹੈ ਕਿ ਵਧੇਰੇ ਕਿਸਾਨਾਂ ਨੂੰ ਵਿੱਤੀ ਪੱਖੋਂ ਲਾਭਕਾਰੀ ਫ਼ਸਲਾਂ ਦੀ ਕਾਸ਼ਤ ਲਈ ਅਤੇ ਸਹਾਇਕ ਧੰਦਿਆਂ ਰਾਹੀਂ ਆਪਣੀ ਆਮਦਨ ਵਧਾਉਣ ਲਈ ਸਰਕਾਰ ਅਜੇ ਤੱਕ ਤਿਆਰ ਹੀ ਨਹੀਂ ਕਰ ਸਕੀ ਹੈ। ਇਹ ਵੱਡੀ ਤ੍ਰਾਸਦੀ ਹੈ ਕਿ ਸਾਧਨਾਂ ਅਤੇ ਜਾਣਕਾਰੀ ਦੀ ਬਹੁਤਾਤ ਦੇ ਬਾਵਜੂਦ ਕਿਸਾਨ ਅਜੇ ਵੀ ਰੁਲ ਰਿਹਾ ਹੈ।

ਅੱਜ ਉਹ ਦਿਨ ਮੋੜ ਲਿਆਉਣ ਦੀ ਲੋੜ ਹੈ ਜਦੋਂ ਕਿਸਾਨ ਆਪਣੀ ਜ਼ਮੀਨ ਨੂੰ ਮਾਂ ਦਾ ਦਰਜਾ ਦਿੰਦਾ ਸੀ ਤੇ ਜ਼ਮੀਨ ਅਤੇ ਪਾਣੀ ਨੂੰ ਬਰਬਾਦ ਕਰਨ ਬਾਰੇ ਸੁਫਨੇ ਵਿਚ ਵੀ ਨਹੀਂ ਸੋਚਦਾ ਸੀ। ਉਹ ਬੇਤਹਾਸ਼ਾ ਕੀਟਨਾਸ਼ਕ ਵਰਤ ਕੇ ਜ਼ਮੀਨ, ਹਵਾ ਅਤੇ ਪਾਣੀ ਨੂੰ ਜ਼ਹਿਰੀਲਾ ਨਹੀਂ ਬਣਾਉਂਦਾ ਸੀ। ਪੰਜਾਬ, ਖ਼ਾਸ ਕਰ ਕੇ ਮਾਲਵਾ ਖਿੱਤੇ ਵਿਚ ਕੈਂਸਰ ਦੇ ਵਧਦੇ ਮਾਮਲੇ ਉਦਯੋਗਪਤੀਆਂ, ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ, ਸਮੇਂ ਦੀਆਂ ਸਰਕਾਰਾਂ ਅਤੇ ਨਾਲ ਹੀ ਇੱਕ ਹੱਦ ਤੱਕ ਕਿਸਾਨਾਂ ਦੀ ਅਣਗਹਿਲੀ ਅਤੇ ਗ਼ੈਰ-ਜ਼ਿੰਮੇਦਾਰਾਨਾ ਰਵੱਈਏ ਦਾ ਸਦਕਾ ਹੀ ਹਨ। ਬੀਤੇ ਸਮੇਂ ਦਾ ਕਿਸਾਨ ਫ਼ਸਲੀ ਰਹਿੰਦ-ਖੂੰਹਦ ਸਾੜ ਕੇ ਬਨਸਪਤੀ, ਪਸ਼ੂ-ਪੰਛੀਆਂ ਅਤੇ ਵਾਤਾਵਰਨ ਨੂੰ ਨੁਕਸਾਨ ਨਹੀਂ ਪਹੁੰਚਾਉਦਾ ਸੀ ਤੇ ਉਸ ਵਕਤ ਦਾ ੳਦਯੋਗਪਤੀ ਵੀ ਕਾਰਖ਼ਾਨੇ ਦਾ ਜ਼ਹਿਰੀਲਾ ਪਾਣੀ ਕਿਸੇ ਵਗ਼ਦੇ ਨਦੀ-ਨਾਲੇ ਜਾਂ ਜ਼ਮੀਨ ਹੇਠਾਂ ਬੋਰ ਕਰ ਕੇ ਜ਼ਮੀਨਦੋਜ਼ ਸਾਫ਼ ਪਾਣੀ ਵਿਚ ਨਾ ਸੁੱਟ ਕੇ ਧਰਤੀ ਹੇਠਲੇ ਅਤੇ ਧਰਤੀ ਉੱਪਰਲੇ ਪੀਣਯੋਗ ਸਾਫ਼ ਪਾਣੀ ਨੂੰ ਨਸ਼ਟ ਨਹੀਂ ਕਰਦਾ ਸੀ। ਪੰਜਾਬ ਦਾ ਕਿਸਾਨ ਤਾਂ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਵਾਲੀ ਸੋਚ ਦਾ ਧਾਰਨੀ ਸੀ। ਉਹ ਮੁਸ਼ਕਿਲਾਂ ਅੱਗੇ ਗੋਡੇ ਟੇਕਣ ਦੀ ਥਾਂ ਮੁਸ਼ਕਿਲਾਂ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਉਨ੍ਹਾਂ ਨਾਲ ਜੂਝਦਾ ਸੀ ਤੇ ਜੇਤੂ ਹੋ ਨਿੱਬੜਦਾ ਸੀ।

ਪੰਜਾਬ ਨੇ ਉਹ ਸਮਾਂ ਵੀ ਦੇਖਿਆ ਹੈ ਜਦੋਂ ਪਿੰਡਾਂ ਦੀਆਂ ਸੱਥਾਂ ਵਿਚ ਲੋਕ ਵੱਡੇ ਇਕੱਠ ਕਰ ਕੇ ਬੈਠਦੇ ਸਨ। ਪਿੰਡਾਂ ਅਤੇ ਸ਼ਹਿਰਾਂ ਵਿਚ ਲੱਗਦੇ ਮੇਲਿਆਂ ਵਿਚ ਵੱਡੇ-ਵੱਡੇ ਦੀਵਾਨ ਅਤੇ ਢਾਡੀ ਦਰਬਾਰ ਸਜਦੇ ਸਨ। ਉੱਥੇ ਤਿਲ ਸੁੱਟਣ ਨੂੰ ਵੀ ਥਾਂ ਨਹੀਂ ਹੁੰਦੀ ਸੀ। ਲੋਕ ਗੀਤ, ਲੋਕ ਸਾਜ਼ ਅਤੇ ਲੋਕ ਗਾਇਕ ਤਾਂ ਮੇਲਿਆਂ ਦੀ ਸ਼ਾਨ ਹੁੰਦੇ ਸਨ। ਸੁਰੀਲੀ ਤੇ ਮਿੱਠੀ ਆਵਾਜ਼ ਵਾਲੇ ਗਾਇਕ ਅਤੇ ਗਾਇਕਾਵਾਂ ਵੱਲੋਂ ਕੰਨ ’ਤੇ ਹੱਥ ਧਰ ਕੇ ਉੱਚੀ ਸਾਰੀ ਹੇਕ ਨਾਲ ਹੀਰ, ਮਿਰਜ਼ਾ, ਸੱਸੀ, ਜੱਗਾ ਆਦਿ ਲੋਕ ਕਾਵਿ ਗਾਏ ਜਾਂਦੇ ਸਨ। ਦੂਰ-ਦੁਰਾਡਿਉਂ ਮੇਲੇ ਵਿਚ ਪੁੱਜੇ ਨਾਮਵਰ ਸ਼ਾਇਰ ਮੁਸ਼ਾਇਰੇ ਵਿਚ ਆਪਣਾ ਜਜ਼ਬਾਤਪੂਰਨ ਅਤੇ ਭਾਵਪੂਰਤ ਕਲਾਮ ਪੜ੍ਹਦੇ ਸਨ। ਰਾਸਾਂ ਪੈਂਦੀਆਂ ਸਨ, ਗਿੱਧੇ ਤੇ ਭੰਗੜੇ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਜਾਂਦੀਆਂ ਸਨ ਪਰ ਹੁਣ ਸਭ ਕੁਝ ਨੀਰਸ ਜਿਹਾ ਹੋ ਗਿਆ ਹੈ।

ਹੁਣ ਡੀਜੇ ਸਾਊਂਡ ਵਾਲੇ ਕੰਨ ਪਾੜਵੇਂ ਸਪੀਕਰਾਂ ’ਤੇ ਘਟੀਆ ਗੀਤਕਾਰੀ ਵਾਲੇ ਅਤੇ ਬਿਨਾ ਸੰਗੀਤ ਦੀ ਤਾਲੀਮ ਹਾਸਿਲ ਕੀਤਿਆਂ ਹੀ ਗਾਇਕੀ ਦੇ ਪਿੜ ਵਿਚ ਉਤਰਨ ਵਾਲੇ ਗਾਇਕਾਂ ਦੇ ਭੱਦੇ ਗੀਤ ਮੇਲਿਆਂ ਵਿਚ ਵਜਾਏ ਜਾਂਦੇ ਹਨ। ਹੁਣ ਸੁਆਦੀ ਪਕੌੜਿਆਂ ਤੇ ਜਲੇਬੀਆਂ ਦੀ ਥਾਂ ਅਜੋਕੇ ਜ਼ਮਾਨੇ ਦੇ ਸਿਹਤਨਾਸ਼ਕ ਪਦਾਰਥ ਖੁੱਲ੍ਹੇਆਮ ਵੇਚੇ ਤੇ ਖਾਧੇ ਜਾਂਦੇ ਹਨ। ਬੀਤੇ ਸਮੇਂ ਵਿਚ ਲੰਗਰ ਧਾਤੂ ਦੀਆ ਥਾਲੀਆਂ ਤੇ ਪਲੇਟਾਂ ਵਿਚ ਵਰਤਾਇਆ ਜਾਂਦਾ ਸੀ; ਹੁਣ ਥਾਂ-ਥਾਂ ਲੱਗੇ ਲੰਗਰਾਂ ਦੀ ਸਮਾਪਤੀ ਤੋਂ ਬਾਅਦ ਉਥੇ ਪਲਾਸਟਿਕ ਦੀਆਂ ਪਲੇਟਾਂ, ਗਲਾਸਾਂ, ਡੂਨਿਆਂ ਅਤੇ ਬੋਤਲਾਂ ਦੇ ਢੇਰ ਲੱਗੇ ਹੁੰਦੇ ਹਨ। ਸਭ ਜਾਣਦੇ ਹਨ ਕਿ ਪਲਾਸਟਿਕ ਦੇ ਇਹ ਬਰਤਨ ਵਾਤਾਵਰਨ ਦਾ ਸੱਤਿਆਨਾਸ ਕਰਦੇ ਹਨ। ਉਹ ਸਾਦੇ ਲੰਗਰਾਂ ਵਾਲਾ ਸਮਾਂ ਅਤੇ ਧਾਤੂ ਦੇ ਬਰਤਨਾਂ ਦੀ ਵਰਤੋਂ ਦੇ ਰੁਝਾਨ ਨੂੰ ਮੁੜ ਵਾਪਸ ਲਿਆਉਣ ਦੀ ਬੇਹੱਦ ਲੋੜ ਹੈ।

ਅੱਜ ਜਦੋਂ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਤੇ ਨਿੱਜੀ ਮੁਫ਼ਾਦਾਂ ਲਈ ਪੰਜਾਬ ਦੇ ਸਿਆਸਤਦਾਨਾਂ ਵੱਲੋਂ ਕੇਂਦਰ ਸਰਕਾਰ ਅੱਗੇ ਪੰਜਾਬ ਦੇ ਹੱਕ ਵੇਚ ਦੇਣ ਦੀ ਸਮੁੱਚੀ 'ਖੇਡ' ਨੂੰ ਪੰਜਾਬ ਦੇਖਦਾ ਹੈ ਤਾਂ ਉਸ ਨੂੰ ਉਹ ਸਿਆਸਤਦਾਨ ਯਾਦ ਆਉਂਦੇ ਹਨ ਜੋ ਪੰਜਾਬ ਦੇ ਹਿੱਤਾਂ ਲਈ ਆਪਣਾ ਸਭ ਕੁਝ ਨਿਛਾਵਰ ਕਰਨ ਲਈ ਤਿਆਰ-ਬਰ-ਤਿਆਰ ਰਹਿੰਦੇ ਸਨ। ਅੱਜ ਹਾਲਾਤ ਇਹ ਹਨ ਕਿ ਜਿਸ ਵੀ ਸਿਆਸਤਦਾਨ ਦੀ ਆਪਣੀ ਪਾਰਟੀ ਨਾਲ ਅਣ-ਬਣ ਹੋ ਜਾਂਦੀ ਹੈ, ਉਹ ਝੱਟ ਦੇਣੀ ਉਸ ਵਿਰੋਧੀ ਪਾਰਟੀ ਦਾ ਪਰਨਾ ਗਲ ’ਚ ਪਾ ਲੈਂਦਾ ਹੈ ਜਿਸ ਵਿਰੋਧੀ ਪਾਰਟੀ ’ਤੇ ਉਹ ਪੰਜਾਬ ਦੇ ਹਿੱਤ ਵੇਚਣ ਦੇ ਇਲਜ਼ਾਮ ਬੜੇ ਜ਼ੋਰ-ਸ਼ੋਰ ਨਾਲ ਲਗਾਉਂਦਾ ਹੁੰਦਾ ਸੀ। ਕੇਂਦਰ ਵਿਚ ਉਸ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਉਹ ਆਗੂ ਆਪਣੀ ਨਵੀਂ ਕੀਤੀ ਪਾਰਟੀ ਤੋਂ ਪੰਜਾਬ ਨੂੰ ਪੰਜਾਬ ਦੇ ਬਣਦੇ ਹੱਕ ਦਿਵਾ ਨਹੀਂ ਸਕਦਾ ਤੇ ਕੇਂਦਰ ਦੇ ਪੰਜਾਬ ਨਾਲ ਕੀਤੇ ਜਾਣ ਵਾਲੇ ਧੱਕੇ ਬਾਰੇ ਇਕ ਲਫ਼ਜ਼ ਵੀ ਇਸ ਸਿਆਸਤਦਾਨ ਦੇ ਮੂੰਹੋਂ ਨਹੀਂ ਫੁੱਟਦਾ। ਲੋਕ ਸਭਾ, ਰਾਜ ਸਭਾ ਜਾਂ ਵਿਧਾਨ ਸਭਾ ਮੈਂਬਰ ਬਣਨ ਲਈ ਕੋਈ ਵੀ ਹਰਬਾ ਵਰਤਣ ਅਤੇ ਕਿਸੇ ਵੀ ਵਿਚਾਰਧਾਰਾ ਦੇ ਦਲ ਵਿਚ ਸ਼ਾਮਿਲ ਹੋਣ ਲਈ ਤਿਆਰ ਰਹਿਣ ਵਾਲੇ ਬੇਈਮਾਨ ਸਿਆਸਤਦਾਨਾਂ ਨੂੰ ਦੇਖ ਕੇ ਪੰਜਾਬ ਅੱਜ ਜ਼ਾਰ-ਜ਼ਾਰ ਰੋਂਦਾ ਹੈ ਤੇ ਉਨ੍ਹਾਂ ਬੀਤੇ ਦਿਨਾਂ ਦੇ ਪਰਤਣ ਦੀ ਉਡੀਕ ਕਰਦਾ ਹੈ ਜਦੋਂ ਸਿਆਸਤਦਾਨਾਂ ਲਈ ਆਪਣੇ ਹਿੱਤਾਂ ਨਾਲੋਂ ਸੂਬੇ ਦੇ ਹਿੱਤ ਵੱਧ ਪਿਆਰੇ ਸਨ।

ਪੰਜਾਬ ਅੱਜ ਉਨ੍ਹਾਂ ਬੀਤੇ ਹੋਏ ਦਿਨਾਂ ਦੇ ਵਾਪਸ ਆਉਣ ਦੀ ਵੀ ਉਡੀਕ ਕਰ ਰਿਹਾ ਹੈ ਜਦੋਂ ਘਰਾਂ, ਪਰਿਵਾਰਾਂ ਅਤੇ ਦਿਲਾਂ ਵਿਚ ਬਜ਼ੁਰਗਾਂ ਦਾ ਸਤਿਕਾਰ ਹੁੰਦਾ ਸੀ। ਕੋਈ ਵੀ ਪੁੱਤ ਜਾਂ ਧੀ ਆਪਣੇ ਬਾਪ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਜਾਂ ਉੱਚੀ ਆਵਾਜ਼ ਵਿਚ ਗੱਲ ਨਹੀਂ ਕਰ ਸਕਦਾ ਸੀ। ਅੱਜ ਹਾਲਾਤ ਇਹ ਹਨ ਕਿ ਆਪਣੀ ਗੱਲ ਜਾਂ ਜਾਇਜ਼ ਨਾਜਾਇਜ਼ ਮੰਗ ਮਨਵਾਉਣ ਲਈ ਪੁੱਤਰ ਜਾਂ ਧੀਆਂ ਆਪਣੇ ਮਾਪਿਆਂ ਨੂੰ ਜਾਨੋਂ ਮਾਰਨ ਤੱਕ ਚਲੇ ਜਾਂਦੇ ਹਨ। ਸਾਂਝੇ ਪਰਿਵਾਰਾਂ ਵਿਚ ਬੜੀਆਂ ਬਰਕਤਾਂ ਹੁੰਦੀਆਂ ਸਨ ਅਤੇ ਭਰਾ ਸਚਮੁੱਚ ਭਰਾਵਾਂ ਦੀ ਬਾਂਹ ਹੁੰਦੇ ਸਨ ਪਰ ਹੁਣ ਤਾਂ ਇਥੇ ਇਕ-ਇਕ ਪਰਿਵਾਰ ਵਿੱਚ ਚਾਰ-ਚਾਰ ਜੀਅ ਅਖੌਤੀ 'ਪ੍ਰਾਈਵੇਸੀ' ਦੇ ਡੰਗੇ ਵੱਖ-ਵੱਖ ਕਮਰਿਆਂ ਵਿੱਚ ਵੰਡੇ ਪਏ ਹਨ। ਮੋਬਾਈਲ ’ਤੇ ਘੰਟਿਆਂਬੱਧੀ ਸਰਗਰਮ ਰਹਿਣ ਵਾਲੇ ਪੰਜਾਬੀ ਮੁੰਡੇ-ਕੁੜੀਆਂ ਕੋਲ ਆਪਣੇ ਮਾਪਿਆਂ ਜਾਂ ਬਜ਼ੁਰਗ ਦਾਦਾ-ਦਾਦੀ ਤੇ ਨਾਨਾ-ਨਾਨੀ ਕੋਲ ਬੈਠ ਕੇ ਚੰਦ ਗੱਲਾਂ ਕਰਨ ਜਾਂ ਸੁਣਨ ਦੀ ਵਿਹਲ ਨਹੀਂ। ਉਹ ਵੀ ਕੋਈ ਵੇਲਾ ਸੀ ਜਦੋਂ ਪੰਜਾਬ ਦਾ ਨੌਜਵਾਨ ਪੰਜਾਬ ਦੇ ਹੱਕਾਂ ਅਤੇ ਹਿੱਤਾਂ ਲਈ ਫ਼ਿਕਰਮੰਦ ਹੁੰਦਾ ਸੀ। ਉਹ ਪੰਜਾਬ ਨੂੰ ਹੋਰ ਬਿਹਤਰ ਬਣਾਉਣ ਦੇ ਮਨਸੂਬੇ ਬਣਾਉਂਦਾ ਸੀ ਪਰ ਅੱਜ ਦੇ ਜਿ਼ਆਦਾਤਰ ਨੌਜਵਾਨ ਨਸ਼ਿਆਂ ਦੀ ਦਲਦਲ ’ਚ ਫਸੇ ਪਏ ਹਨ। ਕਿੰਨੇ ਦੁੱਖ ਦੀ ਗੱਲ ਹੈ ਕਿ ਵਤਨ ਦੀ ਅਜ਼ਮਤ ਦੀ ਖ਼ਾਤਿਰ ਫ਼ਾਂਸੀ ਦੇ ਫ਼ੰਦਿਆਂ ’ਤੇ ਝੂਲਣ ਵਾਲੇ ਸ਼ਹੀਦ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਜਿਹੇ ਨੌਜਵਾਨਾਂ ਦੇ ਇਹ ਵਾਰਿਸ ਨਸ਼ਿਆਂ ਦੀ ਓਵਰਡੋਜ਼ ਨਾਲ ਮਰ ਰਹੇ ਹਨ।

ਵਿਦਿਆਰਥੀ ਅਧਿਆਪਕ ਤੋਂ ਕੁੱਟ ਖਾ ਕੇ ਵੀ ਉਸ ਦਾ ਸਤਿਕਾਰ ਕਰਦੇ ਸਨ, ਅੱਜ ਵਾਂਗ ਅਧਿਆਪਕਾਂ ਦੇ ਹੱਥੀਂ ਨਹੀਂ ਪੈਂਦੇ ਸਨ। ਉਹ ਅਧਿਆਪਕ ਨੂੰ ਮਾਤਾ-ਪਿਤਾ ਤੋਂ ਵੀ ਉੱਚੇ ਆਖੇ ਜਾਂਦੇ ‘ਗੁਰੂ’ ਦਾ ਦਰਜਾ ਦਿੰਦੇ ਸਨ। ਅਧਿਆਪਕ ਟਿਊਸ਼ਨਾਂ ਦੇ ਲਾਲਚੀ ਨਹੀਂ ਸਨ ਤੇ ਲੋੜਵੰਦ ਵਿਦਿਆਰਥੀਆਂ ਨੂੰ ਸਕੂਲ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿਚ ਪੂਰੀ ਮਿਹਨਤ ਨਾਲ ਪੜ੍ਹਾਉਂਦੇ ਸਨ। ਵੱਡੇ-ਵੱਡੇ ਸਰਕਾਰੀ ਅਫਸਰ ਵੀ ਇਮਾਨਦਾਰ ਅਤੇ ਫ਼ਰਜ਼ਪਸੰਦ ਹੁੰਦੇ ਸਨ। ਉਹ ਸਰਕਾਰੀ ਗੱਡੀ ਅਤੇ ਸਰਕਾਰੀ ਫੰਡਾਂ ਦੀ ਵਰਤੋਂ ਕੇਵਲ ਤੇ ਕੇਵਲ ਸਰਕਾਰੀ ਕੰਮਾਂ ਲਈ ਹੀ ਕਰਦੇ ਸਨ। ਪੰਜਾਬ ਨੇ ਇਹ ਸਾਰਾ ਕੁਝ ਆਪਣੀ ਅੱਖੀਂ ਦੇਖਿਆ ਹੈ।

ਅੱਜ ਦਾ ਪੰਜਾਬ ਬੜੀ ਹੀ ਬੇਸਬਰੀ ਨਾਲ ਉਨ੍ਹਾਂ ਦਿਨਾਂ ਦੇ ਪਰਤ ਆਉਣ ਦੀ ਉਡੀਕ ਕਰ ਰਿਹਾ ਹੈ ਤੇ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰ ਰਿਹਾ ਹੈ।

ਸੰਪਰਕ: 97816-46008

Advertisement