DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜੀਏ

ਡਾ. ਰਣਜੀਤ ਸਿੰਘ ਪੰਜਾਬੀ ਮਿਹਨਤੀ, ਹਿੰਮਤੀ ਅਤੇ ਖ਼ਤਰੇ ਸਹੇੜਨ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ। ਜਦੋਂ ਵੀ ਇਨ੍ਹਾਂ ਨੂੰ ਕਿਸੇ ਨਵੀਂ ਥਾਂ ਜਾਣ ਦਾ ਮੌਕਾ ਮਿਲਦਾ ਹੈ ਤਾਂ ਉਹ ਉੱਥੇ ਜਾਣ ਲਈ ਸਭ ਤੋਂ ਅੱਗੇ ਹੁੰਦੇ ਹਨ। ਦੇਸ਼ ਦੀ ਆਜ਼ਾਦੀ ਸਮੇਂ...
  • fb
  • twitter
  • whatsapp
  • whatsapp
Advertisement

ਡਾ. ਰਣਜੀਤ ਸਿੰਘ

ਪੰਜਾਬੀ ਮਿਹਨਤੀ, ਹਿੰਮਤੀ ਅਤੇ ਖ਼ਤਰੇ ਸਹੇੜਨ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ। ਜਦੋਂ ਵੀ ਇਨ੍ਹਾਂ ਨੂੰ ਕਿਸੇ ਨਵੀਂ ਥਾਂ ਜਾਣ ਦਾ ਮੌਕਾ ਮਿਲਦਾ ਹੈ ਤਾਂ ਉਹ ਉੱਥੇ ਜਾਣ ਲਈ ਸਭ ਤੋਂ ਅੱਗੇ ਹੁੰਦੇ ਹਨ। ਦੇਸ਼ ਦੀ ਆਜ਼ਾਦੀ ਸਮੇਂ ਪੰਜਾਬ ਦੀ ਵੰਡ ਹੋਈ ਤੇ ਪੰਜਾਬੀਆਂ ਨੇ ਭਿਆਨਕ ਸੰਤਾਪ ਭੋਗਿਆ। ਪਾਕਿਸਤਾਨ ਵਾਲੇ ਪੰਜਾਬ ਵਿੱਚ ਕਿਸੇ ਹਿੰਦੂ ਜਾਂ ਸਿੱਖ ਦਾ ਰਹਿਣਾ ਮੁਸ਼ਕਿਲ ਹੋ ਗਿਆ ਤੇ ਇਸ ਪਾਸੇ ਮੁਸਲਮਾਨਾਂ ਨੂੰ ਘਰ ਬਾਰ ਛੱਡ ਕੇ ਜਾਣਾ ਪਿਆ। ਲੱਖਾਂ ਲੋਕ ਮਾਰੇ ਗਏ। ਔਰਤਾਂ ਦੀ ਇੱਜ਼ਤ ਲੁੱਟੀ ਗਈ ਤੇ ਸਭ ਕੁਝ ਲੁਟਾ ਕੇ ਖਾਲੀ ਹੱਥ ਆਉਣਾ ਪਿਆ। ਉਧਰੋਂ ਆਏ ਪੰਜਾਬੀਆਂ ਨੇ ਇਸ ਪਾਸੇ ਪੈਰ ਲਗਦਿਆਂ ਹੀ ਅੱਗੇ ਵਧਣਾ ਸ਼ੁਰੂ ਕੀਤਾ। ਖੇਤੀ ਦੇ ਨਵੇਂ ਢੰਗ ਤਰੀਕੇ, ਨਵੇਂ ਬੀਜ ਅਤੇ ਮਸ਼ੀਨਾਂ ਦੀ ਵਰਤੋਂ ਕਰਨ ਵਿੱਚ ਪੰਜਾਬੀਆਂ ਨੇ ਦੇਸ਼ ਦੀ ਅਗਵਾਈ ਕੀਤੀ। ਜਿੱਥੇ ਉਹ ਲੋੜ ਪੈਣ ਉੱਤੇ ਸਰਹੱਦਾਂ ਦੀ ਰਾਖੀ ਕਰਦੇ ਸਨ, ਉੱਥੇ ਭੁੱਖਮਰੀ ਨਾਲ ਜੂਝ ਰਹੇ ਦੇਸ਼ ਵਿੱਚ ਅਨਾਜ ਦੇ ਢੇਰ ਲਗਾ ਦਿੱਤੇ, ਜਿਸ ਨੂੰ ਹਰਾ ਇਨਕਲਾਬ ਆਖਿਆ ਗਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਰੇ ਇਨਕਲਾਬ ਨਾਲ ਦੇਸ਼ ਨੂੰ ਭੁੱਖਮਰੀ ਤੋਂ ਬਚਾਇਆ ਗਿਆ ਅਤੇ ਪੰਜਾਬ ਵਿੱਚ ਖੁਸ਼ਹਾਲੀ ਆਈ। ਪਰ ਖੁਸ਼ਹਾਲੀ ਲਈ ਵੀ ਪੰਜਾਬੀਆਂ ਨੂੰ ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ। ਇਸ ਖੁਸ਼ਹਾਲੀ ਨੇ ਵਿਉਪਾਰੀਆਂ ਨੂੰ ਆਪਣੇ ਵੱਲ ਖਿੱਚਿਆ। ਟਰੈਕਟਰ ਤੇ ਦੂਜੀਆਂ ਮਸ਼ੀਨਾਂ ਦੇ ਪ੍ਰਦਰਸ਼ਨ ਕਰਕੇ ਕਿਸਾਨਾਂ ਨੂੰ ਇਨ੍ਹਾਂ ਦੀ ਖਰੀਦ ਲਈ ਉਤਸ਼ਾਹਿਤ ਕੀਤਾ, ਜਿਸ ਨਾਲ ਪੰਜਾਬ ਦੀ ਖੇਤੀ ਦਾ ਮੁਕੰਮਲ ਮਸ਼ੀਨੀਕਰਨ ਹੋ ਗਿਆ। ਸਿੰਚਾਈ ਸਹੂਲਤਾਂ ਦੇ ਵਾਧੇ ਨਾਲ ਸਾਰੀ ਧਰਤੀ ਦੋ ਫ਼ਸਲੀ ਹੋ ਗਈ ਜਿਸ ਨਾਲ ਕਾਮਿਆਂ ਦੀ ਮੰਗ ਵਧੀ ਤੇ ਦੂਜੇ ਸੂਬਿਆਂ ਤੋਂ ਕਾਮੇ ਆਉਣ ਲੱਗੇ। ਪਹਿਲਾਂ ਉਹ ਫ਼ਸਲ ਦੀ ਲੁਆਈ ਅਤੇ ਵਾਢੀ ਸਮੇਂ ਹੀ ਆਉਂਦੇ ਸਨ, ਫਿਰ ਉਹ ਟੱਬਰਾਂ ਸਮੇਤ ਆ ਕੇ ਇੱਥੇ ਹੀ ਰਹਿਣ ਲੱਗ ਪਏ। ਉਨ੍ਹਾਂ ਦੇ ਬੱਚਿਆਂ ਨੇ ਦੁਕਾਨਾਂ ਅਤੇ ਦਫਤਰਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਤੇ ਔਰਤਾਂ ਨੇ ਘਰਾਂ ਦਾ ਕੰਮ ਸੰਭਾਲ ਲਿਆ। ਹੁਣ ਘਰਾਂ ਅਤੇ ਖੇਤਾਂ ਦਾ ਬਹੁਤਾ ਕੰਮ ਇਹ ਲੋਕ ਹੀ ਕਰਦੇ ਹਨ। ਸ਼ਹਿਰਾਂ ਦੇ ਬਹੁਤੇ ਘਰਾਂ ਵਿੱਚ ਰੋਟੀ ਵੀ ਇਹ ਲੋਕ ਹੀ ਪਕਾਉਣ ਲੱਗ ਪਏ ਹਨ। ਇੰਝ ਪੰਜਾਬੀ ਹੌਲੀ ਹੌਲੀ ਕਿਰਤ ਤੋਂ ਦੂਰ ਹੋ ਰਹੇ ਹਨ। ਤਕਨੀਕੀ ਕੰਮ ਜਿਵੇਂ ਕਿ ਲੁਹਾਰਾ, ਤਰਖਾਣ, ਪਲੰਬਰ, ਰਾਜ ਮਿਸਤਰੀ ਆਦਿ ਕੰਮ ਵੀ ਹੌਲੀ ਹੌਲੀ ਇਨ੍ਹਾਂ ਹੀ ਸੰਭਾਲ ਲਏ ਹਨ। ਪੰਜਾਬ ਦੇ ਇਨ੍ਹਾਂ ਕਿੱਤਿਆਂ ਦੇ ਆਪਣੇ ਤੌਰ ਤਰੀਕੇ ਅਤੇ ਦਸਤਕਾਰੀ ਲੋਪ ਹੋ ਗਏ ਹਨ। ਵਿਦਿਆ ਦੇ ਵਿਉਪਾਰੀਆਂ ਨੇ ਥਾਂ ਥਾਂ ਅੰਗਰੇਜ਼ੀ ਸਕੂਲ ਖੋਲ੍ਹ ਲਏ। ਇਨ੍ਹਾਂ ਸਕੂਲਾਂ ਵਿੱਚ ਬੱਚੇ ਭੇਜਣਾ ਪੰਜਾਬੀ ਆਪਣੀ ਸ਼ਾਨ ਸਮਝਣ ਲੱਗ ਪਏ ਹਨ। ਇਨ੍ਹਾਂ ਸਕੂਲਾਂ ਵਿੱਚ ਪੰਜਾਬੀ ਪੜ੍ਹਨੀ ਤੇ ਬੋਲਣੀ ਸਖਤ ਮਨ੍ਹਾਂ ਹੈ। ਇੰਝ ਪੰਜਾਬੀ ਬੱਚੇ ਆਪਣੀ ਮਾਂ ਬੋਲੀ, ਆਪਣੇ ਇਤਿਹਾਸ, ਆਪਣੇ ਸੱਭਿਆਚਾਰ ਅਤੇ ਆਪਣੇ ਰਸਮੋ ਰਿਵਾਜਾਂ ਤੋਂ ਦੂਰ ਹੋ ਗਏ ਹਨ। ਬਾਜ਼ਾਰ ਕੱਪੜਿਆਂ, ਬਿਜਲੀ ਉਪਕਰਨਾਂ, ਫਰਨੀਚਰ ਆਦਿ ਨਾਲ ਭਰੇ ਗਏ। ਪਿੰਡਾਂ ਵਿੱਚ ਸਾਰੇ ਘਰ ਪੱਕੇ ਹੋ ਗਏ, ਬਿਜਲੀ ਆ ਗਈ, ਪਾਣੀ ਦੀਆਂ ਟੂਟੀਆਂ ਲੱਗ ਗਈਆਂ। ਆਪਸੀ ਭਾਈਚਾਰਾ, ਰਹਿਣ ਸਹਿਣ, ਰਸਮੋ ਰਿਵਾਜ ਸਭ ਕੁਝ ਬਦਲ ਗਿਆ। ਜਿਸ ਤੇਜ਼ੀ ਨਾਲ ਪੰਜਾਬੀ ਜੀਵਨ ਬਦਲਿਆ ਇਸ ਤੇਜ਼ੀ ਨਾਲ ਤਬਦੀਲੀ ਸ਼ਾਇਦ ਸੰਸਾਰ ਵਿੱਚ ਕਿਤੇ ਵੀ ਨਹੀਂ ਸੀ ਆਈ। ਨਵੀਂ ਪੀੜ੍ਹੀ ਨੂੰ ਜਦੋਂ ਅਸੀਂ ਬਚਪਨ ਦੀਆਂ ਕਹਾਣੀਆਂ ਸੁਣਾਉਂਦੇ ਹਾਂ ਤਾਂ ਉਨ੍ਹਾਂ ਲਈ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਅਜਿਹਾ ਹੁੰਦਾ ਸੀ।

Advertisement

ਅਫ਼ਸੋਸ ਇਸ ਗੱਲ ਦਾ ਹੈ ਕਿ ਕਿਸੇ ਵੀ ਸਰਕਾਰ, ਸੰਸਥਾ ਜਾਂ ਧਾਰਮਿਕ ਆਗੂ ਨੇ ਆਪਣੇ ਵਿਰਸੇ ਦੀ ਸਾਂਭ-ਸੰਭਾਲ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ। ਇੰਝ ਪੰਜਾਬੀ ਜੀਵਨ ਸਮਾਜਿਕ ਕਦਰਾਂ ਕੀਮਤਾਂ ਨੂੰ ਭੁੱਲ ਆਪਮੁਹਾਰਾ ਹੋ ਗਿਆ। ਇਸੇ ਕਰਕੇ ਮਿਹਨਤ, ਸੰਤੋਖ, ਭਾਈਚਾਰਾ, ਇਮਾਨਦਾਰੀ ਆਦਿ ਪੰਜਾਬੀਆਂ ਦੇ ਮੁੱਖ ਗੁਣ ਲੋਪ ਹੋ ਰਹੇ ਹਨ।

ਪੰਜਾਬ ਨੂੰ ਸਰਦਾਰ ਪ੍ਰਤਾਪ ਸਿੰਘ ਕੈਰੋਂ ਪਿੱਛੋਂ ਕੋਈ ਦੂਰਅੰਦੇਸ਼ ਨੇਤਾ ਨਹੀਂ ਮਿਲ ਸਕਿਆ। ਉਨ੍ਹਾਂ ਨੇ ਪੰਜਾਬ ਵਿੱਚ ਖੇਤੀ, ਸਨਅਤ ਅਤੇ ਵਿਦਿਅਕ ਵਿਕਾਸ ਵੱਲ ਸਭ ਤੋਂ ਵੱਧ ਧਿਆਨ ਦਿੱਤਾ ਤੇ ਪੰਜਾਬ ਦੇਸ਼ ਦਾ ਸਭ ਤੋਂ ਵੱਧ ਵਿਕਸਤ ਸੂਬਾ ਬਣ ਗਿਆ।

ਮੁੜ ਕੁਰਬਾਨੀਆਂ ਦੇ ਕੇ ਬੋਲੀ ਦੇ ਆਧਾਰ ਉੱਤੇ ਪੰਜਾਬੀ ਸੂਬਾ ਪ੍ਰਾਪਤ ਕੀਤਾ। ਇਸ ਪ੍ਰਾਪਤੀ ਲਈ ਆਪਣੀ ਰਾਜਧਾਨੀ, ਬਹੁਤ ਸਾਰਾ ਇਲਾਕਾ ਅਤੇ ਪਾਣੀ ਦੇ ਵਸੀਲਿਆਂ ਦੀ ਕੁਰਬਾਨੀ ਦੇਣੀ ਪਈ। ਜਾਪਦਾ ਸੀ ਹੁਣ ਪਹਿਲਾਂ ਤੋਂ ਵੱਧ ਮਿਹਨਤ ਕਰਕੇ ਪੰਜਾਬ, ਦੇਸ਼ ਦਾ ਹੀ ਨਹੀਂ ਸਗੋਂ ਸਾਰੇ ਸੰਸਾਰ ਦਾ ਵਿਕਸਤ ਸੂਬਾ ਬਣ ਜਾਵੇਗਾ। ਪਰ ਬਦਕਿਸਮਤੀ ਸਾਡੇ ਆਗੂਆਂ ਜਿਨ੍ਹਾਂ ਵਿੱਚ ਧਾਰਮਿਕ ਆਗੂ ਵੀ ਸ਼ਾਮਿਲ ਹਨ, ਨੇ ਨਵੀਂ ਪੀੜ੍ਹੀ ਨੂੰ ਆਪਣੀ ਬੋਲੀ ਅਤੇ ਵਿਰਸੇ ਨਾਲ ਜੋੜਨ ਦੀ ਥਾਂ ਤੋੜਨ ਦਾ ਕੰਮ ਕੀਤਾ। ਪੰਜਾਬੀਆਂ ਨੂੰ ਸੇਧ ਦੇਣ ਦੀ ਥਾਂ ਆਪੋ ਆਪਣੇ ਮਿਸ਼ਨ ਲਈ ਵਰਤਿਆ ਗਿਆ। ਨਕਸਲਬਾੜੀ ਲਹਿਰ ਚੱਲੀ। ਆਪਣਿਆਂ ਹੱਥੋਂ ਹੀ ਸੈਂਕੜੇ ਨੌਜਵਾਨ ਮਾਰੇ ਗਏ। ਇਹ ਨਹੀਂ ਸੋਚਿਆ ਗਿਆ ਕਿ ਸੰਸਾਰ ਦਾ ਤਖ਼ਤਾ, ਤਾਕਤ ਨਾਲ ਨਹੀਂ ਸਗੋਂ ਦਿਮਾਗ਼ ਤੇ ਉੱਚੀ ਸੋਚ ਨਾਲ ਬਦਲਿਆ ਜਾਂਦਾ ਹੈ। ਅਤਿਵਾਦ ਦੇ ਦਿਨਾਂ ਵਿੱਚ ਤਾਂ ਸ਼ਹੀਦ ਹੋਣ ਵਾਲਿਆਂ ਦੀ ਗਿਣਤੀ ਹਜ਼ਾਰਾਂ ਨੂੰ ਟੱਪ ਗਈ। ਕਿਸੇ ਠੀਕ ਹੀ ਆਖਿਆ ਸੀ ਕਿ ਦੇਖੋ ਕਿਵੇਂ ਆਪਣੇ ਹੀ ਆਪਣਿਆਂ ਨੂੰ ਮਾਰ ਰਹੇ ਹਨ। ਪੰਜਾਬ ਦਾ ਵਿਕਾਸ ਰੁਕ ਗਿਆ ਸਗੋਂ ਪਿੱਛੇ ਵੱਲ ਮੁੜਨ ਲੱਗਿਆ। ਪਹਿਲਾਂ ਵਿਉਪਾਰੀਆਂ ਨੇ ਲੁੱਟਿਆ, ਮੁੜ ਆਪਣਿਆਂ ਨੇ ਲੁੱਟਣਾ ਸ਼ੁਰੂ ਕਰ ਦਿੱਤਾ। ਜਿਹੜੇ ਨੌਜਵਾਨ ਜਿਊਂਦੇ ਰਹਿ ਗਏ ਉਨ੍ਹਾਂ ਦੇ ਪੱਲੇ ਨਸ਼ੇ ਪਾ ਦਿੱਤੇ ਗਏ। ਕਿਸੇ ਸੂਬੇ ਵਿੱਚ ਨਸ਼ਿਆਂ ਦੀ ਵਿਕਰੀ ਸਿਆਸੀ ਸ਼ਹਿ ਤੋਂ ਬਗੈਰ ਨਹੀਂ ਹੁੰਦੀ। ਲੀਡਰਾਂ ਦੇ ਰਾਤੋ ਰਾਤ ਅਮੀਰ ਬਣਨ ਦੇ ਸੁਪਨਿਆਂ ਨੇ ਬੇਈਮਾਨੀ ਅਤੇ ਰਿਸ਼ਵਤਖੋਰੀ ਨੂੰ ਜਨਮ ਦਿੱਤਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਸੇ ਸਮੇਂ ਧਾਰਮਿਕ ਸਥਾਨਾਂ ਅਤੇ ਧਾਰਮਿਕ ਆਗੂਆਂ ਦੀ ਗਿਣਤੀ ਵਿੱਚ ਵੀ ਤੇਜ਼ੀ ਨਾਲ ਵਾਧਾ ਹੋਇਆ ਪਰ ਉਸੇ ਤੇਜ਼ੀ ਨਾਲ ਲੋਕ ਗੁਰੂ ਨਾਨਕ ਸਾਹਿਬ ਵੱਲੋਂ ਬਖ਼ਸ਼ਿਸ਼ ਅਸੂਲਾਂ: ਕਿਰਤ ਕਰੋ, ਨਾਮ ਜਪੋ, ਵੰਡ ਛਕੋ ਤੋਂ ਦੂਰ ਹੋਏ ਹਨ। ਕਿਸੇ ਵੀ ਸਰਕਾਰ ਜਾਂ ਸੰਸਥਾ ਨੇ ਬੱਚਿਆਂ ਦੀ ਵਿਦਿਆ ਵੱਲ ਧਿਆਨ ਨਹੀਂ ਦਿੱਤਾ ਸਗੋਂ ਸਰਕਾਰੀ ਸਕੂਲਾਂ ਅਤੇ ਸਨਅਤੀ ਸਿਖਲਾਈ ਕੇਂਦਰਾਂ ਦੀ ਹਾਲਤ ਮਾੜੀ ਹੋਈ। ਚਾਹੀਦਾ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਵੱਡੇ ਅਫਸਰ ਬਣਨ, ਸਰਕਾਰੀ ਨੌਕਰੀਆਂ ਦੇ ਮੁਕਾਬਲੇ ਲਈ ਤਿਆਰ ਕਰਦੇ, ਉਨ੍ਹਾਂ ਨੂੰ ਡਾਕਟਰ, ਇੰਜਨੀਅਰ ਬਣਾਉਣ ਵੱਲ ਧਿਆਨ ਦਿੰਦੇ ਪਰ ਇਸ ਦੇ ਉਲਟ ਵਿਦਿਆ ਵਿਉਪਾਰ ਬਣ ਗਈ ਤੇ ਡਿਗਰੀਆਂ ਦੀ ਵਿਕਰੀ ਹੋਣ ਲੱਗੀ। ਦੂਜੇ ਸੂਬਿਆਂ ਵਿੱਚ ਜਿੱਥੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਦੇ ਇਮਤਿਹਾਨਾਂ ਲਈ ਤਿਆਰੀ ਕਰਵਾਉਣ ਲਈ ਕੋਚਿੰਗ ਕੇਂਦਰ ਖੋਲ੍ਹੇ ਗਏ ਹਨ ਉੱਥੇ ਪੰਜਾਬ ਵਿੱਚ ਹਰੇਕ ਗਲੀ ਮੁਹੱਲੇ ’ਚ ਆਈਲੈਟਸ (ਆਇਲਸ) ਕਰਵਾ ਕੇ ਬਾਹਰ ਭੇਜਣ ਦੀਆਂ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਖੁੱਲ੍ਹ ਗਏ ਹਨ। ਪੰਜਾਬੀ ਆਪਣੀਆਂ ਜ਼ਮੀਨਾਂ ਵੇਚ ਬੱਚੇ ਪਰਦੇਸਾਂ ਨੂੰ ਭੇਜ ਰਹੇ ਹਨ। ਪਿੰਡਾਂ ਦੀ ਗਲੀਆਂ ਸੁੰਨੀਆਂ ਹੋ ਗਈਆਂ ਹਨ। ਪਿੱਛੇ ਕੇਵਲ ਬਜ਼ੁਰਗ ਹੀ ਰਹਿ ਗਏ ਹਨ ਜਿਨ੍ਹਾਂ ਦੀ ਦੇਖਭਾਲ ਦੂਜੇ ਸੂਬਿਆਂ ਤੋਂ ਆਏ ਕਾਮੇ ਕਰ ਰਹੇ ਹਨ। ਪੰਜਾਬੀ ਜਿੱਥੇ ਹਰੇਕ ਘਰ ਵਿੱਚ ਦੁੱਧ ਤੇ ਪੁੱਤ ਦਾ ਹੋਣਾ ਜ਼ਰੂਰੀ ਸਮਝਦੇ ਸਨ ਪਰ ਹੁਣ ਦੋਵੇਂ ਲੋਪ ਹੋ ਰਹੇ ਹਨ। ਪੁੱਤ ਪਰਦੇਸਾਂ ਨੂੰ ਜਾ ਰਹੇ ਹਨ ਅਤੇ ਲਵੇਰਿਆਂ ਨੂੰ ਵੇਚ ਦਿੱਤਾ ਗਿਆ ਹੈ। ਹੁਣ ਸਵੇਰੇ ਉੱਠ ਲੱਸੀ ਪੀਣ ਤੇ ਮੱਖਣ ਨਾਲ ਰੋਟੀ ਖਾਣ ਦੀ ਥਾਂ ਚਾਹ ਪ੍ਰਧਾਨ ਹੋਈ ਹੈ ਅਤੇ ਸੌਣ ਵੇਲੇ ਦੁੱਧ ਦੀ ਥਾਂ ਦਾਰੂ ਦੀ ਝਾਕ ਰੱਖੀ ਜਾਂਦੀ ਹੈ। ਕੰਪਨੀਆਂ ਨੇ ਕੂੜ ਪ੍ਰਚਾਰ ਕਰਕੇ ਸਾਨੂੰ ਦੁੱਧ, ਮੱਖਣ ਤੇ ਘਿਓ ਤੋਂ ਦੂਰ ਕਰ ਦਿੱਤਾ। ਪੰਜਾਬੀ ਜਿਹੜੇ ਸਾਰੇ ਸੰਸਾਰ ਵਿੱਚ ਵਧੀਆ ਕਿਸਾਨ ਅਤੇ ਜੁਆਨ ਮੰਨੇ ਜਾਂਦੇ ਸਨ ਹੁਣ ਉਹ ਜਿਸਮਾਨੀ ਤੌਰ ਉੱਤੇ ਕਮਜ਼ੋਰ ਹੋ ਕਿਰਤ ਤੋਂ ਦੂਰ ਹੋ ਰਹੇ ਹਨ। ਕੁਝ ਨੌਜਵਾਨ ਬਿਨਾ ਮਿਹਨਤ ਕੀਤਿਆਂ ਅਮੀਰ ਬਣ ਲਈ ਸਾਈਬਰ ਜੁਰਮ ਕਰਨ ਲੱਗ ਪਏ ਹਨ।

ਸਾਡੇ ਰਾਜਸੀ ਅਤੇ ਧਾਰਮਿਕ ਆਗੂਆਂ ਦਾ ਫਰਜ਼ ਬਣਦਾ ਹੈ ਕਿ ਕੇਵਲ ਆਪਣੇ ਬਾਰੇ ਸੋਚਣਾ ਛੱਡ ਕੇ ਪੰਜਾਬ ਅਤੇ ਪੰਜਾਬੀਆਂ ਬਾਰੇ ਸੋਚਣ। ਪੰਜਾਬ ਜਿਹਾ ਅਮੀਰ ਤੇ ਮਹਾਨ ਇਤਿਹਾਸ ਸ਼ਾਇਦ ਹੀ ਕਿਸੇ ਹੋਰ ਕੌਮ ਕੋਲ ਹੋਵੇ। ਸਾਡਾ ਨਾਇਕ ਪੋਰਸ, ਜਿਸ ਨੇ ਸਿਕੰਦਰ ਵਰਗੇ ਵਿਸ਼ਵ ਜੇਤੂ ਨੂੰ ਬਿਆਸ ਦਰਿਆ ਪਾਰ ਨਹੀਂ ਕਰਨ ਦਿੱਤਾ ਸਗੋਂ ਅਜਿਹੀ ਮਾਰ ਮਾਰੀ ਕਿ ਉਸ ਨੂੰ ਪਿੱਛੇ ਮੁੜਨ ਲਈ ਮਜਬੂਰ ਕੀਤਾ। ਸਿਕੰਦਰ ਇਸੇ ਨਮੋਸ਼ੀ ਨਾਲ ਰਾਹ ਵਿੱਚ ਹੀ ਪ੍ਰਾਣ ਤਿਆਗ ਗਿਆ। ਇਤਿਹਾਸ ਵਿੱਚ ਪੋਰਸ ਨੂੰ ਹਾਰਿਆ ਹੋਇਆ ਦੱਸਿਆ ਗਿਆ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਕਿਰਤੀ ਕਿਸਾਨਾਂ ਨੇ ਸੰਸਾਰ ਦੀ ਸਭ ਤੋਂ ਤਾਕਤਵਰ ਸਮਝੀ ਜਾਂਦੀ ਹਕੂਮਤ ਦੀ ਇੱਟ ਨਾਲ ਇੱਟ ਖੜਕਾ ਦਿੱਤੀ।

ਮਹਾਰਾਜਾ ਰਣਜੀਤ ਸਿੰਘ ਨੇ ਬਾਰਾਂ ਸਾਲ ਦੀ ਉਮਰ ਵਿੱਚ ਹੀ ਅਬਦਾਲੀ ਦੇ ਪੋਤਰੇ ਨੂੰ ਅਜਿਹੀ ਭਾਜੜ ਪਾਈ ਕਿ ਜਿਸ ਰਸਤਿਓਂ ਆ ਕੇ ਵਿਦੇਸ਼ੀਆਂ ਨੇ ਕਈ ਸਦੀਆਂ ਦੇਸ਼ ਨੂੰ ਲੁੱਟਿਆ, ਮੁੜ ਕਿਸੇ ਦੀ ਉਸ ਪਾਸਿਓਂ ਆਉਣ ਦੀ ਜੁਰਅਤ ਨਹੀਂ ਪਈ। ਦੇਸ਼ ਦੀ ਆਜ਼ਾਦੀ ਲਈ ਵੀ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਹੀ ਦਿੱਤੀਆਂ, ਪਰ ਅਸੀਂ ਨਵੀਂ ਪੀੜ੍ਹੀ ਨੂੰ ਆਪਣੇ ਇਸ ਮਹਾਨ ਵਿਰਸੇ ਤੋਂ ਜਾਣੂ ਹੀ ਨਹੀਂ ਕਰਵਾਇਆ। ਪਿਛਲੇ ਦਿਨੀਂ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਮੇਰੇ ਕੁਝ ਲੇਖ ਛਪੇ ਸਨ। ਬਹੁਤ ਸਾਰੇ ਲੋਕਾਂ ਦੇ ਫੋਨ ਆਏ ਕਿ ਇਸ ਬਾਰੇ ਤਾਂ ਸਾਨੂੰ ਕਦੇ ਦੱਸਿਆ ਹੀ ਨਹੀਂ ਗਿਆ। ਸਕੂਲੀ ਇਤਿਹਾਸ ਦੀਆਂ ਪੁਸਤਕਾਂ ਇਸ ਤੋਂ ਸੱਖਣੀਆਂ ਹੀ ਹਨ, ਸਗੋਂ ਪੰਜਾਬੀਆਂ ਨੂੰ ਗੁਮਰਾਹ ਕਰਨ ਲਈ ਮੌਕੇ ਦੇ ਹਾਕਮਾਂ ਨੇ ਪੰਜਾਬ ਦੇ ਇਨ੍ਹਾਂ ਮਹਾਨ ਸਪੂਤਾਂ ਦੀ ਸ਼ਖ਼ਸੀਅਤ ਨੂੰ ਛੁਟਿਆ ਕੇ ਹੀ ਬਿਆਨ ਕੀਤਾ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤ ਦੇਰ ਹੋ ਚੁੱਕੀ ਹੈ ਪਰ ਹੁਣ ਵੀ ਸੰਭਲਿਆ ਜਾ ਸਕਦਾ ਹੈ। ਆਗੂਆਂ ਨੂੰ ਚਾਹੀਦਾ ਹੈ ਕਿ ਆਪਣੇ ਨਿੱਜੀ ਹਿੱਤ ਤਿਆਗ ਕੇ ਪੰਜਾਬ ਅਤੇ ਪੰਜਾਬੀਆਂ ਬਾਰੇ ਸੋਚਣ। ਜੇਕਰ ਪੰਜਾਬ ਖੁਸ਼ਹਾਲ ਹੋਵੇਗਾ ਤਾਂ ਤੁਹਾਡੀ ਕਰਨੀ ਦੀ ਕਦਰ ਪਵੇਗੀ, ਲੋਕ ਆਪਣੇ ਆਪ ਤੁਹਾਨੂੰ ਆਪਣੇ ਆਗੂ ਬਣਾ ਲੈਣਗੇ। ਫਿਰ ਗ਼ਲਤ ਢੰਗ ਤਰੀਕੇ ਅਪਨਾਉਣ ਦੀ ਲੋੜ ਨਹੀਂ ਪਵੇਗੀ। ਨਵੀਂ ਪੀੜ੍ਹੀ ਨੂੰ ਆਪਣੇ ਮਹਾਨ ਵਿਰਸੇ ਤੋਂ ਜਾਣੂ ਕਰਵਾਈਏ, ਉਨ੍ਹਾਂ ਨੂੰ ਕਿਰਤ ਕਰਨ, ਇਮਾਨਦਾਰੀ ਅਤੇ ਗਿਆਨ ਪ੍ਰਾਪਤੀ ਦੇ ਰਾਹੇ ਪਾਈਏ ਤੇ ਮੁੜ ਪੰਜਾਬ ਨੂੰ ਪੰਜਾਬ ਬਣਾਈਏ।

Advertisement
×