ਭਾਸ਼ਾ ਕਦੇ ਵਿਵਾਦ ਦਾ ਵਿਸ਼ਾ ਨਹੀਂ ਹੋ ਸਕਦੀ: ਆਸ਼ੂਤੋਸ਼ ਰਾਣਾ
ਅਦਾਕਾਰ ਆਸ਼ੂਤੋਸ਼ ਰਾਣਾ ਮੌਜੂਦਾ ਸਮੇਂ ਆਪਣੀ ਆਉਣ ਵਾਲੀ ਫਿਲਮ ‘ਹੀਰ ਐਕਸਪ੍ਰੈੱਸ’ ਦੀ ਪ੍ਰਮੋਸ਼ਨ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਮਹਾਰਾਸ਼ਟਰ ਵਿੱਚ ਚੱਲ ਰਹੇ ਭਾਸ਼ਾ ਦੇ ਵਿਵਾਦ ਸਬੰਧੀ ਵੀ ਆਪਣੇ ਵਿਚਾਰ ਰੱਖੇ। ਅਦਾਕਾਰ ਰਾਣਾ ਨੇ ਕਿਹਾ ਕਿ ਭਾਸ਼ਾ ਦੇ ਮਾਮਲੇ ’ਤੇ ਕਦੇ ਵੀ ਟਕਰਾਅ ਨਹੀਂ ਹੋਣਾ ਚਾਹੀਦਾ। ਮੀਡੀਆ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਰਾਣਾ ਨੇ ਕਿਹਾ ਕਿ ਭਾਸ਼ਾ ਸੰਚਾਰ ਅਤੇ ਇੱਕ-ਦੂਜੇ ਨੂੰ ਜੋੜਨ ਦਾ ਸਾਧਨ ਹੈ, ਇਸ ’ਤੇ ਲੜਾਈ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ, ‘ਮੇਰਾ ਨਿੱਜੀ ਤੌਰ ਪਰ ਮਾਨਨਾ ਹੈ ਕੀ ਭਾਸ਼ਾ ਜੋ ਹੋਤੀ ਹੈ, ਵੋ ਸੰਵਾਦ ਕਾ ਵਿਸ਼ੇ ਹੋਤੀ ਹੈ, ਭਾਸ਼ਾ ਕਭੀ ਵੀ ਵਿਵਾਦ ਕਾ ਵਿਸ਼ੇ ਨਹੀਂ ਹੋਤੀ। ਭਾਰਤ ਜੋ ਹੈ, ਵੋ ਇਤਨਾ ਅਦਭੁਤ ਦੇਸ਼ ਹੈ, ਯਹਾਂ ਪਰ ਇਸ ਨੇ ਸਾਰੀ ਚੀਜ਼ੋਂ ਕੋ ਸਵੀਕਾਰ ਕੀਆ ਹੈ ਔਰ ਸੰਵਾਦ ਮੇਂ ਵਿਸ਼ਵਾਸ ਰੱਖਤਾ ਹੈ। ਭਾਰਤ ਕਭੀ ਵੀ ਵਿਵਾਦ ਮੇਂ ਵਿਸ਼ਵਾਸ ਨਹੀਂ ਰਖਤਾ।’’ ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਮਹਾਰਾਸ਼ਟਰ ਵਿੱਚ ਤਿੰਨ ਭਾਸ਼ਾਵਾਂ ਸਬੰਧੀ ਨੀਤੀ ਤੋਂ ਸਿਆਸੀ ਵਿਵਾਦ ਭਖਿਆ ਹੋਇਆ ਹੈ। ਮਹਾਰਾਸ਼ਟਰ ਵਿੱਚ ਇਸ ਸਮੇਂ ਹਿੰਦੀ ਅਤੇ ਮਰਾਠੀ ਬੋਲਣ ਵਾਲੇ ਭਾਈਚਾਰਿਆਂ ’ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਲੋਕਾਂ ਵੱਲੋਂ ਰੋਸ ਮਾਰਚ ਅਤੇ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ। ਅਦਾਕਾਰ ਰਾਣਾ ਆਪਣੀ ਆਉਣ ਵਾਲੀ ਫਿਲਮ ‘ਹੀਰ ਐਕਸਪ੍ਰੈੱਸ’ ਦੀ ਪ੍ਰਮੋਸ਼ਨ ਕਰ ਰਹੇ ਹਨ। ਉਨ੍ਹਾਂ ਦੀ ਇਹ ਪਰਿਵਾਰਕ ਡਰਾਮਾ ਫਿਲਮ ਇਸ ਸਾਲ ਅੱਠ ਅਗਸਤ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਪੁਰਾਣੇ ਕਲਾਕਾਰਾਂ ਦੇ ਨਾਲ-ਨਾਲ ਨਵੀਂ ਪੀੜ੍ਹੀ ਦੇ ਕਲਾਕਾਰ ਵੀ ਹੋਣਗੇ। ਇਸ ਫਿਲਮ ਵਿੱਚ ਦਿਵਿਤਾ ਜੁਨੇਜਾ, ਪ੍ਰਿਤ ਕਾਮਨੀ, ਗੁਲਸ਼ਨ ਗਰੋਵਰ, ਸੰਜੈ ਮਿਸ਼ਰਾ ਅਤੇ ਮੇਘਨਾ ਮਲਿਕ ਦਿਖਾਈ ਦੇਣਗੇ। -ਏਐੱਨਆਈ