ਸਾਊਦੀ ਅਰਬ ’ਚ ਜੌਨੀ ਡੈੱਪ ਨੂੰ ਮਿਲੇ ਕਾਰਤਿਕ ਆਰਿਅਨ
ਬੌਲੀਵੁੱਡ ਅਭਿਨੇਤਾ ਕਾਰਤਿਕ ਆਰਿਅਨ ਨੇ ਹੌਲੀਵੁੱਡ ਅਭਿਨੇਤਾ ਜੌਲੀ ਡੈੱਪ ਨਾਲ ਤਸਵੀਰ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਆਰਿਅਨ ਸਾਊਦੀ ਅਰਬ ਦੇ ‘ਰੈੱਡ ਸੀ ਕੌਮਾਂਤਰੀ ਫਿਲਮ ਮਹਾਉਤਸਵ’ ਦੇ ਪੰਜਵੇਂ ਐਡੀਸ਼ਨ ’ਚ ਸ਼ਾਮਲ ਹੋਏ ਅਤੇ ਉਨ੍ਹਾਂ ਦੀ ਮੁਲਾਕਾਤ ਜੌਲੀ ਡੈੱਪ ਨਾਲ ਹੋਈ। ਇਹ ਫਿਲਮ ਮਹਾਉਤਸਵ ਚਾਰ ਦਸੰਬਰ ਨੂੰ ਸ਼ੁਰੂ ਹੋਇਆ ਸੀ ਅਤੇ 13 ਦਸੰਬਰ ਨੂੰ ਇਸ ਦੀ ਸਮਾਪਤੀ ਹੋਵੇਗੀ। ‘ਪਿਆਰ ਕਾ ਪੰਚਨਾਮਾ’ ਦੇ ਅਦਾਕਾਰ ਨੇ ਤਸਵੀਰ ਨਾਲ ‘ਭੂਲ ਭੁਲਈਆ’ ਦੇ ਆਪਣੇ ਕਿਰਦਾਰ ਰੂਹਾਨ ‘ਰੂਹ ਬਾਬਾ’ ਰੰਧਾਵਾ ਅਤੇ ‘ਪਾਈਰੇਟਸ ਆਫ਼ ਦੀ ਕੈਰੇਬੀਅਨ’ ਵਿੱਚ ਡੇਲ ਲਈ ਮਕਬੂਲ ਕਿਰਦਾਰ ਜੈਕ ਸਪੈਰੋ ਦਾ ਜ਼ਿਕਰ ਕੀਤਾ। ਉਨ੍ਹਾਂ ‘ਇੰਸਟਾਗ੍ਰਾਮ’ ’ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ, ‘‘ਪਾਈਰੇਟਸ ਆਫ਼ ਦਿ ਰੈੱਡ ਸੀ। ਜੈਕ ਸਪੈਰੋ, ਰੂਹਬਾਬਾ।’’ ਆਰਿਅਨ, ਅਨਨਿਆ ਪਾਂਡੇ ਨਾਲ ‘ਤੂ ਮੇਰੀ ਮੈਂ ਤੇਰਾ ਮੈਂ ਤੇਰਾ ਤੂ ਮੇਰੀ’ ਫਿਲਮ ’ਚ ਨਜ਼ਰ ਆਉਣਗੇ। ‘ਸਤਿਆਪ੍ਰੇਮ ਦੀ ਕਥਾ’ ਦੇ ਨਿਰਦੇਸ਼ਕ ਸਮੀਰ ਵਿਦਵਾਨਸ ਵੱਲੋਂ ਨਿਰਦੇਸ਼ਤ ਇਹ ਫਿਲਮ ਕਰਨ ਜੌਹਰ ਅਤੇ ਧਰਮਾ ਪ੍ਰੋਡਕਸ਼ਨਜ਼ ਵੱਲੋਂ ਬਣਾਈ ਗਈ ਹੈ। ‘ਤੂ ਮੇਰੀ ਮੈਂ ਤੇਰਾ ਮੈਂ ਤੇਰਾ ਤੂ ਮੇਰੀ’ ਵਿੱਚ ਜੈਕੀ ਸ਼ਰਾਫ਼ ਅਤੇ ਨੀਨਾ ਗੁਪਤਾ ਵੀ ਪ੍ਰਮੁੱਖ ਭੂਮਿਕਾਵਾਂ ’ਚ ਹੈ। ਇਹ ਫਿਲਮ 25 ਦਸੰਬਰ ਨੂੰ ਅਗਸਤਿਆ ਨੰਦਾ ਦੀ ‘ਇੱਕੀਸ’ ਨਾਲ ਰਿਲੀਜ਼ ਹੋਵੇਗੀ।
