ਕਰੀਨਾ ਕਪੂਰ ਵੱਲੋਂ ਕ੍ਰਿਤੀ ਸੈਨਨ ਨੂੰ ਜਨਮ ਦਿਨ ਦੀ ਵਧਾਈ
ਬੌਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਨੇ ਅੱਜ ਆਪਣਾ 35ਵਾਂ ਜਨਮ ਦਿਨ ਮਨਾਇਆ। ਇਸ ਦੌਰਾਨ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਕ੍ਰਿਤੀ ਨੂੰ ਜਨਮ ਦਿਨ ਦੀ ਵਿਸ਼ੇਸ਼ ਵਧਾਈ ਦਿੱਤੀ। ਕਰੀਨਾ ਨੇ ਇੰਸਟਾਗ੍ਰਾਮ ’ਤੇ ਕ੍ਰਿਤੀ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਆਖਿਆ, ‘‘ਜਨਮ ਦਿਨ ਮੁਬਾਰਕ ਕ੍ਰਿਤੀ... ਪਰਮਾਤਮਾ ਹਮੇਸ਼ਾ ਮਿਹਰ ਰੱਖੇ... ਢੇਰ ਸਾਰਾ ਪਿਆਰ।’’ ਜਾਣਕਾਰੀ ਅਨੁਸਾਰ ਅਦਾਕਾਰਾ ਕ੍ਰਿਤੀ ਸੈਨਨ ਨੂੰ ਫਿਲਮ ‘ਸ਼ਹਿਜ਼ਾਦਾ’, ‘ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ,’ ‘ਕਰੂ’ ਤੇ ‘ਦੋ ਪੱਤੀ’ ਲਈ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਕ੍ਰਿਤੀ ਨੇ ਆਪਣੀ ਆਉਣ ਵਾਲੀ ਫਿਲਮ ‘ਤੇਰੇ ਇਸ਼ਕ ਮੇਂ’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਸ ਫਿਲਮ ਦਾ ਨਿਰਦੇਸ਼ਨ ਆਨੰਦ ਐੱਲ ਰਾਏ ਨੇ ਕੀਤਾ ਹੈ ਅਤੇ ਇਸ ਫਿਲਮ ਵਿੱਚ ਅਦਾਕਾਰ ਧਨੁਸ਼ ਮੁੱਖ ਭੂਮਿਕਾ ’ਚ ਹੈ। ਇਹ ਫਿਲਮ ਇਸੇ ਸਾਲ 28 ਨਵੰਬਰ ਨੂੰ ਰਿਲੀਜ਼ ਹੋਵੇਗੀ। ਫਿਲਮ ਦੇ ਪ੍ਰੋਡਕਸ਼ਨ ਹਾਊਸ ਨੇ ਸੋਸ਼ਲ ਮੀਡੀਆ ’ਤੇ ਫਿਲਮ ਦੀ ਸ਼ੂਟਿੰਗ ਮੁਕੰਮਲ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਫ਼ਿਲਮ ਨੂੰ ਸੰਗੀਤ ਏਆਰ ਰਹਿਮਾਨ ਨੇ ਦਿੱਤਾ ਹੈ ਅਤੇ ਗੀਤ ਇਰਸ਼ਾਦ ਕਾਮਿਲ ਨੇ ਲਿਖੇ ਹਨ। ਫਿਲਮ ‘ਤੇਰੇ ਇਸ਼ਕ ਮੇਂ’ ਨੂੰ ਗੁਲਸ਼ਨ ਕੁਮਾਰ, ਟੀ-ਸੀਰੀਜ਼ ਅਤੇ ਕਲਰ ਯੈਲੋ ਪ੍ਰੋਡਕਸ਼ਨਜ਼ ਹਾਊਸਿਜ਼ ਦੇ ਬੈਨਰ ਹੇਠ ਤਿਆਰ ਕੀਤਾ ਗਿਆ ਹੈ। ਫਿਲਮ ਦੇ ਪ੍ਰੋਡਿਊਸਰਾਂ ’ਚ ਆਨੰਦ ਐੱਲ ਰਾਏ, ਹਿਮਾਂਸ਼ੂ ਸ਼ਰਮਾ, ਭੂਸ਼ਨ ਕੁਮਾਰ ਤੇ ਕ੍ਰਿਸ਼ਨ ਕੁਮਾਰ ਸ਼ਾਮਲ ਹਨ।