ਕਰਨ ਜੌਹਰ ਨੇ ਸਾਂਝੀਆਂ ਕੀਤੀਆਂ ‘ਕੁਛ ਕੁਛ ਹੋਤਾ ਹੈ’ ਦੇ ਸੈੱਟ ਦੀਆਂ ਯਾਦਾਂ
ਕੀ ਤੁਸੀਂ ਮੰਨ ਸਕਦੇ ਹੋ ਕਿ ਰਾਹੁਲ, ਅੰਜਲੀ ਅਤੇ ਟੀਨਾ ਨੇ 27 ਸਾਲ ਪਹਿਲਾਂ ਸਾਡੇ ਦਿਲ ਚੋਰੀ ਕੀਤੇ ਸਨ? ਭਾਵੇਂ ਸਮਾਂ ਗੁਜ਼ਰ ਗਿਆ ਪਰ ਬਾਲੀਵੁੱਡ ਦੇ ਲੱਖਾਂ ਪ੍ਰਸ਼ੰਸਕਾਂ ਦੇ ਚੇਤਿਆਂ ’ਚ ਫਿਲਮ ‘ਕੁਛ ਕੁਛ ਹੋਤਾ ਹੈ’ ਹਾਲੇ ਵੀ ਪਹਿਲਾਂ ਵਾਂਗ ਵਸੀ ਹੋਈ ਹੈ। ਸਾਲ 1998 ’ਚ ਇਸ ਫ਼ਿਲਮ ਨਾਲ ਨਿਰਦੇਸ਼ਕ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਕਰਨ ਜੌਹਰ ਨੇ ਅੱਜ ਆਪਣੇ ਇੰਸਟਾਗ੍ਰਾਮ ’ਤੇ ਫਿਲਮੀ ਸੈੱਟਾਂ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੇ ਦਰਸ਼ਕਾਂ ਨੂੰ ਪੁਰਾਣੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ। ਇਨ੍ਹਾਂ ਤਸਵੀਰਾਂ ’ਚ ਸ਼ਾਹਰੁਖ ਖ਼ਾਨ, ਕਾਜੋਲ, ਰਾਣੀ ਮੁਖਰਜੀ, ਫਰਾਹ ਖ਼ਾਨ, ਅਨੁਪਮ ਖੇਰ ਅਤੇ ਅਰਚਨਾ ਪੂਰਨ ਸਿੰਘ ਦਿਖਾਈ ਦੇ ਰਹੇ ਹਨ। ਕਰਨ ਜੌਹਰ ਨੇ ਤਸਵੀਰਾਂ ਦੀ ਬੈਕਰਾਊਂਡ ’ਚ ਸਦਾਬਹਾਰ ਗੀਤ ‘ਤੁਮ ਪਾਸ ਆਏ’ ਸ਼ਾਮਲ ਕੀਤਾ ਹੈ। ਕਰਨ ਨੇ ਆਖਿਆ,‘‘27 ਸਾਲ... ਕੁਛ ਕੁਛ ਹੋਤਾ ਹੈ ਦੇ ਸੈੱਟ ਦੀਆਂ ਖੂਬਸੂਰਤ ਯਾਦਾਂ... ਸੈੱਟ ’ਤੇ ਹਾਸਾ-ਠੱਠਾ ਤੇ ਪਿਆਰ... ਫਿਲਮ ਨੂੰ ਪਿਆਰ ਕਰਨ ਵਾਲਿਆਂ ਦਾ ਧੰਨਵਾਦ..!’’ ਉਸ ਵੱਲੋਂ ਤਸਵੀਰਾਂ ਸਾਂਝੀਆਂ ਕਰਨ ਮਗਰੋਂ ਸੋਸ਼ਲ ਮੀਡੀਆ ’ਤੇ ਦਰਸ਼ਕਾਂ ਦੀਆਂ ਪ੍ਰਤੀਕਿਰਿਆ ਦਾ ਹੜ੍ਹ ਆ ਗਿਆ। ਇੱਕ ਦਰਸ਼ਕ ਨੇ ਆਖਿਆ,‘‘ਬਚਪਨ ਤੋਂ ਇਸ ਫਿਲਮ ਦੀ ਯਾਦ ਚੇਤਿਆਂ ’ਚ ਹੈ, ਜਿਸ ਨੂੰ ਭੁੱਲਿਆ ਨਹੀਂ ਜਾ ਸਕਦਾ।’’ ਦੂਜੇ ਨੇ ਆਖਿਆ, ‘‘ਇਹ ਆਪਣੇ ਸਮੇ ਦੀ ਸ਼ਾਹਕਾਰ ਫਿਲਮ ਸੀ। 90ਵਿਆਂ ਦੇ ਦਹਾਕੇ ’ਚ ਜਿਹੜੇ ਵੱਡੇ ਹੋਏ ਉਨ੍ਹਾਂ ਲਈ ‘ਕੁਛ ਕੁਛ ਹੋਤਾ ਹੈ’ ਮਹਿਜ਼ ਫਿਲਮ ਨਹੀਂ ਸੀ ਸਗੋਂ ਬਚਪਨ ਦਾ ਤੋਹਫ਼ਾ ਸੀ। ਰਿਲੀਜ਼ ਤੋਂ 27 ਸਾਲ ਬਾਅਦ ਵੀ ਇਹ ਫਿਲਮ ਦਿਲ ’ਚ ਖਿੱਚ ਪਾਉਂਦੀ ਹੈ।’’