ਕਪੂਰ ਪਰਿਵਾਰ ਨੇ ਦੀਵਾਲੀ ਮਨਾਈ
ਬੌਲੀਵੁੱਡ ਅਦਾਕਾਰਾ ਨੀਤੂ ਕਪੂਰ ਨੇ ਦੀਵਾਲੀ ਤੋਂ ਪਹਿਲਾਂ ਪਾਰਟੀ ਦੀ ਮੇਜ਼ਬਾਨੀ ਕੀਤੀ ਜਿਸ ਵਿੱਚ ਕਪੂਰ ਪਰਿਵਾਰ ਦੇ ਕਈ ਮੈਂਬਰ ਸ਼ਾਮਲ ਹੋਏ। ਉਨ੍ਹਾਂ ਦੇ ਮੁੰਬਈ ਸਥਿਤ ਘਰ ਵਿੱਚ ਇਹ ਸਮਾਗਮ ਕਰਵਾਇਆ ਗਿਆ ਜਿੱਥੇ ਕਪੂਰ ਖਾਨਦਾਨ ਦੀਆਂ ਤਿੰਨ ਪੀੜ੍ਹੀਆਂ ਇਕੱਠੀਆਂ ਨਜ਼ਰ ਆਈਆਂ। ਨੀਤੂ ਕਪੂਰ ਨੇ ਇਸ ਜਸ਼ਨ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਵਿੱਚ ਆਲੀਆ ਭੱਟ, ਕਰੀਨਾ ਕਪੂਰ ਖਾਨ, ਕਰਿਸ਼ਮਾ ਕਪੂਰ ਅਤੇ ਹੋਰ ਪਰਿਵਾਰਕ ਮੈਂਬਰ ਰਵਾਇਤੀ ਪਹਿਰਾਵਿਆਂ ਵਿੱਚ ਸਜੇ ਹੋਏ ਨਜ਼ਰ ਆਏ। ਨੀਤੂ ਕਪੂਰ ਨੇ ਨੀਲੇ ਰੰਗ ਦਾ ਸੂਟ ਤੇ ਉਸ ਦੀ ਨੂੰਹ ਆਲੀਆ ਭੱਟ ਨੇ ਸੁਨਹਿਰੀ ਰੰਗ ਦੀ ਸਾੜ੍ਹੀ ਪਹਿਨੀ ਹੋਈ ਸੀ। ਇੱਕ ਹੋਰ ਤਸਵੀਰ ਵਿੱਚ ਨੀਤੂ ਕਪੂਰ, ਰੀਮਾ ਜੈਨ ਅਤੇ ਕਰੀਨਾ ਕਪੂਰ ਨਾਲ ਨਜ਼ਰ ਆਈ। ਕਰੀਨਾ ਨੇ ਹਲਕੇ ਨੀਲੇ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ। ਇਸ ਪਾਰਟੀ ਵਿੱਚ ਸੈਫ ਅਲੀ ਖਾਨ, ਇਬਰਾਹਿਮ ਅਲੀ ਖਾਨ, ਸੋਹਾ ਅਲੀ ਖਾਨ, ਰਣਧੀਰ ਕਪੂਰ, ਆਦਰ ਜੈਨ, ਅਨੀਸਾ ਮਲਹੋਤਰਾ, ਅਲੇਖਾ ਅਡਵਾਨੀ, ਅਰਮਾਨ ਜੈਨ, ਅਤੇ ਕਰੀਨਾ-ਸੈਫ ਦੇ ਬੱਚੇ ਤੈਮੂਰ ਤੇ ਜਹਾਂਗੀਰ ਅਲੀ ਖਾਨ ਵੀ ਸ਼ਾਮਲ ਸਨ। ਅਨੀਸਾ ਮਲਹੋਤਰਾ ਨੇ ਇਸ ਜਸ਼ਨ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਇਸ ਨੂੰ ਇੱਕ ‘ਪਰਿਵਾਰਕ ਇਕੱਠ’ (ਫੈਮ ਜੈਮ) ਕਿਹਾ। ਇਸ ਤੋਂ ਪਹਿਲਾਂ ਇਬਰਾਹਿਮ ਅਲੀ ਖਾਨ ਨੇ ਵੀ ਆਪਣੇ ਭਰਾਵਾਂ ਤੈਮੂਰ ਅਤੇ ਜਹਾਂਗੀਰ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਤੀਨੋਂ ਭਾਈ ਤੀਨੋਂ ਤਬਾਹੀ। ਦੀਵਾਲੀ ਮੁਬਾਰਕ।’ ਸੋਹਾ ਅਲੀ ਖਾਨ ਨੇ ਵੀ ਕਈ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਵਿੱਚ ਉਹ ਕੁਨਾਲ ਖੇਮੂ, ਸੈਫ ਅਲੀ ਖਾਨ, ਕਰੀਨਾ ਕਪੂਰ, ਕਰਿਸ਼ਮਾ ਕਪੂਰ ਅਤੇ ਅੰਮ੍ਰਿਤਾ ਅਰੋੜਾ ਨਾਲ ਨਜ਼ਰ ਆ ਰਹੀ ਸੀ। ਇਸ ਜਸ਼ਨ ਦੀਆਂ ਤਸਵੀਰਾਂ ਸਾਹਮਣੇ ਆਉਂਦਿਆਂ ਹੀ ਇਹ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ।