‘ਕੈਸੀ ਯੇ ਪਹੇਲੀ’ 28 ਨੂੰ ਹੋਵੇਗੀ ਰਿਲੀਜ਼
ਅਨੰਨਿਆਬ੍ਰਤ ਚੱਕਰਵਰਤੀ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਕੈਸੀ ਯੇ ਪਹੇਲੀ’ 28 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ ਵਿੱਚ ‘ਕਾਲਾ ਪਾਣੀ’ ਵੈੱਬ ਸੀਰੀਜ਼ ਰਾਹੀਂ ਮਸ਼ਹੂਰ ਹੋਏ ਅਦਾਕਾਰ ਸੁਕਾਂਤ ਗੋਇਲ ਨੇ ਮੁੱਖ ਭੂਮਿਕਾ ਨਿਭਾਈ ਹੈ। ਉਸ ਨਾਲ ਤਜਰਬੇਕਾਰ ਅਦਾਕਾਰਾ ਸਾਧਨਾ ਸਿੰਘ ਅਤੇ ਰਜਿਤ ਕਪੂਰ ਵੀ ਅਹਿਮ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਇਹ ਨਿਰਦੇਸ਼ਕ ਅਨੰਨਿਆਬ੍ਰਤ ਚੱਕਰਵਰਤੀ ਦੀ ਪਹਿਲੀ ਫੀਚਰ ਫਿਲਮ ਵੀ ਹੈ। ਉੱਤਰ-ਪੂਰਬੀ ਭਾਰਤ ਦੀਆਂ ਪਹਾੜੀਆਂ ਦੇ ਛੋਟੇ ਜਿਹੇ ਕਸਬੇ ’ਤੇ ਆਧਾਰਤ ਇਹ ਫਿਲਮ ਇਕੱਲੀ ਮਾਂ ਦੇ ਸੰਘਰਸ਼ ਦੀ ਕਹਾਣੀ ਹੈ। ਉਸ ਦਾ ਪੁੱਤਰ ਉਸ ਦੀ ਇੱਜ਼ਤ ਨਹੀਂ ਕਰਦਾ ਪਰ ਫਿਰ ਵੀ ਉਹ ਉਸ ਨਾਲ ਰਿਸ਼ਤਾ ਜੋੜਨ ਦੀ ਕੋਸ਼ਿਸ਼ ਕਰਦੀ ਹੈ। ਨਿਰਦੇਸ਼ਕ ਚੱਕਰਵਰਤੀ ਨੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ, ‘ਵਰਲਡ ਪ੍ਰੀਮੀਅਰ ਦੌਰਾਨ ਜਦੋਂ ਮੈਂ ਪਹਿਲੀ ਵਾਰ ਦਰਸ਼ਕਾਂ ਨਾਲ ਥੀਏਟਰ ਵਿੱਚ ਇਹ ਫ਼ਿਲਮ ਦੇਖੀ ਅਤੇ ਜਿਸ ਤਰ੍ਹਾਂ ਉਨ੍ਹਾਂ ਨੇ ਇਸ ਦਾ ਆਨੰਦ ਮਾਣਿਆ, ਮੈਨੂੰ ਯਕੀਨ ਹੋ ਗਿਆ ਕਿ ਸਾਡੀ ਫ਼ਿਲਮ ਵੱਡੇ ਪਰਦੇ ਲਈ ਹੀ ਬਣੀ ਹੈ। ਹੁਣ ਮੈਂ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ ਕਿ ਦਰਸ਼ਕ ਇਸ ਨੂੰ ਦੇਖਣ ਅਤੇ ਆਪਣਾ ਪਿਆਰ ਦੇਣ।’ ਇਸ ਫ਼ਿਲਮ ਦਾ ਵਰਲਡ ਪ੍ਰੀਮੀਅਰ ਨਿਊਯਾਰਕ ਇੰਡੀਅਨ ਫਿਲਮ ਫੈਸਟੀਵਲ ਵਿੱਚ ਹੋ ਚੁੱਕਾ ਹੈ। ਇਹ ਫਿਲਮ ‘ਟੇਕ ਪਿਕਚਰਜ਼’ ਦੇ ਬੈਨਰ ਹੇਠ ਬਣੀ ਹੈ। ਅਦਾਕਾਰ ਸੁਕਾਂਤ ਗੋਇਲ ਨੇ ਕਿਹਾ, ‘ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੀ ਫ਼ਿਲਮ ਵੱਡੇ ਪਰਦੇ ’ਤੇ ਆ ਰਹੀ ਹੈ। ਇਹ ਸਾਡੇ ਸਾਰਿਆਂ ਦੇ ਵਿਸ਼ਵਾਸ, ਮਿਹਨਤ ਅਤੇ ਚੰਗੀ ਕਿਸਮਤ ਦਾ ਨਤੀਜਾ ਹੈ। ਜਦੋਂ ਤੁਸੀਂ ਅਜਿਹੇ ਆਜ਼ਾਦ (ਇੰਡੀ) ਪ੍ਰਾਜੈਕਟ ਨਾਲ ਜੁੜਦੇ ਹੋ, ਤਾਂ ਸਭ ਕੁਝ ਕਹਾਣੀ ਅਤੇ ਨਿਰਦੇਸ਼ਕ ਦੀ ਸੋਚ ’ਤੇ ਹੀ ਨਿਰਭਰ ਕਰਦਾ ਹੈ। ਮੈਂ ਇਸ ਫ਼ਿਲਮ ਲਈ ਬਹੁਤ ਖੁਸ਼, ਉਤਸ਼ਾਹਿਤ ਅਤੇ ਥੋੜ੍ਹਾ ਜਿਹਾ ਘਬਰਾਇਆ ਹੋਇਆ ਹਾਂ।’
