‘ਜੌਲੀ ਐੱਲ ਐੱਲ ਬੀ 3’ ਅੱਜ ਹੋਵੇਗੀ ਰਿਲੀਜ਼
ਮੁੰਬਈ ਹਾਈ ਕੋਰਟ ਨੇ ਅਕਸ਼ੈ ਕੁਮਾਰ ਤੇ ਅਰਸ਼ਦ ਵਾਰਸੀ ਦੀ ਫਿਲਮ ‘ਜੌਲੀ ਐੱਲ ਐੱਲ ਬੀ 3’ ਖ਼ਿਲਾਫ਼ ਦਾਇਰ ਅਪੀਲ ਖਾਰਜ ਕਰ ਦਿੱਤੀ ਹੈ। ਇਸ ਵਿੱਚ ਜੱਜਾਂ ਅਤੇ ਵਕੀਲਾਂ ਦਾ ਮਜ਼ਾਕ ਉਡਾਉਣ ਦੇ ਦੋਸ਼ ਲਾਏ ਗਏ ਸਨ। ਇਸ ਬਾਰੇ ਫ਼ੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਕਿਹਾ ਕਿ ਜੱਜ ਅਤੇ ਵਕੀਲ ਇਸ ਤਰ੍ਹਾਂ ਦੇ ਮਜ਼ਾਕ ਦੇ ਆਦੀ ਹੋ ਚੁੱਕੇ ਹਨ। ਅਦਾਲਤ ਨੇ ਕਿਹਾ, ‘‘ਸਾਡੀ ਚਿੰਤਾ ਨਾ ਕਰੋ।’’ ਜ਼ਿਕਰਯੋਗ ਹੈ ਕਿ ਇਹ ਫਿਲਮ 19 ਸਤੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਵਕੀਲ ਚੰਦਰਕਾਂਤ ਗਾਇਕਵਾਡ ਰਾਹੀਂ ‘ਐਸੋਸੀਏਸ਼ਨ ਫਾਰ ਏਡਿੰਗ ਜਸਟਿਸ’ ਵੱਲੋਂ ਦਾਇਰ ਕੀਤੀ ਅਪੀਲ ਵਿੱਚ ਫਿਲਮ ’ਤੇ ਰੋਕ ਲਾਉਣ ਅਤੇ ‘ਭਾਈ ਵਕੀਲ ਹੈ’ ਗੀਤ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ। ਇਸ ਬਾਰੇ ਦਾਅਵਾ ਕੀਤਾ ਗਿਆ ਸੀ ਇਹ ਫਿਲਮ ਕਾਨੂੰਨੀ ਪੇਸ਼ੇਵਰਾਂ ਲਈ ਅਪਮਾਨਜਨਕ ਹੈ। ਵਕੀਲ ਦੀਪੇਸ਼ ਸਿਰੋਯਾ ਨੇ ਕਿਹਾ ਕਿ ਇਸ ਫਿਲਮ ਅਤੇ ਇਸ ਵਿਚਲੇ ਗੀਤ ਵਿੱਚ ਵਕੀਲਾਂ ਦਾ ਹੀ ਨਹੀਂ ਬਲਕਿ ਜੱਜਾਂ ਦਾ ਵੀ ਮਜ਼ਾਕ ਉਡਾਇਆ ਗਿਆ ਹੈ। ਇਸ ’ਤੇ ਚੀਫ ਜਸਟਿਸ ਚੰਦਰਸ਼ੇਖਰ ਅਤੇ ਜਸਟਿਸ ਗੌਤਮ ਅੰਖੜ ਦੇ ਬੈਂਚ ਨੇ ਕਿਹਾ ਕਿ ਅਦਾਲਤ ਨੂੰ ਇਸ ਦੀ ਕੋਈ ਚਿੰਤਾ ਨਹੀਂ ਹੈ। ਅਦਾਲਤ ਨੇ ਇਸ ਅਪੀਲ ਨੂੰ ਖਾਰਜ ਕਰਦਿਆਂ ਕਿਹਾ, ‘‘ਪਹਿਲੇ ਦਿਨ ਤੋਂ ਹੀ ਸਾਡਾ ਮਜ਼ਾਕ ਉਡਾਇਆ ਜਾ ਰਿਹਾ ਹੈ।’’ ਫਿਲਮ ਨਿਰਮਾਤਾਵਾਂ ਨੇ ਅਦਾਲਤ ਨੂੰ ਕਿਹਾ ਕਿ ਫਿਲਮ ਖ਼ਿਲਾਫ਼ ਇਸੇ ਤਰ੍ਹਾਂ ਦੀ ਅਪੀਲ ਅਲਾਹਾਬਾਦ ’ਚ ਵੀ ਦਾਇਰ ਕੀਤੀ ਗਈ ਸੀ ਜਿਸ ਨੂੰ ਖਾਰਜ ਕਰ ਦਿੱਤਾ ਗਿਆ ਸੀ।