‘ਜੌਲੀ ਐੱਲਐੱਲਬੀ 3’ ਨੇ ਪਹਿਲੇ ਦਿਨ ਕਮਾਏ 12.50 ਕਰੋੜ
ਅਕਸ਼ੈ ਕੁਮਾਰ ਅਤੇ ਅਰਸ਼ਦ ਵਾਰਸੀ ਦੀ ਕੋਰਟ ਰੂਮ ਡਰਾਮਾ ਫ਼ਿਲਮ ‘ਜੌਲੀ ਐੱਲਐੱਲਬੀ 3’ ਆਖ਼ਰਕਾਰ ਵੱਡੇ ਪਰਦੇ ’ਤੇ ਰਿਲੀਜ਼ ਹੋ ਗਈ। ਕਾਰੋਬਾਰੀ ਵਿਸ਼ਲੇਸ਼ਕ ਤਰਨ ਆਦਰਸ਼ ਅਨੁਸਾਰ, ਸੁਭਾਸ਼ ਕਪੂਰ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ਨੇ ਪਹਿਲੇ ਦਿਨ ਭਾਰਤ ਵਿੱਚ 12.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਹਾਲਾਂਕਿ, ਫ਼ਿਲਮ ਦੇ ਸਵੇਰ ਤੇ ਦੁਪਹਿਰ ਦੇ ਸ਼ੋਅ ਨੂੰ ਠੀਕ-ਠਾਕ ਹੁੰਗਾਰਾ ਮਿਲਿਆ ਪਰ ਸ਼ਾਮ ਤੇ ਰਾਤ ਦੇ ਸ਼ੋਅ ਵਿੱਚ ਚੰਗੀ ਕਮਾਈ ਹੋਈ। ਇਸ ਰੁਝਾਨ ਦੇ ਮੱਦੇਨਜ਼ਰ ਫਿਲਮ ਨੂੰ ਪਹਿਲੇ ਹੀ ਹਫ਼ਤੇ ਚੰਗੀ ਕਮਾਈ ਹੋਣ ਦੀ ਉਮੀਦ ਹੈ। ‘ਜੌਲੀ ਐੱਲ ਐੱਲੀ ਬੀ’ ਲੜੀ ਦੇ ਤੀਜੇ ਹਿੱਸੇ ਵਿੱਚ ਫ਼ਿਲਮ ਦੀ ਕਹਾਣੀ ਸੰਘਰਸ਼ਸ਼ੀਲ ਕਿਸਾਨਾਂ ਨਾਲ ਜੁੜੇ ਕੇਸ ਦੇ ਆਲੇ-ਦੁਆਲੇ ਘੁੰਮਦੀ ਹੈ ਜਿਨ੍ਹਾਂ ਦੀਆਂ ਜ਼ਮੀਨਾਂ ਬੇਈਮਾਨ ਕਾਰੋਬਾਰੀ ਵੱਲੋਂ ਜ਼ਬਤ ਕੀਤੀਆਂ ਜਾ ਰਹੀਆਂ ਹਨ। ਅਕਸ਼ੈ ਕੁਮਾਰ ਦਾ ਕਿਰਦਾਰ ਉਸ ਸਮੇਂ ਮੁਸ਼ਕਲ ਵਿੱਚ ਫਸ ਜਾਂਦਾ ਹੈ ਜਦੋਂ ਕੇਸ ਗਲਤ ਦਿਸ਼ਾ ਵੱਲ ਮੁੜ ਜਾਂਦਾ ਹੈ। ਇਸ ਮਗਰੋਂ ਉਸ ਦੀ ਅਰਸ਼ਦ ਵਾਰਸੀ ਨਾਲ ਬਹਿਸ ਦੀ ਲੜੀ ਸ਼ੁਰੂ ਹੋ ਜਾਂਦੀ ਹੈ। ਇਨ੍ਹਾਂ ਤੋਂ ਇਲਾਵਾ ਫ਼ਿਲਮ ਵਿੱਚ ਹੁਮਾ ਕੁਰੈਸ਼ੀ, ਸੌਰਭ ਸ਼ੁਕਲਾ, ਅੰਮ੍ਰਿਤਾ ਰਾਓ, ਸੀਮਾ ਰਾਮ ਕਪੂਰ, ਗਜਰਾਜ ਰਾਓ, ਸ਼ਿਲਪਾ ਸ਼ੁਕਲਾ, ਬ੍ਰਿਜੇਂਦਰ ਕਾਲਾ ਆਦਿ ਨੇ ਵੀ ਕੰਮ ਕੀਤਾ ਹੈ। ਫ਼ਿਲਮ ਸਿਨੇਮਾਘਰਾਂ ਵਿੱਚ 19 ਸਤੰਬਰ ਨੂੰ ਰਿਲੀਜ਼ ਹੋਈ ਸੀ।