ਜਾਨ੍ਹਵੀ ਕਪੂਰ ਨੇ ਟਰੌਲ ਕਰਨ ਵਾਲਿਆਂ ਨੂੰ ਦਿੱਤਾ ਜਵਾਬ
ਬੌਲੀਵੁੱਡ ਅਦਾਕਾਰਾ ਜਾਨ੍ਹਵੀ ਕਪੂਰ ਨੇ ਇੰਟਰਨੈੱਟ ’ਤੇ ਉਸ ਦਾ ਵੀਡੀਓ ਵਾਇਰਲ ਹੋਣ ’ਤੇ ਟਰੌਲ ਕਰਨ ਦੀ ਆਲੋਚਨਾ ਕੀਤੀ ਹੈ। ਇਸ ਵੀਡੀਓ ਵਿੱਚ ਅਦਾਕਾਰਾ ਜਨਮ ਅਸ਼ਟਮੀ ਦੇ ਸਮਾਗਮ ਦੌਰਾਨ ਦਹੀਂ ਹਾਂਡੀ ਰਸਮ ਮੌਕੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਗਾ ਰਹੀ ਹੈ। ਉਸ ਨੇ ਕਿਹਾ ਕਿ ਉਹ ਕੁਝ ਵੀ ਕਰੇ, ਉਸ ਨੂੰ ਹਮੇਸ਼ਾ ਮੁੱਦਾ ਬਣ ਜਾਂਦਾ ਹੈ। ਇੰਟਰਨੈੱਟ ’ਤੇ ਵਾਇਰਲ ਹੋ ਰਹੇ ਇਸ ਵੀਡੀਓ ਵਿੱਚ ਅਦਾਕਾਰਾ ਮੁੰਬਈ ਵਿੱਚ ਹੋਏ ਸਮਾਗਮ ’ਚ ਸ਼ਿਰਕਤ ਕਰਦੀ ਹੋਈ ਦਿਖਾਈ ਦੇ ਰਹੀ ਹੈ। ਇਹ ਅਦਾਕਾਰਾ ਦੀ ਆਉਣ ਵਾਲੀ ਫਿਲਮ ‘ਪਰਮ ਸੁੰਦਰੀ’ ਦੀ ਪ੍ਰਮੋਸ਼ਨ ਦਾ ਹਿੱਸਾ ਹੈ। ਮੁੰਬਈ ਵਿੱਚ ਸ਼ਨਿਚਰਵਾਰ ਨੂੰ ਹੋਏ ਸਮਾਗਮ ਦੇ ਇਸ ਵੀਡੀਓ ਵਿੱਚ ਅਦਾਕਾਰਾ ਨਾਅਰੇ ਲਾਉਂਦੀ ਸੁਣਾਈ ਦੇ ਰਹੀ ਹੈ, ਜਿਸ ਕਰ ਕੇ ਉਸ ਨੂੰ ਸੋਸ਼ਲ ਮੀਡੀਆ ’ਤੇ ਟਰੌਲ ਕੀਤਾ ਜਾ ਰਿਹਾ ਹੈ। ਇਸ ਮਗਰੋਂ ਅਦਾਕਾਰਾ ਨੇ ਐਤਵਾਰ ਨੂੰ ਇੰਸਟਾਗ੍ਰਾਮ ’ਤੇ ਇਸ ਸਮਾਗਮ ਦਾ ਪੂਰਾ ਵੀਡੀਓ ਸਾਂਝਾ ਕੀਤਾ ਹੈ। ਇਸ ਨਾਲ ਅਦਾਕਾਰਾ ਨੇ ਲਿਖਿਆ, ‘‘ਟਰੌਲ ਕਰਨ ਵਾਲਿਆਂ ਲਈ ਇਹ ਪੂਰਾ ਵੀਡੀਓ ਹੈ। ਜੇ ਮੈਂ ਅਜਿਹਾ ਨਾ ਕਰਦੀ ਤਾਂ ਸਮੱਸਿਆ ਹੋ ਜਾਣੀ ਸੀ। ਜੇ ਮੈਂ ਇਹ ਕਰਦੀ ਹਾਂ ਤਾਂ ਵੀਡੀਓ ਐਡਿਟ ਕੀਤਾ ਜਾਂਦਾ ਹੈ ਤਾਂ ਇਸ ਨੂੰ ਮੀਮ ਬਣਾ ਦਿੱਤਾ ਜਾਂਦਾ ਹੈ।’’ ਅਦਾਕਾਰਾ ਨੇ ਕਿਹਾ ਕਿ ਉਹ ਹਰ ਰੋਜ਼ ਭਾਰਤ ਮਾਤਾ ਕੀ ਜੈ ਕਹਿੰਦੀ ਰਹੇਗੀ। ਉਸ ਨੇ ਕਿਹਾ ਕਿ ਸਿਰਫ਼ ਜਨਮ ਅਸ਼ਟਮੀ ਹੀ ਨਹੀਂ ਬਲਕਿ ਉਹ ਰੋਜ਼ਾਨਾ ਅਜਿਹਾ ਕਰੇਗੀ। ਜਾਨ੍ਹਵੀ ਦੀ ਫਿਲਮ ‘ਪਰਮ ਸੁੰਦਰੀ’ 29 ਅਗਸਤ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਉਸ ਨਾਲ ਸਿਧਾਰਥ ਮਲਹੋਤਰਾ ਵੀ ਨਜ਼ਰ ਆਵੇਗਾ। ਇਸ ਫਿਲਮ ਦਾ ਨਿਰਦੇਸ਼ਨ ਤੁਸ਼ਾਰ ਜਲੋਟਾ ਨੇ ਕੀਤਾ ਹੈ ਜਦੋਂਕਿ ਦਿਨੇਸ਼ ਵਿਜਾਨ ਨੇ ਮਡੌਕ ਫਿਲਮਜ਼ ਦੇ ਬੈਨਰ ਹੇਠ ਇਸ ਫਿਲਮ ਦਾ ਨਿਰਮਾਣ ਕੀਤਾ ਹੈ।