‘ਤੂ ਮੇਰੀ ਮੈਂ ਤੇਰਾ ਮੈਂ ਤੇਰਾ ਤੂ ਮੇਰੀ’ ਵਿੱਚ ਨਜ਼ਰ ਆਵੇਗਾ ਜੈਕੀ ਸ਼ਰਾਫ
ਮੁੰਬਈ: ਬੌਲੀਵੁੱਡ ਅਦਾਕਾਰ ਜੈਕੀ ਸ਼ਰਾਫ, ਅਦਾਕਾਰ ਕਾਰਤਿਕ ਆਰਿਅਨ ਅਤੇ ਅਨੰਨਿਆ ਪਾਂਡੇ ਨਾਲ ਫਿਲਮ ‘ਤੂ ਮੇਰੀ ਮੈਂ ਤੇਰਾ ਮੈਂ ਤੇਰਾ ਤੂ ਮੇਰੀ’ ਵਿੱਚ ਨਜ਼ਰ ਆਵੇਗਾ। ਇਸ ਦਾ ਖ਼ੁਲਾਸਾ ਕਾਰਤਿਕ ਨੇ ਇੰਸਟਾਗ੍ਰਾਮ ’ਤੇ ਕੀਤਾ ਹੈ। ਉਸ ਨੇ ਇੱਕ ਵੀਡੀਓ ਰਾਹੀਂ ਜੈਕੀ ਦੀ ਫਿਲਮ ਵਿੱਚ ਸ਼ਮੂਲੀਅਤ ਬਾਰੇ ਜਾਣਕਾਰੀ ਦਿੱਤੀ ਹੈ। ਇਸ ਵੀਡੀਓ ਵਿੱਚ ਦੋਵੇਂ ਅਦਾਕਾਰ ਪੁਰਾਣੇ ਗੀਤ ’ਤੇ ਨੱਚਦਿਆਂ ਦਿਖਾਈ ਦੇ ਰਹੇ ਹਨ। ਇਸ ਤੋਂ ਪਹਿਲਾਂ ਫਿਲਮ ਦੇ ਨਿਰਮਾਤਾਵਾਂ ਨੇ ਕਾਰਤਿਕ ਅਤੇ ਅਨੰਨਿਆ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਸਨ। ਉਹ ਦੋਵੇਂ ਯੂਰਪ ਵਿੱਚ ਫਿਲਮ ਦੇ ਸੈੱਟ ’ਤੇ ਦਿਖਾਈ ਦੇ ਰਹੇ ਸਨ। ਇਸ ਵਿੱਚ ਦੋਵਾਂ ਜਣਿਆਂ ਨੇ ਆਪਣੇ ਹੱਥਾਂ ਵਿੱਚ ਪਾਸਪੋਰਟ ਫੜੇ ਹੋਏ ਸਨ। ਫਿਲਮ ‘ਤੂ ਮੇਰੀ ਮੈਂ ਤੇਰਾ ਮੈਂ ਤੇਰਾ ਤੂ ਮੇਰੀ’ ਅਗਲੇ ਸਾਲ 13 ਫਰਵਰੀ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਸਮੀਰ ਵਿਦਵਾਂਸ ਨੇ ਕੀਤਾ ਹੈ। ਇਸ ਤੋਂ ਪਹਿਲਾਂ ਸਮੀਰ ਨੇ ਕਾਰਤਿਕ ਦੀ ਫਿਲਮ ‘ਸੱਤਿਆਪ੍ਰੇਮ ਕੀ ਕਥਾ’ ਦਾ ਨਿਰਦੇਸ਼ਨ ਕੀਤਾ ਸੀ। ਇਸ ਦਾ ਨਿਰਮਾਣ ਧਰਮਾ ਪ੍ਰੋਡਕਸ਼ਨ ਵੱਲੋਂ ਕੀਤਾ ਗਿਆ ਹੈ। ਇਸ ਦੀ ਕਹਾਣੀ ਬਾਰੇ ਅਜੇ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਕਾਰਤਿਕ ਆਉਣ ਵਾਲੀ ਫਿਲਮ ‘ਨਾਗਜ਼ਿਲਾ’ ਵਿੱਚ ਵੀ ਨਜ਼ਰ ਆਵੇਗਾ। ਇਸ ਦਾ ਨਿਰਦੇਸ਼ਨ ‘ਫੁਕਰੇ’ ਦੇ ਨਿਰਦੇਸ਼ਕ ਮ੍ਰਿਗਦੀਪ ਸਿੰਘ ਲਾਂਬਾ ਨੇ ਕੀਤਾ ਹੈ। ਇਹ ਫਿਲਮ ਅਗਲੇ ਸਾਲ 14 ਅਗਸਤ ਨੂੰ ਰਿਲੀਜ਼ ਹੋਵੇਗੀ। -ਏਐੱਨਆਈ