ਦੂਜੀ ‘ਸ਼ੋਲੇ’ ਬਣਾਉਣਾ ਨਾਮੁਮਕਿਨ: ਹੇਮਾ ਮਾਲਿਨੀ
ਭਾਰਤੀ ਸਿਨੇਮਾ ਦੀ ਸਭ ਤੋਂ ਹਿੱਟ ਫਿਲਮਾਂ ਵਿਚੋਂ ਇਕ ‘ਸ਼ੋਲੇ’ ਨੇ ਆਪਣੀ ਰਿਲੀਜ਼ ਦੇ 50 ਸਾਲ ਮੁਕੰਮਲ ਕਰ ਲਏ ਹਨ। ਇਸ ਫਿਲਮ ਨੇ ਕਈ ਰਿਕਾਰਡ ਤੋੜੇ ਸਨ। ਇਸ ਫਿਲਮ ਦੀ ਕਹਾਣੀ ਜਾਵੇਦ ਅਖ਼ਤਰ ਅਤੇ ਸਲੀਮ ਖ਼ਾਨ ਵਲੋਂ ਲਿਖੀ ਗਈ ਸੀ ਤੇ ਇਹ ਫਿਲਮ 1975 ਵਿਚ ਰਿਲੀਜ਼ ਹੋਈ ਸੀ, ਜਿਸ ਵਿੱਚ ਅਮਿਤਾਭ ਬੱਚਨ ਤੇ ਧਰਮਿੰਦਰ ਨੇ ਮੁੱਖ ਭੂਮਿਕਾ ਨਿਭਾਈ ਸੀ। ਇਨ੍ਹਾਂ ਤੋਂ ਇਲਾਵਾ ਫਿਲਮ ਵਿਚ ਅਮਜ਼ਦ ਖ਼ਾਨ, ਹੇਮਾ ਮਾਲਿਨੀ, ਜਯਾ ਬੱਚਨ ਅਤੇ ਸੰਜੀਵ ਕੁਮਾਰ ਨੇ ਭੂਮਿਕਾ ਨਿਭਾਈ ਸੀ। ਜੈ, ਵੀਰੂ ਅਤੇ ਠਾਕੁਰ ਵਰਗੇ ਮਕਬੂਲ ਕਿਰਦਾਰਾਂ ਤੇ ਉੱਘੇ ਖਲਨਾਇਕਾਂ ਵਿੱਚੋਂ ਇੱਕ ਗੱਬਰ ਸਿੰਘ ਅਤੇ ਜ਼ੁਬਾਨ ’ਤੇ ਰਟੇ ਜਾਣ ਵਾਲੇ ਬਹੁਤ ਸਾਰੇ ਸੰਵਾਦਾਂ ਅਤੇ ਐਕਸ਼ਨ ਸੀਨਾਂ ਕਾਰਨ ਇਹ ਫ਼ਿਲਮ ਕਾਫ਼ੀ ਪਸੰਦ ਕੀਤੀ ਜਾਂਦੀ ਰਹੀ ਹੈ। ਇਹ ਫਿਲਮ ਇਸ ਸਾਲ ਆਪਣੀ 50ਵੀਂ ਵਰ੍ਹੇਗੰਢ ਮਨਾ ਰਹੀ ਹੈ ਤੇ ਉੱਘੀ ਅਦਾਕਾਰਾ ਹੇਮਾ ਮਾਲਿਨੀ ਨੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਕਿਹਾ, ‘‘ਜਦੋਂ ਮੈਂ ‘ਸ਼ੋਲੇ’ ਵਿਚ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਮੈਨੂੰ ਨਹੀਂ ਸੀ ਪਤਾ ਕਿ ਇਹ ਫਿਲਮ ਇੰਨੀ ਹਿੱਟ ਹੋਵੇਗੀ ਅਤੇ 50 ਸਾਲਾਂ ਬਾਅਦ ਤੁਸੀਂ ਸੰਸਦ ਵਿੱਚ ਮੈਨੂੰ ਇਸ ਫਿਲਮ ਬਾਰੇ ਸਵਾਲ ਪੁੱਛੋਗੇ। ਉਹ ਇੱਕ ਵੱਖਰਾ ਸਮਾਂ ਸੀ।’’ ਹੇਮਾ ਮਾਲਿਨੀ ਨੇ ਮੌਜੂਦਾ ਸਮੇਂ ਫਿਲਮਾਂ ਦੇ ਦੁਬਾਰਾ ਬਣਾਉਣ ਦੇ ਮੁੱਦੇ ’ਤੇ ਗੱਲਬਾਤ ਕਰਦਿਆਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਇੱਕ ਹੋਰ ‘ਸ਼ੋਲੇ’ ਬਣਾਉਣਾ ਮੁਮਕਿਨ ਨਹੀਂ। 1975 ਵਿੱਚ ਰਿਲੀਜ਼ ਹੋਈ ‘ਸ਼ੋਲੇ’ ਆਪਣੀ ਵਧੀਆ ਕਹਾਣੀ, ਯਾਦਗਾਰੀ ਕਿਰਦਾਰਾਂ, ਸੰਵਾਦਾਂ ਅਤੇ ‘ਯੇ ਦੋਸਤੀ’, ‘ਮਹਿਬੂਬਾ ਮਹਿਬੂਬਾ’, ‘ਹਾ ਜਬ ਤੱਕ ਹੈ ਜਾਨ’, ‘ਹੋਲੀ ਕੇ ਦਿਨ’ ਵਰਗੇ ਸਦਾਬਹਾਰ ਗੀਤਾਂ ਕਾਰਨ ਭਾਰਤੀ ਸਿਨੇਮਾ ਦੀ ਪਸੰਦੀਦਾ ਫਿਲਮ ਬਣ ਗਈ ਹੈ। ਇਸ ਫਿਲਮ ਦਾ ਨਿਰਦੇਸ਼ਨ ਰਮੇਸ਼ ਸਿੱਪੀ ਨੇ ਕੀਤਾ ਸੀ।