ਤਿਆਨਜਿਨ ਸਿਖਰ ਸੰਮੇਲਨ ’ਚ ਭਾਰਤ ਦਾ ਰੁਤਬਾ ਬੁਲੰਦ
ਮਸ਼ਹੂਰ ਸ਼ਾਇਰ ਮੁਜ਼ੱਫ਼ਰ ਰਜ਼ਮੀ ਕੈਰਾਨਵੀ ਦਾ ਤਨਜ਼ ਭਰਿਆ ‘ਲਮਹੋਂ ਨੇ ਖ਼ਤਾ ਕੀ ਥੀ, ਸਦੀਉਂ ਨੇ ਸਜ਼ਾ ਪਾਈ’ ਅਜੋਕੇ ਗਲੋਬਲ ਨਿਜ਼ਾਮ ਦੇ ਅਖੌਤੀ ਨਾਇਕ ਬਣੇ ਬੈਠੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਗ਼ੈਰ-ਮੁਨਸਫ਼ਾਨਾ ਢੰਗ ਨਾਲ ਭਾਰਤ ’ਤੇ ਥੋਪੇ 50 ਪ੍ਰਤੀਸ਼ਤ ਟੈਰਿਫ ਕਰ ਕੇ ਪਲਾਂ ਵਿਚ ਤਬਦੀਲ ਭੂ-ਰਾਜਨੀਤਕ, ਆਰਥਿਕ, ਯੁੱਧਨੀਤਕ, ਵਪਾਰਕ, ਭਾਈਵਾਲਤਾ ਕਰ ਕੇ ਅਮਰੀਕਾ ਅਤੇ ਪੱਛਮੀ ਦੇਸ਼ਾਂ ਲਈ ਪੈਦਾ ਹੋਈ ਚੁਣੌਤੀ ’ਤੇ ਹੂ-ਬ-ਹੂ ਢੁਕਦਾ ਹੈ। ਟਰੰਪ ਨੇ 20 ਜਨਵਰੀ 2025 ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਪਦ ਸੰਭਾਲਣ ਬਾਅਦ ਆਪਣੇ ਸਰਮਾਏਦਾਰ, ਬਸਤੀਵਾਦੀ, ਏਕਾਧਿਕਾਰਵਾਦੀ, ਕਾਰਪੋਰੇਟਰ ਅਤੇ ਬਿਮਾਰ ਮਾਨਸਿਕਤਾ ਵਾਲੇ ਸਲਾਹਕਾਰਾਂ ਦੇ ਹੱਥੇ ਚੜ੍ਹ ਕੇ, ਖਾਸ ਕਰ ਕੇ ਵਪਾਰਕ ਮਾਸਲਿਆਂ ਦੇ ਸਲਾਹਕਾਰ ਪੀਟਰ ਨਵਾਰੋ ਕਰ ਕੇ ਗਲੋਬਲ ਪੱਧਰ ’ਤੇ ਮਾਰੂ ਟੈਰਿਫ ਜੰਗ ਸ਼ੁਰੂ ਕਰ ਦਿੱਤੀ। ਟਰੰਪ ਨੇ ਹਰ ਦੇਸ਼ ਦੇ ਆਗੂਆਂ ਨੂੰ ਵੱਖ-ਵੱਖ ਤਰ੍ਹਾਂ ਨਾਲ ਧਮਕਾ ਕੇ ਮਨਮਰਜ਼ੀ ਨਾਲ ਟੈਰਿਫ ਠੋਕਣਾ ਸ਼ੁਰੂ ਕਰ ਦਿਤਾ ਅਤੇ ਪੂਰੇ ਵਿਸ਼ਵ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ।
ਟਰੰਪ ਨੇ ਆਪਣੀ ਧੌਂਸ ਨਾਲ ਭਾਰਤ ਨੂੰ ਗੋਡੇ ਟੇਕਣ ਲਈ ਮਜਬੂਰ ਕਰਨ, ਅਮਰੀਕੀ ਸ਼ਰਤਾਂ ਮੰਨਣ ਲਈ ਬੇਵੱਸ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ‘ਨਿੱਜੀ ਦੋਸਤਾਨਾ ਸਬੰਧਾਂ’ ਦੀ ਪ੍ਰਵਾਹ ਨਾ ਕਰਦਿਆਂ ਰੂਸ ਤੋਂ ਤੇਲ ਤੇ ਫ਼ੌਜੀ ਹਥਿਆਰ, ਇਰਾਨ ਤੋਂ ਗੈਸ ਖਰੀਦਣਾ ਜਾਰੀ ਰੱਖਣ, ਅਮਰੀਕਾ ਲਈ ਖੇਤੀ ਖੇਤਰ ਖੋਲ੍ਹਣ ਅਤੇ ਚੀਨ ਦਾ ਵਿਰੋਧ ਜਾਰੀ ਰੱਖਣ ਤੋਂ ਨਾਂਹ ਕਰਨ ਦੀ ਸਜ਼ਾ ਵਜੋਂ 50 ਪ੍ਰਤੀਸ਼ਤ ਟੈਰਿਫ ਭਾਰਤ ਦੀਆਂ ਅਮਰੀਕੀ ਦਰਾਮਦਾਂ ਉੱਤੇ ਠੋਕ ਦਿਤਾ; ਉਪਰੋਂ ਜੁਰਮਾਨਾ ਲਾਉਣ ਦੀ ਧਮਕੀ ਵੱਖਰੀ। ਅਮਰੀਕਾ ਨੇ ਭਾਰਤ ਨੂੰ ਗੋਡਿਆਂ ਭਾਰ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਪਰ ਭਾਰਤੀ ਪ੍ਰਧਾਨ ਮੰਤਰੀ ਨੇ ਜੀ-7 ਦੇਸ਼ਾਂ ਦੇ ਅਲਬਰਟਾ (ਕੈਨੇਡਾ) ਸਿਖਰ ਸੰਮੇਲਨ ਤੋਂ ਵਾਪਸੀ ਸਮੇਂ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਵ੍ਹਾਈਟ ਹਾਊਸ ਵਿੱਚ ਚਾਹ ਦਾ ਸੱਦਾ ਹੀ ਨਹੀਂ ਠੁਕਰਾਇਆ ਬਲਕਿ ਉਸ ਨੂੰ ਕੌਟਲਯਾ ਦੀ ਅਰਥ ਨੀਤੀ ਅਨੁਸਾਰ ਸਬਕ ਸਿਖਾਉਣ ਲਈ ਤਿਆਨਜਿਨ ਵਿੱਚ ਸ਼ੰਘਾਈ ਮਿਲਵਰਤਨ ਸੰਗਠਨ (ਐੱਸਸੀਓ) ਵਾਲੇ ਸਿਖ਼ਰ ਸੰਮੇਲਨ ਵਿਚ ਭਾਗ ਲਿਆ ਅਤੇ ਅਮਰੀਕੀ ਥਾਣੇਦਾਰੀ ਠੁੱਸ ਕਰ ਦਿਤੀ।
ਚੀਨ ਨੇ ਅਜੋਕੀਆਂ ਗਲੋਬਲ ਚੁਣੌਤੀਆਂ, ਅਮਰੀਕਾ ਤੇ ਪੱਛਮੀ ਦੇਸ਼ਾਂ ਦੀ ਗਲੋਬਲ ਭੂ-ਰਾਜਨੀਤਕ, ਆਰਥਿਕ, ਯੁੱਧਨੀਤਕ, ਤਕਨੀਕੀ, ਫ਼ੌਜੀ, ਨਾਟੋ ਅਤੇ ਵਪਾਰਕ ਅਜਾਰੇਦਾਰੀ ਨੂੰ ਚੁਣੌਤੀ ਦੇਣ ਲਈ ਜੂਨ 2001 ਵਿੱਚ ਐੱਸਸੀਓ ਦੀ ਨੀਂਹ ਰੱਖੀ ਜਿਸ ਵਿੱਚ 6 ਦੇਸ਼ਾਂ ਨੇ ਭਾਗ ਲਿਆ। ਇਸ ਦੀ ਪ੍ਰਧਾਨਗੀ ਮੈਂਬਰ ਮੁਲਕਾਂ ਲਈ ਬਦਲਵੀਂ ਰੱਖੀ ਗਈ। ਹੁਣ ਤੱਕ ਚੀਨ ਇਸ ਸੰਗਠਨ ਦੀ 5 ਵਾਰ ਪ੍ਰਧਾਨਗੀ ਕਰ ਚੁੱਕਾ ਹੈ। ਇਸ ਸੰਗਠਨ ਨੂੰ ਇਲਾਕਾਈ ਸੰਗਠਨ ਤੋਂ ਅੰਤਰ-ਇਲਾਕਾਈ ਸੰਗਠਨ ਵਜੋਂ ਵਿਕਸਤ ਕੀਤਾ ਗਿਆ ਹੈ। ਇਸ ਸੰਮੇਲਨ ਵਿਚ 20 ਮੁਲਕਾਂ ਨੇ ਸ਼ਮੂਲੀਅਤ ਕੀਤੀ। 10 ਸਥਾਈ, 2 ਅਬਜ਼ਰਵਰ, 14 ਵਿਚਾਰ-ਚਰਚਾ ਸਬੰਧਿਤ ਭਾਈਵਾਲ ਮੁਲਕਾਂ ਤੋਂ ਇਲਾਵਾ ਇਸ ਵਿੱਚ ਯੂਐੱਨ ਸਕੱਤਰ ਜਨਰਲ ਅੰਤੋਨੀਓ ਗੁਟੇਰਸ ਨੇ ਭਾਗ ਲਿਆ। ਭਾਰਤ ਆਪਣੇ ਇਲਾਕਾਈ, ਵਪਾਰਕ, ਡਿਪਲੋਮੈਟਿਕ ਅਤੇ ਭਾਈਵਾਲ ਹਿਤਾਂ ਦੇ ਮੱਦੇਨਜ਼ਰ 2017 ਵਿਚ ਇਸ ਸੰਗਠਨ ਵਿਚ ਸ਼ਾਮਲ ਹੋ ਗਿਆ ਸੀ।
ਅਮਰੀਕਾ ਅਤੇ ਪੱਛਮੀ ਮੁਲਕ ਇਹ ਭਰਮ ਪਾਲੀ ਬੈਠੇ ਹਨ ਕਿ ਐੱਸਸੀਓ ਵਿਚ ਸ਼ਾਮਲ ਮੁਲਕ ਆਪਸ ਵਿੱਚ ਤਿੱਖੇ ਮਤਭੇਦਾਂ ਅਤੇ ਵਿਵਾਦਾਂ ਨਾਲ ਲਬਰੇਜ਼ ਹਨ। ਇਨ੍ਹਾਂ ਵਿਚ ਇੱਕਜੁਟਤਾ ਅਤੇ ਭਾਈਵਾਲੀ ਸੰਭਵ ਨਹੀਂ। ਭਾਰਤ ਅਤੇ ਪਾਕਿਸਤਾਨ ਉੱਤਰੀ ਤੇ ਦੱਖਣੀ ਧਰੁਵ ’ਤੇ ਖੜ੍ਹੇ ਦਿਖਾਈ ਦਿੰਦੇ ਹਨ। ਭਾਰਤ ਤੇ ਚੀਨ ਸਰਹੱਦੀ ਤੇ ਯੁੱਧਨੀਤਕ ਟਕਰਾਅ ਦਾ ਸ਼ਿਕਾਰ ਹਨ। ਰੂਸ ਤੇ ਚੀਨ ਕੇਂਦਰੀ ਏਸ਼ੀਆ ਅਤੇ ਯੂਰੇਸ਼ੀਆ ਵਿਚ ਆਪੋ-ਆਪਣੇ ਤਾਕਤ ਲਈ ਟਕਰਾਅ ਵਾਲੀ ਸਥਿਤੀ ਵਿੱਚ ਹਨ। ਐੱਸਸੀਓ ਮੁਲਕਾਂ ਦੇ ਇਲਾਕਾਈ ਟਕਰਾਵਾਂ ਤੋਂ ਇਲਾਵਾ ਇਨ੍ਹਾਂ ਕੋਲ ‘ਨਾਟੋ’ ਵਰਗਾ ਕੋਈ ਸੰਗਠਿਤ ਸੰਗਠਨ ਨਹੀਂ; ਲੇਕਿਨ ਇਸ ਤੋਂ ਐਨ ਉਲਟ, ਇਸ ਸੰਮੇਲਨ ਵਿਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਹੱਥ ਮਿਲਾਉਂਦੇ ਨਰਿੰਦਰ ਮੋਦੀ, ਚੀਨੀ ਰਾਸ਼ਟਰਪਤੀ ਸ਼ੀ ਜਿੰਨਪਿੰਗ ਨੂੰ ਮਿਲਣ ਲਈ ਅੱਗੇ ਵੱਧੇ। ਪੂਰੇ ਵਿਸ਼ਵ ਭਰ ਦੀਆਂ ਅਖ਼ਬਾਰਾਂ, ਟੈਲੀਵਿਜ਼ਨਾਂ ਅਤੇ ਹੋਰ ਇੰਟਰਨੈੱਟ ਸਾਧਨਾਂ ਨੇ ਇਨ੍ਹਾਂ ਤਿੰਨਾਂ ਆਗੂਆਂ ਨੂੰ ਖੂਬ ਛਾਇਆ ਕੀਤਾ। ਅਸਲ ਵਿੱਚ, ਅਮਰੀਕੀ ਰਾਸ਼ਟਰਪਤੀ ਅਤੇ ਸਲਾਹਕਾਰਾਂ ਦੇ ਇਹ ਅੰਦਾਜ਼ੇ ਬਿਲਕੁਲ ਗ਼ਲਤ ਸਾਬਤ ਹੋਏ ਕਿ ਉਹ ਵੱਖੋ-ਵੱਖ ਚੀਨ, ਭਾਰਤ ਅਤੇ ਰੂਸ ਨੂੰ ਦਬਾਅ ਲੈਣਗੇ।
ਚੀਨ ਦੇ ਰਾਸ਼ਟਰਪਤੀ ਸ਼ੀ ਨੇ ਐੱਸਸੀਓ ਸਿਖਰ ਸੰਮੇਲਨ ਨੂੰ ਭਾਰਤ ਨਾਲ ਆਪਸੀ ਸਬੰਧ ਸੁਖਾਵੇਂ ਬਣਾਉਣ ਲਈ ਆਧਾਰ ਬਣਾਇਆ। ਇਸ ਸੰਮੇਲਨ ਅਤੇ ਮੌਕੇ ਦੀ ਮਹੱਤਤਾ ਦੇ ਮੱਦੇਨਜ਼ਰ ਮੋਦੀ 7 ਸਾਲਾਂ ਬਾਅਦ ਚੀਨ ਦੌਰੇ ’ਤੇ ਗਏ। ਸ਼ੀ ਨੇ ਸਹਿਮਤੀ ਜਤਾਈ ਕਿ ਭਾਰਤ ਅਤੇ ਚੀਨ ਵਿਕਾਸ, ਵਪਾਰ, ਦੋਸਤਾਨਾ ਸਬੰਧਾਂ ਵਿਚ ਭਾਈਵਾਲ ਹਨ। ਦੋਹਾਂ ਨੇ ਆਪਣੇ ਵਪਾਰਕ ਅਤੇ ਵਿਕਾਸ ਵਾਲੇ ਰਿਸ਼ਤੇ ਮਜ਼ਬੂਤ ਕਰਨ ਲਈ ਦੁਵੱਲੀ ਗੱਲਬਾਤ ਵੀ ਕੀਤੀ। ਇਸ ਸਟੈਂਡ ਨੇ ਇਸ ਖਿੱਤੇ ਦੀ ਭੂ-ਰਾਜਨੀਤੀ ਨੂੰ ਬਦਲ ਕੇ ਰੱਖ ਦਿੱਤਾ। ਜਿੱਥੇ ਐੱਸਸੀਓ ਸਿਖਰ ਸੰਮੇਲਨ ਨੂੰ ਭਾਰਤ ਵਿਰੁੱਧ ਅਮਰੀਕੀ ਟੈਰਿਫ ਨੇ ਅਤਿ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਬਣਾਇਆ, ਉੱਥੇ ਅਮਰੀਕਾ ਵੱਲੋਂ ਭਾਰਤ ਨੂੰ ਚੀਨ ਨਾਲ ਟੱਕਰ ਦੇਣ ਲਈ ਸੰਦ ਵਜੋਂ ਵਰਤਣ ਦੇ ਇਰਾਦਿਆਂ ਨੂੰ ਚਕਨਾਚੂਰ ਕਰ ਦਿੱਤਾ। ਇਸ ਸਿਖ਼ਰ ਸੰਮੇਲਨ ਦੌਰਾਨ ਤਿਆਨਜਿਨ ਵਿੱਚ ਭਾਰਤ ਅਤੇ ਚੀਨ ਨੇ ਖ਼ੁਦ ਨੂੰ ਇੱਕ-ਦੂਜੇ ਦੇ ਸਹਿਯੋਗੀ ਐਲਾਨਿਆ ਤਾਂ ਅਮਰੀਕਾ ਦੇਖਦਾ ਰਹਿ ਗਿਆ।
ਅਸਲ ਵਿੱਚ, ਟਰੰਪ ਦੀ ਮੂਰਖਤਾ ਨੇ ਰਾਸ਼ਟਰਪਤੀ ਸ਼ੀ ਨੂੰ ਗਲੋਬਲ ਪੱਧਰ ’ਤੇ ਬਹੁਪੱਖਵਾਦ ਨੂੰ ਮਜ਼ਬੂਤ ਕਰਨ ਲਈ ਇਸ ਵਿਚਾਰਧਾਰਾ ਦਾ ਆਗੂ ਬਣਾ ਦਿੱਤਾ। ਕੈ ਕੂਈ ਜੋ ਰਾਸ਼ਟਰਪਤੀ ਸ਼ੀ ਦੇ ਸਟਾਫ ਦਾ ਮੁੱਖ ਅਤੇ ਚੀਨੀ ਸ਼ਾਸਨ ਸੰਸਥਾ ਦਾ ਮੈਂਬਰ ਵੀ ਹੈ, ਨੂੰ ਭਾਰਤ ਨਾਲ ਨੇੜਤਾ ਅਤੇ ਤਾਲਮੇਲ ਪੈਦਾ ਕਰਨ ਦਾ ਜਿ਼ੰਮਾ ਸੌਂਪਿਆ ਗਿਆ ਸੀ ਜੋ ਉਸ ਨੇ ਬਾਖੂਬੀ ਨੇਪਰੇ ਚੜ੍ਹਾਇਆ। ਉਸ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮਿਲ ਕੇ ਦੋਹਾਂ ਮੁਲਕਾਂ ਅਤੇ ਇਸ ਦੇ ਆਗੂਆਂ ਵਿਚਕਾਰ ਆਪਸੀ ਸਮਝ ਅਤੇ ਭਾਈਵਾਲੀ ਪ੍ਰਪੱਕ ਲਈ ਅਹਿਮ ਭੂਮਿਕਾ ਨਿਭਾਈ।
ਐੱਸਸੀਓ ਦੇ ਮਾਧਿਅਮ ਨਾਲ ਭਾਰਤ, ਚੀਨ ਅਤੇ ਰੂਸ ਨੇੜੇ ਆਏ ਹਨ। ਦੂਜੇ ਮੁਲਕਾਂ ਨਾਲ ਮਿਲ ਕੇ ਇਹ ਗੈਰ-ਪੱਛਮੀ ਤਾਕਤਵਰ ਬਲਾਕ ਵਜੋਂ ਉਭਰਿਆ ਸ਼ਕਤੀਸ਼ਾਲੀ ਸੰਗਠਨ ਹੈ ਲੇਕਿਨ ਇਹ ਚੀਨ ਦੀ ਜੰਗ ਨਹੀਂ ਲੜੇਗਾ ਜਿਵੇਂ ‘ਨਾਟੋ’ ਅਤੇ ਦੂਜੇ ਸਹਿਯੋਗੀ ਅਮਰੀਕਾ ਦੀਆਂ ਜੰਗਾਂ ਲੜ ਰਹੇ ਹਨ। ਉਨ੍ਹਾਂ ਨੂੰ ਵੀ ਹੁਣ ਅਮਰੀਕੀ ਰਾਸ਼ਟਰਪਤੀ ਦੀ ਟੈਰਿਫ ਜੰਗ ਅਤੇ ਯੂਕਰੇਨ ਅੰਦਰ ਅਸਿੱਧੀ (ਪ੍ਰੌਕਸੀ) ਜੰਗ ਤੋਂ ਬਚਣ ਲਈ ਉਸ ਤੋਂ ਖਹਿੜਾ ਛੁਡਾਉਣਾ ਚਾਹੀਦਾ ਹੈ।
ਐੱਸਸੀਓ ਨੇ ਆਪਣੇ ਐਲਾਨਨਾਮੇ ਵਿੱਚ ਰਾਸ਼ਟਰਪਤੀ ਸ਼ੀ ਦੀ ਇੱਛਾ ਅਨੁਸਾਰ ਅਮਰੀਕਾ ਅਤੇ ਪਿੱਠੂ ਮੁਲਕਾਂ ਦਾ ਏਕਾਧਿਕਾਰ, ਸੁਰੱਖਿਆਵਾਦ ਅਤੇ ਚੌਧਰਵਾਦ ਖ਼ਤਮ ਕਰ ਕੇ ‘ਸਹੀ ਅਤੇ ਬਰਾਬਰੀ ਵਾਲਾ ਬਹੁਪੱਖਵਾਦ’ ਕਾਇਮ ਕਰਨਾ ਹੈ। ਇਸ ਸੰਗਠਨ ਦਾ ਮਕਸਦ ਠੰਢੀ ਜੰਗ ਦਾ ਅੰਤ, ਸੱਭਿਆਤਾਵਾਂ ਵਿੱਚ ਟਕਰਾਵਾਂ ਦਾ ਖ਼ਾਤਮਾ, ਵੱਖ-ਵੱਖ ਖਿੱਤਿਆਂ ਦੇ ਮੁਲਕਾਂ ਅਤੇ ਲੋਕਾਂ ਵਿਚ ਆਪਸੀ ਤਾਲਮੇਲ, ਮਿੱਤਰਤਾ, ਮਿਲਵਰਤਣ ਅਤੇ ਵਿਕਾਸ ਦੀ ਧਾਰਾ ਨੂੰ ਮਜ਼ਬੂਤ ਕਰਨਾ ਹੈ।
ਇਸ ਸੰਮੇਲਨ ਵਿਚ ਪਹਿਲਗਾਮ ਵਿੱਚ ਅਤਿਵਾਦੀ ਹਮਲੇ ਦੀ ਨਿਖੇਧੀ ਕੀਤੀ ਗਈ। ਪਾਕਿਸਤਾਨ ਅੰਦਰ ਜਾਫਰ ਐਕਸਪ੍ਰੈੱਸ ਅਤੇ ਖੁਜ਼ਦਾਰ ਸਕੂਲ ਬੱਸ ਸਬੰਧੀ ਅਤਿਵਾਦੀ ਹਮਲਿਆਂ ਦੀ ਨਿਖੇਧੀ ਕੀਤੀ। ਅਫਗਾਨਿਸਤਾਨ ਵਿਚ ਮਿਲੀ-ਜੁਲੀ ਸਰਕਾਰ ਸਥਾਪਤੀ ’ਤੇ ਜ਼ੋਰ ਦਿੱਤਾ। ਭਾਰਤ ਦੇ ਸਟੈਂਡ ’ਤੇ ਮੋਹਰ ਲਾਉਂਦੇ ਹੋਏ ਤਿੰਨ ਸ਼ਕਤੀਆਂ ਨੇ ਅਤਿਵਾਦ ਨਾਲ ਲੜਨ ਦਾ ਅਹਿਦ ਕੀਤਾ। ਗਾਜ਼ਾ ਵਿਚ ਇਜ਼ਰਾਇਲੀ ਜ਼ੁਲਮਾਂ, ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ’ਤੇ ਹਮਲਿਆਂ ਦੀ ਨਿੰਦਾ ਕੀਤੀ ਗਈ। ਅਲਜ਼ਜੀਰਾ ਅਨੁਸਾਰ ਚੀਨੀ ਰਾਸ਼ਟਰਪਤੀ ਸ਼ੀ ਵੱਲੋਂ ਅਮਰੀਕਾ ਅਤੇ ਯੂਰੋਪ ਨੂੰ ਚੁਣੌਤੀ ਦਿੰਦੇ ਹੋਏ ਨਵੇਂ ਗਲੋਬਲ ਸ਼ਾਸਨ, ਸੁਰੱਖਿਆ ਅਤੇ ਆਰਥਿਕ ਪ੍ਰਬੰਧ ਦੀ ਸਥਾਪਨਾ ਦੀ ਰੂਸ, ਭਾਰਤ ਅਤੇ ਸੰਮੇਲਨ ਵਿਚ ਸ਼ਾਮਲ ਮੁਲਕਾਂ ਜਿਵੇਂ ਤੁਰਕੀ, ਪਾਕਿਸਤਾਨ, ਉਜ਼ਬੇਕਿਸਤਾਨ, ਕਜ਼ਾਕਿਸਤਾਨ, ਸਰਬੀਆ, ਕਰਗੀਜ਼ਸਤਾਨ, ਤਜ਼ਾਕਿਸਤਾਨ, ਇਰਾਨ, ਬੇਲਾਰੂਸ, ਨੇਪਾਲ, ਮਿਸਰ, ਯੂਏਈ, ਸ੍ਰੀ ਲੰਕਾ, ਅਜ਼ਰਬਾਈਜਾਨ, ਕਤਰ, ਕੰਬੋਡੀਆ ਆਦਿ ਨੇ ਹਮਾਇਤ ਕੀਤੀ।
ਡਾਲਰ ਦੇ ਬਦਲ ਵਜੋਂ ਇਹ ਸੰਗਠਨ ਐੱਸਸੀਓ ਬੈਂਕ ਸਥਾਪਿਤ ਕਰੇਗਾ। ਚੀਨ ਨੇ ਇਸ ਬੈਂਕ ਨੂੰ 1400 ਬਿਲੀਅਨ ਡਾਲਰ ਕਰਜ਼ਾ ਦੇਣ ਦਾ ਐਲਾਨ ਕੀਤਾ ਹੈ। ਮੈਂਬਰ ਮੁਲਕਾਂ ਨੂੰ ਉਸ ਨੇ 280 ਮਿਲੀਅਨ ਡਾਲਰ ਦੀ ਮੁਫ਼ਤ ਮਦਦ ਦਾ ਐਲਾਨ ਕੀਤਾ ਹੈ। ਇਸ ਵਿਚ ਸ਼ਾਮਿਲ ਮੈਂਬਰ ਆਪਣੇ ਕੌਮੀ ਹਿੱਤਾਂ ਦੇ ਫੈਸਲੇ ਕਰਨ, ਪ੍ਰਭੂਸੱਤਾ ਕਾਇਮ ਰੱਖਣ, ਬਰਾਬਰੀ ਦੇ ਆਧਾਰ ’ਤੇ ਸਬੰਧ ਮਜ਼ਬੂਤ ਕਰਨ, ਆਪਣੀਆਂ ਸੱਭਿਆਤਾਵਾਂ, ਭਾਸ਼ਾਵਾਂ, ਸੱਭਿਆਚਾਰ, ਰਸਮਾਂ-ਰਿਵਾਜਾਂ ਨੂੰ ਪ੍ਰਪੱਕ ਕਰਨ ਲਈ ਆਜ਼ਾਦ ਹੋਣਗੇ।
ਸੌ ਹੱਥ ਰੱਸਾ ਸਿਰੇ ’ਤੇ ਗੰਢ- ਚੀਨ, ਰੂਸ, ਭਾਰਤ ਤੇ ਐੱਸਸੀਓ, ਮੈਂਬਰ ਮੁਲਕਾਂ ਦੇ ਸਹਿਯੋਗ ਨਾਲ ਅਜੋਕੇ ਅਮਰੀਕੀ ਸਰਦਾਰੀ ਵਾਲੇ ਗਲੋਬਲ ਨਿਜ਼ਾਮ ਨੂੰ ਬਦਲ ਦੇਵੇਗਾ। ਅਮਰੀਕੀਆਂ ਨੂੰ ਰਾਸ਼ਟਰਪਤੀ ਟਰੰਪ ਦਾ ਵਤੀਰਾ, ਏਕਾਧਿਕਾਰਵਾਦ, ਧੌਂਸਵਾਦ ਜੋ ਗ਼ੈਰ-ਵਾਜਿਬ ਟਰੇਡ ਜੰਗ ਲਈ ਜਿ਼ੰਮੇਵਾਰ ਹਨ, ਉਸ ਦਾ ਖਮਿਆਜ਼ਾ ਅਮਰੀਕਾ ਨੂੰ ਭੁਗਤਣਾ ਪਵੇਗਾ।
ਸੰਪਰਕ: +1-289-829-2929