ਆਜ਼ਾਦੀ ਅਤੇ ਗ਼ਦਰੀ ਹਰੀ ਸਿੰਘ ਉਸਮਾਨ
ਬਾਬਾ ਹਰੀ ਸਿੰਘ ਉਸਮਾਨ ਦਾ ਜਨਮ ਜਿ਼ਲ੍ਹਾ ਲੁਧਿਆਣਾ ਦੇ ਇਤਿਹਾਸਕ ਪਿੰਡ ਬੱਦੋਵਾਲ ਵਿੱਚ 20 ਅਕਤੂਬਰ 1879 ਨੂੰ ਹੋਇਆ। 19 ਸਾਲ ਦੀ ਉਮਰ ਵਿੱਚ ਫੌਜ ਵਿੱਚ ਭਰਤੀ ਹੋ ਕੇ (20 ਅਕਤੂਬਰ 1898 ਤੋਂ 01 ਅਪਰੈਲ 1905 ਤੱਕ) ਕਰੀਬ ਸਾਢੇ ਛੇ ਸਾਲ ਸਰਕਾਰੀ ਨੌਕਰੀ ਕੀਤੀ। ਅਣਖੀਲੇ ਸੁਭਾਅ ਦੇ ਮਾਲਕ ਹੋਣ ਕਰ ਕੇ ਫੌਜੀ ਗੁਲਾਮੀ ਨੂੰ ਲੱਤ ਮਾਰ ਕੇ ਪਿੰਡ ਵਾਪਸ ਆ ਗਏ ਤੇ ਢਾਈ ਸਾਲ ਖੇਤੀਬਾੜੀ ਦਾ ਕੰਮ ਕੀਤਾ। 30 ਅਕਤੂਬਰ 1907 ਨੂੰ ਰੋਟੀ-ਰੋਜ਼ੀ ਦੀ ਭਾਲ ਵਿੱਚ ਫਿਲਪੀਨਜ਼ ਲਈ ਰਵਾਨਾ ਹੋ ਗਏ। ਦੋ ਸਾਲ ਫਿਲਪੀਨਜ਼ ਦੇ ਸ਼ਹਿਰ ਮਨੀਲਾ ਵਿੱਚ ਮਜ਼ਦੂਰੀ ਅਤੇ ਪਹਿਰੇਦਾਰੀ ਕੀਤੀ। ਅਗਾਂਹ ਅਮਰੀਕਾ ਜਾ ਕੇ ਕੈਲੀਫੋਰਨੀਆ, ਇੰਪੀਰੀਅਲ ਵੈਲੀ ’ਚ ਮਜ਼ਦੂਰੀ ਕਰਨ ਪਿੱਛੋਂ ਅਮਰੀਕਾ-ਮੈਕਸਿਕੋ ਹੱਦ ’ਤੇ ਮੈਕਸੀਕਾਲੀ ਕਸਬੇ ਨੇੜੇ 200 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਕਪਾਹ ਦੀ ਖੇਤੀ ਕਰਨ ਲੱਗੇ।
ਹਰੀ ਸਿੰਘ ਬੇਹੱਦ ਮਿਹਨਤੀ ਅਤੇ ਸਿਰੜੀ ਸਨ, ਉਨ੍ਹਾਂ ਖੂਨ ਪਸੀਨਾ ਇੱਕ ਕਰ ਕੇ ਸਾਢੇ ਚਾਰ ਸਾਲਾਂ ਵਿੱਚ ਕਾਫੀ ਡਾਲਰ ਜਮ੍ਹਾਂ ਕਰ ਲਏ। ਦੂਜੇ ਪਾਸੇ ਗੋਰਿਆਂ ਦੇ ਪੈਰ-ਪੈਰ ’ਤੇ ਗੁਲਾਮੀ ਵਾਲਾ ਸਲੂਕ ਹਰੀ ਸਿੰਘ ਦੇ ਦਿਲ-ਓ-ਦਿਮਾਗ ਨੂੰ ਜ਼ਖ਼ਮੀ ਕਰਦਾ ਰਹਿੰਦਾ। ਅਜਿਹੇ ਹਾਲਾਤ ਅੰਦਰ ਸਾਨ ਫਰਾਂਸਿਸਕੋ ਦੇ ਯੁਗਾਂਤਰ ਆਸ਼ਰਮ (ਗ਼ਦਰ ਪਾਰਟੀ ਦਾ ਹੈੱਡਕੁਆਰਟਰ) ਤੋਂ ਨਿਕਲਦੇ ‘ਗ਼ਦਰ’ ਅਖਬਾਰ ਦਾ ਪਹਿਲਾ ਪਰਚਾ ਹਰੀ ਸਿੰਘ ਨੂੰ ਮਿਲਿਆ। ਆਪ ਨੇ ਹੇਠ ਲਿਖੇ ਚਾਰ ਸਬਕ ਪੜ੍ਹੇ:
ਪਹਿਲਾ ਸਬਕ: ਹਥਿਆਰਬੰਦ ਇਨਕਲਾਬ। ਦੂਜਾ ਸਬਕ: ਧਰਮ ਆਪੋ-ਆਪਣਾ। ਤੀਜਾ ਸਬਕ: ਸਭ ਗੁਲਾਮ ਦੇਸ਼ਾਂ ਦੀ ਆਜ਼ਾਦੀ ਦੇ ਘੋਲਾਂ ’ਚ ਹਿੱਸਾ ਲੈਣਾ। ਚੌਥਾ ਸਬਕ: ਤਨਖਾਹ ਮੌਤ ਤੇ ਇਨਾਮ ਆਜ਼ਾਦੀ। ਹਰੀ ਸਿੰਘ ਨੇ ਚਾਰੇ ਸਬਕ ਪਾਠ ਵਾਂਗ ਯਾਦ ਕਰ ਲਏ।
ਆਜ਼ਾਦੀ ਦੀ ਮੱਚਦੀ ਲਾਟ ਦੇ ਸੱਜਰੇ ਬਣੇ ਪਰਵਾਨੇ ਨੇ ਸੋਚਿਆ ਕਿ ਹੁਣ ਵੇਲਾ ਖੁੰਝਣ ਨਹੀਂ ਦੇਣਾ। 15 ਅਕਤੂਬਰ 1914 ਨੂੰ ਯੁਗਾਂਤਰ ਆਸ਼ਰਮ ਪੁੱਜ ਕੇ ਗ਼ਦਰ ਪਾਰਟੀ ਦੇ ਪੱਕੇ ਮੈਂਬਰ ਬਣ ਗਏ। ਗ਼ਦਰ ਪਾਰਟੀ ਦੇ ਫੈਸਲੇ ਮੁਤਾਬਿਕ ਆਪਣੇ ਸਾਥੀਆਂ- ਹਰਨਾਮ ਚੰਦ, ਕਿਸ਼ਨ ਚੰਦ, ਮੰਗੂ ਤੇ ਰਘਵੀਰ ਸਮੇਤ ਆਪ ਜਹਾਂਗੀਰ ਦੇ ਗੁਪਤ ਨਾਂ ਹੇਠ 15 ਅਪਰੈਲ 1915 ਨੂੰ ਜਰਮਨ ਕੌਂਸਲ ਦੀ ਮਦਦ ਨਾਲ ਅਮਰੀਕਾ ਤੋਂ ਹਿੰਦ ਦੀ ਗ਼ਦਰ ਪਾਰਟੀ ਵਾਸਤੇ ਹਥਿਆਰਾਂ ਦਾ ਭਰਿਆਂ ਸਮੁੰਦਰੀ ਜ਼ਹਾਜ ਲੈ ਕੇ ਰਵਾਨਾ ਹੋ ਗਏ ਪਰ 5 ਮਹੀਨੇ ਦੀਆਂ ਘੁੰਮਣ ਘੇਰੀਆਂ ਪਿੱਛੋਂ ਸਤੰਬਰ 1915 ਵਿੱਚ ਫੜੇ ਗਏ। ਉਂਝ, ਜਕਾਰਤਾ (ਜਾਵਾ) ਵਿੱਚ ਜਰਮਨ ਕੌਂਸਲ ਦੀ ਸਹਾਇਤਾ ਨਾਲ ਬਚ ਨਿਕਲੇ। ਜਾਵਾ ਦੇ ਪੱਛਮੀ ਹਿੱਸੇ ਦੇ ਪਹਾੜੀ ਖੇਤਰ ਗੰਗਹਾਲੂ ਦੇ ਜੰਗਲਾਂ ਵਿੱਚ ਪਹਿਲੀ ਜਨਵਰੀ 1916 ਤੋਂ ਪਹਿਲੀ ਜਨਵਰੀ 1938 ਤੱਕ ਉਸਮਾਨ ਖਾਂ ਦੇ ਨਾਂ ਹੇਠ ਤੀਜੇ ਰੂਪ ’ਚ ਰੂਪੋਸ਼ ਜੀਵਨ ਬਤੀਤ ਕਰਦੇ ਰਹੇ। ਉਥੋਂ ਦੇ ਸੂਡਾਨਿਸ਼ ਲੋਕਾਂ ਦੀ ਬੋਲੀ/ਸੱਭਿਆਚਾਰ ਨੂੰ ਬਹੁਤ ਜਲਦੀ ਗ੍ਰਹਿਣ ਕਰਨ ਮਗਰੋਂ ਇੱਕ ਬੀਬੀ ਨਾਲ ਵਿਆਹ ਕਰਵਾਇਆ, ਜਿਸ ਦੀ ਕੁੱਖੋਂ ਤਿੰਨ ਧੀਆਂ ਤੇ ਦੋ ਪੁੱਤਰਾਂ ਨੇ ਜਨਮ ਲਿਆ। ਇਸ ਵਕਤ ਉਨ੍ਹਾਂ 25 ਏਕੜ ਜ਼ਮੀਨ ’ਤੇ ਖੇਤੀ ਕੀਤੀ। ਸ਼ੰਘਾਈ ਦੀ ਪੁਲੀਸ ਉਨ੍ਹਾਂ ਨੂੰ ਤਿੰਨ ਸਾਲ ਜਾਵਾ ਵਿੱਚ ਭਾਲ-ਭਾਲ ਕੇ ਫੇਲ੍ਹ ਹੋ ਗਈ ਤੇ ਵਾਪਸ ਮੁੜ ਗਈ। ਉਨ੍ਹਾਂ ਦੇ ਦਿਲ-ਓ-ਦਿਮਾਗ ਵਿੱਚ ਗ਼ਦਰ ਵਾਲਾ ਸੁਫਨਾ ਸਦਾ ਜਿਊਂਦਾ ਰਿਹਾ।
ਇੰਗਲੈਂਡ ਅਤੇ ਜਾਪਾਨ ਵਿਚਕਾਰ ਜੰਗ ਦੇ ਆਸਾਰ ਬਣਦਿਆਂ ਹੀ ਉਨ੍ਹਾਂ ਹਿੰਦ ਵਿੱਚ ਗ਼ਦਰ ਕਰਨ ਦਾ ਦੂਜਾ ਮੌਕਾ ਮੇਲ ਬੁੱਝ ਲਿਆ। ਸਿੱਟੇ ਵਜੋਂ ਪਹਿਲੀ ਜਨਵਰੀ 1938 ਨੂੰ ਉਹ ਆਪਣੀ ਪਤਨੀ ਅਤੇ ਬੱਚਿਆਂ ਨੂੰ ਸੁੱਤੇ ਪਏ ਛੱਡ ਕੇ ਗ਼ਦਰ ਦੇ ਦੂਜੇ ਪੜਾਅ ਦੀ ਤਿਆਰੀ ਲਈ ਚੱਲ ਪਏ। ਸ਼ੰਘਾਈ ਤੇ ਸਿੰਗਾਪੁਰ ਨੂੰ ਗੜ੍ਹ ਬਣਾਉਂਦੇ ਹੋਏ, ਆਜ਼ਾਦ ਹਿੰਦ ਲੀਗ ਤੇ ਫੌਜ ਵਿੱਚ ਕ੍ਰਾਂਤੀਕਾਰੀ ਕੰਮ ਦੀ ਉਸਾਰੀ ਕਰਦੇ ਹੋਏ ਜਨਵਰੀ 1938 ਤੋਂ ਨਵੰਬਰ 1944 ਤੱਕ ਅਨੇਕ ਰਾਜਸੀ ਤੌਰ ’ਤੇ ਚੇਤਨ ਗ਼ਦਰੀ ਫੌਜੀ ਤਿਆਰ ਕੀਤੇ ਅਤੇ ਹਾਂਗਕਾਂਗ, ਪੀਨਾਂਗ, ਸਿੰਗਾਪੁਰ, ਰੰਗੂਨ (ਅੱਜ ਕੱਲ੍ਹ ਯੰਗੌਨ) ਤੇ ਬੈਂਕਾਕ ਵਿੱਚ ਪ੍ਰਚਾਰ ਕਰਨ ਲਈ ਅਤੇ ਹਿੰਦ ’ਚ ਗ਼ਦਰ ਦਾ ਯੁੱਧ ਕਰਨ ਲਈ ਭੇਜੇ। ਇਨ੍ਹਾਂ ਵਿੱਚੋਂ ਕਈ ਅੰਗਰੇਜ਼ ਹਕੂਮਤ ਨੇ ਫਾਂਸੀ ਲਾ ਦਿੱਤੇ, ਗੋਲੀਆਂ ਨਾਲ ਸ਼ਹੀਦ ਕੀਤੇ ਅਤੇ ਕਾਲੇ ਪਾਣੀ ਭੇਜ ਦਿੱਤੇ। ਬਾਕੀ ਗ਼ਦਰ ਲਈ ਜੂਝਦੇ ਰਹੇ।
ਹਰੀ ਸਿੰਘ ਦਾ ਪਹਿਲਾ ਪੁੱਤਰ ਵੱਡਾ ਹੈਰੀ (ਵੱਡਾ ਹਰੀ ਸਿੰਘ) ਆਜ਼ਾਦ ਹਿੰਦ ਫੌਜ ਦੇ ਲੈਫਟੀਨੈਂਟ ਦੇ ਰੂਪ ’ਚ ਇੰਫਾਲ ਫਰੰਟ ’ਤੇ ਅੰਗਰੇਜ਼ਾਂ ਵਿਰੁੱਧ ਹਿੰਦ ਦੀ ਮੁਕਤੀ ਲਈ ਲੜਦਾ ਹੋਇਆ ਸ਼ਹੀਦ ਹੋ ਗਿਆ। ਦੂਜਾ ਪੁੱਤਰ ਛੋਟਾ ਹੈਰੀ (ਛੋਟਾ ਹਰੀ ਸਿੰਘ) ਨੇ ਫੌਜ ਦੇ ਖੁਫੀਆ ਕਾਰਜਾਂ ਬਦਲੇ ਅੰਗਰੇਜ਼, ਡੱਚ ਤੇ ਜਾਵਾ ਹਾਕਮਾਂ ਦੇ ਅਸਿਹ ਤੇ ਅਕਿਹ ਤਸੀਹੇ ਝੱਲੇ। 1945 ’ਚ ਮੁੜ ਜਾਵਾ ਵਾਪਸੀ ’ਤੇ ਨਵੰਬਰ 45 ਵਿੱਚ ਮੁਸਲਿਮ ਕੱਟੜ ਪੰਥੀਆਂ ਵੱਲੋਂ ਸੁਣਾਈ ਸਜ਼ਾ-ਏ-ਮੌਤ ਹੋਣ ਤੋਂ ਪਹਿਲਾਂ ਆਪ ਤੇ ਛੋਟਾ ਹੈਰੀ, ਦੋਨੋਂ ਬਚਣ ਵਿੱਚ ਸਫਲ ਹੋ ਗਏ। ਜਨਵਰੀ ਤੋਂ ਸਤੰਬਰ 1948 ਤੱਕ ਡੱਚ ਸਾਮਰਾਜੀਆਂ ਦੀ ਕੈਦ ਕੱਟੀ ਅਤੇ ਪਹਿਲੀ ਅਕਤੂਬਰ 1948 ਨੂੰ ਵਾਪਸ ਬੱਦੋਵਾਲ ਪਰਤੇ। ਗੁਮਨਾਮ ਪਰ ਚੜ੍ਹਦੀ ਕਲਾ ਵਾਲਾ, ਲੋਕ ਸੇਵਾ ਵਾਲਾ, ਕ੍ਰਾਂਤੀ ’ਚ ਅਟੱਲ ਵਿਸ਼ਵਾਸ ਵਾਲਾ, ਦੇਸ਼ ਨੂੰ ਸਮਰਪਣ ਵਾਲਾ ਫਕੀਰੀ ਜੀਵਨ ਜਿਊਂਦੇ ਹੋਏ 15 ਅਗਸਤ 1969 ਨੂੰ ਬੱਦੋਵਾਲ ਵਿੱਚ ਵਤਨ ਵਾਸੀਆਂ ਨੂੰ ਸਦੀਵੀ ਵਿਛੋੜਾ ਦੇ ਗਏ।
ਬਾਬਾ ਹਰੀ ਸਿੰਘ ਦਾ ਉੱਚੇ ਸੁੱਚੇ ਕਿਰਦਾਰ ਵਾਲਾ ਜੀਵਨ ਤੇ ਬੇਮਿਸਾਲ ਕੁਰਬਾਨੀਆਂ ਸੂਹੇ ਰਾਹਾਂ ਦੇ ਰਾਹੀਆਂ ਨੂੰ ਸਦਾ ਲਈ ਉਤਸ਼ਾਹ, ਜੋਸ਼, ਪ੍ਰੇਰਨਾ ਤੇ ਸਿੱਖਿਆ ਦਾ ਮੁੱਖ ਸੋਮਾ ਬਣੀਆਂ ਰਹਿਣਗੀਆਂ।
ਸੰਪਰਕ: 96464-02470