ਯਾਦਗਾਰੀ ਹੋ ਨਿਬੜਿਆ ਪ੍ਰਿਥਵੀ ਫੈਸਟੀਵਲ 2025 ਦਾ ਉਦਘਾਟਨ
ਿਫਲਮੀ ਸਿਤਾਰਿਆਂ ਨਸੀਰੂਦੀਨ, ਨੀਨਾ ਗੁਪਤਾ, ਸੈਫ਼ ਅਲੀ, ਦਿਵਿਆ ਦੱਤਾ ਸਮੇਤ ਹੋਰਾਂ ਨੇ ਕੀਤੀ ਸ਼ਿਰਕਤ
ਇਥੇ ਪ੍ਰਿਥਵੀ ਫੈਸਟੀਵਲ 2025 ਦੀ ਉਦਘਾਟਨੀ ਰਾਤ ਉਸ ਵੇਲੇ ਯਾਦਗਾਰੀ ਹੋ ਨਿਬੜੀ, ਜਦੋਂ ਥੀਏਟਰ, ਸਿਨੇਮਾ ਅਤੇ ਬੌਲੀਵੁੱਡ ਦੀ ਉੱਘੀਆਂ ਹਸਤੀਆਂ ਮੁੰਬਈ ਦੇ ਪ੍ਰਸਿੱਧ ਪ੍ਰਿਥਵੀ ਥੀਏਟਰ ਵਿੱਚ ਇਕੱਠੀਆਂ ਹੋਈਆਂ। ਇਸ ਸ਼ਾਨਦਾਰ ਸ਼ਾਮ ਵਿੱਚ ਇੰਡਸਟਰੀ ਦੇ ਕੁਝ ਸਭ ਤੋਂ ਸਤਿਕਾਰਤ ਨਾਵਾਂ ਦੀ ਮੌਜੂਦਗੀ ਦੇਖਣ ਨੂੰ ਮਿਲੀ, ਜਿਨ੍ਹਾਂ ਵਿੱਚ ਨਸੀਰੂਦੀਨ ਸ਼ਾਹ, ਨੀਨਾ ਗੁਪਤਾ, ਸੈਫ਼ ਅਲੀ ਖ਼ਾਨ, ਮਹੇਸ਼ ਭੱਟ, ਪੂਜਾ ਭੱਟ, ਰਤਨਾ ਪਾਠਕ ਸ਼ਾਹ, ਵਿਨੈ ਪਾਠਕ ਅਤੇ ਦਿਵਿਆ ਦੱਤਾ ਸ਼ਾਮਲ ਸਨ। ਉਦਘਾਟਨੀ ਰਾਤ ਦੀਆਂ ਤਸਵੀਰਾਂ ਪ੍ਰਿਥਵੀ ਥੀਏਟਰ ਦੇ ਅਧਿਕਾਰਤ ਹੈਂਡਲ ’ਤੇ ਸਾਂਝੀਆਂ ਕੀਤੀਆਂ ਗਈਆਂ, ਜਿਸ ਵਿੱਚ ਮਹਿਮਾਨ ਖੁਸ਼ੀ ਦੇ ਪਲਾਂ ਦਾ ਆਨੰਦ ਮਾਣਦੇ ਹੋਏ ਦਿਖਾਈ ਦੇ ਰਹੇ ਹਨ। ਪਹਿਲੀ ਤਸਵੀਰ ਵਿੱਚ ਨਸੀਰੂਦੀਨ ਸ਼ਾਹ ਅਤੇ ਨੀਨਾ ਗੁਪਤਾ ਨੂੰ ਖੁਸ਼ੀ ਦੇ ਪਲਾਂ ਨੂੰ ਮਾਣਦਿਆਂ ਦੇਖਿਆ ਗਿਆ। ਪੋਸਟ ਦੀ ਕੈਪਸ਼ਨ ’ਚ ਲਿਖਿਆ ਸੀ, ‘ਜਸ਼ਨ, ਦਿਲਾਂ ਦੀ ਸਾਂਝ ਤੇ ਥੀਏਟਰ ਦੀ ਸਦੀਵੀ ਖਿੱਚ ਦੀ ਸ਼ਾਮ। ਇਹ ਨਿੱਘ, ਸਤਿਕਾਰ ਅਤੇ ਜਾਦੂ ਹੈ, ਜਿਸ ਨੇ ਪ੍ਰਿਥਵੀ ਫੈਸਟੀਵਲ 2025 ਦੀ ਸ਼ੁਰੂਆਤ ਕੀਤੀ।’ ਇਸ ਪੋਸਟ ਨੇ ਜਿਥੇ ਪ੍ਰਸ਼ੰਸਕਾਂ ਨੂੰ ਯਾਦਾਂ ਵਿੱਚ ਡਬੋ ਦਿੱਤਾ, ਉੱਥੇ ਹੀ ਹੋਰਨਾਂ ਨੇ ਬੌਲੀਵੁੱਡ ਦੀਆਂ ਉੱਘੀਆਂ ਹਸਤੀਆਂ ਦੇ ਵਿਲੱਖਣ ਪੁਨਰ-ਮਿਲਨ ਦਾ ਜਸ਼ਨ ਮਨਾਇਆ। 17 ਨਵੰਬਰ ਤੱਕ ਚੱਲਣ ਵਾਲੇ ਇਸ ਪ੍ਰਿਥਵੀ ਫੈਸਟੀਵਲ 2025 ਵਿੱਚ ਦਰਸ਼ਕਾਂ ਲਈ ਕਈ ਨਾਟਕ, ਫਿਲਮ ਸਕ੍ਰੀਨਿੰਗ, ਸੰਗੀਤਕ ਐਕਟ, ਵਿਚਾਰ-ਵਟਾਂਦਰੇ ਅਤੇ ਵਰਕਸ਼ਾਪਾਂ ਹੋਣਗੀਆਂ। 1944 ਵਿੱਚ ਮਹਾਨ ਪ੍ਰਿਥਵੀਰਾਜ ਕਪੂਰ ਵੱਲੋਂ ਸ਼ੁਰੂ ਕੀਤਾ ਗਿਆ ਪ੍ਰਿਥਵੀ ਥੀਏਟਰ 16 ਸਾਲਾਂ ਤੱਕ ਸਫਲਤਾਪੂਰਵਕ ਚਲਾਇਆ ਗਿਆ, ਜਦੋਂ ਉਹ ਆਪਣੇ ਫਿਲਮੀ ਕਰੀਅਰ ਦੇ ਸਿਖ਼ਰ ’ਤੇ ਸਨ। ਹਾਲਾਂਕਿ, ਉਨ੍ਹਾਂ ਨੂੰ ਆਪਣੀ ਖ਼ਰਾਬ ਸਿਹਤ ਕਾਰਨ ਪ੍ਰੋਗਰਾਮ ਰੱਦ ਕਰਨ ਲਈ ਮਜਬੂਰ ਹੋਣਾ ਪਿਆ, ਫਿਰ ਵੀ ਉਨ੍ਹਾਂ ਆਪਣੀ ਕੰਪਨੀ ਦੇ ਸਾਬਕਾ ਮੈਂਬਰਾਂ ਦੁਆਰਾ ਕਿਸੇ ਵੀ ਥੀਏਟਰਿਕ ਉੱਦਮ ਨੂੰ ਉਤਸ਼ਾਹਜਨਕ ਸਮਰਥਨ ਦੇਣਾ ਜਾਰੀ ਰੱਖਿਆ। ਪ੍ਰਿਥਵੀਰਾਜ ਕਪੂਰ ਦੇ ਦੇਹਾਂਤ ਤੋਂ ਬਾਅਦ, ਉਨ੍ਹਾਂ ਦੇ ਪੁੱਤਰ ਮਰਹੂਮ ਅਦਾਕਾਰ ਸ਼ਸ਼ੀ ਕਪੂਰ ਨੇ ਥੀਏਟਰ ਵਿੱਚ ਦਿਲਚਸਪੀ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਆਪਣਾ ਕੰਮ ਜਾਰੀ ਰੱਖਣ ਲਈ ਟਰੱਸਟ ਬਣਾਇਆ।

