ਸਾਮਰਾਜੀ ਸਿਆਸਤ ਅਤੇ ਸੀਰੀਆ ਵਿੱਚ ਤਖਤਾ ਪਲਟ
ਹਰਸ਼ਿਵੰਦਰ
ਮੱਧ ਪੂਰਬੀ ਖਿੱਤੇ ਵਿੱਚ ਸਥਿਤ ਸੀਰੀਆ ਪਿਛਲੇ ਕੁਝ ਦਹਾਕਿਆਂ ਤੋਂ ਸਾਮਰਾਜੀ ਤਾਕਤਾਂ ਦੇ ਆਪਸੀ ਭੇੜ ਦਾ ਅਖਾੜਾ ਬਣਿਆ ਹੋਇਆ ਹੈ। ਸੀਰੀਆ ਦੀ ਪ੍ਰਭੁਸੱਤਾ ਅਮਰੀਕੀ ਅਤੇ ਰੂਸੀ ਸਾਮਰਾਜੀ ਧੜੇ ਦੇ ਹਿੱਤਾਂ ਦੀ ਸ਼ਿਕਾਰ ਹੋ ਰਹੀ ਹੈ। 2011 ’ਚ ਸੀਰੀਆਈ ਘਰੇਲੂ ਯੁੱਧ ਦੌਰਾਨ ਦੇਸ਼ ਅੰਦਰ ਉੱਠੀ ‘ਅਰਬ ਬਸੰਤ’ ਸਮੇਂ ਅਮਰੀਕਾ ਨੇ ‘ਅਤਿਵਾਦ ਵਿਰੋਧੀ ਜੰਗ’ ਦੇ ਬਹਾਨੇ ਦੇਸ਼ ਦੀ ਪ੍ਰਭੂਸੱਤਾ ਵਿੱਚ ਸਿੱਧੀ ਦਖਲਅੰਦਾਜ਼ੀ ਕਰ ਕੇ ਭਿਆਨਕ ਤਬਾਹੀ ਨੂੰ ਅੰਜਾਮ ਦਿੱਤਾ। ਇਸ ਦੌਰਾਨ ਸੀਰੀਆ ਵਿੱਚ ਗੰਭੀਰ ਆਰਥਿਕ ਅਤੇ ਮਨੁੱਖੀ ਸੰਕਟ ਪੈਦਾ ਹੋ ਗਿਆ। ਇਸ ਜੰਗ ਦੌਰਾਨ ਇਕ ਪਾਸੇ ਅਮਰੀਕੀ ਸਾਮਰਾਜ ਤੇ ਉਸ ਦੇ ਭਾਈਵਾਲ ਸ਼ਾਮਲ ਸਨ ਅਤੇ ਦੂਸਰੇ ਪਾਸੇ ਰੂਸ, ਇਰਾਨ ਤੇ ਤੁਰਕੀ ਵਰਗੇ ਦੇਸ਼ ਸੀਰੀਆ ਨਾਲ ਖੜ੍ਹੇ ਸਨ। ਅਮਰੀਕੀ ਸਮਾਰਾਜ ਦੇ ਸੀਰੀਆ ਵਿੱਚੋਂ ਬੇਆਬਰੂ ਹੋ ਕੇ ਨਿਕਲਣ ਬਾਅਦ ਸੀਰੀਆ ਦੀ ਸੱਤਾ ’ਚ ਰੂਸ-ਇਰਾਨ ਧੜੇ ਦੀ ਭਾਗੀਦਾਰੀ ਵਧ ਗਈ। ਬਸ਼ਰ-ਅਲ-ਅਸਦ ਸਰਕਾਰ ਨੂੰ ਰੂਸ-ਇਰਾਨ ਧੜੇ ਦਾ ਸਮਰਥਨ ਹਾਸਲ ਸੀ।
ਮੌਜੂਦਾ ਸਮੇਂ ਅਮਰੀਕੀ-ਇਜ਼ਰਾਇਲੀ ਸ਼ਹਿ ’ਤੇ ਸੀਰੀਆ ਵਿੱਚ ਅਸਦ ਹਕੂਮਤ ਦਾ ਤਖ਼ਤਾ ਪਲਟ ਗਿਆ ਹੈ। ਅਸਦ ਸਰਕਾਰ ਭ੍ਰਿਸ਼ਟਾਚਾਰ ਵਿੱਚ ਲਿਪਤ ਹੋ ਚੁੱਕੀ ਸੀ ਤੇ ਉਸ ਦੀ ਸਾਖ ਸੀਰੀਆਈ ਲੋਕਾਂ ਵਿੱਚ ਫਿੱਕੀ ਪੈ ਚੁੱਕੀ ਸੀ। ਅਸਦ ਸ਼ਾਸਨ ਦੀਆਂ ਕਮਜ਼ੋਰੀਆਂ ਅਤੇ ਇਸ ਖਿੱਤੇ ਵਿੱਚ ਚੱਲਦੀਆਂ ਸਾਮਰਾਜੀ ਚਾਲਾਂ ਕਰ ਕੇ ਸੀਰੀਆ ਦੀ ਆਰਥਿਕਤਾ ਲਗਾਤਾਰ ਡਾਵਾਂਡੋਲ ਸੀ। ਅਮਰੀਕੀ-ਇਜ਼ਰਾਇਲੀ ਦਖਲਅੰਦਾਜ਼ੀ ਕਰ ਕੇ 14 ਸਾਲਾਂ ਤੋਂ ਘਰੇਲੂ ਯੁੱਧ ਵਿੱਚ ਫਸੇ ਬਸ਼ਰ-ਅਲ-ਅਸਦ ਨੇ ਦੇਸ਼ ਛੱਡ ਕੇ ਮਾਸਕੋ ਵਿੱਚ ਪਨਾਹ ਲੈ ਲਈ ਹੈ। ਇਸ ਖਿੱਤੇ ਵਿੱਚ ਲੰਮੇ ਸਮੇਂ ਤੋਂ ਚਲੇ ਆ ਰਹੇ&ਨਬਸਪ; ਸੁੰਨੀ-ਸ਼ੀਆ ਫਿਰਕੂ ਵਿਵਾਦ ਨੇ ਵੀ ਬਲਦੀ ’ਤੇ ਤੇਲ ਦਾ ਕੰਮ ਕੀਤਾ।
ਸੀਰੀਆ ਵਿਸ਼ਾਲ ਤੇਲ ਭੰਡਾਰਾਂ ਅਤੇ ਵਪਾਰਕ ਲਾਂਘੇ ਲਈ ਮਹੱਤਵਪੂਰਨ ਦੇਸ਼ ਹੈ। ਇਹ ਏਸ਼ੀਆ, ਯੂਰੋਪ ਤੇ ਅਫਰੀਕਾ ਵਿਚਕਾਰ ਫੌਜੀ ਰਣਨੀਤਕ ਖੇਤਰ ਵੀ ਹੈ। ਇਸ ਨੇ ਸਦਾ ਸਾਮਰਾਜੀ ਹਿੱਤਾਂ ਨੂੰ ਆਕਰਸ਼ਿਤ ਕੀਤਾ ਹੈ। ਜਦੋਂ ਤੋਂ ਅਮਰੀਕੀ ਚੌਕੀ, ਇਜ਼ਰਾਈਲ ਦੇਸ਼ ਹੋਂਦ ਵਿੱਚ ਆਇਆ ਹੈ, ਇਸ ਦੇ ਗੁਆਂਢੀ ਇਰਾਨ, ਲਿਬਨਾਨ, ਯਮਨ, ਸੀਰੀਆ ਅਤੇ ਫਲਸਤੀਨ ਵਿੱਚ ਅਸ਼ਾਂਤੀ ਨੇ ਮੱਧ ਪੂਰਬ ਨੂੰ ਜੰਗੀ ਅੱਗ ਵਿੱਚ ਝੋਕ ਦਿੱਤਾ ਹੈ।
ਸੀਰੀਆ ਦੇ ਰਾਸ਼ਟਰਪਤੀ ਅਸਦ ਦੇਸ਼ ਛੱਡ ਕੇ ਭੱਜ ਚੁੱਕੇ ਹਨ ਅਤੇ ਉਸ ਦਾ 54 ਸਾਲਾਂ ਦਾ ਤਾਨਾਸ਼ਾਹ ਸ਼ਾਸਨ ਢਹਿ-ਢੇਰੀ ਹੋ ਗਿਆ ਹੈ। ਅਲੈਪੋ, ਹਮਾ, ਹੋਮਸ ਅਤੇ ਦਾਰਾ ਸ਼ਹਿਰ ਤੋਂ ਬਾਅਦ ਦਮਿਸ਼ਕ ’ਤੇ ਕਬਜ਼ਾ ਕਰ ਕੇ ਹਸਾਤ-ਤਹਿਰੀਰ ਅਲ-ਸ਼ਾਮ ਦੇ ਲੜਾਕਿਆਂ ਨੇ ਫੌਜ ਨੂੰ ਖਦੇੜ ਦਿੱਤਾ ਹੈ। ਜਦੋਂ ਅਰਬ ਬਸੰਤ ਜੋਬਨ ’ਤੇ ਸੀ, ਉਦੋਂ ਦਾਰਾ ਸ਼ਹਿਰ ਤੋਂ ਹੀ 2011 ’ਚ ਅਸਦ ਖਿਲਾਫ ਬਗਾਵਤ ਦੀ ਸ਼ੁਰੂਆਤ ਕੀਤੀ ਸੀ। ਦੋ ਹਫ਼ਤਿਆਂ ਦੇ ਅੰਦਰ ਹੀ ਅਮਰੀਕੀ ਸਹਾਇਤਾ ਪ੍ਰਾਪਤ ਹਸਾਤ-ਤਹਿਰੀਰ ਅਲ-ਸ਼ਾਮ ਨੇ ਅਸਦ ਅਤੇ ਭ੍ਰਿਸ਼ਟ ਫ਼ੌਜੀਆਂ ਨੂੰ ਖਦੇੜ ਸੁੱਟਿਆ। ਸੀਰੀਆ ਵਿੱਚ ਬਹੁਤ ਸਾਰੇ ਫਰੰਟਾਂ ’ਤੇ ਯੁੱਧ ਚੱਲ ਰਿਹਾ ਸੀ। ਉੱਤਰ ’ਚ ਕੁਰਦਾਂ ਦਾ ਕਬਜ਼ਾ ਸੀ ਤੇ ਉੱਤਰ-ਪੱਛਮ ਵੱਲ ਐੱਚਟੀਐੱਸ ਦਾ। ਇਸ ਦਾ ਇੱਕ ਹਿੱਸਾ ਆਈਐੱਸਆਈਐੱਸ ਦੇ ਕਬਜ਼ੇ ਹੇਠ ਸੀ; ਕੇਵਲ 60% ਹਿੱਸੇ ’ਤੇ ਹੀ ਅਸਦ ਸਰਕਾਰ ਅਸਰਅੰਦਾਜ਼ ਸੀ। ਚਹੁੰ ਪਾਸਿਓਂ ਘਿਰਿਆ ਅਸਦ ਕਾਫ਼ੀ ਕਮਜ਼ੋਰ ਹੋ ਚੁੱਕਾ ਸੀ।
ਸੀਰੀਆ ਲੰਮੇ ਸਮੇਂ ਤੋਂ ਘਰੇਲੂ ਕਲੇਸ਼ ਅਤੇ ਜੰਗ ਦਾ ਅਖਾੜਾ ਬਣਿਆ ਹੋਇਆ ਹੈ। ਸੀਰੀਆ ਦੇ ਖ਼ੂਨੀ ਗ੍ਰਹਿ ਯੁੱਧ ਦੌਰਾਨ ਅਮਰੀਕਾ ਨੇ ਇਸ ਦੇ ਵੱਖ-ਵੱਖ ਜਹਾਦੀ ਸਮੂਹਾਂ ਨੂੰ ਹਥਿਆਰ ਚਲਾਉਣ ਅਤੇ ਸਿਖਲਾਈ ਦੇਣ ਲਈ 1 ਬਿਲੀਅਨ ਅਮਰੀਕੀ ਡਾਲਰ ਦੀ ਸਹਾਇਤਾ ਦਿੱਤੀ। ਅਫ਼ਗ਼ਾਨਿਸਤਾਨ ਦੇ ‘ਡਾਲਰ ਜਹਾਦ’ ਨਾਲ ਮਿਲਦਾ ਇਹ ਇਤਿਹਾਸ ਦਾ ਸਭ ਤੋਂ ਮਹਿੰਗਾ ਪ੍ਰੋਗਰਾਮ ਸੀ। ਅਮਰੀਕੀ ਘੁਸਪੈਠ ਤੋਂ ਪਹਿਲਾਂ ਸੀਰੀਆ ਮੱਧ ਪੂਰਬ ਦੇ ਸਭ ਤੋਂ ਉੱਨਤ ਸਮਾਜਾਂ ਵਿੱਚੋਂ ਇੱਕ ਸੀ। 70ਵਿਆਂ ਦੇ ਦਹਾਕੇ ਵਿੱਚ ਸੀਰੀਆ ਨੇ ਉਦਯੋਗੀਕਰਨ ਅਤੇ ਆਧੁਨਿਕੀਕਰਨ ਦੇ ਉੱਚ ਪੱਧਰਾਂ ਦੇ ਨਾਲ-ਨਾਲ ਸੱਭਿਆਚਾਰ ਅਤੇ ਭਲਾਈ ਦੇ ਉੱਚ ਪੱਧਰਾਂ ਨੂੰ ਪ੍ਰਾਪਤ ਕੀਤਾ ਸੀ। ਵਿਕਾਸ ਦੀ ਇਸ ਪ੍ਰਕਿਰਿਆ ਕਾਰਨ ਸੀਰੀਆ ਆਪਣੇ ਜ਼ਿਆਦਾਤਰ ਗੁਆਂਢੀ ਦੇਸ਼ਾਂ ਤੋਂ ਭਿੰਨ ਦਿਸਦਾ ਸੀ। ਸਾਮਰਾਜੀ ਤਾਕਤਾਂ ਨੇ 1990 ਦੇ ਦਹਾਕੇ ਵਿੱਚ ਪੂੰਜੀਵਾਦ ਦੀ ਮੁੜ ਵਾਪਸੀ ਨਾਲ ਸੀਰੀਆਈ ਸਮਾਜ ਦੇ ਤਾਣੇ-ਬਾਣੇ ਨੂੰ ਵੰਡਣ ਦਾ ਕੰਮ ਕੀਤਾ। ਫਿਰਕੂ ਲੀਹਾਂ ’ਤੇ ਵੰਡੇ ਹੋਏ ਭਾਈਚਾਰਿਆਂ ਨੂੰ ਅਮਰੀਕੀ ਫੰਡ ਨੇ ਯੁੱਧ ਦੇ ਪਰਛਾਵੇਂ ਵਿੱਚੋਂ ਕਦੇ ਨਿਕਲਣ ਨਹੀਂ ਦਿੱਤਾ। ਸੁੰਨੀ ਬਹੁਤਾਤ ਵਾਲੇ ਦੇਸ਼ ਵਿੱਚ ਸ਼ੀਆ ਘੱਟਗਿਣਤੀ ਦਾ ਰਾਜ ਵਿਰੋਧੀਆਂ ਨੂੰ ਬਹੁਤ ਚੁਭਦਾ ਸੀ।
ਦੁਨੀਆ ਦਾ ਸਭ ਤੋਂ ਵੱਡਾ ਸ਼ਰਨਾਰਥੀ ਸੰਕਟ ਸੀਰੀਆ ਵਿੱਚ ਹੈ। ਇੱਥੇ ਪੰਜ ਲੱਖ ਤੋਂ ਵੱਧ ਲੋਕ ਮਾਰੇ ਗਏ ਹਨ ਅਤੇ 14 ਸਾਲਾਂ ਦੀ ਖਾਨਾਜੰਗੀ ਦੌਰਾਨ ਸੀਰੀਆ ਵਿੱਚੋਂ 11 ਮਿਲੀਅਨ ਤੋਂ ਵੱਧ ਲੋਕ ਜਬਰੀ ਉਜਾੜੇ ਜਾ ਚੁੱਕੇ ਹਨ। 2011 ਤੋਂ 2021 ਤੱਕ ਦੇਸ਼ ਦੀ ਜੀਡੀਪੀ 60 ਪ੍ਰਤੀਸ਼ਤ ਤੋਂ ਵੱਧ ਘਟੀ ਹੈ। ਬੇਰੁਜ਼ਗਾਰੀ ਦਰ 50 ਫੀਸਦੀ ਤੋਂ ਵੱਧ ਹੈ। ਸੜਕਾਂ, ਸਕੂਲਾਂ ਅਤੇ ਹਸਪਤਾਲਾਂ ਦਾ ਬੁਨਿਆਦੀ ਢਾਂਚਾ ਲੱਗਭਗ ਤਬਾਹ ਹੋ ਗਿਆ ਹੈ। ਇਸ ਦੀ 90 ਪ੍ਰਤੀਸ਼ਤ ਤੋਂ ਵੱਧ ਆਬਾਦੀ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੀ ਹੈ ਜੋ ਪ੍ਰਤੀ ਦਿਨ 2 ਅਮਰੀਕੀ ਡਾਲਰ ਤੋਂ ਵੀ ਘੱਟ ’ਤੇ ਗੁਜ਼ਾਰਾ ਕਰਦੀ ਹੈ। ਅਮਰੀਕੀ ਸਾਮਰਾਜ ਦੀਆਂ ਆਰਥਿਕ ਪਾਬੰਦੀਆਂ ਅਤੇ ਲਿਬਨਾਨੀ ਬੈਂਕਿੰਗ ਸੰਕਟ ਕਰ ਕੇ ਵਧੀ ਮਹਿੰਗਾਈ ਨੇ ਲੱਖਾਂ ਲੋਕਾਂ ਨੂੰ ਕੰਗਾਲੀ ਵਿੱਚ ਸੁੱਟ ਦਿੱਤਾ ਹੈ। ਸਮਾਜ ਵਿੱਚ ਨਸ਼ਾ ਅਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਅਤੇ ਵਸੋਂ ਦੀ ਬਹੁਗਿਣਤੀ ਵਿੱਚ ਨਿਰਾਸ਼ਤਾ ਦਾ ਆਲਮ ਹੈ। ਇਹੀ ਕਾਰਨ ਹੈ ਕਿ ਜਹਾਦੀਆਂ ਨੇ ਅਲੈਪੋ ਵਰਗੇ ਵੱਡੇ ਸ਼ਹਿਰਾਂ ਨੂੰ ਆਸਾਨੀ ਨਾਲ ਕਾਬੂ ਕਰ ਲਿਆ ਜੋ ਘਰੇਲੂ ਯੁੱਧ ਦੌਰਾਨ ਅਸਦ ਲਈ ਸਾਲਾਂ ਤੋਂ ਲੜ ਰਹੇ ਸਨ। ਜਨਸੰਖਿਆ ਦਾ ਵੱਡਾ ਹਿੱਸਾ ਸੱਤਾ ਧਿਰ ਤੋਂ ਇੰਨਾ ਨਿਰਾਸ਼ ਹੋ ਗਿਆ ਸੀ ਕਿ ਇਸ ਨੂੰ ਹੁਣ ਇਸ ਗੱਲ ਦੀ ਪ੍ਰਵਾਹ ਨਹੀਂ ਕਿ ਅਸਦ ਹਕੂਮਤ ਦੇ ਖਾਤਮੇ ਨਾਲ ਰਾਜ ਸੱਤਾ ਕਿਸ ਦੇ ਹੱਥ ਜਾਂਦੀ ਹੈ। ਘਰੇਲੂ ਯੁੱਧ ਦੌਰਾਨ ਬਹੁਗਿਣਤੀ ਸੀਰੀਆਈ ਲੋਕਾਂ ਨੇ ਜਹਾਦੀ ਕੱਟੜਪੰਥੀਆਂ ਦਾ ਵਿਰੋਧ ਕਰਨ ਲਈ ਅਸਦ ਸਰਕਾਰ ਨੂੰ ਆਪਣਾ ਸਮਰਥਨ ਦਿੱਤਾ ਸੀ। ਸੱਤਾ ਵਿੱਚ ਆਉਣ ਤੋਂ ਬਾਅਦ ਅਸਦ ਹਕੂਮਤ ਨੇ ਸੀਰੀਆ ਦੇਸ਼ ਦੀ ਸਵੈ-ਨਿਰਭਰਤਾ ਅਤੇ ਵਿਕਾਸ ਦੀ ਬਜਾਇ ਇਸ ਦੀ ਵਾਗਡੋਰ ਰੂਸੀ ਅਤੇ ਇਰਾਨੀ ਸਰਪ੍ਰਸਤਾਂ ਦੇ ਹਵਾਲੇ ਕਰ ਦਿੱਤੀ ਜਿਸ ਤੋਂ ਸੀਰੀਆਈ ਲੋਕ ਨਾਖੁਸ਼ ਸਨ।
ਉਧਰ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਅਰਦੋਗਨ ਜੋ ਕੱਲ੍ਹ ਤੱਕ ਰੂਸੀ ਕੈਂਪ ’ਚ ਵਿਚਰ ਰਿਹਾ ਸੀ, ਨੇ ਰੂਸ ਨੂੰ ਯੂਕਰੇਨ ਅਤੇ ਇਰਾਨ ਨੂੰ ਲਿਬਨਾਨ ਵਿੱਚ ਫਸੇ ਦੇਖ ਕੇ ਹੁਣ ਪੱਛਮੀ ਸ਼ਹਿ ’ਤੇ ਮੌਕਾਪ੍ਰਸਤੀ ਦਿਖਾਉਂਦਿਆਂ ਬਾਗੀ ਸਮੂਹਾਂ ਦਾ ਸਾਥ ਦਿੱਤਾ। ਤੁਰਕੀ ਨੇ ਆਧੁਨਿਕ ਹਥਿਆਰ ਅਤੇ ਡਰੋਨ ਬਾਗੀਆਂ ਤੱਕ ਪਹੁੰਚਦੇ ਕੀਤੇ। ਅਰਦੋਗਨ ਜੋ ਓਟੋਮੈਨ ਸਾਮਰਾਜ ਦੀ ਪੁਨਰ-ਸੁਰਜੀਤੀ ਚਾਹੁੰਦਾ ਹੈ, ਇਸ ਨਾਲ ਉਸ ਦੀ ਉੱਤਰੀ ਸੀਰੀਆ ਅਤੇ ਉੱਤਰੀ ਇਰਾਕ ਵਿੱਚ ਦਖਲਅੰਦਾਜ਼ੀ ਵਧ ਸਕਦੀ ਹੈ।
ਇਜ਼ਰਾਈਲ ਨੇ ਅਸਦ ਦੇ ਦੇਸ਼ ਤੋਂ ਭੱਜਦੇ ਹੀ ਮਿਜ਼ਾਇਲਾਂ ਦਾਗ਼ੀਆਂ ਅਤੇ ਗੋਲਨ ਹਾਈਟ ਜੋ ਸੀਰੀਆ ਦਾ ਹਿੱਸਾ ਸੀ ਤੇ 1967 ਤੋਂ ਇਜ਼ਰਾਈਲ ਨੇ ਦੱਬਿਆ ਹੋਇਆ ਹੈ, ਵਾਲੇ ਪਾਸਿਓਂ ਫੌਜੀ ਦਖਲਅੰਦਾਜ਼ੀ ਕੀਤੀ। ਇਜ਼ਰਾਈਲ ਜੋ ਆਪਣਾ ਲਗਾਤਾਰ ਵਿਸਤਾਰ ਕਰ ਰਿਹਾ ਹੈ, ਗੋਲਨ ਹਾਈਟ ’ਤੇ ਮੁੜ ਦਾਅਵਾ ਕਰ ਰਿਹਾ ਹੈ। ਇਸ ਤਖ਼ਤਾ ਪਲਟ ਨਾਲ ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਹੱਥ ਮਜ਼ਬੂਤ ਹੋਏ ਹਨ। ਇਰਾਨ ਨੇ ਇਸ ਘਟਨਾ ਨੂੰ ਅਮਰੀਕੀ ਅਤੇ ਇਜ਼ਰਾਈਲੀ ਯੋਜਨਾ ਕਰਾਰ ਦਿੱਤਾ ਹੈ। ਇਰਾਨ ਜੋ ਮੱਧ ਪੂਰਬ ਵਿੱਚ ਵਿਰੋਧ ਦਾ ਧੁਰਾ ਬਣਿਆ ਹੈ, ਅਸਦ ਦੇ ਹਾਰਨ ਨਾਲ ਰੂਸ ਅਤੇ ਇਰਾਨ ਦੀ ਕਮਜ਼ੋਰੀ ਜ਼ਾਹਿਰ ਹੋਈ ਹੈ। ਲਿਬਨਾਨੀ ਹਿਜ਼ਬੁੱਲਾ ਦੇ ਕਮਜ਼ੋਰ ਹੋਣ ਨਾਲ ਇਰਾਕ, ਸੀਰੀਆ ਰਾਸਤੇ ਇਰਾਨ ਜੋ ਹਥਿਆਰ ਪਹੁੰਚਾਉਂਦਾ ਸੀ, ਉਸ ਰਾਸਤੇ ’ਚ ਖਲਲ ਪਾ ਦਿੱਤਾ ਗਿਆ ਹੈ। ਇਸ ਨਾਲ ਇਜ਼ਰਾਈਲ ਅਤੇ ਅਮਰੀਕਾ ਸਾਮਰਾਜ ਮਜ਼ਬੂਤ ਹੋਏ ਹਨ।
ਦਮਿਸ਼ਕ ਦੀਆਂ ਸੜਕਾਂ ’ਤੇ ਭੀੜ ਭਾਵੇਂ ਖੁਸ਼ੀ ਮਨਾ ਰਹੀ ਹੈ ਪਰ ਅਮਰੀਕਾ ਹਮਾਇਤੀ ਸੱਜ-ਪਿਛਾਖੜੀ ਤਾਕਤਾਂ ਤੋਂ ਆਸ ਰੱਖਣਾ ਖਾਮ-ਖਿਆਲੀ ਹੀ ਸਾਬਤ ਹੋਵੇਗਾ। ਅਰਬ ਬਸੰਤ ਸਮੇਂ ਜਿਸ ਤਰ੍ਹਾਂ ਲੋਕ ਆਪਣੀ ਮੁਕਤੀ ਲਈ ਲੜੇ ਸਨ, ਇਹ ਉਹ ਮੁਕਾਮ ਨਹੀ। ਹਯਾਤ ਤਹਿਰੀਰ ਅਲ-ਸ਼ਾਮ ਨੇ ਵੀ ਸੀਰੀਆ ਦੇ ਲੋਕਾਂ ਨੂੰ ਅਮਰੀਕੀ ਨੀਤੀਆਂ ’ਤੇ ਹੀ ਚਲਾਉਣਾ ਹੈ, ਸ਼ਾਇਦ ਇਸੇ ਲਈ ਪੱਛਮੀ ਮੀਡੀਆ ਉਸ ਨੂੰ ਪ੍ਰਚਲਿਤ ਮੁਹਾਵਰੇ ‘ਅਤਿਵਾਦੀ’ ਦੇ ਉਲਟ ‘ਬਾਗੀ’ ਆਖ ਰਿਹਾ ਹੈ। ਸੀਰੀਆ ਵਿੱਚ ਹੋਏ ਇਸ ਤਖਤਾ ਪਲਟ ਨਾਲ ਭਾਵੇਂ ਸੀਰੀਆ ਦੇ ਅਵਾਮ ਲਈ ਦਿਨ ਨਹੀਂ ਬਦਲੇ ਪਰ ਮੱਧ ਪੂਰਬੀ ਖਿੱਤੇ ਵਿੱਚ ਸਾਮਰਾਜੀ ਤਾਕਤਾਂ ਦਾ ਤਵਾਜ਼ਨ ਜ਼ਰੂਰ ਬਦਲਿਆ ਹੈ।
ਸੰਪਰਕ: +61-41401993