ਆਨਲਾਈਨ ਵਪਾਰ ਦਾ ਛੋਟੇ ਕਾਰੋਬਾਰ ’ਤੇ ਪ੍ਰਭਾਵ
ਨਲਾਈਨ ਸ਼ਾਪਿੰਗ ਨੇ ਜਿਥੇ ਆਮ ਆਦਮੀ ਦੇ ਜੀਵਨ ਵਿੱਚ ਸੌਖ ਲਿਆਂਦੀ ਹੈ ਅਤੇ ਕਿਸੇ ਵੀ ਚੀਜ਼ ਨੂੰ ਖਰੀਦਣ ਤੋਂ ਪਹਿਲਾਂ ਚੋਣ ਦੇ ਵਧੇਰੇ ਮੌਕੇ ਮੁਹੱਈਆ ਕਰਵਾਏ ਹਨ, ਉੱਥੇ ਹੀ ਇਸ ਨੇ ਛੋਟੇ ਕਾਰੋਬਾਰੀਆਂ ਨੂੰ ਪ੍ਰਭਾਵਿਤ ਵੀ ਕੀਤਾ ਹੈ। ਆਨਲਾਈਨ ਸ਼ਾਪਿੰਗ ਦੇ ਚਲਨ ਕਾਰਨ ਵੱਡੀ ਗਿਣਤੀ ਛੋਟੇ ਕਾਰੋਬਾਰੀਆਂ ਲਈ ਘਰ ਦਾ ਖਰਚਾ ਚਲਾਉਣਾ ਵੀ ਅੱਜ ਮੁਸ਼ਕਲ ਹੋ ਗਿਆ ਹੈ।
ਆਨਲਾਈਨ ਸ਼ਾਪਿੰਗ ਇੰਟਰਨੈੱਟ ਰਾਹੀਂ ਵਸਤਾਂ ਵੇਚਣ ਅਤੇ ਖਰੀਦਣ ਦਾ ਇੱਕ ਆਧੁਨਿਕ ਤੇ ਸੌਖਾ ਸਾਧਨ ਹੈ। ਇਸ ਨੂੰ ਇਲੈਕਟ੍ਰਾਨਿਕ ਕਾਮਰਸ ਜਾਂ ਈ-ਕਾਮਰਸ ਵੀ ਆਖਦੇ ਹਨ। ਇਹ ਕਿਸੇ ਵੀ ਡਿਜੀਟਲ ਸਾਧਨ ਜਿਵੇਂ ਸਮਾਰਟ ਫ਼ੋਨ, ਲੈਪਟਾਪ ਆਦਿ ਰਾਹੀਂ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਇਸ ਦੇ ਉਲਟ ਰਵਾਇਤੀ ਪ੍ਰਚੂਨ ਖਰੀਦਦਾਰੀ ਵਿਧੀ ਰਾਹੀਂ ਗਾਹਕ ਖ਼ੁਦ ਦੁਕਾਨ ’ਤੇ ਜਾ ਕੇ ਅਤੇ ਦੁਕਾਨਦਾਰ ਨਾਲ ਨਿੱਜੀ ਸੰਪਰਕ ਰਾਹੀਂ ਆਪਣੀ ਪਸੰਦ ਦੀ ਚੀਜ਼ ਖਰੀਦਦਾ ਹੈ। ਪਿਛਲੇ ਪੰਦਰਾਂ ਕੁ ਸਾਲਾਂ ਵਿੱਚ ਆਨਲਾਈਨ ਸ਼ਾਪਿੰਗ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ ਅਤੇ ਇਸ ਨੇ ਨਿੱਕੇ ਦੁਕਾਨਦਾਰਾਂ ਦੀ ਆਮਦਨ ਅਤੇ ਰੁਜ਼ਗਾਰ ਦੇ ਸਾਧਨਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਆਮ ਲੋਕਾਂ ਤੱਕ ਤਕਨੀਕ ਅਤੇ ਇੰਟਰਨੈੱਟ ਦੀ ਪਹੁੰਚ ਨੇ ਇਸ ਅਮਲ ਨੂੰ ਹੋਰ ਪ੍ਰਫੁੱਲਿਤ ਕੀਤਾ ਹੈ। ਸਾਲ 2023 ਤੱਕ ਸਮੁੱਚੇ ਸੰਸਾਰ ਦੀ ਕੁੱਲ ਪ੍ਰਚੂਨ ਖਰੀਦਾਰੀ ਵਿੱਚ ਆਨਲਾਈਨ ਖਰੀਦਾਰੀ ਦਾ ਹਿੱਸਾ 19 ਫ਼ੀਸਦ ਤੱਕ ਪਹੁੰਚ ਗਿਆ ਸੀ। ਸੰਸਾਰ ਭਰ ਦੇ ਆਨਲਾਈਨ ਅਰਥਵਿਵਸਥਾ ਦੇ ਅੰਕੜੇ ਇੱਕਠੇ ਕਰਨ ਵਾਲੀ ਜਰਮਨੀ ਦੀ ਮਸ਼ਹੂਰ ਸੰਸਥਾ ‘ਸਟੈਟਿਸਟਾ’ (Statista) ਅਨੁਸਾਰ ਆਉਣ ਵਾਲੇ ਦੋ ਸਾਲਾਂ ਵਿੱਚ ਸੰਸਾਰ ਦੀ ਕੁਲ ਪ੍ਰਚੂਨ ਸ਼ਾਪਿੰਗ ਵਿੱਚ ਆਨਲਾਈਨ ਸ਼ਾਪਿੰਗ ਦਾ ਹਿੱਸਾ 25 ਫ਼ੀਸਦ ਤੋਂ ਪਾਰ ਹੋ ਜਾਣ ਦੀ ਸੰਭਾਵਨਾ ਹੈ। ਅਦਾਰੇ ਮੁਤਾਬਕ ਆਉਂਦੇ ਸਾਲਾਂ ਵਿੱਚ ਆਨਲਾਈਨ ਖਰੀਦਦਾਰੀ ਦੇ 39 ਫ਼ੀਸਦ ਦੀ ਦਰ ਨਾਲ ਵਧਣ ਦੀ ਸੰਭਾਵਨਾ ਹੈ ਅਤੇ ਸਾਲ 2027 ਤੱਕ ਇਸ ਦੀ ਵਿਕਰੀ 65000 ਅਰਬ ਰੁਪਏ ਹੋਣ ਦਾ ਅੰਦਾਜ਼ਾ ਹੈ। ਮੌਜੂਦਾ ਰੁਝਾਨ ਅਨੁਸਾਰ ਆਨਲਾਈਨ ਖਰੀਦਦਾਰੀ ਦੇ ਪਲੈਟਫਾਰਮ ਵਿੱਚ ਐਮਾਜ਼ੋਨ ਦੁਨੀਆ ਵਿਚ ਪਹਿਲੇ ਨੰਬਰ ’ਤੇ ਚੱਲ ਰਿਹਾ ਹੈ। ਭਾਰਤ ਵਿਚ ਸਾਲ 2018 ਵਿਚ ਆਨਲਾਈਨ ਸ਼ਾਪਿੰਗ ਦੀ ਵਿਕਰੀ ਕਰਨ ਵਾਲੇ ਅਦਾਰਿਆਂ ਦੀ ਆਮਦਨ 2200 ਕਰੋੜ ਰੁਪਏ ਸੀ ਜੋ ਵਧ ਕੇ ਸਾਲ 2023 ਵਿਚ 13,800 ਕਰੋੜ ਰੁਪਏ ਨੂੰ ਪਾਰ ਕਰ ਗਈ ਅਤੇ ਸਾਲ 2030 ਤੱਕ ਇਹ ਆਮਦਨ 35,000 ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ 300 ਤੋਂ ਵੱਧ ਵੈੱਬਸਾਈਟਾਂ ਆਨਲਾਈਨ ਵਿਕਰੀ ਦੇ ਕੰਮ ਵਿਚ ਲੱਗੀਆਂ ਹੋਈਆਂ ਹਨ ਤੇ ਲੋੜ ਪੈਣ ’ਤੇ ਜੇਕਰ ਕਿਸੇ ਵੀ ਚੀਜ਼ ਦੀ ਤਲਾਸ਼ ਕਰੀਏ ਤਾਂ ਉਹ ਕਿਸੇ ਨਾ ਕਿਸੇ ਆਨਲਾਈਨ ਸਾਈਟ ’ਤੇ ਵਿਕਦੀ ਮਿਲ ਜਾਂਦੀ ਹੈ। ਸਮਝਣ ਦੀ ਲੋੜ ਹੈ ਕਿ ਈ-ਕਾਮਰਸ ਜਾਂ ਆਨਲਾਈਨ ਸ਼ਾਪਿੰਗ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਵਪਾਰਕ ਅਦਾਰਾ ਹੈ। ਇਸ ਵਿੱਚ ਐਮਾਜ਼ੋਨ ਵਰਗੇ ਕੌਮਾਂਤਰੀ ਅਦਾਰਿਆਂ ਨੇ ਨਾਲ ਨਾਲ ਫਲਿਪਕਾਰਟ (Flipkart) ਤੇ ਮਿੰਤਰਾ (Myntra) ਵਰਗੇ ਭਾਰਤੀ ਸਥਾਨਕ ਅਦਾਰੇ ਵੀ ਇਸ ਵਿੱਚ ਤੇਜ਼ੀ ਨਾਲ ਆਪਣਾ ਯੋਗਦਾਨ ਵਧਾ ਰਹੇ ਹਨ।
ਪਿਛਲੇ ਦਿਨੀਂ ਦੇਸ਼ ਦੇ ਵਣਜ ਮੰਤਰੀ ਪਿਊਸ਼ ਗੋਇਲ ਨੇ ਵੀ ਸਥਾਨਕ ਵਪਾਰੀਆਂ ’ਤੇ ਆਨਲਾਈਨ ਵਪਾਰ ਦੇ ਪ੍ਰਭਾਵ ਦੀ ਗੱਲ ਕੀਤੀ ਸੀ। ਇੱਕ ਵਪਾਰਕ ਪ੍ਰੋਗਰਾਮ ਵਿਚ ਹਿੱਸਾ ਲੈਂਦਿਆਂ ਮੰਤਰੀ ਨੇ ਇਹ ਵੀ ਆਖ ਦਿੱਤਾ ਸੀ ਕਿ ਇਨ੍ਹਾਂ ਆਨਲਾਈਨ ਅਦਾਰਿਆਂ ਨੇ ਭਾਰਤ ਦੇ ਮੁੰਡੇ-ਕੁੜੀਆਂ ਨੂੰ ਚੀਜ਼ਾਂ ਦੀ ਡਿਲਿਵਰੀ ਕਰਨ ਵਾਲੇ ਬਣਾ ਕੇ ਰੱਖ ਦਿੱਤਾ ਹੈ। ਆਨਲਾਈਨ ਸ਼ਾਪਿੰਗ ਸਫਲ ਹੋਣ ਦੇ ਅਨੇਕਾਂ ਅਤੇ ਅਹਿਮ ਕਾਰਨ ਹਨ, ਉਨ੍ਹਾਂ ਵਿੱਚੋਂ ਇੱਕ ਹੈ ਗਾਹਕ ਨੂੰ ਘੱਟ ਕੀਮਤਾਂ ਉੱਤੇ ਵਸਤਾਂ ਮੁਹੱਈਆ ਕਰਾਉਣਾ ਜਿਸ ਨੂੰ ‘ਪ੍ਰੀਡੇਟਰੀ ਪਰਾਈਸਿੰਗ’ ਜਾਂ ਸ਼ਿਕਾਰੀ ਕੀਮਤਾਂ (ਭਾਵ ਘੱਟ ਕੀਮਤਾਂ ਦਾ ਲਾਲਚ ਦੇ ਕੇ ਗਾਹਕ ਨੂੰ ਆਪਣੇ ਵੱਲ ਖਿੱਚਣਾ) ਆਖਿਆ ਜਾਂਦਾ ਹੈ। ਇਸ ਪ੍ਰਕਿਰਿਆ ਵਿਚ ਆਨਲਾਈਨ ਕੰਪਨੀ ਗਾਹਕਾਂ ਨੂੰ ਦੁਕਾਨਾਂ ਤੋਂ ਘੱਟ ਕੀਮਤ ਉੱਤੇ ਵਸਤਾਂ ਵੇਚਦੀ ਹੈ। ਆਨਲਾਈਨ ਕੰਪਨੀਆਂ ਸਥਾਨਕ ਦੁਕਾਨਦਾਰਾਂ ਦੀ ਤੁਲਨਾ ਵਿੱਚ ਕਿਤੇ ਵੱਡੀਆਂ ਹੁੰਦੀਆਂ ਹਨ ਜਿਸ ਕਾਰਨ ਉਨ੍ਹਾਂ ਲਈ ਕਿਸੇ ਵੀ ਸਾਮਾਨ ’ਤੇ ਛੋਟ ਦੇ ਕੇ ਗਾਹਕ ਨੂੰ ਖਿੱਚਣਾ ਸੁਖਾਲਾ ਕੰਮ ਹੈ। ਸਥਾਨਕ ਦੁਕਾਨਦਾਰਾਂ ਲਈ ਇੰਨੀ ਘੱਟ ਕੀਮਤ ’ਤੇ ਮੁਕਾਬਲਾ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਸ ਨਾਲ ਬਾਜ਼ਾਰ ਉੱਤੇ ਵੱਡੀਆਂ ਕੰਪਨੀਆਂ ਹੀ ਕਬਜ਼ਾ ਕਰ ਲੈਂਦੀਆਂ ਹਨ ਤੇ ਕਾਫ਼ੀ ਹੱਦ ਤੱਕ ਬਾਜ਼ਾਰ ’ਤੇ ਉਨ੍ਹਾਂ ਦਾ ਏਕਾਧਿਕਾਰ (Monopoly) ਹੋ ਜਾਂਦਾ ਹੈ। ਸਮਾਰਟ ਫ਼ੋਨ ਦੀ ਵਿਕਰੀ ਦੀ ਇੱਕ ਉਦਾਹਰਨ ਲਈ ਜਾ ਸਕਦੀ ਹੈ। ਐਮਾਜ਼ੋਨ ਅਤੇ ਫਲਿਪਕਾਰਟ ਕੰਪਨੀਆਂ ਗਾਹਕਾਂ ਨੂੰ ਇੰਨੀ ਘੱਟ ਕੀਮਤ ’ਤੇ ਸਮਾਰਟ ਫ਼ੋਨ ਵੇਚਣ ਨੂੰ ਤਿਆਰ ਹੋ ਜਾਂਦੀਆਂ ਹਨ ਜਿਸ ਦਾ ਮੁਕਾਬਲਾ ਕਰਨਾ ਸਥਾਨਕ ਦੁਕਾਨਦਾਰਾਂ (Retail outlets) ਦੇ ਵੱਸ ਦੀ ਗੱਲ ਨਹੀਂ ਰਹਿੰਦੀ। ਇਸ ਦਾ ਇੱਕ ਕਾਰਨ ਇਹ ਹੈ ਕਿ ਸਥਾਨਕ ਕਾਰੋਬਾਰੀਆਂ ਜਾਂ ਦੁਕਾਨਦਾਰਾਂ ਨੇ ਆਪਣੀ ਕਮਾਈ ਵਿੱਚੋਂ ਕਈ ਖਰਚੇ ਕੱਢਣੇ ਹੁੰਦੇ ਹਨ ਜਿਸ ਵਿੱਚ ਦੁਕਾਨ ਦਾ ਕਿਰਾਇਆ, ਸਟਾਫ਼ ਦੀਆਂ ਤਨਖਾਹਾਂ, ਦੁਕਾਨ ਦਾ ਬੁਨਿਆਦੀ ਢਾਂਚਾ, ਬਿਜਲੀ ਦਾ ਬਿੱਲ, ਸਾਮਾਨ ਦੀ ਖਰੀਦਾਰੀ ਲਈ ਨਿਵੇਸ਼ ਆਦਿ ਕਈ ਖਰਚੇ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਕਈ ਐਮਰਜੈਂਸੀ ਖਰਚੇ ਵੀ ਹੁੰਦੇ ਹਨ, ਜਿਨ੍ਹਾਂ ਕਾਰਨ ਕੋਈ ਵੀ ਦੁਕਾਨਦਾਰ ਜਾਂ ਛੋਟਾ ਵਪਾਰੀ ਇੱਕ ਸੀਮਾ ਤੋਂ ਪਰ੍ਹੇ ਜਾ ਕੇ ਸਾਮਾਨ ’ਤੇ ਛੋਟ ਨਹੀਂ ਦੇ ਸਕਦਾ।
ਇੱਥੇ ਇਹ ਵੀ ਸਮਝਣ ਦੀ ਲੋੜ ਹੈ ਕਿ ਸਥਾਨਕ ਕਾਰੋਬਾਰੀਆਂ ਜਾਂ ਛੋਟੇ ਦੁਕਾਨਦਾਰਾਂ ਦੀ ਸਾਡੇ ਤਾਣੇ ਬਾਣੇ ਵਿਚ ਵਿਸ਼ੇਸ਼ ਮਹੱਤਤਾ ਹੁੰਦੀ ਹੈ। ਇਹ ਨੇੜੇ ਤੇੜੇ ਦੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਂਦੇ ਹਨ। ਗਲੀ ਮੁਹੱਲੇ ਵਾਲਿਆਂ ਨਾਲ ਉਧਾਰ ਚੱਲਣ ਕਰਕੇ ਇਹ ਸਥਾਨਕ ਲੋਕਾਂ ਦੀਆਂ ਐਮਰਜੈਂਸੀ ਲੋੜਾਂ ਪੂਰੀਆਂ ਕਰਦੇ ਹਨ। ਇਸ ਨਾਲ ਦੁਕਾਨਦਾਰਾਂ ਅਤੇ ਮੁਹੱਲੇ ਵਾਲਿਆਂ ਵਿੱਚ ਸਾਂਝ ਦਾ ਰਿਸ਼ਤਾ ਬਣਿਆ ਹੁੰਦਾ ਹੈ ਤੇ ਆਨਲਾਈਨ ਵਿਕਰੀ ਕਦੇ ਵੀ ਇਸ ਰਿਸ਼ਤੇ ਅਤੇ ਭਰੋਸੇ ਦਾ ਬਦਲ ਨਹੀਂ ਬਣ ਸਕਦੀ। ਫੁਟਕਲ ਵਿਕਰੇਤਾ ਜਾਂ ਨਿੱਕੇ ਦੁਕਾਨਦਾਰ, ਜੋ ਸ਼ੁਰੂ ਤੋਂ ਹੀ ਭਾਰਤੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਰਹੇ ਹਨ, ਨੂੰ ਅੱਜ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਲਈ ਇਹ ਆਪਣੇ ਘਰਾਂ ਦੇ ਨੇੜੇ ਰੁਜ਼ਗਾਰ ਮੁਹੱਈਆ ਕਰਵਾਉਣ ਦਾ ਇੱਕ ਅਹਿਮ ਜ਼ਰੀਆ ਹੈ। ਇੱਕ ਅੰਦਾਜ਼ੇ ਅਨੁਸਾਰ ਸਾਲ 2017 ਵਿਚ ਇਸ ਸੈਕਟਰ ਨੇ ਡੇਢ ਤੋਂ ਦੋ ਕਰੋੜ ਸਥਾਨਕ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੋਇਆ ਸੀ। ਜਿੱਥੇ ਤੇਜ਼ੀ ਨਾਲ ਵਧ ਰਹੀ ਆਨਲਾਈਨ ਵਿਕਰੀ ਨੇ ਲੱਖਾਂ ਲੋਕਾਂ ਨੂੰ ਬੇਰੁਜ਼ਗਾਰ ਕੀਤਾ ਹੈ ਉੱਥੇ ਹੀ ਕੋਰੋਨਾ ਮਹਾਮਾਰੀ ਨੇ ਵੀ ਲੱਖਾਂ ਲੋਕਾਂ ਨੂੰ ਕੰਮਕਾਜ ਤੋਂ ਵਿਹਲੇ ਕਰ ਕੇ ਘਰ ਬਿਠਾ ਦਿੱਤਾ ਸੀ। ਉਨ੍ਹਾਂ ਲੋਕਾਂ ਵਿੱਚੋਂ ਅਨੇਕਾਂ ਅਜਿਹੇ ਹਨ ਜੋ ਅੱਜ ਵੀ ਮੁੜ ਆਪਣੇ ਪੈਰਾਂ ਸਿਰ ਨਹੀਂ ਹੋ ਸਕੇ। ਮਾਹਿਰਾਂ ਦਾ ਅਨੁਮਾਨ ਹੈ ਕਿ ਜਿਸ ਤਰੀਕੇ ਨਾਲ ਆਨਲਾਈਨ ਵਿਕਰੀ ਦਾ ਖੇਤਰ ਆਪਣਾ ਘੇਰਾ ਵਧਾ ਰਿਹਾ ਹੈ, ਆਉਣ ਵਾਲੇ ਸਮੇਂ ਵਿੱਚ ਨਿੱਕੇ ਕਾਰੋਬਾਰੀਆਂ ਲਈ ਮੁਕਾਬਲਾ ਹੋਰ ਵਧ ਸਕਦਾ ਹੈ।
ਆਨਲਾਈਨ ਵਿਕਰੀ ਖੇਤਰ ਦਾ ਮੁਕਾਬਲਾ ਕਰਨ ਲਈ ਛੋਟੇ ਕਾਰੋਬਾਰੀਆਂ ਨੂੰ ਆਪਣੇ ਕੰਮਾਂ ਵਿੱਚ ਕੁਝ ਸੁਧਾਰ ਲਿਆਉਣੇ ਪੈਣਗੇ, ਜਿਵੇਂ ਗਾਹਕਾਂ ਨਾਲ ਆਪਣੇ ਨਿੱਜੀ ਸਬੰਧ ਕਾਇਮ ਕਰਨਾ, ਸਾਮਾਨ ਗਾਹਕਾਂ ਦੇ ਘਰਾਂ ਤੱਕ ਪਹੁੰਚਾਉਣਾ, ਸਾਮਾਨ ਦੀ ਗੁਣਵੱਤਾ ਵਿਚ ਸੁਧਾਰ ਕਰਨਾ, ਵਸਤਾਂ ਦੀਆਂ ਕੀਮਤਾਂ ਵਾਜਬ ਕਰਨਾ, ਭੁਗਤਾਨ ਕਰਨ ਦੀ ਪ੍ਰਕਿਰਿਆ ਨੂੰ ਲਚਕੀਲਾ ਬਣਾਉਣਾ, ਗਾਹਕਾਂ ਨੂੰ ਆਪਣੇ ਸਾਮਾਨ ਦੀ ਭਰਪੂਰ ਜਾਣਕਾਰੀ ਦੇਣਾ ਅਤੇ ਜੇਕਰ ਗਾਹਕਾਂ ਨੂੰ ਉਨ੍ਹਾਂ ਦੇ ਸਾਮਾਨ ਵਿਚ ਕੋਈ ਖਰਾਬੀ ਲੱਗਦੀ ਹੈ ਤਾਂ ਉਸ ਨੂੰ ਵਾਪਸ ਕਰਨ ਨੂੰ ਯਕੀਨੀ ਬਣਾਉਣਾ ਆਦਿ।
ਸੰਪਰਕ: 62842-20595 `
