ਇਲੀਆਨਾ ਡੀਕਰੂਜ਼ ਦੇ ਘਰ ਦੂਜੇ ਪੁੱਤਰ ਨੇ ਜਨਮ ਲਿਆ
ਨਵੀਂ ਦਿੱਲੀ:
ਬੌਲੀਵੁੱਡ ਅਦਾਕਾਰਾ ਇਲੀਆਨਾ ਡੀ’ਕਰੂਜ਼ ਤੇ ਉਸ ਦੇ ਪਤੀ ਮਾਈਕਲ ਡੋਲਨ ਨੇ ਦੂਜੇ ਬੱਚੇ ਦੇ ਜਨਮ ਦਾ ਐਲਾਨ ਕੀਤਾ ਹੈ। ਜੋੜੇ ਵੱਲੋਂ ਇੰਸਟਾਗ੍ਰਾਮ ’ਤੇ ਦਿੱਤੀ ਗਈ ਜਾਣਕਾਰੀ ਅਨੁਸਾਰ 19 ਜੂਨ ਨੂੰ ਉਨ੍ਹਾਂ ਦੇ ਘਰ ਦੂਜੇ ਪੁੱਤਰ ਨੇ ਜਨਮ ਲਿਆ ਹੈ। ਇੰਸਟਾਗ੍ਰਾਮ ’ਤੇ ਪਾਈ ਪੋਸਟ ਵਿੱਚ ਇਲੀਆਨਾ ਨੇ ਆਪਣੇ ਨਵਜੰਮੇ ਪੁੱਤਰ ਕੀਨੂ ਰਾਫੇ ਡੋਲਨ ਬਾਰੇ ਲਿਖਿਆ,‘ਸਾਡੇ ਦਿਲ ਪਿਆਰ ਨਾਲ ਭਰੇ ਹੋਏ ਹਨ।’ ਇਸ ਪੋਸਟ ਦੇ ਹੇਠਾਂ ਕਈ ਬੌਲੀਵੁੱਡ ਹਸਤੀਆਂ ਨੇ ਵੀ ਇਸ ਜੋੜੇ ਨੂੰ ਵਧਾਈਆਂ ਦਿੱਤੀਆਂ ਹਨ। ਆਥਿਆ ਸ਼ੈੱਟੀ ਨੇ ਲਿਖਿਆ, ‘ਮੇਰੀ ਇਲੂ ਨੂੰ ਮੁਬਾਰਕਾਂ।’ ਵਿੱਦਿਆ ਬਾਲਨ ਨੇ ਮੁਬਾਰਕਬਾਦ ਦਿੰਦਿਆਂ ਇਲੀਆਨਾ ਦੇ ਪਰਿਵਾਰ ਨੂੰ ਅਸੀਸ ਦਿੱਤੀ। ਇਸੇ ਤਰ੍ਹਾਂ ਪ੍ਰਿਯੰਕਾ ਚੋਪੜਾ ਨੇ ਵੀ ਇਲੀਆਨਾ ਨੂੰ ਵਧਾਈ ਦਿੱਤੀ। ਦੱਸਣਯੋਗ ਹੈ ਕਿ ਇਲੀਆਨਾ ਤੇ ਡੋਲਨ ਨੇ ਸਾਲ 2023 ਵਿੱਚ ਵਿਆਹ ਕਰਵਾਇਆ ਸੀ ਤੇ ਉਸੇ ਸਾਲ ਉਨ੍ਹਾਂ ਦੇ ਘਰ ਪਹਿਲੇ ਪੁੱਤਰ ਕੋਆ ਫੀਨਿਕਸ ਡੋਲਨ ਨੇ ਜਨਮ ਲਿਆ ਸੀ। ਇਲੀਆਨਾ ਸਾਲ 2024 ’ਚ ਆਈ ਰੋਮਾਂਟਿਕ ਕਾਮੇਡੀ ‘ਦੋ ਔਰ ਦੋ ਚਾਰ’ ’ਚ ਨਜ਼ਰ ਆਈ ਸੀ। -ਪੀਟੀਆਈ