ਮੈਂ ਡਿਪਰੈਸ਼ਨ ਨਾਲ ਜੂਝ ਰਿਹਾ ਸੀ: ਬਾਬਿਲ ਖ਼ਾਨ
ਮਰਹੂਮ ਅਦਾਕਾਰ ਇਰਫ਼ਾਨ ਖ਼ਾਨ ਦੇ ਪੁੱਤਰ ਬਾਬਿਲ ਖ਼ਾਨ ਨੇ ਸੋਸ਼ਲ ਮੀਡੀਆ ’ਤੇ ਭਾਵੁਕ ਕਵਿਤਾ ਸਾਂਝੀ ਕੀਤੀ ਹੈ। ਇਸ ਪੋਸਟ ਵਿੱਚ ਉਸ ਨੇ ਕਿਹਾ ਕਿ ਹੈ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ। ਉਸ ਨੇ 2022 ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਨੇ ਅਦਾਕਾਰਾ ਤ੍ਰਿਪਤੀ ਡਿਮਰੀ ਨਾਲ ਫਿਲਮ ‘ਕਲਾ’ ਕੀਤੀ ਸੀ। ਮਈ ਮਹੀਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਕਾਰਨ ਉਹ ਵਿਵਾਦਾਂ ਵਿੱਚ ਘਿਰ ਗਿਆ ਸੀ। ਉਸ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝਾ ਕੀਤਾ ਸੀ, ਜਿਸ ਵਿੱਚ ਉਹ ਭਾਵੁਕ ਦਿਖਾਈ ਦੇ ਰਿਹਾ ਸੀ ਅਤੇ ਫਿਲਮ ਸਨਅਤ ਨੂੰ ਬਨਾਉਟੀ ਆਖ ਰਿਹਾ ਸੀ। ਉਸ ਨੇ ਇਹ ਵੀਡੀਓ ਹਟਾ ਦਿੱਤਾ ਸੀ ਅਤੇ ਸੋਸ਼ਲ ਮੀਡੀਆ ਦੇ ਆਪਣੇ ਖਾਤੇ ਬੰਦ ਕਰ ਦਿੱਤੇ ਸਨ। ਇਸ ਪੋਸਟ ਦੇ ਨਾਲ ਹੀ ਉਸ ਨੇ ਭਾਵੁਕ ਕਵਿਤਾ ਸਾਂਝੀ ਕੀਤੀ ਹੈ। ਉਸ ਦੀ ਇਸ ਪੋਸਟ ’ਤੇ ਅਦਾਕਾਰ ਵਿਜੈ ਵਰਮਾ ਨੇ ਟਿੱਪਣੀ ਕਰਦਿਆਂ ਲਿਖਿਆ, ‘‘ਹਮ ਆਪ ਕੇ ਸਾਥ ਹੈ ਬਾਬਿਲ।’’ ਅਪਾਰਸ਼ਕਤੀ ਖੁਰਾਣਾ ਨੇ ਬਾਬਿਲ ਦੀ ਪੋਸਟ ’ਤੇ ਦਿਲ ਵਾਲਾ ਇਮੋਜੀ ਪਾਇਆ ਹੈ। ਅਦਾਕਾਰ ਗੁਲਸ਼ਨ ਨੇ ਸੋਸ਼ਲ ਮੀਡੀਆ ’ਤੇ ਬਾਬਿਲ ਦਾ ਸਵਾਗਤ ਕਰਦਿਆਂ ਲਿਖਿਆ ਹੈ, ‘‘ਦੇਖੋ ਕੌਣ ਆਇਆ ਹੈ।’’ ਬਾਬਿਲ ਨੂੰ ਆਖ਼ਰੀ ਵਾਰ ਸੋਸ਼ਲ ਮੀਡੀਆ ਥ੍ਰਿਲਰ ‘ਲੌਗਆਊਟ’ ਵਿੱਚ ਦੇਖਿਆ ਗਿਆ ਸੀ।