ਮੈਨੂੰ ਪੰਜਾਬੀ ਸਿਨੇਮਾ ਨਾਲ ਪਿਆਰ ਹੈ: ਨੀਰੂ ਬਾਜਵਾ
ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਨੀਰੂ ਬਾਜਵਾ ਦਾ ਕਹਿਣਾ ਹੈ ਕਿ ਉਹ ਪੰਜਾਬੀ ਸਿਨੇਮਾ ਨੂੰ ਬਹੁਤ ਪਿਆਰ ਕਰਦੀ ਹੈ ਤੇ ਜਿਥੋਂ ਤਕ ਬੌਲੀਵੁੱਡ ਦਾ ਸਵਾਲ ਹੈ ਉਹ ਬੌਲੀਵੁੱਡ ਵਿੱਚ ਕੰਮ ਕਰਨ ਤੋਂ ਨਹੀਂ ਡਰਦੀ। ਉਸ ਨੇ ਕਿਹਾ ਕਿ ਹਿੰਦੀ ਫਿਲਮਾਂ ਵਿੱਚ ਕੰਮ ਲੈਣ ਲਈ ਉਸ ਨੇ ਕਦੇ ਲੀਕ ਤੋਂ ਹਟ ਕੇ ਹੱਥ-ਪੈਰ ਨਹੀਂ ਮਾਰੇ। ‘ਮਧਾਣੀਆਂ’, ‘ਵਾਹ ਨੀ ਪੰਜਾਬਣੇ’, ‘ਸਰਦਾਰ ਜੀ 3’, ਅਤੇ ‘ਜੱਟ ਐਂਡ ਜੂਲੀਅਟ 3’ ਵਰਗੀਆਂ ਪੰਜਾਬੀ ਫਿਲਮਾਂ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਕਾਰਨ ਉਸ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਬਾਜਵਾ ਨੇ ਹੁਣੇ ਜਿਹੇ ਹਿੰਦੀ ਫ਼ਿਲਮ ‘ਤਹਿਰਾਨ’ ਵਿੱਚ ਜੌਹਨ ਅਬਰਾਹਮ ਨਾਲ ਕੰਮ ਕੀਤਾ ਹੈ। ਉਹ ਇਸ ਸਮੇਂ ਆਪਣੀ ਨਵੀਂ ਪੰਜਾਬੀ ਫ਼ਿਲਮ ‘ਫੱਫੇ ਕੁੱਟਣੀਆਂ’ ਦਾ ਪ੍ਰਚਾਰ ਕਰ ਰਹੀ ਹੈ, ਜਿਸ ਦੀ ਕਹਾਣੀ ਦੋ ਔਰਤਾਂ ਦੁਆਲੇ ਘੁੰਮਦੀ ਹੈ। ਫ਼ਿਲਮ ਵਿੱਚ ਇਹ ਦੋ ਭੂਮਿਕਾਵਾਂ ਨੀਰੂ ਬਾਜਵਾ ਤੇ ਤਾਨੀਆ ਨੇ ਨਿਭਾਈਆਂ ਹਨ। ਨੀਰੂ ਬਾਜਵਾ ਨੇ ਇਹ ਵਿਚਾਰ ਇੱਥੇ ਇੰਟਰਵਿਊ ਦੌਰਾਨ ਪ੍ਰਗਟਾਏ। ਉਸ ਨੇ ਦੱਸਿਆ ਕਿ ਫ਼ਿਲਮ ‘ਤਹਿਰਾਨ’ ਵਿੱਚ ਉਸ ਦੀ ਚੋਣ ਕਾਸਟਿੰਗ ਡਾਇਰੈਕਟਰ ਰਾਹੀਂ ਹੋਈ ਸੀ, ਜਿਸ ਨਾਲ ਉਸ ਨੇ ਪਹਿਲਾਂ ਆਪਣੀ ਪੰਜਾਬੀ ਫਿਲਮ ‘ਕਲੀ ਜੋਟਾ’ ਵਿੱਚ ਕੰਮ ਕੀਤਾ ਸੀ। ਡਾਇਰੈਕਟਰ ਨੇ ਉਸ ਨੂੰ ਉਸ ਦੀ ਭੂਮਿਕਾ ਬਾਰੇ ਦੱਸਿਆ ਜੋ ਨੀਰੂ ਨੂੰ ਬਹੁਤ ਪਸੰਦ ਆਈ। ਉਸ ਨੇ ਕਿਹਾ ਕਿ ਫ਼ਿਲਮ ਦਾ ਮੁੱਖ ਸਟਾਰ ਜੌਹਨ ਅਬਰਾਹਮ ਬਹੁਤ ਹੀ ਠਰ੍ਹਮੇ ਅਤੇ ਨਿਮਰ ਸੁਭਾਅ ਵਾਲਾ ਅਦਾਕਾਰ ਹੈ। ਜਗਦੀਪ ਸਿੱਧੂ ਵੱਲੋਂ ਫ਼ਿਲਮ ‘ਫੱਫੇ ਕੁੱਟਣੀਆਂ’ ਦੀ ਕਹਾਣੀ ਲਿਖੀ ਗਈ ਹੈ। ਇਹ ਫ਼ਿਲਮ 22 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਸਿੱਧੂ ਨੇ ਕਿਹਾ ਕਿ ਫ਼ਿਲਮ ਵਿੱਚ ਕਾਮੇਡੀ ਅਤੇ ਸਸਪੈਂਸ ਦੋਵੇਂ ਹਨ। ‘ਕਿਸਮਤ‘, ‘ਕਿਸਮਤ 2’, ‘ਸੁਫਨਾ’ ਅਤੇ ‘ਲੇਖ’ ਵਰਗੀਆਂ ਪੰਜਾਬੀ ਰੁਮਾਂਟਿਕ ਫਿਲਮਾਂ ਦੀ ਕਹਾਣੀ ਲਿਖਣ ਵਾਲੇ ਸਿੱਧੂ ਨੇ ਮੰਨਿਆ ਕਿ ਕਾਮੇਡੀ ਅਤੇ ਸਸਪੈਂਸ ਲਿਖਣਾ ਰੁਮਾਂਸ ਨਾਲੋਂ ਕਿਤੇ ਜ਼ਿਆਦਾ ਚੁਣੌਤੀਪੂਰਨ ਸੀ। ਫ਼ਿਲਮ ‘ਫੱਫੇ ਕੁੱਟਣੀਆਂ’ ਪ੍ਰੇਮ ਸਿੰਘ ਸਿੱਧੂ ਵੱਲੋਂ ਬਣਾਈ ਗਈ ਹੈ। ਫਿਲਮ ਵਿੱਚ ਗੁਰਬਾਜ਼ ਸਿੰਘ, ਨਿਸ਼ਾ ਬਾਨੋ, ਅੰਮ੍ਰਿਤ ਅੰਬੀ, ਪ੍ਰਭ ਬੈਂਸ ਅਤੇ ਅਸ਼ੋਕ ਤਾਂਗੜੀ ਵੀ ਹਨ।