ਮੈਨੂੰ ਲੋਕਾਂ ਦੀਆਂ ਗੱਲਾਂ ਨਾਲ ਕੋਈ ਫ਼ਰਕ ਨਹੀਂ ਪੈਂਦਾ: ਦਿਲਜੀਤ
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਖਿਆ ਕਿ ਲੋਕ ਉਸ ਬਾਰੇ ਕੀ ਸੋਚਦੇ ਹਨ, ਇਸ ਨਾਲ ਉਸ ਨੂੰ ਫ਼ਰਕ ਨਹੀਂ ਪੈਂਦਾ ਪਰ ਉਸ ਦੇ ਮਨ ’ਚ ਸਾਰਿਆਂ ਲਈ ਪਿਆਰ ਹੈ। ਦਿਲਜੀਤ ਨੇ ਆਸਟਰੇਲੀਆ ਦੇ ਸ਼ਹਿਰ ਬ੍ਰਿਸਬਨ ’ਚ ਸੰਗੀਤਕ ਸਮਾਗਮ ’ਚ ਸ਼ਿਰਕਤ ਕੀਤੀ। ਉਸ ਨੇ ਪ੍ਰੋਗਰਾਮ ਦੀ ਵੀਡੀਓ ਸਾਂਝੀ ਕਰਦਿਆਂ ਆਖਿਆ, ‘ਹਮੇਸ਼ਾ ਪਿਆਰ ਦੀਆਂ ਗੱਲਾਂ ਕਰੋ। ਮੇਰੇ ਗੁਰੂ ਸਾਹਿਬਾਨ ਕਹਿੰਦੇ ਹਨ, ਸਾਰੇ ਮਨੁੱਖ ਇੱਕ ਹਨ। ਇਹ ਧਰਤੀ ਵੀ ਇੱਕ ਹੈ। ਮੇਰਾ ਜਨਮ ਇਸੇ ਮਿੱਟੀ ’ਚ ਹੋਇਆ ਹੈ ਅਤੇ ਇੱਕ ਦਿਨ ਇਸੇ ਮਿੱਟੀ ’ਚ ਮਿਲ ਜਾਣਾ ਹੈ। ਮੇਰੇ ਮਨ ’ਚ ਸਾਰਿਆਂ ਲਈ ਪਿਆਰ ਹੈ। ਭਾਵੇਂ ਕੋਈ ਮੇਰੇ ਨਾਲ ਈਰਖਾ ਕਰੇ ਜਾਂ ਸੋਸ਼ਲ ਮੀਡੀਆ ’ਤੇ ਮੇਰੇ ਖ਼ਿਲਾਫ਼ ਕੂੜ-ਪ੍ਰਚਾਰ ਕਰੇ ਪਰ ਮੈਂ ਹਮੇਸ਼ਾ ਪਿਆਰ ਦਾ ਸੰਦੇਸ਼ ਦਿੰਦਾ ਹਾਂ। ਮੈਂ ਅੱਗੇ ਵੀ ਇਹ ਕੰਮ ਜਾਰੀ ਰੱਖਾਂਗਾ। ਲੋਕ ਮੇਰੇ ਬਾਰੇ ਕੀ ਸੋਚਦੇ ਹਨ, ਇਸ ਨਾਲ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ।’’ ਜਾਣਕਾਰੀ ਅਨੁਸਾਰ ਗੁਰਪਤਵੰਤ ਸਿੰਘ ਪੰਨੂ ਦੀ ਜਥੇਬੰਦੀ ਸਿਖਸ ਫਾਰ ਜਸਟਿਸ ਨੇ ਪਹਿਲੀ ਨਵੰਬਰ ਨੂੰ ਆਸਟਰੇਲੀਆ ਵਿੱਚ ਹੋਣ ਵਾਲੇ ਦਿਲਜੀਤ ਦੇ ਸ਼ੋਅ ਤੋਂ ਪਹਿਲਾਂ ਉਸ ਨੂੰ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਦਿਲਜੀਤ ਦੀ ਇਹ ਪਹਿਲੀ ਪੋਸਟ ਹੈ। ਸਿਖਸ ਫਾਰ ਜਸਟਿਸ ਨੇ ਦਿਲਜੀਤ ਵੱਲੋਂ ‘ਕੌਨ ਬਨੇਗਾ ਕਰੋੜਪਤੀ’ ਦੇ ਸੈੱਟ ’ਤੇ ਅਮਿਤਾਭ ਬੱਚਨ ਦੇ ਪੈਰੀਂ ਹੱਥ ਲਾਉਣ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ।
 
 
             
            