ਰਿਤਿਕ ਰੌਸ਼ਨ ਨੇ ਜੈਕੀ ਚੈਨ ਨਾਲ ਤਸਵੀਰ ਸਾਂਝੀ ਕੀਤੀ
ਬੌਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੇ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਅੱਜ ਐਕਸ਼ਨ ਸਟਾਰ ਜੈਕੀ ਚੈਨ ਨਾਲ ਤਸਵੀਰ ਸਾਂਝੀ ਕੀਤੀ ਹੈ। ਇਸ ਸਬੰਧੀ ਇੰਸਟਾਗ੍ਰਾਮ ’ਤੇ ਪੋਸਟ ਵਿੱਚ ਉਸ ਨੇ ਜੈਕੀ ਨਾਲ ਤਸਵੀਰ ਪਾਈ ਹੈ। ਉਸ ਨੇ ਮੀਟਿੰਗ ਨੂੰ ਐਕਸ਼ਨ ਸਿਨੇਮਾ ਵਿੱਚ ਅਦਾਕਾਰ ਦੇ ਯੋਗਦਾਨ ਨੂੰ ਸਤਿਕਾਰ ਭੇਟ ਕਰਨਾ ਦੱਸਿਆ ਹੈ। ਇਸ ਪੋਸਟ ਵਿੱਚ ਉਸ ਨੇ ਲਿਖਿਆ ਹੈ, ‘‘ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਹੈ ਸਰ ਜੈਕੀ ਚੈਨ। ਮੇਰੀਆਂ ਟੁੱਟੀਆਂ ਹੱਡੀਆਂ ਤੁਹਾਡੀਆਂ ਟੁੱਟੀਆਂ ਹੋਈਆਂ ਹੱਡੀਆਂ ਵੱਲ ਦੇਖਦੀਆਂ ਹਨ।’’ ਇਸ ਫੋਟੋ ਵਿੱਚ ਰਿਤਿਕ ਨੇ ਚਿੱਟੇ ਕੱਪੜੇ ਪਾਏ ਹੋਏ ਹਨ। ਉਸ ਟੀ-ਸ਼ਰਟ ਨਾਲ ਚਿੱਟੀ ਡੈਨਿਮ ਜੈਕਿਟ ਪਾਈ ਹੋਈ ਹੈ ਅਤੇ ਸਫੈ਼ਦ ਪੈਂਟ ਪਾਈ ਹੈ। ਇਸ ਵਿੱਚ ਉਸ ਨੇ ਟੋਪੀ ਵੀ ਲਈ ਹੋਈ ਹੈ। ਫਿਲਮ ‘ਰਸ਼ ਆਵਰ’ ਦਾ ਅਦਾਕਾਰ ਇਸ ਫੋਟੋ ਵਿੱਚ ਮੁਸਕੁਰਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਫੋਟੋ ਸਾਂਝੀ ਕਰਦਿਆਂ ਰਿਤਿਕ ਰੌਸ਼ਨ ਨੇ ਐਕਸ਼ਨ ਫਿਲਮਾਂ ਦੇ ਮਹਾਨ ਅਦਾਕਾਰ ਲਈ ਸ਼ਰਧਾ ਦਾ ਪ੍ਰਗਟਾਵਾ ਕੀਤਾ ਹੈ। ਰਿਤਿਕ ਨੇ ਕਿਹਾ ਕਿ ਜੈਕੀ ਦੇ ਐਕਸ਼ਨ ਉਸ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ। ਇਹ ਪਹਿਲੀ ਵਾਰ ਨਹੀਂ ਹੈ ਕਿ ਰੀਤਿਕ ਰੌਸ਼ਨ ਐਕਸ਼ਨ ਸਟਾਰ ਨੂੰ ਮਿਲਿਆ ਹੋਵੇ। ਇਸ ਤੋਂ ਪਹਿਲਾਂ ਉਸ ਨੇ ਸਾਲ 2019 ਵਿੱਚ ਵੀ ਫਿਲਮ ‘ਕਾਬਿਲ’ ਦੇ ਚੀਨ ਵਿੱਚ ਪ੍ਰੀਮੀਅਰ ਦੌਰਾਨ ਜੈਕੀ ਨਾਲ ਫੋਟੋ ਸਾਂਝੀ ਕੀਤੀ ਸੀ। ਇਨ੍ਹੀਂ ਦਿਨੀਂ ਅਦਾਕਾਰ ਰਿਤਿਕ ਨੇ ਓਟੀਟੀ ਮੰਚ ਲਈ ਨਿਰਮਾਤਾ ਵਜੋਂ ਆਪਣਾ ਸਫ਼ਰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ‘ਸਟੌਰਮ’ ਦੇ ਨਾਂ ਹੇਠ ਬਣਨ ਵਾਲੀ ਇਹ ਸੀਰੀਜ਼ ਉਹ ਪ੍ਰਾਈਮ ਵੀਡੀਓਜ਼ ਨਾਲ ਰਲ ਕੇ ਬਣਾ ਰਿਹਾ ਹੈ। ਇਸ ਨੂੰ ਮੁੰਬਈ ਵਿੱਚ ਸ਼ੂਟ ਕੀਤਾ ਜਾਵੇਗਾ।
