ਵਿਦਿਆਰਥੀਆਂ ਨੂੰ ਸਾਹਿਤ ਵੱਲ ਕਿਵੇਂ ਪ੍ਰੇਰੀਏ...
ਤਕਰੀਬਨ ਚਾਰ ਦਹਾਕੇ ਪਹਿਲਾਂ ਕਿਸੇ ਵਿਦਵਾਨ ਨੇ ਕਿਹਾ ਸੀ- “ਪੁਸਤਕ ਹੱਥ ਵਿੱਚ ਹੋਵੇ ਤਾਂ ਸ਼ਿੰਗਾਰ ਹੁੰਦੀ ਹੈ, ਸਿਰ ’ਤੇ ਚੜ੍ਹ ਜਾਵੇ ਤਾਂ ਹੰਕਾਰ ਹੁੰਦੀ ਹੈ ਪਰ ਜੇ ਦਿਲ ਵਿੱਚ ਵਸ ਜਾਵੇ ਤਾਂ ਪਿਆਰ ਹੁੰਦੀ ਹੈ।” ਅੱਜ ਦੇ ਕੰਪਿਊਟਰ ਯੁੱਗ ਵਿੱਚ ਹਰ ਨੌਜਵਾਨ, ਮੁਟਿਆਰ, ਔਰਤ, ਪੁਰਸ਼, ਬਜ਼ੁਰਗਾਂ ਤੋਂ ਇਲਾਵਾ ਛੋਟੇ ਬੱਚਿਆਂ ਦੇ ਹੱਥਾਂ ਵਿੱਚ ਮੋਬਾਈਲ ਫੋਨ ਆ ਗਏ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਸ ਚੀਜ਼-ਵਸਤ ਵਿੱਚ ਵਧੇਰੇ ਆਕਰਸ਼ਣ ਹੋਵੇ, ਉਹ ਸਾਨੂੰ ਵਧੇਰੇ ਤੇਜ਼ੀ ਨਾਲ ਆਪਣੇ ਵੱਲ ਖਿੱਚਦੀ ਹੈ। ਮੋਬਾਈਲ ਫੋਨ ਵਿੱਚ ਬਹੁਤ ਸਾਰੀਆਂ ਸਹੂਲਤਾਂ ਇਕੱਤਰ ਕਰ ਦਿੱਤੀਆਂ ਗਈਆਂ ਹਨ। ਇਹੋ ਕਾਰਨ ਹੈ ਕਿ ਮੋਬਾਈਲ ਫੋਨ ਸਾਡੇ ਸਾਰਿਆਂ ਲਈ ਖਿੱਚ ਦਾ ਕੇਂਦਰ ਬਣ ਗਿਆ ਹੈ। ਮੋਬਾਈਲ ਫੋਨ ਰਾਹੀਂ ਅਸੀਂ ਭਾਵੇਂ ਬਹੁਤ ਸਾਰੀਆਂ ਸਹੂਲਤਾਂ, ਗਿਆਨ, ਵਿਗਿਆਨ ਆਦਿ ਤੱਕ ਪਹੁੰਚ ਕਰ ਸਕਦੇ ਹਾਂ ਪਰ ਇਸੇ ਮੋਬਾਈਲ ਫੋਨ ਨੇ ਸਾਡੇ ਬੱਚਿਆਂ, ਨੌਜਵਾਨਾਂ, ਮੁਟਿਆਰਾਂ, ਔਰਤਾਂ ਤੇ ਮਰਦਾਂ ਨੂੰ ਜਿੰਨਾ ਕੁਰਾਹੇ ਪਾਇਆ ਹੈ, ਇਨਾ ਪਹਿਲਾਂ ਕਦੇ ਨਹੀਂ ਸੀ ਹੋਇਆ। ਛੋਟੇ-ਛੋਟੇ ਬੱਚਿਆਂ ਦੇ ਨਜ਼ਰ ਦੀਆਂ ਐਨਕਾਂ ਲੱਗ ਗਈਆਂ ਹਨ। ਉਹ ਘਰਾਂ ਤੋਂ ਬਾਹਰ ਖੁੱਲ੍ਹੇ ਮੈਦਾਨਾਂ ਵਿੱਚ ਖੇਡਣ ਦੀ ਥਾਂ ਮੋਬਾਈਲ ਫੋਨ ’ਤੇ ਗੇਮਾਂ ਖੇਡਣ ਨੂੰ ਤਰਜੀਹ ਦੇਣ ਲੱਗ ਪਏ ਹਨ। ਔਰਤਾਂ ਤੇ ਪੁਰਸ਼ਾਂ ਵਿੱਚ ਵਿਭਚਾਰ ਵਧਾਉਣ ਵਿੱਚ ਮੋਬਾਈਲ ਫੋਨ ਮਾਰੂ ਸਿੱਧ ਹੋ ਰਿਹਾ ਹੈ। ਰਿਸ਼ਤਿਆਂ ਵਿੱਚ ਵਧ ਰਹੀਆਂ ਦੂਰੀਆਂ ਦਾ ਕਾਰਨ ਵੀ ਮੋਬਾਈਲ ਫੋਨ ਹੀ ਹੈ। ਵਿਅੰਗਮਈ ਕਵਿਤਾ ਲਿਖਣ ਵਾਲੇ ਇੱਕ ਕਵੀ ਨੇ ਲਿਖਿਆ ਹੈ- ‘ਗੂਗਲ ਤੋਂ ਹੋਰ ਸਭ ਕੁਝ ਡਾਊਨਲੋਡ ਕੀਤਾ ਜਾ ਸਕਦਾ ਹੈ, ਪਰ ਰੋਟੀ ਨਹੀਂ।’
ਮੋਬਾਈਲ ਫੋਨ ਦੇ ਵਧ ਰਹੇ ਮਾਰੂ ਪ੍ਰਭਾਵਾਂ ਕਾਰਨ ਸਿੱਖਿਆ ਸ਼ਾਸਤਰੀਆਂ, ਮਨੋਵਿਗਿਆਨੀਆਂ, ਬੁੱਧੀਜੀਵੀਆਂ, ਸੂਝਵਾਨ ਪਤਵੰਤਿਆਂ ਅਤੇ ਸਮਾਜ ਪ੍ਰਤੀ ਫ਼ਿਕਰਮੰਦ ਸਕੂਲ ਮੁਖੀਆਂ ਦਾ ਕਹਿਣਾ ਹੈ ਕਿ ਜੇ ਸਮਾਜ ਵਿੱਚ ਚੰਗੀਆਂ ਉੱਚ ਨੈਤਿਕ ਕਦਰਾਂ-ਕੀਮਤਾਂ ਨੂੰ ਬਚਾਉਣਾ ਹੈ ਤਾਂ ਮੋਬਾਈਲ ਫੋਨ ਦੀ ਵਧ ਰਹੀ ਵਰਤੋਂ ਨੂੰ ਰੋਕਣਾ ਜ਼ਰੂਰੀ ਹੈ। ਇਸ ਦੀ ਖ਼ਤਰਨਾਕ ਹੱਦ ਤੱਕ ਵਧਦੀ ਮਾਰੂ ਵਰਤੋਂ ਰੋਕਣ ਦਾ ਪ੍ਰਬੰਧ ਸਾਨੂੰ ਆਪਣੇ ਘਰਾਂ ਤੋਂ ਹੀ ਆਰੰਭ ਕਰਨਾ ਬਣਦਾ ਹੈ, ਤਦ ਹੀ ਇਸ ਦੀ ਵਧਦੀ ਵਰਤੋਂ ਘਟਾਈ ਜਾ ਸਕਦੀ ਹੈ।
ਵਿਗਿਆਨ ਨੇ ਤਰੱਕੀ ਦੀਆਂ ਸਿਖਰਾਂ ਛੋਹੀਆਂ ਹਨ। ਇਸ ਨੇ ਨਵੀਆਂ ਕਾਢਾਂ ਨਾਲ ਮਨੁੱਖ ਦੇ ਜੀਵਨ ਨੂੰ ਬਹੁਤ ਸੁਖਾਲਾ ਬਣਾ ਦਿੱਤਾ ਹੈ। ਹੁਣ ਸਾਰਾ ਸੰਸਾਰ ਮੋਬਾਈਲ ਫੋਨ, ਟੀਵੀ ਅਤੇ ਹੋਰ ਸਾਧਨਾਂ ਰਾਹੀਂ ਸਾਡੀ ਮੁੱਠੀ ਵਿੱਚ ਆ ਗਿਆ ਹੈ। ਵਿਗਿਆਨ ਦੀਆਂ ਇਨ੍ਹਾਂ ਵਡਮੁੱਲੀਆਂ ਕਾਢਾਂ ਨੇ ਬੇਸ਼ੱਕ ਸੰਸਾਰ ਨੂੰ ਇੱਕ ਦੂਜੇ ਦੇ ਨੇੜੇ ਲਿਆਂਦਾ ਹੈ, ਪਰ ਅਸੀਂ ਸਾਰੇ ਇਸ ਦੀ ਜਕੜ ਵਿੱਚ ਆ ਚੁੱਕੇ ਹਾਂ। ਇਹ ਵੀ ਤੱਥ ਹੈ ਕਿ ਅੱਜ ਅਸੀਂ ਇੱਕ ਦੂਜੇ ਤੋਂ ਬਹੁਤ ਦੂਰ ਹੋ ਗਏ ਹਾਂ। ਘਰਾਂ ਵਿੱਚ ਅਕਸਰ ਹੁੰਦਾ ਹੈ ਕਿ ਹੁਣ ਮਾਵਾਂ ਆਪਣਾ ਰਸੋਈ ਦਾ ਕੰਮ ਨਿਬੇੜਨ ਲਈ ਨਿੱਕੇ-ਨਿੱਕੇ ਬਾਲਾਂ ਦੇ ਹੱਥਾਂ ਵਿੱਚ ਮੋਬਾਈਲ ਫੋਨ ਫੜਾ ਦਿੰਦੀਆਂ ਹਨ; ਜਾਂ ਫਿਰ ਟੀਵੀ ਚਲਾ ਕੇ ਉਨ੍ਹਾਂ ਨੂੰ ਟੀਵੀ ਦੇ ਸਾਹਮਣੇ ਬਿਠਾ ਦਿੰਦੀਆਂ ਹਨ। ਨਤੀਜੇ ਵਜੋਂ ਬੱਚੇ ਹੌਲੀ-ਹੌਲੀ ਇਨ੍ਹਾਂ ਚੀਜ਼ਾਂ ਦੇ ਆਦੀ ਹੋ ਰਹੇ ਹਨ। ਇਹ ਮਨੋਵਿਗਿਆਨਕ ਸਚਾਈ ਹੈ ਕਿ ਮੁੱਢ ਵਿੱਚ ਛੋਟੇ ਬੱਚਿਆਂ ਦੀਆਂ ਆਦਤਾਂ ਜਿੱਥੇ ਪੱਕ ਜਾਂਦੀਆਂ ਹਨ, ਉਨ੍ਹਾਂ ਨੂੰ ਫਿਰ ਉਸ ਪਾਸੋਂ ਮੋੜਨਾ ਕਠਿਨ ਹੋ ਜਾਂਦਾ ਹੈ।
ਇਹ ਵੀ ਤੱਥ ਹੈ ਕਿ ਮਾਂ ਬੇਸ਼ੱਕ ਪੜ੍ਹੀ ਲਿਖੀ ਹੋਵੇ ਜਾਂ ਅਨਪੜ੍ਹ, ਉਸ ਦੇ ਅੰਦਰ ਵਿਸ਼ਾਲ ਯੂਨੀਵਰਸਿਟੀ ਟਿਕੀ ਹੁੰਦੀ ਹੈ। ਬੱਚੇ ਨੂੰ ਬਹੁਤਾ ਗਿਆਨ ਆਪਣੀ ਮਾਂ ਕੋਲੋਂ ਹੀ ਮਿਲਦਾ ਹੈ। ਮਨੋਵਿਗਿਆਨ ਅਨੁਸਾਰ ਬੱਚੇ ਦੀ ਪੜ੍ਹਾਈ ਦਾ ਆਰੰਭ ਉਸ ਸਮੇਂ ਤੋਂ ਹੀ ਹੋ ਜਾਂਦਾ ਹੈ, ਜਦੋਂ ਬੱਚਾ ਮਾਂ ਦੇ ਗਰਭ ਵਿੱਚ ਹੁੰਦਾ ਹੈ। ਗਰਭਕਾਲ ਦੌਰਾਨ ਮਾਂ ਕੀ ਕੁਝ ਪੜ੍ਹਦੀ, ਕੀ ਦੇਖਦੀ ਤੇ ਕੀ ਕੁਝ ਸੋਚਦੀ ਹੈ, ਇਨ੍ਹਾਂ ਗੱਲਾਂ ਦਾ ਸਿੱਧਾ ਅਸਰ ਗਰਭ ਵਿੱਚ ਪਲ਼ ਰਹੇ ਬੱਚੇ ਦੀ ਬੁੱਧੀ, ਸਿਹਤ ਅਤੇ ਮਾਨਸਿਕਤਾ ’ਤੇ ਪੈਂਦਾ ਹੈ। ਇਸ ਲਈ ਗਰਭਵਤੀ ਔਰਤਾਂ ਨੂੰ ਆਪਣੇ ਵਿਹਲੇ ਸਮੇਂ ਵਿੱਚ ਨੈਤਿਕ ਕਦਰਾਂ-ਕੀਮਤਾਂ ਅਤੇ ਮਾਨਵੀ ਸੰਵੇਦਨਸ਼ੀਲਤਾ ਨਾਲ ਜੁੜਿਆ ਸਾਹਿਤ ਪੜ੍ਹਨਾ ਚਾਹੀਦਾ ਹੈ ਤਾਂ ਜੋ ਬੱਚੇ ਦੀ ਮਾਨਸਿਕਤਾ ’ਤੇ ਵੀ ਉਸਾਰੂ ਅਤੇ ਸਕਾਰਾਤਮਕ ਪ੍ਰਭਾਵ ਪੈ ਸਕੇ। ਸੰਵੇਦਨਸ਼ੀਲ ਅਤੇ ਕੋਮਲ ਪਲਾਂ ਦੌਰਾਨ ਪਤੀ ਪਤਨੀ ਆਪਸ ਵਿੱਚ ਗੱਲਬਾਤ ਕਰਦਿਆਂ ਵੀ ਸ਼ਾਲੀਨਤਾ ਭਰੀ ਸੱਭਿਅਕ ਸ਼ਬਦਾਵਲੀ ਦੀ ਵਰਤੋਂ ਕਰਨ। ਘਰ ਵਿੱਚ ਟੈਲੀਵਿਜ਼ਨ ਜਾਂ ਮੋਬਾਈਲ ਫੋਨ ’ਤੇ ਦੇਖੇ ਜਾਣ ਵਾਲੇ ਪ੍ਰੋਗਰਾਮਾਂ ਦੀ ਚੋਣ ਸੋਚ ਵਿਚਾਰ ਕੇ ਕਰਨੀ ਚਾਹੀਦੀ ਹੈ।
ਜਦੋਂ ਛੋਟਾ ਬੱਚਾ ਜਨਮ ਲੈ ਲੈਂਦਾ ਹੈ, ਤਦ ਵੀ ਬੱਚੇ ਨੂੰ ਦੁੱਧ ਚੁੰਘਾਉਂਦੇ ਸਮੇਂ ਮਾਂ ਦਾ ਹਿਰਦਾ ਸ਼ਾਂਤ, ਸਹਿਜ, ਹੁਲਾਸ ਅਤੇ ਖ਼ੁਸ਼ੀ ਭਰਿਆ ਹੋਣਾ ਚਾਹੀਦਾ ਹੈ। ਜੇ ਕੋਈ ਔਰਤ ਆਪਣੇ ਬੱਚੇ ਨੂੰ ਦੁੱਧ ਚੁੰਘਾਉਂਦੇ ਸਮੇਂ ਮੋਬਾਈਲ ਫੋਨ ’ਤੇ ਕੋਈ ਅਸ਼ਲੀਲ ਜਾਂ ਮਾਰਧਾੜ ਦਾ ਦ੍ਰਿਸ਼, ਚਿੱਤਰ, ਵੀਡੀਓ, ਆਡੀਓ ਦੇਖ ਰਹੀ ਹੈ, ਤਦ ਮਾਂ ਦਾ ਦੁੱਧ ਬੱਚੇ ਦਾ ਕੇਵਲ ਪੇਟ ਹੀ ਭਰੇਗਾ, ਉਸ ਲਈ ਉਹ ਅੰਮ੍ਰਿਤ ਨਹੀਂ ਬਣ ਸਕੇਗਾ।
ਮਾਂ ਤੋਂ ਇਲਾਵਾ ਬੱਚਿਆਂ ਦੇ ਪਿਤਾ, ਦਾਦਾ, ਦਾਦੀ ਅਤੇ ਹੋਰ ਪਰਿਵਾਰਕ ਜੀਅ ਵੀ ਉਨ੍ਹਾਂ ਦੀ ਮਾਨਸਿਕਤਾ ਘੜਨ ਵਿੱਚ ਰੋਲ ਅਦਾ ਕਰਦੇ ਹਨ। ਅੱਜ ਦੇ ਬੱਚੇ ਉਹ ਨਹੀਂ ਕਰਦੇ, ਜੋ ਕੁਝ ਕਰਨ ਲਈ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਸਗੋਂ ਉਹ ਜੋ ਕੁਝ ਆਪਣੇ ਸਾਹਮਣੇ ਹੁੰਦਾ ਦੇਖਦੇ ਹਨ, ਉਹ ਕਰਦੇ ਹਨ। ਇਸ ਲਈ ਘਰ ਵਿੱਚ ਮਾਤਾ ਪਿਤਾ, ਦਾਦਾ ਦਾਦੀ ਅਤੇ ਹੋਰ ਜੀਅ ਖ਼ੁਦ ਕੋਈ ਪੁਸਤਕ, ਅਖ਼ਬਾਰ, ਰਸਾਲਾ ਲੈ ਕੇ ਪੜ੍ਹਨ ਲਈ ਬੈਠਣ। ਜਦੋਂ ਛੋਟੇ ਬੱਚੇ ਘਰ ਦੇ ਵੱਡੇ ਮੈਂਬਰਾਂ ਨੂੰ ਪੜ੍ਹਦਾ ਦੇਖਦੇ ਹਨ ਤਾਂ ਸਹਿਜ ਸੁਭਾਅ ਛੋਟੇ ਬੱਚੇ ਵੀ ਪੜ੍ਹਨ ਲਈ ਜ਼ਰੂਰ ਬੈਠਦੇ ਹਨ। ਇਸ ਪ੍ਰਕਾਰ ਬੱਚਿਆਂ ਸਾਹਮਣੇ ਖ਼ੁਦ ਨੂੰ ਮਾਡਲ ਦੇ ਰੂਪ ਵਿੱਚ ਪੇਸ਼ ਕਰਨਾ ਜ਼ਰੂਰੀ ਹੈ। ਜੇ ਮਾਤਾ ਪਿਤਾ, ਦਾਦਾ ਦਾਦੀ ਅਨਪੜ੍ਹ ਹਨ, ਤਦ ਵੀ ਉਹ ਇੰਨਾ ਤਾਂ ਕਰ ਹੀ ਸਕਦੇ ਹਨ ਕਿ ਬੱਚਿਆਂ ਸਾਹਮਣੇ ਬੈਠ ਕੇ ਮੋਬਾਈਲ ਫੋਨ ਨਾ ਚਲਾਉਣ।
ਮਾਂ, ਦਾਦੀ ਜਾਂ ਦਾਦੇ ਕੋਲ ਜਦੋਂ ਵੀ ਸਮਾਂ ਹੋਵੇ, ਜਾਂ ਜਦੋਂ ਬੱਚਿਆਂ ਨੂੰ ਵਿਹਲ ਹੋਵੇ, ਉਨ੍ਹਾਂ ਨੂੰ ਨੈਤਿਕ ਕਦਰਾਂ-ਕੀਮਤਾਂ ਨਾਲ ਭਰੀਆਂ ਕਹਾਣੀਆਂ, ਬਾਤਾਂ, ਸਾਖੀਆਂ, ਕਥਾਵਾਂ ਜ਼ਰੂਰ ਸੁਣਾਉਣ। ਕਹਾਣੀ ਸੁਣਨ ਨਾਲ ਬੱਚਿਆਂ ਨੂੰ ਜਿੱਥੇ ਪੂਰਾ ਧਿਆਨ ਲਗਾ ਕੇ ਸੁਣਨ ਦੀ ਆਦਤ ਪੱਕੀ ਹੁੰਦੀ ਹੈ, ਉੱਥੇ ਉਨ੍ਹਾਂ ਦੀ ਕਲਪਨਾ ਸ਼ਕਤੀ ਵੀ ਤੀਬਰ ਹੁੰਦੀ ਹੈ। ਉਨ੍ਹਾਂ ਦੇ ਮਨ ਅੰਦਰ ਨਵੀਆਂ ਚੀਜ਼ਾਂ ਬਾਰੇ ਜਿਗਿਆਸਾ ਵਧਦੀ ਹੈ। ਫਿਰ ਸਮੇਂ ਨਾਲ ਛੋਟੇ ਬੱਚੇ ਖ਼ੁਦ ਵੀ ਸਾਹਿਤ ਸਿਰਜਣਾ ਦੇ ਰਾਹ ਤੁਰ ਪੈਂਦੇ ਹਨ।
ਬਹੁਤ ਛੋਟੀ ਉਮਰ ਦੇ ਬੋਲਣਾ ਸਿੱਖ ਰਹੇ ਬੱਚਿਆਂ ਦੇ ਹੱਥਾਂ ਵਿੱਚ ਰੰਗਦਾਰ ਤਸਵੀਰਾਂ ਵਾਲੀਆਂ ਪੁਸਤਕਾਂ ਦੇਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਉਨ੍ਹਾਂ ਦੀ ਜ਼ੁਬਾਨ ਦਾ ਵਿਕਾਸ ਹੁੰਦਾ ਹੈ। ਬੱਚੇ ਚੀਜ਼ਾਂ ਨੂੰ ਹੋਰ ਵਧੇਰੇ ਜਾਣਨ ਲਈ ਕਈ ਤਰ੍ਹਾਂ ਦੇ ਪ੍ਰਸ਼ਨ ਪੁੱਛਦੇ ਹਨ ਪਰ ਇਸ ਦੇ ਲਈ ਸਭ ਤੋਂ ਪਹਿਲਾਂ ਮਾਂ ਅਤੇ ਪਰਿਵਾਰ ਦੇ ਹੋਰ ਜੀਆਂ ਨੂੰ ਖ਼ੁਦ ਕਿਤਾਬਾਂ, ਅਖ਼ਬਾਰ, ਮੈਗਜ਼ੀਨ ਆਦਿ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ। ਜਦੋਂ ਉਹ ਘਰ ਵਿੱਚ ਖ਼ੁਦ ਕਿਤਾਬਾਂ ਪੜ੍ਹਨਗੇ, ਤਦ ਬੱਚੇ ਵੀ ਉਨ੍ਹਾਂ ਦੀ ਰੀਸ ਨਾਲ਼ ਹੱਥਾਂ ਵਿੱਚ ਕਿਤਾਬਾਂ ਲੈ ਕੇ ਪੜ੍ਹਨ ਬੈਠਣਗੇ। ਫਿਰ ਉਹ ਮੋਬਾਈਲ ਫੋਨ ਜਾਂ ਟੀਵੀ ਦੇ ਰਿਮੋਟ ਦੀ ਭਾਲ ਨਹੀਂ ਕਰਨਗੇ। ਸਾਨੂੰ ਘਰਾਂ ਵਿੱਚ ਬਾਲ ਸਾਹਿਤ ਨਾਲ ਸਬੰਧਿਤ ਪੁਸਤਕਾਂ ਅਤੇ ਰਸਾਲੇ ਮੰਗਵਾਉਣੇ ਚਾਹੀਦੇ ਹਨ, ਫਿਰ ਬੱਚਿਆਂ ਨਾਲ ਬੈਠ ਕੇ ਪੜ੍ਹਨੇ ਚਾਹੀਦੇ ਹਨ। ਉਨ੍ਹਾਂ ਵਿਚਲਾ ਸਾਹਿਤ ਬੱਚਿਆਂ ਨੂੰ ਸੁਣਾ ਕੇ ਅਤੇ ਪੜ੍ਹਨ ਲਈ ਦੇ ਕੇ ਬੱਚਿਆਂ ਨੂੰ ਸਾਹਿਤ ਪੜ੍ਹਨ ਵਾਲੇ ਪਾਸੇ ਜੋੜਿਆ ਜਾ ਸਕਦਾ ਹੈ। ਤਾਮਿਲਨਾਡੂ ਅਤੇ ਕੇਰਲ ਵਿੱਚ ਹਰ ਘਰ ਵਿੱਚ ਲਾਇਬ੍ਰੇਰੀ ਬਣਾਈ ਗਈ ਹੈ। ਉੱਥੇ ਉਨ੍ਹਾਂ ਨੇ ਵਾਧਾ ਇਹ ਕੀਤਾ ਹੈ ਕਿ ਛੋਟੇ ਬੱਚਿਆਂ ਲਈ ਉਨ੍ਹਾਂ ਦੀ ਉਮਰ ਅਤੇ ਰੁਚੀਆਂ ਅਨੁਸਾਰ ਵੱਖਰੀ ਲਾਇਬ੍ਰੇਰੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਤਰ੍ਹਾਂ ਸਾਨੂੰ ਪੰਜਾਬੀਆਂ ਨੂੰ ਵੀ ਆਪਣੇ ਘਰਾਂ ਵਿੱਚ ਲਾਇਬ੍ਰੇਰੀ ਜ਼ਰੂਰ ਬਣਾਉਣੀ ਚਾਹੀਦੀ ਹੈ। ਜਦੋਂ ਬੱਚੇ ਆਪਣੇ ਘਰਾਂ ਵਿੱਚ ਬਹੁਤ ਸਾਰੀਆਂ ਪੁਸਤਕਾਂ ਨੂੰ ਸੰਗ੍ਰਹਿ ਦੇ ਰੂਪ ਵਿੱਚ ਦੇਖਣਗੇ, ਤਦ ਉਹ ਇਨ੍ਹਾਂ ਪੁਸਤਕਾਂ ਨੂੰ ਪੜ੍ਹਨ ਲਈ ਉਤਸ਼ਾਹਿਤ ਹੋਣਗੇ।
ਵਿਦੇਸ਼ਾਂ ਵਿੱਚ ਆਮ ਲੋਕ ਘਰਾਂ ਵਿੱਚ ਅਤੇ ਸਫ਼ਰ ਦੌਰਾਨ ਕਿਤਾਬਾਂ ਪੜ੍ਹਦੇ ਹਨ। ਇਸ ਢੰਗ ਨਾਲ ਉਹ ਆਪਣੇ ਬੱਚਿਆਂ ਨੂੰ ਵੀ ਪੁਸਤਕਾਂ ਪੜ੍ਹਨ ਦੀ ਆਦਤ ਬਚਪਨ ਤੋਂ ਹੀ ਪਾ ਦਿੰਦੇ ਹਨ। ਉਹ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਸਮੇਂ ਬੱਚਿਆਂ ਦੇ ਪਸੰਦ ਦੀਆਂ ਵਸਤੂਆਂ ਅਤੇ ਪੁਸਤਕਾਂ ਉਨ੍ਹਾਂ ਨੂੰ ਤੋਹਫ਼ੇ ਦੇ ਤੌਰ ’ਤੇ ਦਿੰਦੇ ਹਨ। ਅਜਿਹਾ ਪ੍ਰਬੰਧ ਸਾਨੂੰ ਪੰਜਾਬੀਆਂ ਨੂੰ ਵੀ ਕਰਨਾ ਚਾਹੀਦਾ ਹੈ। ਬਹੁਤਾ ਕੁਝ ਬੱਚੇ ਦੇਖ ਕੇ ਸਿੱਖਦੇ ਹਨ। ਜੇ ਘਰਾਂ ਵਿੱਚ ਮਾਂ ਪਿਉ ਅਤੇ ਸਕੂਲਾਂ ਵਿੱਚ ਪ੍ਰਿੰਸੀਪਲ ਤੇ ਅਧਿਆਪਕਾਂ ਦੇ ਹੱਥਾਂ ਵਿੱਚ ਪੁਸਤਕਾਂ ਹੋਣਗੀਆਂ ਤਾਂ ਕੁਦਰਤੀ ਤੌਰ ’ਤੇ ਬੱਚਿਆਂ ਨੂੰ ਵੀ ਇਹੋ ਆਦਤ ਪੈ ਜਾਵੇਗੀ। ਉਨ੍ਹਾਂ ਦੀ ਵੀ ਪੁਸਤਕਾਂ ਨਾਲ ਦੋਸਤੀ ਪਵੇਗੀ।
ਇਹ ਵੀ ਜ਼ਰੂਰੀ ਹੈ ਕਿ ਹਫ਼ਤੇ ਵਿੱਚ ਘੱਟੋ-ਘੱਟ ਦੋ ਦਿਨਾਂ ਸਵੇਰ ਦੀ ਸਭਾ ਵਿੱਚ ਪ੍ਰਿੰਸੀਪਲ ਜਾਂ ਕਿਸੇ ਅਧਿਆਪਕ ਵੱਲੋਂ ਪੜ੍ਹੀ ਗਈ ਪੁਸਤਕ ਦੀ ਚਰਚਾ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ। ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਦੱਸਣ ਦੀ ਲੋੜ ਹੈ ਕਿ ਹੁਣੇ-ਹੁਣੇ ਪੜ੍ਹੀ ਪੁਸਤਕ ਦਾ ਲੇਖਕ ਕੌਣ ਹੈ? ਉਸ ਦਾ ਪਿਛੋਕੜ ਕੀ ਹੈ? ਪੁਸਤਕ ਵਿੱਚ ਕਿਹੜੇ-ਕਿਹੜੇ ਵਿਸ਼ਿਆਂ ਨੂੰ ਮੁੱਖ ਤੌਰ ’ਤੇ ਛੋਹਿਆ ਗਿਆ ਹੈ। ਲੇਖਕ ਆਪਣੇ ਚੁਣੇ ਵਿਸ਼ੇ ਨੂੰ ਨਿਭਾਉਣ ਵਿੱਚ ਕਿੱਥੋਂ ਤੱਕ ਸਫਲ ਰਿਹਾ ਹੈ? ਪੁਸਤਕ ਦਾ ਸਮਾਜ ਅਤੇ ਵਿਦਿਆਰਥੀਆਂ ਉੱਤੇ ਕੀ ਪ੍ਰਭਾਵ ਪਵੇਗਾ। ਇਉਂ ਵਿਦਿਆਰਥੀਆਂ ਦੇ ਦਿਲਾਂ ਵਿੱਚ ਪੁਸਤਕ ਪੜ੍ਹਨ ਲਈ ਜਿਗਿਆਸਾ ਪੈਦਾ ਹੋਵੇਗੀ।
ਮਨੋਵਿਗਿਆਨੀਆਂ ਅਤੇ ਸਿੱਖਿਆ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਸਕੂਲਾਂ ਵਿੱਚ ਬੱਚਿਆਂ ਉੱਪਰ ਸਿਲੇਬਸ ਵਾਲੀਆਂ ਪੁਸਤਕਾਂ ਦਾ ਬੇਲੋੜਾ ਬੋਝ ਪਾ ਕੇ, ਉਨ੍ਹਾਂ ਅੰਦਰ ਪੜ੍ਹਨ ਦੀ ਰੁਚੀ ਘਟਾਈ ਜਾ ਰਹੀ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਬੋਰਡ ਵਾਲੇ ਪਾਠਕ੍ਰਮਾਂ ਦਾ ਮੁੜ ਮੁਲੰਕਣ ਕੀਤਾ ਜਾਵੇ। ਸਕੂਲੀ ਵਿਦਿਆਰਥੀਆਂ ਦੇ ਸਿਲੇਬਸ ਵਿੱਚ ਸ਼ਾਮਲ ਬੇਲੋੜੀਆਂ ਰਚਨਾਵਾਂ ਬਾਹਰ ਕੱਢੀਆਂ ਜਾਣ। ਨਵੇਂ ਸਾਹਿਤਕਾਰ ਬੱਚਿਆਂ ਦੀਆਂ ਰੁਚੀਆਂ ਨੂੰ ਧਿਆਨ ਵਿੱਚ ਰੱਖ ਕੇ ਵਧੀਆ, ਉਸਾਰੂ, ਦਿਲਚਸਪ ਸਾਹਿਤ ਸਿਰਜ ਰਹੇ ਹਨ। ਇਨ੍ਹਾਂ ਸਾਹਿਤਕਾਰਾਂ ਦੀਆਂ ਦਿਲਚਸਪ ਰਚਨਾਵਾਂ ਨੂੰ ਵਿਦਿਆਰਥੀਆਂ ਦੇ ਸਿਲੇਬਸ ਦਾ ਹਿੱਸਾ ਬਣਾਉਣ ਦੀ ਲੋੜ ਹੈ।
ਸਕੂਲ ਵਿੱਚ ਅਧਿਆਪਕਾਂ ਦਾ ਫਰਜ਼ ਹੈ ਕਿ ਉਹ ਜਦੋਂ ਵੀ ਆਪਣੀ ਜਮਾਤ ਵਿੱਚ ਜਾਣ ਤਾਂ ਹੱਥ ਵਿੱਚ ਕੋਈ ਨਾ ਪੁਸਤਕ ਜ਼ਰੂਰ ਰੱਖਣ। ਜਦੋਂ ਵਿਦਿਆਰਥੀ ਅਧਿਆਪਕ ਦੇ ਹੱਥ ਵਿੱਚ ਫੜੀ ਪੁਸਤਕ ਦੇਖਣਗੇ ਤਾਂ ਉਹ ਲਾਜ਼ਮੀ ਤੌਰ ’ਤੇ ਅਧਿਆਪਕ ਨੂੰ ਪੁਸਤਕ ਬਾਰੇ ਪ੍ਰਸ਼ਨ ਪੁੱਛਣਗੇ। ਇਹੋ ਉਹ ਸਮਾਂ ਹੁੰਦਾ ਹੈ, ਜਦੋਂ ਸੂਝਵਾਨ, ਸੁਹਿਰਦ ਤੇ ਸੰਜੀਦਾ ਅਧਿਆਪਕ ਆਪਣੇ ਤਜਰਬੇ ਦੇ ਆਧਾਰ ’ਤੇ ਪੁਸਤਕ ਦੇ ਲੇਖਕ ਬਾਰੇ ਜਾਣਕਾਰੀ ਦਿੰਦਾ ਹੋਇਆ ਅਛੋਪਲੇ ਜਿਹੇ ਵਿਦਿਆਰਥੀਆਂ ਦੇ ਦਿਲਾਂ ਵਿੱਚ ਪੁਸਤਕਾਂ ਪੜ੍ਹਨ ਦਾ ਬੀਜ ਬੀਜ ਦਿੰਦਾ ਹੈ। ਇਹੋ ਬੀਜ ਜਦੋਂ ਪੁੰਗਰਦਾ ਹੈ ਤਾਂ ਉਸ ਦੀਆਂ ਸ਼ਾਖਾਵਾਂ ਨੂੰ ਛੋਟੀਆਂ-ਛੋਟੀਆਂ ਕਵਿਤਾਵਾਂ, ਕਹਾਣੀਆਂ ਲੱਗੀਆਂ ਹੁੰਦੀਆਂ ਹਨ। ਇਹੋ ਕਵਿਤਾਵਾਂ ਕਹਾਣੀਆਂ ਬੱਚਿਆਂ ਦੇ ਮਨਾਂ ਵਿੱਚ ਪੁਸਤਕ ਪਿਆਰ ਪੈਦਾ ਕਰਨ ਦਾ ਵਸੀਲਾ ਬਣ ਜਾਂਦੀਆਂ ਹਨ। ਇਸ ਤੋਂ ਇਲਾਵਾ ਅਧਿਆਪਕ ਖ਼ੁਦ ਬੱਚਿਆਂ ਨੂੰ ਲਾਇਬ੍ਰੇਰੀ ਜਾਂ ਰੀਡਿੰਗ ਕਾਰਨਰਾਂ ਵਿੱਚ ਲੈ ਕੇ ਜਾਣ। ਉਨ੍ਹਾਂ ਨਾਲ ਬੈਠ ਕੇ ਆਪ ਵੀ ਪੁਸਤਕਾਂ, ਰਸਾਲੇ, ਮੈਗਜ਼ੀਨ ਪੜ੍ਹਨ ਅਤੇ ਬੱਚਿਆਂ ਨੂੰ ਪੜ੍ਹਨ ਲਈ ਪ੍ਰੇਰਨ। ਪੜ੍ਹੀ ਗਈ ਕਹਾਣੀ, ਕਵਿਤਾ ਜਾਂ ਲੇਖ ਉੱਤੇ ਹਲਕੀ ਫੁਲਕੀ ਚਰਚਾ ਕਰਨ। ਪ੍ਰਿੰਸੀਪਲਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਸਕੂਲ ਦੇ ਸੁਹਿਰਦ ਅਤੇ ਸੂਝਵਾਨ ਅਧਿਆਪਕਾਂ ਦੀ ਸਲਾਹ ਨਾਲ ਵਿਦਿਆਰਥੀਆਂ ਦੀਆਂ ਰੁਚੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੀਆਂ-ਨਵੀਆਂ ਪੁਸਤਕਾਂ ਸਕੂਲ ਲਾਇਬ੍ਰੇਰੀ ਵਿੱਚ ਪਾਉਂਦੇ ਰਹਿਣ।
ਬਹੁਤੇ ਸਰਕਾਰੀ, ਅਰਧ-ਸਰਕਾਰੀ, ਪ੍ਰਾਈਵੇਟ, ਪਬਲਿਕ, ਕੌਨਵੈਂਟ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੁਸਤਕਾਂ ਪੜ੍ਹਨ ਲਈ ਉਤਸ਼ਾਹਿਤ ਨਹੀਂ ਕੀਤਾ ਜਾਂਦਾ। ਜਿਹੜੇ ਅਧਿਆਪਕਾਂ ਨੂੰ ਵਿਦਿਆਰਥੀ ਆਪਣੇ ਆਦਰਸ਼ ਮੰਨੀ ਬੈਠੇ ਹਨ, ਉਹ ਖ਼ੁਦ ਹੀ ਪੁਸਤਕਾਂ ਦੇ ਨੇੜੇ ਨਹੀਂ ਢੁੱਕਦੇ। ਫਿਰ ਉਨ੍ਹਾਂ ਦੇ ਵਿਦਿਆਰਥੀਆਂ ਦੇ ਮਨਾਂ ਵਿੱਚ ਪੁਸਤਕਾਂ ਪੜ੍ਹਨ ਦੀ ਰੁਚੀ ਕਿਵੇਂ ਵਿਕਸਤ ਕੀਤੀ ਜਾ ਸਕਦੀ ਹੈ? ਲੋੜ ਇਸ ਗੱਲ ਦੀ ਹੈ ਕਿ ਸਕੂਲ ਵਿੱਚ ਹਰ ਵਿਦਿਆਰਥੀ ਦੇ ਹਫ਼ਤੇ ਵਿੱਚ ਤਿੰਨ ਪੀਰੀਅਡ ਲਾਇਬ੍ਰੇਰੀ ਲਈ ਰਾਖਵੇਂ ਰੱਖੇ ਜਾਣ। ਲਾਇਬ੍ਰੇਰੀ ਅੰਦਰ ਸੋਹਣੀ ਸੀਰਤ ਵਾਲੀ ਸ਼ਖ਼ਸੀਅਤ ਬੱਚਿਆਂ ਨੂੰ ‘ਜੀ ਆਇਆਂ ਨੂੰ’ ਕਹਿਣ ਵਾਲੀ ਹੋਵੇ ਤਾਂ ਜੋ ਬੱਚੇ ਚਾਈਂ-ਚਾਈਂ ਲਾਇਬ੍ਰੇਰੀ ਵੱਲ ਖਿੱਚੇ ਚਲੇ ਆਉਣ। ਲਾਇਬ੍ਰੇਰੀ ਦੀਆਂ ਪੁਸਤਕਾਂ ਨੂੰ ਅਲਮਾਰੀਆਂ ਵਿੱਚ ਬੰਦ ਕਰ ਕੇ ਜਿੰਦਰੇ ਲਾਉਣ ਦੀ ਲੋੜ ਨਹੀਂ, ਸਗੋਂ ਪੁਸਤਕਾਂ ਤਾਂ ਖੁੱਲ੍ਹੀਆਂ ਸ਼ੈਲਫਾਂ ਵਿੱਚ ਸਲੀਕੇ ਨਾਲ ਸਜਾ ਕੇ ਰੱਖਣੀਆਂ ਚਾਹੀਦੀਆਂ ਹਨ। ਵਿਦਿਆਰਥੀ ਆਪਣੀ ਮਨਮਰਜ਼ੀ ਨਾਲ ਪੁਸਤਕਾਂ ਦੀ ਫਰੋਲਾ-ਫਰਾਲੀ ਕਰ ਸਕਣ। ਉਹ ਆਪਣੀ ਪਸੰਦ ਦੀ ਪੁਸਤਕ ਦੀ ਚੋਣ ਕਰ ਸਕਣ। ਉਹ ਲਾਇਬ੍ਰੇਰੀ ਦੇ ਰੀਡਿੰਗ ਹਾਲ ਵਿੱਚ ਆਰਾਮ ਨਾਲ ਬੈਠ ਕੇ ਪੁਸਤਕ ਪੜ੍ਹ ਸਕਣ।
ਵਿਦਿਆਰਥੀਆਂ ਨੂੰ ਪੁਸਤਕਾਂ ਪੜ੍ਹਨ ਲਈ ਉਤਸ਼ਾਹਿਤ ਕਰਨ ਲਈ ਨਿਯਮ ਬਣਾਉਣ ਦੀ ਲੋੜ ਹੈ। ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਨਪਸੰਦ ਪੁਸਤਕ ਪੜ੍ਹਨ ਲਈ ਇੱਕ ਹਫ਼ਤੇ ਲਈ ਦਿੱਤੀ ਜਾਵੇ। ਨਾਲ ਹੀ ਕਿਹਾ ਜਾਵੇ ਕਿ ਜਿਹੜਾ ਵਿਦਿਆਰਥੀ ਪੁਸਤਕ ਇੱਕ ਹਫ਼ਤੇ ਵਿੱਚ ਪੜ੍ਹ ਲਵੇਗਾ, ਉਸ ਪੁਸਤਕ ਬਾਰੇ ਦੋ ਸਫ਼ਿਆਂ ਦੀ ਜਾਣਕਾਰੀ ਲਿਖ ਕੇ ਲਿਆਵੇਗਾ, ਤਦ ਉਸ ਵਿਦਿਆਰਥੀ ਨੂੰ ਨਵਾਂ ਰਜਿਸਟਰ ਇਨਾਮ ਵਜੋਂ ਦਿੱਤਾ ਜਾਵੇਗਾ।
ਭਾਸ਼ਾ ਦੇ ਅਧਿਆਪਕ ਆਪਸੀ ਸਹਿਮਤੀ ਨਾਲ ਕਿਸੇ ਇੱਕ ਪੁਸਤਕ ਦੀ ਚੋਣ ਕਰ ਲੈਣ। ਉਸ ਪੁਸਤਕ ਦੀਆਂ ਫੋਟੋਸਟੈਟ ਕਾਪੀਆਂ ਕਰਵਾ ਕੇ ਸਕੂਲ ਦੀ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇੱਕ-ਇੱਕ ਕਾਪੀ ਦੇ ਦਿੱਤੀ ਜਾਵੇ। ਇੱਕ ਹਫ਼ਤੇ ਪਿੱਛੋਂ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ ਪੜ੍ਹੀ ਗਈ ਪੁਸਤਕ ਵਿੱਚੋਂ ਪ੍ਰਸ਼ਨ ਪੁੱਛੇ ਜਾਣ। ਸਹੀ ਉੱਤਰ ਦੇਣ ਵਾਲਿਆਂ ਨੂੰ ਸਵੇਰ ਦੀ ਸਭਾ ਵਿੱਚ ਹੀ ਰਜਿਸਟਰ, ਬਾਲ ਪੈੱਨ, ਜਿਉਮੈਟਰੀ ਬਾਕਸ ਜਾਂ ਵਿਦਿਆਰਥੀਆਂ ਦੀ ਪੜ੍ਹਾਈ ਨਾਲ ਸਬੰਧਿਤ ਕੋਈ ਹੋਰ ਵਸਤੂ ਇਨਾਮ ਵਿੱਚ ਦਿੱਤੀ ਜਾਵੇ। ਇਉਂ ਸਹੀ ਉੱਤਰ ਦੇਣ ਵਾਲੇ ਵਿਦਿਆਰਥੀਆਂ ਵਿੱਚ ਹੋਰ ਸਾਹਿਤ ਪੜ੍ਹਨ ਦੀ ਆਦਤ ਪੱਕੇਗੀ। ਗ਼ਲਤ ਉੱਤਰ ਦੇਣ ਵਾਲੇ ਅਗਾਂਹ ਤੋਂ ਵਧੇਰੇ ਧਿਆਨ ਨਾਲ ਪੁਸਤਕਾਂ ਪੜ੍ਹਨ ਦੀ ਆਦਤ ਪਾਉਣਗੇ। ਇਹੀ ਫੋਟੋਸਟੈਟ ਕਾਪੀ ਵਾਪਸ ਲੈ ਕੇ ਅਗਲੇ ਹਫ਼ਤੇ ਲਈ ਕਿਸੇ ਹੋਰ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਵੇ।
ਹੁਣ ਸਕੂਲ ਪ੍ਰਿੰਸੀਪਲ/ਹੈੱਡਮਾਸਟਰ ਕਿਸੇ ਸਾਹਿਤਕਾਰ ਨੂੰ ਸਕੂਲ ਵਿੱਚ ਬੁਲਾ ਕੇ ਵਿਦਿਆਰਥੀਆਂ ਦੇ ਰੂ-ਬ-ਰੂ ਕਰਨ ਨੂੰ ਵਾਧੂ ਝਮੇਲਾ ਮੰਨਣ ਲੱਗ ਪਏ ਹਨ ਪਰ ਸਿੱਖਿਆ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਜੇ ਕਿਸੇ ਸਾਹਿਤਕਾਰ, ਕਹਾਣੀਕਾਰ, ਕਵੀ ਨੂੰ ਸਕੂਲ ਵਿੱਚ ਬੁਲਾ ਕੇ ਵਿਦਿਆਰਥੀਆਂ ਨਾਲ ਸੰਵਾਦ ਰਚਾਇਆ ਜਾਵੇ ਤਾਂ ਜਦੋਂ ਉਹ ਆਪਣੇ ਸੰਘਰਸ਼ਮਈ ਜੀਵਨ ਦੇ ਪਹਿਲੂ ਵਿਦਿਆਰਥੀਆਂ ਨਾਲ ਸਾਂਝੇ ਕਰਦਾ ਹੈ ਤਾਂ ਇਨ੍ਹਾਂ ਗੱਲਾਂ ਤੋਂ ਵਿਦਿਆਰਥੀਆਂ ਨੂੰ ਪ੍ਰੇਰਨਾ ਮਿਲਦੀ ਹੈ।
‘ਸੌ ਹੱਥ ਰੱਸਾ ਸਿਰੇ ’ਤੇ ਗੰਢ’ ਵਾਲੀ ਗੱਲ ਅਨੁਸਾਰ ਘਰਾਂ ਵਿੱਚ ਬੱਚਿਆਂ ਦੇ ਮਾਪੇ, ਸਕੂਲਾਂ ਵਿੱਚ ਵਿਦਿਆਰਥੀਆਂ ਦੇ ਅਧਿਆਪਕ ਅਤੇ ਸਕੂਲ ਮੁਖੀ ਸੁਹਿਰਦ ਸਾਂਝੇ ਯਤਨਾਂ ਨਾਲ ਵਿਦਿਆਰਥੀਆਂ ਨੂੰ ਸਾਹਿਤ ਪੜ੍ਹਨ ਲਈ ਪ੍ਰੇਰ ਕੇ ਉਨ੍ਹਾਂ ਨੂੰ ਸਾਹਿਤ ਪੜ੍ਹਨ ਲਈ ਲਾ ਸਕਦੇ ਹਨ। ਇਉਂ ਮੋਬਾਈਲ ਫੋਨ ਦੀ ਵਰਤੋਂ ਨੂੰ ਕਿਸੇ ਹੱਦ ਤੱਕ ਘਟਾਇਆ ਜਾ ਸਕਦਾ ਹੈ।
ਸੰਪਰਕ: 84276-85020