DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਵੇਂ-ਕਿਵੇਂ ਠੱਗੇ ਜਾ ਰਹੇ ਨੇ ਲੋਕ

ਨੌਜਵਾਨ ਕਲਮਾਂ

  • fb
  • twitter
  • whatsapp
  • whatsapp
Advertisement

ਗੁਰਦੀਪ ਸਿੰਘ

ਅੱਜ-ਕੱਲ੍ਹ ਲੋਕਾਂ ਨਾਲ ਕਈ ਤਰ੍ਹਾਂ ਠੱਗੀ ਵੱਜ ਰਹੀ ਹੈ। ਪਹਿਲਾਂ ਟਾਵਰ ਲਗਵਾਉਣ, ਵਿਦੇਸ਼ ਭੇਜਣ ਦੇ ਨਾਂ ’ਤੇ ਠੱਗਿਆ ਜਾਂਦਾ ਸੀ, ਇਸੇ ਤਰ੍ਹਾਂ ਕਾਲ ਕਰ ਕੇ ਏਟੀਐਮ ਜਾਂ ਕ੍ਰੈਡਿਟ ਕਾਰਡ ਨਵਿਆਉਣ ਜਾਂ ਕੇਵਾਈਸੀ ਆਦਿ ਨੇ ਨਾਂ ਉਤੇ ਓਟੀਪੀ ਮੰਗ ਕੇ ਵੀ ਲੋਕਾਂ ਨੂੰ ਚੂਨਾ ਲਾਇਆ ਜਾ ਰਿਹਾ ਹੈ। ਇੰਝ ਹੀ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਹੋਰ ਵੈਬਸਾਈਟਾਂ/ ਐਪਸ ਆਦਿ ਜ਼ਰੀਏ ਸਾਮਾਨ ਖਰੀਦਣ ਤੇ ਵੇਚਣ ਦੇ ਇਸ਼ਤਿਹਾਰ ਦੇ ਕੇ ਵੀ ਭੋਲੇ-ਭਾਲੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ।

Advertisement

ਠੱਗ, ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਕਾਰ, ਮੋਟਰ-ਸਾਈਕਲ, ਮੋਬਾਈਲ ਫੋਨ ਆਦਿ ਵੇਚਣ ਦੇ ਇਸ਼ਤਿਹਾਰ ਵਸਤਾਂ ਦੀ ਕੀਮਤ ਬਾਜ਼ਾਰ ਨਾਲੋਂ ਘੱਟ ਦੱਸ ਕੇ ਦਿੰਦੇ ਹਨ। ਜਦੋਂ ਲੋਕ ਖ਼ਰੀਦਣ ਲਈ ਫੋਨ ਕਰਦੇ ਹਨ ਤਾਂ ਉਹ ਖ਼ਰੀਦਦਾਰ ਨੂੰ ਆਪਣਾ ਪਤਾ ਦੂਰ ਦਾ ਦੱਸਦੇ ਹਨ। ਜਿਵੇਂ ਚੰਡੀਗੜ੍ਹ ਤੇ ਪੰਜਾਬ ਵਾਲਿਆਂ ਨੂੰ ਦਿੱਲੀ ਦਾ ਪਤਾ ਦੱਸਦੇ ਹਨ। ਜਦੋਂ ਖ਼ਰੀਦਦਾਰ ਕਹਿੰਦਾ ਹੈ ਕਿ ਉਹ ਇੰਨੀ ਦੂਰ ਕਿਵੇਂ ਆਵੇਗਾ ਤਾਂ ਠੱਗ ਕਹਿੰਦੇ ਹਨ ਕਿ ਤੁਹਾਨੂੰ ਸਬੰਧਤ ਚੀਜ਼ ਦੀ ਡਿਲਿਵਰੀ ਕਰ ਦਿੱਤੀ ਜਾਵੇਗੀ, ਬਸ ਤੁਸੀਂ ਥੋੜ੍ਹੇ ਜਿਹੇ ਪੈਸੇ ਅਗਾਊਂ ਦੇ ਦਿਓ, ਜਿਵੇਂ 5000 ਰੁਪਏ ਆਦਿ। ਪੈਸਾ ਮਿਲਦੇ ਸਾਰ ਹੀ ਉਹ ਆਪਣੇ ਫੋਨ ਬੰਦ ਕਰ ਲੈਂਦੇ ਹਨ ਤੇ ਖ਼ਰੀਦਦਾਰ ਦੇਖਦਾ ਹੀ ਰਹਿ ਜਾਂਦਾ ਹੈ।

Advertisement

ਅਜਿਹੇ ਮਾਮਲਿਆਂ ਦੀ ਘੋਖ ਲਈ ਮੈਂ ਆਨਲਾਈਨ ਸਾਮਾਨ ਖ਼ਰੀਦਣ-ਵੇਚਣ ਵਾਲੀਆਂ ਵੈਬਸਾਈਟਾਂ ਉਤੇ ਨਜ਼ਰ ਰੱਖਣੀ ਸ਼ੁਰੂ ਕੀਤੀ। ਇਕ ਵੈਬਸਾਈਟ ਉਤੇ ਮੈਨੂੰ ਐਪਲ ਦਾ ਆਈ ਫ਼ੋਨ ਲੱਭਿਆ ਜਿਸ ਦਾ ਮਾਰਕੀਟ ਰੇਟ 40000 ਰੁਪਏ ਸੀ ਤੇ ਉਹ ਬੰਦਾ ਇਸ ਨੂੰ 12000 ਰੁਪਏ ਵਿਚ ਵੇਚ ਰਿਹਾ ਸੀ। ਉਸ ਨੇ ਕਿਹਾ ਕਿ ਤੁਸੀਂ ਬੁਕਿੰਗ ਲਈ 1500 ਰੁਪਏ ਗੂਗਲ ਪੇਅ ਕਰ ਦਿਓ, ਮੈਂ ਤੁਹਾਨੂੰ ਫ਼ੋਨ ਕੋਰੀਅਰ ਕਰ ਦੇਵਾਂਗਾ। ਦੂਜੇ ਦਿਨ ਉਸ ਨੇ ਕਿਹਾ ਕਿ 5000 ਰੁਪਏ ਹੋਰ ਪਵਾ ਦੇਵੋ, ਮੈਂ ਤਾਂ ਕੋਰੀਅਰ ਕਰਾਂਗਾ। ਮੈਂ ਕਿਹਾ ਕਿ ਪਹਿਲਾਂ ਡਾਕਖ਼ਾਨੇ ਦੀ ਰਸੀਦ ਭੇਜੋ, ਤਾਂ ਕਹਿੰਦਾ ਕਿ ਉਹਨੇ ਠੱਗੀ ਮਾਰ ਲਈ ਹੈ, ਜੋ ਕਰਨਾ ਕਰ ਲਓ, ਕੁਝ ਨਹੀਂ ਹੋ ਸਕਦਾ। ਉਸਦੀ ਗੱਲ ਸਹੀ ਸੀ, ਪੁਲੀਸ ਸ਼ਿਕਾਇਤ ਦੇ ਬਾਵਜੂਦ ਹਾਲੇ ਤੱਕ ਕੁਝ ਨਹੀਂ ਬਣਿਆ।

ਠੱਗ ਵੱਡੇ ਸ਼ਹਿਰਾਂ ’ਚ ਅਨਲਾਈਨ ਪਲੇਟਫਾਰਮਾਂ ਜ਼ਰੀਏ ਕਿਰਾਏ ’ਤੇ ਮਕਾਨ ਦੇਣ ਦੇ ਨਾਂ ਉਤੇ ਠੱਗਦੇ ਹਨ। ਪਹਿਲਾਂ ਖੁਦ ਕਿਰਾਏ ’ਤੇ ਲੈਣ ਲਈ ਮਕਾਨ ਦੇਖਣ ਬਹਾਨੇ ਕਈ ਘਰਾਂ ਦੀਆਂ ਫੋਟੋਆਂ ਖਿੱਚ ਲੈਂਦੇ ਨੇ ਤੇ ਬਾਅਦ ’ਚ ਉਹੋ ਫੋਟੋਆਂ ਖ਼ੁਦ ਮਕਾਨ ਕਿਰਾਏ ’ਤੇ ਦੇਣ ਲਈ ਵੈਬਸਾਈਟਾਂ ਉਤੇ ਪਾ ਦਿੰਦੇ ਹਨ ਤੇ ਮਕਾਨ ਕਿਰਾਏ ’ਤੇ ਲੈਣ ਦੇ ਚਾਹਵਾਨਾਂ ਤੋਂ ਪੇਸ਼ਗੀ ਰਕਮਾਂ ਲੈ ਕੇ ਠੱਗੀਆਂ ਮਾਰਦੇ ਹਨ।

ਸੋਸ਼ਲ ਸਾਈਟਾਂ ਉਤੇ ਵਿਦੇਸ਼ ਤੋਂ ਅਕਸਰ ਕੁੜੀਆਂ ਦੀਆਂ ਤਸਵੀਰਾਂ ਲੱਗੇ ਪ੍ਰੋਫਾਈਲਾਂ ਤੋਂ ਮੈਸੇਜ ਆਉਂਦੇ ਨੇ ਕਿ ਤੁਸੀਂ ਆਪਣਾ ਬਿਜ਼ਨਸ ਵਧਾਉਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ। ਕਈ ਬੰਦੇ ਉਨ੍ਹਾਂ ਨਾਲ ਗੱਲ ਕਰਨ ਲੱਗ ਪੈਂਦੇ ਨੇ ਤੇ ਕਿਸੇ ਦਿਨ ਵੀਡੀਓ ਕਾਲ ਉਤੇ ਅਸ਼ਲੀਲ ਤਸਵੀਰਾਂ ਜਾਂ ਵੀਡੀਓ ਦਿਖਾ ਕੇ ਸ਼ਿਕਾਰ ਦੀ ਵੀਡੀਓ ਬਣਾ ਲਈ ਜਾਂਦੀ ਹੈ। ਬਾਅਦ ਵਿਚ ਉਸ ਨੂੰ ਵੀਡੀਓ ਵਾਇਰਲ ਕਰਨ ਦੇ ਡਰਾਵੇ ਦੇ ਕੇ ਬਲੈਕਮੇਲ ਕੀਤਾ ਜਾਂਦਾ ਹੈ। ਚੰਗਾ ਇਹੋ ਹੈ ਕਿ ਅਣਜਾਣ ਲੋਕਾਂ ਦੀਆਂ ਦੋਸਤੀ ਦੀਆਂ ਬੇਨਤੀਆਂ ਨੂੰ ਨਜ਼ਰਅੰਦਾਜ਼ ਹੀ ਕੀਤਾ ਜਾਵੇ।

ਕਈ ਠੱਗ ਅਣਜਾਣ ਬੰਦਿਆਂ ਨੂੰ ਉਨ੍ਹਾਂ ਦੇ ਵਿਦੇਸ਼ ਰਹਿੰਦੇ ਰਿਸ਼ਤੇਦਾਰ ਬਣ ਕੇ ਕਾਲ ਕਰਦੇ ਨੇ ਤੇ ਜੇ ਕਿਸੇ ਵਿਅਕਤੀ ਨਾਲ ਤੁੱਕਾ ਲੱਗ ਕੇ ਗੱਲ ਸ਼ੁਰੂ ਹੋ ਗਈ ਤਾਂ ਠੱਗ ਸਬੰਧਤ ਵਿਅਕਤੀ ਦੀ ਮਾਨਸਿਕਤਾ ਪੜ੍ਹ ਕੇ ਉਸ ਨੂੰ ਕਈ ਤਰ੍ਹਾਂ ਦੇ ਸਬਜ਼ਬਾਗ ਦਿਖਾਉਂਦੇ ਹਨ। ਫਿਰ ਉਲਟਾ ਖ਼ੁਦ ਨੂੰ ਕਿਸੇ ਮੁਸੀਬਤ ਵਿਚ ਫਸਿਆ ਦੱਸ ਕੇ ਮਦਦ ਲਈ ਪੈਸੇ ਮੰਗਵਾ ਕੇ ਠੱਗੀ ਮਾਰ ਲੈਂਦੇ ਹਨ। ਇੱਕ ਵਿਅਕਤੀ ਨੂੰ ਕਿਸੇ ਗੋਰੀ ਕੁੜੀ ਨੇ ਮੈਸੇਜ ਕੀਤਾ ਕਿ ਤੁਹਾਡਾ ਦੇਸ਼ ਬਹੁਤ ਸੋਹਣਾ ਹੈ, ਉਹ ਘੁੰਮਣ ਆਉਣ ਦਾ ਪਲੈਨ ਬਣਾ ਰਹੀ ਹੈ। ਕੁਝ ਦਿਨਾਂ ਬਾਅਦ ਫ਼ੋਨ ਕੀਤਾ ਕਿ ਉਹ ਅਗਲੇ ਹਫ਼ਤੇ ਚੰਡੀਗੜ੍ਹ ਆਵੇਗੀ। ਫਿਰ ਫ਼ੋਨ ਆਇਆ ਕਿ ਉਸ ਦਾ ਐਕਸੀਡੈਂਟ ਹੋ ਗਿਆ ਹੈ, ਪਰਸ ਵੀ ਗੁੰਮ ਗਿਆ ਤੇ ਉਸ ਨੂੰ ਪੈਸਿਆਂ ਦੀ ਜ਼ਰੂਰਤ ਹੈ ਤੇ ਵਾਰ-ਵਾਰ ਫ਼ੋਨ ਕਰ ਕਰੀਬ ਇਕ ਲੱਖ ਰੁਪਏ ਠੱਗ ਲਏ। ਪੁਲੀਸ ਸ਼ਿਕਾੲਤ ਕਰਨ ਤੋਂ ਪਤਾ ਲੱਗਾ ਕੇ ਪੈਸੇ ਬਿਹਾਰ ’ਚ ਕਿਸੇ ਦੇ ਖਾਤੇ ’ਚ ਪਵਾਏ ਗਏ ਸੀ।

ਆਖ਼ਰ ਜਿਸ ਦੇ ਬੈਂਕ ਖਾਤੇ ਵਿੱਚ ਪੈਸੇ ਪਵਾਏ ਜਾਂਦੇ ਨੇ ਉਹ ਕੌਣ ਹੁੰਦਾ ਹੈ? ਮੈਨੂੰ ਖੰਨੇ ਤੋਂ ਕਿਸੇ ਦੋਸਤ ਦਾ ਫ਼ੋਨ ਆਇਆ ਕਿ ਉਹਦੇ ਆਪਣੇ ਖਾਤੇ ਵਿੱਚ ਠੱਗੀ ਦੇ ਪੈਸੇ ਪਵਾਉਣ ਦੀ ਸ਼ਿਕਾਇਤ ਕੀਤੀ ਗਈ ਹੈ। ਉਸ ਨੇ ਕਹਾਣੀ ਦੱਸੀ ਕਿ ਇੱਕ ਦਿਨ ਉਹ ਵਿਦੇਸ਼ ਭੇਜਣ ਵਾਲਾ ਇਸ਼ਤਿਹਾਰ ਪੜ੍ਹ ਕੇ ਜਲੰਧਰ ਗਿਆ। ਇਸ਼ਤਿਹਾਰ ਦੇਣ ਵਾਲੇ ਨੇ ਉਸ ਨੂੰ ਚਾਹ ਦੀ ਦੁਕਾਨ ’ਤੇ ਬੁਲਾਇਆ ਤੇ ਕਿਹਾ ਕਿ ਤੈਨੂੰ ਦੁਬਈ ਭੇਜਣ ਲਈ ਤੇਰੇ ਬੈਂਕ ਖ਼ਾਤੇ ’ਚ 3-4 ਲੱਖ ਰੁਪਏ ਦਾ ਲੈਣ-ਦੇਣ ਚਾਹੀਦਾ ਹੈ। ਪੀੜਤ ਨੇ ਜਦੋਂ ਕਿਹਾ ਉਹ ਇੰਨੇ ਪੈਸੇ ਦਾ ਇੰਤਜ਼ਾਮ ਨਹੀਂ ਕਰ ਸਕਦਾ। ਠੱਗ ਨੇ ਕਿਹਾ ਕਿ ਪੈਸਿਆਂ ਦਾ ਲੈਣ-ਦੇਣ ਉਹ ਖ਼ੁਦ ਦਿਖਾ ਦੇਣਗੇ। ਉਨ੍ਹਾਂ ਪੀੜਤ ਤੋਂ ਕੁਝ ਕਾਗਜ਼ਾਂ ’ਤੇ ਦਸਤਖ਼ਤ ਕਰਵਾਏ ਅਤੇ ਬੈਂਕ ਖਾਤਾ ਤੇ ਏਟੀਐਮ ਕਾਰਡ ਲੈ ਗਿਆ। ਫਿਰ ਠੱਗਾਂ ਦਾ ਫੋਨ ਬੰਦ ਹੋ ਗਿਆ। ਇਸ ਦੌਰਾਨ ਠੱਗ ਕਈ ਤਰ੍ਹਾਂ ਦੀਆਂ ਠੱਗੀਆਂ ਮਾਰ ਕੇ ਪੀੜਤ ਦੇ ਖ਼ਾਤੇ ਵਿਚ ਪੈਸੇ ਪਵਾ ਕੇ ਖ਼ੁਦ ਕਢਵਾਉਂਦੇ ਰਹੇ। ਇਹੋ ਜਿਹੇ ਕੇਸਾਂ ’ਚ ਪੁਲੀਸ ਵੀ ਕੁਝ ਨਹੀਂ ਕਰ ਪਾਉਂਦੀ ਕਿਉਂਕਿ ਮੁੱਖ ਦੋਸ਼ੀ ਦਾ ਪਤਾ ਹੀ ਨਹੀਂ ਲੱਗਦਾ। ਅਜਿਹੀਆਂ ਠੱਗੀਆਂ ਤੋਂ ਬਚਣ ਦਾ ਇਕੋ ਇਕ ਤਰੀਕਾ ਜਾਗਰੂਕਤਾ ਅਤੇ ਖ਼ੁਦ ਲਾਲਚ ਤੋਂ ਬਚਣਾ ਹੀ ਹੈ।

*ਖੋਜਾਰਥੀ, ਮਨੁੱਖੀ ਅਧਿਕਾਰ ਤੇ ਕਰਤੱਵ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।

ਸੰਪਰਕ: 96464-41588

Advertisement
×