DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਰੂ ਨਾਨਕ ਦੇਵ ਜੀ ਦਾ ਚਰਨ ਛੋਹ ਅਸਥਾਨ ਗੁਰਦੁਆਰਾ ਨਾਨਕਸਰ ਵੇਰਕਾ

ਗੁਰਮੀਤ ਸਿੰਘ ਵੇਰਕਾ ਗੁਰਦੁਆਰਾ ਨਾਨਕਸਰ (ਵੇਰਕਾ) ਅੰਮ੍ਰਿਤਸਰ ਤੋਂ ਕਰੀਬ 6 ਕਿਲੋਮੀਟਰ ਦੂਰ ਬਟਾਲਾ ਰੋਡ ’ਤੇ ਸਥਿਤ ਹੈ। ਇੱਥੇ ਗੁਰੂ ਨਾਨਕ ਦੇਵ ਜੀ ਕਲਯੁਗੀ ਦੁਨੀਆਂ ਨੂੰ ਸਿੱਧੇ ਰਾਹ ਪਾਉਂਦਿਆਂ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਬਟਾਲੇ ਜਾਂਦੇ ਹੋਏ ਰਸਤੇ ਵਿੱਚ ਪੈਂਦੇ ਨਗਰ ਵੇਰਕਾ...
  • fb
  • twitter
  • whatsapp
  • whatsapp
Advertisement

ਗੁਰਮੀਤ ਸਿੰਘ ਵੇਰਕਾ

ਗੁਰਦੁਆਰਾ ਨਾਨਕਸਰ (ਵੇਰਕਾ) ਅੰਮ੍ਰਿਤਸਰ ਤੋਂ ਕਰੀਬ 6 ਕਿਲੋਮੀਟਰ ਦੂਰ ਬਟਾਲਾ ਰੋਡ ’ਤੇ ਸਥਿਤ ਹੈ। ਇੱਥੇ ਗੁਰੂ ਨਾਨਕ ਦੇਵ ਜੀ ਕਲਯੁਗੀ ਦੁਨੀਆਂ ਨੂੰ ਸਿੱਧੇ ਰਾਹ ਪਾਉਂਦਿਆਂ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਬਟਾਲੇ ਜਾਂਦੇ ਹੋਏ ਰਸਤੇ ਵਿੱਚ ਪੈਂਦੇ ਨਗਰ ਵੇਰਕਾ ਵਿੱਚ ਜੰਡ ਦੇ ਦਰੱਖਤ ਹੇਠਾਂ ਬਿਰਾਜੇ ਅਤੇ ਇਸ ਧਰਤੀ ਨੂੰ ਭਾਗ ਲਾਏ। ਪਾਤਸ਼ਾਹ ਮਿੱਠੀ ਸੁਰ ਵਿੱਚ ਗੁਰਬਾਣੀ ਦੇ ਕੀਰਤਨ ਕਰ ਰਹੇ ਸਨ ਕਿ ਇਸੇ ਨਗਰ ਦੀ ਰਹਿਣ ਵਾਲੀ ਇੱਕ ਮਾਈ ਨੇ ਪਾਤਸ਼ਾਹ ਦੇ ਦਰਸ਼ਨ ਕੀਤੇ ਅਤੇ ਆਪਣੇ ਸੁੱਕਦੇ (ਸੋਕੜਾ ਪੀੜਤ) ਬੱਚੇ ਨੂੰ ਰਾਜ਼ੀ ਕਰਨ ਲਈ ਅਰਜ਼ੋਈ ਕੀਤੀ। ਬੱਚਾ ਸਰੀਰਕ ਪੀੜਾ ਨਾਲ ਬਹੁਤ ਰੋ ਰਿਹਾ ਸੀ। ਬੱਚੇ ਦਾ ਰੋਣਾ ਸੁਣ ਗੁਰੂ ਜੀ ਨੇ ਆਪਣੇ ਨੇਤਰ ਖੋਲ੍ਹੇ। ਉਸ ਬੱਚੇ ’ਤੇ ਮਿਹਰ ਦੀ ਨਿਗ੍ਹਾ ਕੀਤੀ ਅਤੇ ਨਾਲ ਲੱਗਦੀ ਛੱਪੜੀ ਵਿੱਚ ਬਾਲਕ ਨੂੰ ਇਸ਼ਨਾਨ ਕਰਵਾਉਣ ਲਈ ਕਿਹਾ। ਮਾਈ ਨੇ ਗੁਰੂ ਜੀ ਦੇ ਹੁਕਮ ਨਾਲ ਸ਼ਰਧਾ-ਭਾਵਨਾ ਨਾਲ ਬੱਚੇ ਨੂੰ ਇਸ਼ਨਾਨ ਕਰਵਾਇਆ ਤਾਂ ਬੱਚਾ ਰੋਣ ਦੀ ਥਾਂ ਮੁਸਕਰਾਉਣ ਲੱਗ ਪਿਆ। ਮਾਈ ਨੂੰ ਇੰਝ ਪ੍ਰਤੀਤ ਹੋਣ ਲੱਗਾ ਜਿਵੇਂ ਬੱਚੇ ਦਾ ਰੋਗ ਠੀਕ ਹੋਣਾ ਸ਼ੁਰੂ ਹੋ ਗਿਆ ਹੈ। ਉਹ ਘਰ ਗਈ ਤੇ ਗੁਰੂ ਜੀ ਵਾਸਤੇ ਪਰਸ਼ਾਦਾ ਤਿਆਰ ਕਰ ਕੇ ਲਿਆਈ। ਪ੍ਰਸ਼ਾਦਾ ਛਕਣ ਤੋਂ ਬਾਅਦ ਗੁਰੂ ਜੀ ਨੇ ਨਿਰੰਕਾਰ ਦੇ ਹੁਕਮ ਅਨੁਸਾਰ ਬਚਨ ਕਰਦਿਆਂ ਕਿਹਾ, ‘ਮਾਤਾ! ਜੋ ਵੀ ਸ਼ਰਧਾ ਨਾਲ ਆਪਣੇ ਸੋਕੜਾ ਰੋਗੀ ਬੱਚੇ ਨੂੰ ਇਥੇ ਇਸ਼ਨਾਨ ਕਰਵਾਏਗਾ, ਉਸ ਦਾ ਰੋਗ ਦੂਰ ਹੋਵੇਗਾ ਤੇ ਸੁਖੀ ਰਹੇਗਾ। ਨਗਰ ਖੇੜਾ ਵੱਸੇਗਾ। ਧਰਮਸ਼ਾਲਾ ਕਾਇਮ ਰੱਖਣੀ ਆਏ ਯਾਤਰੀਆਂ ਨੂੰ ਪਰਸ਼ਾਦਾ-ਪਾਣੀ ਛਕਾਉਣਾ ਤੇ ਨਾਮ-ਸਿਮਰਨ ਕਰਨਾ।’

Advertisement

ਉਸ ਛਪੜੀ ਦੀ ਥਾਂ ਹੁਣ ਸਰੋਵਰ ਬਣਿਆ ਹੋਇਆ ਹੈ। ਸੰਗਤ ਦੂਰ-ਦੁਰਾਡੇ ਤੋਂ ਆ ਕੇ ਇੱਤੇ ਆਪਣੇ ਬੱਚਿਆਂ ਨੂੰ ਇਸ਼ਨਾਨ ਕਰਵਾਉਂਦੀ ਹੈ। ਬਾਲਕ ਤੰਦਰੁਸਤ ਹੁੰਦੇ ਹਨ। ਇੱਥੇ ਰੋਜ਼ਾਨਾ ਸੰਗਤ ਰੱਬੀ ਬਾਣੀ ਦਾ ਕੀਰਤਨ ਸੁਣਦੀ ਹੈ। ਐਤਵਾਰ ਬਾਹਰੋਂ ਸੰਗਤ ਆਉਂਦੀ ਹੈ। ਐਤਵਾਰ ਅਤੇ ਸੰਗਰਾਂਦ ਨੂੰ ਸੰਗਤ ਦਾ ਕਾਫੀ ਇਕੱਠ ਹੁੰਦਾ ਹੈ। ਇੱਥੇ ਲੰਗਰ ਦਾ ਖ਼ਾਸ ਪ੍ਰਬੰਧ ਹੈ। ਯਾਤਰੀ ਵੀ ਠਹਿਰਦੇ ਹਨ। ਇਥੇ ਹੈੱਡ ਗ੍ਰੰਥੀ ਜਤਿੰਦਰ ਸਿੰਘ ਮੂਧਲ ਸੇਵਾ ਕਰ ਰਹੇ ਹਨ। ਦੋ ਰਾਗੀ ਸਿੰਘਾਂ ਤੇ ਮੈਨਜਰ ਸਮੇਤ ਕੁੱਲ 32 ਸੇਵਾਦਾਰ ਸੇਵਾ ਨਿਭਾਅ ਰਹੇ ਹਨ। ਬਾਬਾ ਭੂਰੀ ਜੀ ਵਾਲੇ ਇਸ ਗੁਰਦੁਆਰੇ ਦੀ ਕਾਰ ਸੇਵਾ ਕਰਵਾ ਰਹੇ ਹਨ। ਇੱਥੇ ਹਰ ਸਾਲ ਸਾਲਾਨਾ ਜੋੜ ਮੇਲਾ 25 ਤੇ 26 ਮਾਰਚ ਨੂੰ ਲੱਗਦਾ ਹੈ। ਕੀਰਤਨ ਤੇ ਦੀਵਾਨ ਸਜਾਏ ਜਾਂਦੇ ਹਨ। ਲਾਗੇ ਪਿੰਡਾਂ ਦੇ ਲੋਕ ਆਉਂਦੇ ਹਨ ਤੇ ਇਹ ਪੇਂਡੂ ਮੇਲੇ ਦਾ ਰੂਪ ਧਾਰਨ ਕਰ ਲੈਂਦਾ ਹੈ। ਝੂਲੇ ਲਾਏ ਜਾਂਦੇ ਹਨ ਤੇ ਦੁਕਾਨਾਂ ਸਜਾਈਆ ਜਾਂਦੀਆਂ ਹਨ। ਵੇਰਕਾ ਨਗਰ ਦੀ ਮਸਤੱਰਕਾ ਕਮੇਟੀ ਸ਼ਾਮ ਨੂੰ ਸਟੇਡੀਅਮ ਵਿੱਚ ਕਬੱਡੀ ਤੇ ਘੋਲ ਕਰਵਾਉਂਦੀ ਹੈ। ਪਰਮਿੰਦਰ ਕੌਰ ਸਾਬਕਾ ਕੌਂਸਲਰ ਦਾ ਪਤੀ ਮਾਸਟਰ ਹਰਪਾਲ ਸਿੰਘ, ਜੋ ਸਮਾਜਕ ਸੇਵਕ ਹੈ, ਰਾਤ ਨੂੰ ਗੁਰਦੁਆਰਾ ਨਾਨਕਸਰ ਵਿਖੇ ਕੀਰਤਨ ਤੇ ਦੀਵਾਨ ਕਰਵਾਉਂਦੇ ਹਨ। ਇਸ ਵਿੱਚ ਇਲਾਕੇ ਦੀ ਵਿਧਾਇਕਾ ਜੀਵਨਜੋਤ ਕੌਰ ਦਾ ਵੀ ਕਾਫੀ ਯੋਗਦਾਨ ਹੁੰਦਾ ਹੈ।

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲਾ ਸ਼ੁਰੂ ਹੋ ਗਿਆ ਹੈ। ਮਿਤੀ 23 ਮਾਰਚ ਨੂੰ ਗੁਰਦੁਆਰਾ ਨਾਨਕਸਰ ਵਿੱਚ ਅਖੰਡ ਪਾਠ ਰੱਖਿਆ ਗਿਆ, ਜਿਸ ਦਾ 25 ਤਰੀਕ ਨੂੰ ਭੋਗ ਪਾਇਆ ਜਾਵੇਗਾ। ਇਹ ਮੇਲਾ 25-26 ਮਾਰਚ ਤੱਕ ਚੱਲੇਗਾ। ਇਸ ਦੌਰਾਨ ਰਾਗੀ ਕੀਰਤਨ ਕਰਨਗੇ, ਢਾਡੀ ਵਾਰਾਂ ਗਾਉਣਗੇ ਤੇ ਦੀਵਾਨ ਸਜਾਏ ਜਾਣਗੇ। ਮੁਸੱਤਰਕਾ ਕਮੇਟੀ 25 ਤੇ 26 ਮਾਰਚ ਨੂੰ ਸੀਨੀਅਰ ਸਕੈਂਡਰੀ ਸਕੂਲ ਵੇਰਕਾ ਦੀ ਗਰਾਊਂਡ ਵਿੱਚ ਖੇਡ ਮੇਲਾ ਕਰਵਾਏਗੀ, ਜਿਸ ਵਿੱਚ ਕਬੱਡੀ ਤੇ ਹੋਰ ਖੇਡਾਂ ਕਰਵਾਈਆਂ ਜਾਣਗੀ। ਜੇਤੂਆਂ ਨੂੰ ਇਨਾਮ ਵੀ ਵੰਡੇ ਜਾਣਗੇ। ਇਹ ਤੰਦਰੁਸਤ ਰਹਿਣ ਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਚੰਗਾ ਉਪਰਾਲਾ ਹੈ।

ਮੌਜੂਦਾ ਸਮੇਂ ਸਾਡੀ ਨੌਜਵਾਨ ਜਵਾਨ ਪੀੜ੍ਹੀ ਨਸ਼ਿਆਂ ਵਿੱਚ ਫਸੀ ਹੋਈ ਹੈ। ਉਨ੍ਹਾਂ ਨੂੰ ਨਾ ਤਾਂ ਆਪਣੇ ਇਤਿਹਾਸ ਬਾਰੇ ਜਾਣਕਾਰੀ ਹੈ ਤੇ ਨਾ ਹੀ ਕਿਤਾਬਾਂ ਤੇ ਅਖਬਾਰਾਂ ਪੜ੍ਹਨ ਦੀ ਚੇਟਕ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਤਹਾਸ ਬਾਰੇ ਜਾਣਕਾਰੀ ਦੇਣ ਲਈ ਗੁਰਪੁਰਬਾਂ ’ਤੇ ਦੀਵਾਨ ਸਜਾਉਣੇ ਚਾਹੀਦੇ ਹਨ, ਤਾਂ ਜੋ ਨਸ਼ਿਆਂ ਵਿੱਚ ਪਏ ਨੌਜਵਾਨ ਆਪਣੇ ਗੁਰੂਆਂ ਦੇ ਮਾਰਗ ’ਤੇ ਚੱਲ ਸਕਣ। ਜਿਹੜੀਆਂ ਕੌਮਾਂ ਆਪਣੇ ਪੁਰਖਿਆਂ ਨੂੰ ਯਾਦ ਰੱਖਦੀਆਂ ਹਨ, ਉਹ ਹਮੇਸ਼ਾ ਜਿਊਂਦੀਆਂ ਅਤੇ ਚੜ੍ਹਦੀ ਕਲਾ ਵਿੱਚ ਰਹਿੰਦੀਆਂ ਹਨ। ਇਸੇ ਤਰ੍ਹਾਂ ਦੇਹਧਾਰੀਆਂ ਨੂੰ ਮੱਥਾ ਟੇਕਣ ਵਾਲਿਆਂ ਨੂੰ ਗੁਰੂ ਗ੍ਰੰਥ ਸਾਹਿਬ ਲੜ ਲੱਗਣਾ ਚਾਹੀਦਾ ਹੈ। ਨੌਜਵਾਨਾਂ ਨੂੰ ਗੁਰਦੁਆਰਾ ਨਾਨਕਸਰ ਦੇ ਜੋੜ ਮੇਲੇ ਮੌਕੇ ਨਸ਼ੇ ਤੋਂ ਦੂਰ ਰਹਿਣ ਦਾ ਅਹਿਦ ਲੈਣਾ ਚਾਹੀਦਾ ਹੈ।

ਸੰਪਰਕ: 98786-00221

Advertisement
×