‘ਗੋਡੇ ਗੋਡੇ ਚਾਅ 2’ ਅਗਲੇ ਮਹੀਨੇ ਹੋਵੇਗੀ ਰਿਲੀਜ਼
ਪੰਜਾਬੀ ਫਿਲਮ ‘ਗੋਡੇ ਗੋਡੇ ਚਾਅ 2’ ਇਸ ਸਾਲ 22 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਫਿਲਮਕਾਰਾਂ ਨੇ ਇਹ ਐਲਾਨ 71ਵੇਂ ਕੌਮੀ ਫਿਲਮ ਐਵਾਰਡ ਸ਼ੋਅ ਵਿੱਚ ਇਸ ਫਿਲਮ ਨੂੰ ‘ਬਿਹਤਰੀਨ ਪੰਜਾਬੀ ਫਿਲਮ’ ਦਾ ਐਵਾਰਡ ਮਿਲਣ ਤੋਂ ਅਗਲੇ ਦਿਨ ਕੀਤਾ ਹੈ। ਇਹ ਕਾਮੇਡੀ ਫਿਲਮ ਸਾਲ 2023 ਵਿੱਚ ਆਈ ਫਿਲਮ ‘ਗੋਡੇ ਗੋਡੇ ਚਾਅ’ ਦਾ ਅਗਲਾ ਭਾਗ ਹੈ। ਇਸ ਵਿੱਚ ਐਮੀ ਵਿਰਕ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗਾ। ਇਸ ਦਾ ਨਿਰਦੇਸ਼ਨ ਵਿਜੈ ਕੁਮਾਰ ਅਰੋੜਾ ਨੇ ਕੀਤਾ ਹੈ ਜਦੋਂਕਿ ਫਿਲਮ ਦੇ ਲੇਖਕ ਜਗਦੀਪ ਸਿੱਧੂ ਹਨ। ਫਿਲਮ ਗੋਡੇ ਗੋਡੇ ਚਾਅ ਵਿੱਚ ਸੋਨਮ ਬਾਜਵਾ ਅਤੇ ਤਾਨੀਆ ਨੇ ਮੁੱਖ ਭੂਮਿਕਾ ਅਦਾ ਕੀਤੀ ਸੀ। ਨਵੀਂ ਫਿਲਮ ਬਾਰੇ ਗੱਲਬਾਤ ਕਰਦਿਆਂ ਐਮੀ ਵਿਰਕ ਨੇ ਕਿਹਾ ਕਿ ਇਹ ਫਿਲਮ ਦਰਸ਼ਕਾਂ ਦੇ ਮਨੋਰੰਜਨ ਦੇ ਨਾਲ-ਨਾਲ ਚੰਗਾ ਸੁਨੇਹਾ ਵੀ ਦੇਵੇਗੀ। ਉਸ ਨੇ ਕਿਹਾ ਕਿ ਇਸ ਫਿਲਮ ਵਿੱਚ ਔਰਤਾਂ ਸੱਚਮੁੱਚ ਮਰਦਾਂ ਨੂੰ ਚੱਕਰਾਂ ਵਿੱਚ ਪਾ ਕੇ ਭਜਾਉਂਦੀਆਂ ਹਨ। ਉਸ ਨੇ ਦਾਅਵਾ ਕੀਤਾ ਕਿ ਇਹ ਫਿਲਮ ਪਿਛਲੀ ਫਿਲਮ ਨਾਲੋਂ ਵੀ ਜ਼ਿਆਦਾ ਆਨੰਦਮਈ ਹੋਵੇਗੀ। ਉਸ ਨੇ ਕਿਹਾ ਕਿ ਇਸ ਫਿਲਮ ਵਿੱਚ ਉਸ ਨੂੰ ਇਹ ਗੱਲ ਸਭ ਤੋਂ ਜ਼ਿਆਦਾ ਪਸੰਦ ਆਈ ਹੈ ਕਿ ਇਹ ਦਰਸ਼ਕਾਂ ਨੂੰ ਹਸਾਉਣ ਦੇ ਨਾਲ-ਨਾਲ ਇੱਕ ਉਸਾਰੂ ਸੁਨੇਹਾ ਵੀ ਦੇਵੇਗੀ। ਅਦਾਕਾਰ ਨੇ ਕਿਹਾ ਕਿ ਇਸ ਫਿਲਮ ਵਿੱਚ ਔਰਤਾਂ ਦੀ ਭੂਮਿਕਾ ਅਹਿਮ ਹੈ। ਪਹਿਲੀ ਫਿਲਮ ਵਿੱਚ ਅਹਿਮ ਕਿਰਦਾਰ ਅਦਾ ਕਰਨ ਵਾਲੀ ਤਾਨੀਆ ਨੇ ਕਿਹਾ ਕਿ ਨਵੀਂ ਫਿਲਮ ਦਰਸ਼ਕਾਂ ਦੀ ਪਸੰਦ ’ਤੇ ਖ਼ਰੀ ਉਤਰੇਗੀ। ਉਸ ਨੇ ਕਿਹਾ ਕਿ ਪਹਿਲੀ ਫਿਲਮ ਨੇ ਲੋਕਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਸੀ ਕਿਉਂਕਿ ਉਹ ਇੱਕ ਪਰਿਵਾਰ ਦੀ ਕਹਾਣੀ ਰਾਹੀਂ ਪੁਰਾਣੀਆਂ ਪ੍ਰੰਪਰਾਵਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਦੀ ਸੀ। ਉਸ ਨੇ ਕਿਹਾ ਕਿ ਇਸ ਵਾਰ ਔਰਤਾਂ ਵਧੇਰੇ ਮਜ਼ਬੂਤ ਤੇ ਇਕਜੁੱਟ ਹਨ। ‘ਗੋਡੇ ਗੋਡੇ ਚਾਅ 2’ ਜ਼ੀ ਸਟੂਡੀਓਜ਼ ਵੱਲੋਂ ਵੀ ਐੱਚ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਦੁਨੀਆਂ ਭਰ ਵਿੱਚ ਰਿਲੀਜ਼ ਕੀਤੀ ਜਾਵੇਗੀ।