DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਰੂੁ ਅੰਗਦ ਦੇਵ ਦੀ ਸਿੱਖ ਧਰਮ ਤੇ ਗੁਰਮੁਖੀ ਲਿਪੀ ਨੂੰ ਦੇਣ

ਚਰਨਜੀਤ ਸਿੰਘ ਗੁਮਟਾਲਾ ਗੁਰੂ ਅੰਗਦ ਦੇਵ ਜੀ ਦਾ ਜਨਮ 5 ਵੈਸਾਖ ਸੰਮਤ 1561 ਬਿਕਰਮੀ ਮੁਤਾਬਕ 31 ਮਾਰਚ ਸੰਨ 1504 ਈ. ਨੂੰ ਮੱਤੇ ਦੀ ਸਰਾਂ (ਪ੍ਰਚਲਤ ਨਾਂ ਨਾਗੇ ਦੀ ਸਰਾਂ) ਜ਼ਿਲ੍ਹਾ ਫਰੀਦਕੋਟ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਭਾਈ ਫੇਰੂ...
  • fb
  • twitter
  • whatsapp
  • whatsapp
Advertisement

ਚਰਨਜੀਤ ਸਿੰਘ ਗੁਮਟਾਲਾ

ਗੁਰੂ ਅੰਗਦ ਦੇਵ ਜੀ ਦਾ ਜਨਮ 5 ਵੈਸਾਖ ਸੰਮਤ 1561 ਬਿਕਰਮੀ ਮੁਤਾਬਕ 31 ਮਾਰਚ ਸੰਨ 1504 ਈ. ਨੂੰ ਮੱਤੇ ਦੀ ਸਰਾਂ (ਪ੍ਰਚਲਤ ਨਾਂ ਨਾਗੇ ਦੀ ਸਰਾਂ) ਜ਼ਿਲ੍ਹਾ ਫਰੀਦਕੋਟ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਭਾਈ ਫੇਰੂ ਮੱਲ ਅਤੇ ਮਾਤਾ ਦਾ ਨਾਂ ਸਭਰਾਈ ਸੀ। ਗੁਰੂ ਸਾਹਿਬ ਦਾ ਮੁੱਢਲਾ ਨਾਂ ਭਾਈ ਲਹਿਣਾ ਸੀ। ਉਨ੍ਹਾਂ ਦਾ ਵਿਆਹ ਸੰਮਤ 1576 ਬਿਕਰਮੀ ਮੁਤਾਬਕ ਸੰਨ 1519 ਨੂੰ ਖਡੂਰ ਸਾਹਿਬ ਵਿੱਚ ਭਾਈ ਦੇਵੀ ਚੰਦ ਜੀ ਦੀ ਪੁੱਤਰੀ ਬੀਬੀ ਖੀਵੀ ਜੀ ਨਾਲ ਹੋਇਆ। ਉਨ੍ਹਾਂ ਦੇ ਦੋ ਪੁੱਤਰ ਦਾਸੂ ਅਤੇ ਦਾਤੂ ਅਤੇ ਦੋ ਪੁੱਤਰੀਆਂ ਬੀਬੀ ਅਮਰੋ ਅਤੇ ਬੀਬੀ ਅਣੋਖੀ ਜੀ ਸਨ।

Advertisement

ਜਦੋਂ ਮੁਗ਼ਲਾਂ ਅਤੇ ਬਲੋਚਾਂ ਨੇ ਮੱਤੇ ਦੀ ਸਰਾਂ ਉਜਾੜ ਦਿੱਤੀ ਤਾਂ ਭਾਈ ਲਹਿਣਾ ਜੀ ਦਾ ਪਰਿਵਾਰ ਖਡੂਰ ਸਾਹਿਬ ਰਹਿਣ ਚਲਾ ਗਿਆ। ਗੋਇੰਦਵਾਲ ਸਾਹਿਬ ਹਾਲੇ ਵਸਿਆ ਨਹੀਂ ਸੀ। ਖਡੂਰ ਸਾਹਿਬ ਉਨ੍ਹਾਂ ਦੀ ਭੂਆ ਵਿਆਹੀ ਹੋਈ ਸੀ। ਉਨ੍ਹਾਂ ਰਾਹੀਂ ਹੀ ਭਾਈ ਲਹਿਣਾ ਦਾ ਰਿਸ਼ਤਾ ਖਡੂਰ ਸਾਹਿਬ ਹੋਇਆ ਸੀ। ਇੱਥੇ ਆ ਕੇ ਬਾਬਾ ਫੇਰੂ ਨੇ ਪ੍ਰਚੂਨ ਦੀ ਦੁਕਾਨ ਪਾ ਲਈ। ਉਸ ਸਮੇਂ ਉਨ੍ਹਾਂ ਦੀ ਉਮਰ ਲਗਪਗ ਵੀਹ ਸਾਲ ਸੀ।

ਬਾਬਾ ਫੇਰੂ ਜੀ ਵੈਸ਼ਨੋ ਦੇਵੀ ਦੇ ਭਗਤ ਸਨ ਤੇ ਹਰ ਸਾਲ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਪੈਦਲ ਕਟੜਾ ਜਾਂਦੇ ਸਨ। ਸੰਮਤ 1583 (1526 ਈ.) ਵਿਚ ਬਾਬਾ ਫੇਰੂ ਜੀ ਅਕਾਲ ਚਲਾਣਾ ਕਰ ਗਏ। ਉਨ੍ਹਾਂ ਤੋਂ ਪਿੱਛੋਂ ਭਾਈ ਲਹਿਣਾ ਨੇ ਇਹ ਸੇਵਾ ਸੰਭਾਲ ਲਈ।

ਖਡੂਰ ਸਾਹਿਬ ਵਿੱਚ ਭਾਈ ਜੋਧਾ ਰਹਿੰਦਾ ਸੀ। ਉਹ ਹਰ ਰੋਜ਼ ਅੰਮ੍ਰਿਤ ਵੇਲੇ ਉੱਠਦਾ ਅਤੇ ਜਪੁਜੀ ਤੇ ਆਸਾ ਕੀ ਵਾਰ ਦਾ ਪਾਠ ਕਰਦਾ। ਉਸ ਰਾਹੀਂ ਉਨ੍ਹਾਂ ਦਾ ਮੇਲ ਗੁਰੂ ਨਾਨਕ ਦੇਵ ਜੀ ਨਾਲ ਰਾਵੀ ਦੇ ਕੰਢੇ ਕਰਤਾਰਪੁਰ ਵਿੱਚ ਹੋਇਆ। ਭਾਈ ਲਹਿਣਾ ਨੇ ਬਹੁਤ ਮਨ ਲਾ ਕੇ 6-7 ਸਾਲ ਗੁਰੂ ਜੀ ਦੀ ਸੇਵਾ ਕੀਤੀ ਤੇ ਗੁਰੂ ਸਾਹਿਬ ਨੇ ਵੀ ਕਈ ਤਰ੍ਹਾਂ ਦੀਆਂ ਪਰਖਾਂ ਕੀਤੀਆਂ। ਅੰਤ ਵਿੱਚ ਗੁਰੂ ਨਾਨਕ ਦੇਵ ਨੇ ਅਸੂ ਵਦੀ 10 (7 ਅਸੂ) ਸੰਮਤ 1596 (7 ਸਤੰਬਰ 1539 ਈ.) ਨੂੰ ਜੋਤੀ ਜੋਤ ਸਮਾਉਣ ਤੋਂ ਕੁਝ ਦਿਨ ਪਹਿਲਾਂ 2 ਅਸੂ ਸੰਮਤ 1596 (ਅਸੂ ਵਦੀ 5) ਮੁਤਾਬਕ 2 ਸਤੰਬਰ 1539 ਨੂੰ ਭਾਈ ਲਹਿਣਾ ਨੂੰ ਅੰਗਦ ਬਣਾ ਕੇ ਗੁਰਿਆਈ ਦੇ ਦਿੱਤੀ। ਸ੍ਰੀ ਚੰਦ ਤੇ ਲਖਮੀ ਦਾਸ ਦੀ ਨਰਾਜ਼ਗੀ ਕਾਰਨ ਸਿੱਖ ਸੰਗਤ ਵਿੱਚ ਫੁੱਟ ਦਾ ਬੀਜ ਨਾ ਬੀਜਿਆ ਜਾਵੇ, ਇਸ ਲਈ ਗੁਰੂ ਨਾਨਕ ਜੀ ਦੀ ਆਗਿਆ ਅਨੁਸਾਰ ਉਹ ਕਰਤਾਰਪੁਰ ਛੱਡ ਕੇ ਖਡੂਰ ਸਾਹਿਬ ਆ ਗਏ।

ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੀ ਗਈ ਗੁਰਮੁਖੀ ਲਿਪੀ ਨੂੰ ਗੁਰੂ ਅੰਗਦ ਦੇਵ ਜੀ ਨੇ ਅੱਗੇ ਤੋਰਿਆ ਤੇ ਉਸ ਦੇ ਪ੍ਰਚਾਰ ਤੇ ਪਾਸਾਰ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ। ਇਸ ਨਵੀਨ ਲਿਪੀ ਦੀ ਵਰਤੋਂ ਦਾ ਪ੍ਰਭਾਵ ਇਹ ਪਿਆ ਕਿ ਪੜ੍ਹੇ-ਲਿਖੇ ਵਿਅਕਤੀਆਂ ਦੀ ਗਿਣਤੀ ਵਿੱਚ ਵਾਧਾ ਹੋ ਗਿਆ ਅਤੇ ਜਨਤਾ ਤੱਕ ਉਨ੍ਹਾਂ ਦੀ ਮਾਤਰੀ ਭਾਸ਼ਾ ਵਿੱਚ ਧਾਰਮਿਕ ਸਾਹਿਤ ਦੀ ਰਸਾਈ ਕਰਨ ਕਰ ਕੇ ਗੁਰੂਆਂ ਦੇ ਸੁਧਾਰ-ਕਾਰਜ ਨੂੰ ਉਤਸ਼ਾਹ ਮਿਲਿਆ।

ਗੁਰੂ ਅੰਗਦ ਦੇਵ ਨੇ ਦੂਸਰਾ ਕਦਮ ਗੁਰੂ ਨਾਨਕ ਦੀਆਂ ਸਾਖੀਆਂ ਦੇ ਸੰਗ੍ਰਹਿ ਸਬੰਧੀ ਚੁੱਕਿਆ। ਗੁਰੂ ਨਾਨਕ ਸਾਹਿਬ ਦੇ ਸਾਥੀ ਰਹੇ ਬਾਲੇ ਨੇ ਗੁਰੂ ਸਾਹਿਬ ਦੀਆਂ ਜੀਵਨ ਸਾਖੀਆਂ ਸੁਣਾਈਆਂ ਜਿਸ ਨੂੰ ਗੁਰੂ ਅੰਗਦ ਦੇਵ ਜੀ ਨੇ ਲਿਪੀ ਬੱਧ ਕਰਨ ਦਾ ਨਿਸ਼ਚਾ ਧਾਰ ਲਿਆ। ਗੁਰੂ ਅੰਗਦ ਵੱਲੋਂ ਸੰਪਾਦਿਤ ਉਨ੍ਹਾਂ ਦੀ ਸਾਖੀ ਗੁਰਮੁਖੀ ਲਿਪੀ ਵਿੱਚ ਲਿਖੀ ਸਭ ਤੋਂ ਪਹਿਲੀ ਗਦ ਰਚਨਾ ਬਣੀ। ਸਿੱਖਾਂ ਵਿੱਚ ਇਹ ਪੁਸਤਕ ਛੇਤੀ ਹੀ ਹਰਮਨ-ਪਿਆਰੀ ਹੋ ਗਈ। ਇਸ ਪੁਸਤਕ ਵਿੱਚ ਗੁਰੂ ਸਾਹਿਬ ਦੀ ਸਿੱਖਿਆ ਅਤੇ ਜੀਵਨ ਦੋਵੇਂ ਹੀ ਦਰਜ ਸਨ। ਜਲਦੀ ਹੀ ਇਸ ਨੇ ਸਿੱਖਾਂ ਦੇ ਧਾਰਮਿਕ ਗ੍ਰੰਥ ਹੋਣ ਦਾ ਮਾਣ ਪ੍ਰਾਪਤ ਕਰ ਲਿਆ।

ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਆਰੰਭੀ ਗਈ ਲੰਗਰ ਪ੍ਰਥਾ ਵੀ ਅੱਗੇ ਤੋਰੀ। ਲੋਕ ਹੁਣ ਨਵੀਂ ਸ਼੍ਰੇਣੀ ਵਿੱਚ ਬੱਝਣ ਲੱਗੇ। ਗੁਰੂ ਗੱਦੀ ਸੌਂਪਣ ਵੇਲੇ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਉਹ ‘ਗ੍ਰੰਥ’ ਵੀ ਦੇ ਦਿੱਤਾ ਜਿਸ ਵਿੱਚ ਉਨ੍ਹਾਂ ਬਾਬਾ ਫ਼ਰੀਦ, ਭਗਤ ਨਾਮਦੇਵ, ਭਗਤ ਕਬੀਰ, ਭਗਤ ਰਵਿਦਾਸ ਤੇ ਹੋਰ ਭਗਤਾਂ ਸਣੇ ਆਪਣੀ ਬਾਣੀ ਵੀ ਲਿਖੀ ਹੋਈ ਸੀ। ਗੁਰੁੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਰਾਵੀ-ਬਿਆਸ ਵਿਚਲੇ ਇਲਾਕੇ ਮਾਝੇ ਵਿੱਚ ਪ੍ਰਚਾਰ ਕਰਨ ਲਈ ਵੀ ਕਿਹਾ ਸੀ। ਇਸੇ ਤਹਿਤ ਗੁਰੂ ਅੰਗਦ ਦੇਵ ਜੀ ਨੇ ਕਰਤਾਰਪੁਰ ਤੋਂ ਸਿੱਖ ਧਰਮ ਦੇ ਪ੍ਰਚਾਰ ਦਾ ਕੇਂਦਰ ਖਡੂਰ ਸਾਹਿਬ ਵਿੱਚ ਆ ਬਣਾਇਆ।

ਗੋਇੰਦਵਾਲ ਸਾਹਿਬ ਵਾਲੀ ਜਗ੍ਹਾ ਪਹਿਲਾਂ ਇਕ ਥੇਹ ਸੀ। ਇਸ ਦੀ ਮਾਲਕੀ ਇੱਕ ਮਰਵਾਹੇ ਖੱਤਰੀ ਗੋਂਦੇ ਦੇ ਵੱਡਿਆਂ ਕੋਲ ਸੀ। ਗੋਂਦਾ ਆਪਣੇ ਵੱਡਿਆਂ ਦਾ ਨਾਮ ਉਜਾਗਰ ਕਰਨ ਲਈ ਉੱਥੇ ਨਗਰ ਵਸਾਣਾ ਚਾਹੁੰਦਾ ਸੀ। ਗੋਂਦਾ ਇਸ ਬਾਰੇ ਗੁਰੂ ਅੰਗਦ ਦੇਵ ਜੀ ਕੋਲ ਆਇਆ। ਗੁਰੂ ਅੰਗਦ ਸਾਹਿਬ ਨੇ ਨਗਰ ਵਸਾਉਣ ਦੀ ਇਹ ਜ਼ਿੰਮੇਵਾਰੀ (ਗੁਰੂ) ਅਮਰਦਾਸ ਜੀ ਨੂੰ ਸੌਂਪੀ ਅਤੇ ਹੁਕਮ ਦਿੱਤਾ ਕਿ ਨਗਰ ਬਣਾ ਕੇ ਬਾਸਰਕੇ ਤੋਂ ਆਪਣੇ ਨੇੜਲੇ ਸਾਕ-ਸਬੰਧੀਆਂ ਨੂੰ ਉੱਥੇ ਲਿਆ ਵਸਾਓ। ਇਹ ਜ਼ਿਕਰ ਸੰਨ 1546 (ਸੰਮਤ 1603) ਦਾ ਹੈ। ਨਗਰ ਦਾ ਨਾਮ ਗੋਇੰਦਵਾਲ ਰੱਖਿਆ ਗਿਆ। (ਗੁਰੂ) ਅਮਰਦਾਸ ਜੀ ਆਪਣੇ ਸਾਕ-ਸਬੰਧੀਆਂ ਨੂੰ ਗੋਇੰਦਵਾਲ ਲੈ ਆਏ।

ਜਿੱਥੋਂ ਤੀਕ ਗੁਰਮੁਖੀ ਲਿਪੀ ਦਾ ਸਬੰਧ ਹੈ ਇਸ ਨੂੰ ਅਜੋਕਾ ਰੂਪ ਗੁਰੂ ਅੰਗਦ ਦੇਵ ਜੀ ਨੇ ਦਿੱਤਾ। ਡਾ. ਜ.ਸ. ਜੋਸ਼ੀ ਅਨੁਸਾਰ ਗੁਰਮੁਖੀ ਦੇ ਅੱਖਰ ਵਰਤਮਾਨ ਦੇਵਨਾਗਰੀ ਨਾਲੋਂ ਵੀ ਪੁਰਾਣੇ ਹਨ। ਪੈਂਤੀ ਅੱਖਰਾਂ ਦੀ ਵਰਨਮਾਲਾ ਗੁਰੂ ਨਾਨਕ ਸਾਹਿਬ ਦੇ ਬਚਪਨ ਵੇਲੇ ਮੌਜੂਦ ਸੀ। ਇਹ ਵਰਨਮਾਲਾ ਪਾਂਧੇ ਤੋਂ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਅਤੇ ਇਸ ਨੂੰ ਮੁੱਖ ਰੱਖਕੇ ‘ਪੱਟੀ’ ਵਾਲੀ ਰਚਨਾ ਕੀਤੀ। ਇਹ ਵਰਨਮਾਲਾ ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਦਾ ਮੁੱਢ ਸੀ। ਇਹ ਵਰਨਮਾਲਾ ਹੀ ਪਿੱਛੋਂ ‘ਗੁਰਮੁਖੀ’ ਅਖਵਾਈ ਹੋ ਸਕਦੀ ਹੈ। ਡਾ. ਜੋਸ਼ੀ ਲਿਖਦੇ ਹਨ ਕਿ ਗੁਰਮੁਖੀ ਅੱਖਰਾਂ ਦੀ ਵਰਤਮਾਨ ਤਰਤੀਬ ਆਧੁਨਿਕ ਯੁਗ ਦੀ ਧੁਨੀ ਵਿਗਿਆਨ ਦੇ ਖੇਤਰ ਦੀਆਂ ਖੋਜਾਂ ਦੀ ਕਸਵਟੀ ’ਤੇ ਪੂਰੀ ਤਰ੍ਹਾਂ ਠੀਕ ਉਤਰਦੀ ਹੈ। ਗੁਰੂ ਅੰਗਦ ਦੇਵ ਜੀ ਦਾ ਇਸ ਤੋਂ ਵੱਧ ਯੋਗਦਾਨ ਗੁਰਮੁਖੀ ਲਿਪੀ ਨੂੰ ਗੁਰਬਾਣੀ ਅਤੇ ਬਾਕੀ ਗੁਰਮਤਿ ਸਾਹਿਤ ਨੂੰ ਲਿਖਤੀ ਰੂਪ ਦੇਣ ਲਈ ਢੁਕਵੀਂ ਮੰਨ ਕੇ ਮਾਧਿਅਮ ਵਜੋਂ ਅਪਣਾਉਣਾ ਸੀ। ਬੱਚਿਆਂ ਨੂੰ ਇਸ ਦੀ ਸਿੱਖਿਆ ਦੇਣ ਲਈ ਗੁਰੂ ਜੀ ਨੇ ‘ਬਾਲ ਬੋਧ’ ਦੀ ਰਚਨਾ ਕੀਤੀ। ਗੁਰਮੁਖੀ ਅੱਖਰਾਂ ਤੋਂ ਜਾਣੂ ਲਿਖਾਰੀਆਂ ਨੂੰ ਵਰਤਮਾਨ ਲਿਪੀ ਵਿੱਚ ਪੰਜਾਬੀ ਸਾਹਿਤ ਲਿਖਣ ਦੀ ਪ੍ਰੇਰਨਾ ਦਿੱਤੀ। ਸ਼ਾਇਦ ਇਸੇ ਕਰ ਕੇ ਗੁਰਮੁਖਾਂ ਨੇ ਉਨ੍ਹਾਂ ਨੂੰ ਗੁਰਮੁਖੀ ਲਿਪੀ ਦਾ ਨਿਰਮਾਤਾ ਮੰਨ ਲਿਆ।

ਗੁਰੂ ਸਾਹਿਬ ਦੇ 63 ਸਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਗੁਰੂ ਗ੍ਰੰਥ ਦੀ ਬੀੜ ਤਿਆਰ ਕਰਨ ਸਮੇਂ ਇਨ੍ਹਾਂ ਸਲੋਕਾਂ ਨੂੰ ਗੁਰੂ ਅਰਜਨ ਦੇਵ ਨੇ ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਦੀਆਂ ਲਿਖੀਆਂ ਵਾਰਾਂ ਦੀਆਂ ਕੁਝ ਪਉੜੀਆਂ ਦੇ ਨਾਲ ਦਰਜ ਕੀਤਾ ਗਿਆ।

ਸੰਪਰਕ: 94175-33060

Advertisement
×