DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਘੜੰਮ ਚੌਧਰੀ

ਗੱਲਾਂ ’ਚੋਂ ਗੱਲ
  • fb
  • twitter
  • whatsapp
  • whatsapp
Advertisement

ਬਰਜਿੰਦਰ ਕੌਰ ਬਿਸਰਾਓ

‘ਚੌਧਰੀ’ ਸ਼ਬਦ ਨੂੰ ਜੇ ਮੁੱਖ ਤੌਰ ’ਤੇ ਦੇਖੀਏ ਤਾਂ ਇਹ ਸ਼ਬਦ ਕਈ ਲੋਕਾਂ ਦੇ ਨਾਂ ਨਾਲ ਵੀ ਲੱਗਿਆ ਹੁੰਦਾ ਹੈ ਕਿਉਂਕਿ ਇਹ ਉਨ੍ਹਾਂ ਦਾ ਗੋਤ ਹੁੰਦਾ ਹੈ। ਕਈ ਨਗਰਾਂ, ਪਿੰਡਾਂ ਤੇ ਕਸਬਿਆਂ ਜਾਂ ਮੁਹੱਲਿਆਂ ਵਿੱਚ ਕੰਮ ਕਾਜ ਨੂੰ ਜ਼ਿੰਮੇਵਾਰੀ ਨਾਲ ਨਿਭਾਉਣ ਵਾਲੇ ਮੋਹਤਬਰਾਂ ਨੂੰ ਵੀ ਚੌਧਰੀ ਚੁਣ ਲਿਆ ਜਾਂਦਾ ਹੈ ਜਿਸ ਕਰਕੇ ਉਹ ਲੋਕ ਆਪਣੇ ਨਾਵਾਂ ਤੋਂ ਘੱਟ ਤੇ ਚੌਧਰੀ ਸਾਹਿਬ ਕਰਕੇ ਵੱਧ ਜਾਣੇ ਜਾਂਦੇ ਹਨ। ਇਨ੍ਹਾਂ ਨੂੰ ਚੌਧਰੀ ਦੇ ਨਾਲ ਸਾਹਿਬ ਇਸ ਲਈ ਲਾ ਦਿੱਤਾ ਜਾਂਦਾ ਹੈ ਕਿਉਂਕਿ ਇਹ ਸਾਰੇ ਲੋਕਾਂ ਦੇ ਦੁੱਖਾਂ ਸੁੱਖਾਂ ਵਿੱਚ ਮੂਹਰੇ ਹੋ ਕੇ ਖੜ੍ਹਦੇ ਹਨ, ਕਈ ਤਰ੍ਹਾਂ ਦੇ ਘਰੇਲੂ ਜਾਂ ਗਲੀਆਂ ਮੁਹੱਲਿਆਂ ਵਿੱਚ ਹੋਣ ਵਾਲੇ ਲੜਾਈ ਝਗੜੇ ਕਰਨ ਵਾਲੀਆਂ ਦੋ ਧਿਰਾਂ ਨੂੰ ਸਮਝਾ ਕੇ ਨਿਪਟਾਰਾ ਕਰਾ ਦਿੰਦੇ ਹਨ ਜਿਸ ਕਰਕੇ ਉਨ੍ਹਾਂ ਦਾ ਸਮਾਜ ਵਿੱਚ ਸਤਿਕਾਰ ਤੇ ਰੁਤਬਾ ਵਧ ਜਾਂਦਾ ਹੈ ਤੇ ਲੋਕ ਉਨ੍ਹਾਂ ਨੂੰ ਚੌਧਰੀ ਸਾਹਿਬ ਕਹਿ ਕੇ ਬੁਲਾਉਂਦੇ ਹਨ। ਪਰ ਇਹ... ‘ਘੜੰਮ ਚੌਧਰੀ’ ਕਿਹੜੀ ਸ਼੍ਰੇਣੀ ਦੇ ਚੌਧਰੀ ਹੋਏ? ਅੱਜ ਆਪਾਂ ਅਸਲ ਵਿੱਚ ਘੜੰਮ ਚੌਧਰੀ ਦੀ ਹੀ ਗੱਲ ਕਰਨੀ ਹੈ।

Advertisement

ਘੜੰਮ ਚੌਧਰੀ ਅਕਸਰ ਜਨ ਸਮੂਹ ਦੁਆਰਾ ਕੀਤੇ ਜਾਣ ਵਾਲੇ ਇਕੱਠਾਂ ’ਤੇ ਟਟਿਆਣੇ ਵਾਂਗ ਅਲੱਗ ਹੀ ਟਿਮਟਿਮਾਉਂਦੇ ਨਜ਼ਰ ਆਉਂਦੇ ਹਨ। ਇਹ ਘਰਾਂ ਤੋਂ ਸ਼ੁਰੂ ਹੋ ਕੇ ਸਮਾਜਿਕ ਇਕੱਠਾਂ, ਧਾਰਮਿਕ ਸਥਾਨਾਂ, ਹਰ ਤਰ੍ਹਾਂ ਦੀਆਂ ਸਭਾਵਾਂ ਜਾਂ ਸਮਝ ਲਓ ਕਿ ਹਰ ਜਗ੍ਹਾ ਹੀ ਤੁਹਾਨੂੰ ਘੁੰਮਦੇ ਹੋਏ ਦਿਸਦੇ ਹਨ। ਉਂਝ ਤਾਂ ਇਹ ਵੀ ਕਈ ਤਰ੍ਹਾਂ ਦੇ ਹੁੰਦੇ ਹਨ। ਧਾਰਮਿਕ ਸਥਾਨਾਂ ਵਿੱਚ ਵੀ ਜਿਸ ਦਨਿ ਕੋਈ ਵਿਸ਼ੇਸ਼ ਦਿਹਾੜਾ ਮਨਾਇਆ ਜਾ ਰਿਹਾ ਹੋਵੇ ਤਾਂ ਉੱਥੇ ਵੀ ਕਈ ਵਾਰ ਕੋਈ ਘੜੰਮ ਚੌਧਰੀ ਲੰਗਰ ਪਕਾਉਣ, ਵਰਤਾਉਣ ਤੇ ਛਕਣ ਵਾਲਿਆਂ ਵਿੱਚੋਂ ਕਿਸੇ ਨੂੰ ਨਹੀਂ ਬਖ਼ਸ਼ਦਾ। ਭਲਾ ਉਹ ਕਵਿੇਂ...? ਲੰਗਰ ਬਣਾਉਣ ਵਾਲਿਆਂ ਨੂੰ ਆਖੇਗਾ, ‘‘ਆਹ ਰੋਟੀਆਂ ਵੱਡੀਆਂ ਨੇ... ਆਹ ਛੋਟੀਆਂ ਨੇ... ਆਹ ਕੱਚੀਆਂ ਨੇ... ਆਹ ਸੜੀਆਂ ਹੋਈਆਂ ਨੇ...!’’ ਬੁੜੀਆਂ ਵੀ ਫਿਰ ਓਹਦੇ ਪਿੱਠ ਮਰੋੜਦੇ ਈ ਓਹਦੇ ਵੱਲ ਨੂੰ ਕੌੜਾ ਕੌੜਾ ਝਾਕਦੀਆਂ ਬੁੜਬੁੜ ਕਰਦੀਆਂ ਹਨ। ਲੰਗਰ ਵਰਤਾਉਣ ਵਾਲਿਆਂ ਨੂੰ ‘‘ਇੱਕ ਇੱਕ ਰੋਟੀ ਦੇਵੋ... ਇੱਕ ਕੜਛੀ ਤੋਂ ਵੱਧ ਕਿਸੇ ਨੂੰ ਖੀਰ ਨੀ ਦੇਣੀ... ਦੁਬਾਰਾ ਮੰਗਣ ਵਾਲਿਆਂ ਨੂੰ ਕਹਿ ਦਿਉ... ਮੁੱਕਗੀ।’’ ਵਿਚਾਰੀ ਸੰਗਤ ਦਾ ਚਾਹੇ ਇੱਕ ਇੱਕ ਕੜਛੀ ਹੋਰ ਖੀਰ ਛਕਣ ਨੂੰ ਦਿਲ ਕਰ ਰਿਹਾ ਹੋਵੇ। ਉਹ ਕਿਸੇ ਨਾ ਕਿਸੇ ਵਰਤਾਵੇ ਨੂੰ ਇਸ਼ਾਰਾ ਕਰ ਕੇ ਕੋਲ ਬੁਲਾ ਕੇ ਆਖਣ ਲੱਗੇਗਾ, ‘‘ਔਹ ਬੀਬੀ... ਜਿਹੜੀ ਦੋ ਜਵਾਕਾਂ ਨਾਲ ਬੈਠੀ ਆ... ਉਹ ਮੇਰੇ ਘਰਦੀ ਆ... ਉਹਦੇ ਕੋਲ ਦੋ ਟਿਫਨ ਨੇ... ਜਾਹ... ਫੜ ਲਿਆ ਤੇ... ਇੱਕ ਵਿੱਚ ਦਾਲਾਂ ਸਬਜ਼ੀਆਂ... ਦੂਜੇ ਟਿਫਨ ਦੇ ਚਾਰੇ ਡੱਬਿਆਂ ਵਿੱਚ... ਖੀਰ ਪਾ ਕੇ ਰੱਖ ਦੇ... (ਹੱਥ ਨਾਲ ਇੱਕ ਆਰਜ਼ੀ ਤੌਰ ’ਤੇ ਲਾਏ ਪਰਦੇ ਪਿੱਛੇ ਨੂੰ ਇਸ਼ਾਰਾ ਕਰਕੇ) ... ਆਹ ਪਿੱਛੇ ਬਾਲਟੀਆਂ ਭਰੀਆਂ ਪਈਆਂ ਨੇ...।’’

ਵਿਚਾਰਾ ਵਰਤਾਵਾ ਸ਼ਰਧਾ ਭਾਵ ਨਾਲ ਸੇਵਾ ਕਰਨ ਆਇਆ ਹੁੰਦਾ ਹੈ। ਓਹਨੂੰ ਕੀ ਪਤਾ ਕਿ ਉਹ ਚੌਧਰੀ ਭਾਵ ਕੋਈ ਮੋਢੀ ਬੰਦਾ ਹੈ ਜਾਂ ਘੜੰਮ ਚੌਧਰੀ ਹੈ। ਉਹ ਫਟਾਫਟ ਓਹਦੇ ਹੁਕਮ ਵਿੱਚ ਬੱਝ ਕੇ ਸੇਵਾ ਕਰਨ ਲੱਗ ਜਾਂਦਾ ਹੈ। ਟਿਫਨ ਵੀ ਕਾਹਦੇ... ਨਿਰੇ ਬਾਲਟੀਆਂ ਵਰਗੇ ਹੁੰਦੇ ਨੇ। ਉਹ ਤਾਂ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਨਾ ਉਹ ਕਿਸੇ ਕਮੇਟੀ ਦਾ ਮੈਂਬਰ ਹੁੰਦਾ ਹੈ ਤੇ ਨਾ ਹੀ ਪ੍ਰਬੰਧਕਾਂ ਵੱਲੋਂ ਕੋਈ ਵਿਸ਼ੇਸ਼ ਡਿਊਟੀ ਮਿਲੀ ਹੁੰਦੀ ਹੈ, ਬੱਸ ਉਸ ਨੂੰ ਤਾਂ ਜੀ ਮੂਹਰੇ ਹੋ ਕੇ ‘ਸੇਵਾ ਕਰਨ’ ਤੇ ਕਰਵਾਉਣ ਦਾ ਸ਼ੌਕ ਹੁੰਦਾ ਹੈ। ਸ਼ਾਇਦ ਸੇਵਾ ਨਾਲੋਂ ਵੱਧ ਉਸ ਅੰਦਰ ਆਪਣੇ ਆਪ ਨੂੰ ਹਜ਼ਾਰਾਂ ਦੀ ਭੀੜ ਵਿੱਚ ਅਲੱਗ ਪਛਾਣ ਬਣਾਉਣ ਦਾ ਜ਼ਿਆਦਾ ਸ਼ੌਕ ਹੁੰਦਾ ਹੈ।

ਹਰ ਤਰ੍ਹਾਂ ਦੇ ਸਮਾਗਮਾਂ ਵਿੱਚ ਸਟੇਜ ’ਤੇ ਜਿਹੜਾ ਵਾਰ ਵਾਰ ਇਧਰ ਓਧਰ ਗੇੜੇ ਮਾਰਦਾ ਜਵਿੇਂ ਕਿਸੇ ਨੂੰ ਕੁਝ ਪੁੱਛ ਜਾਂ ਦੱਸ ਰਿਹਾ ਹੋਵੇ, ਸਲਾਹ ਦੇ ਰਿਹਾ ਹੋਵੇ ਜਾਂ ਫਿਰ ਆਉਣ ਵਾਲੇ ਉੱਘੇ ਲੋਕਾਂ ਨਾਲ ਇਸ ਤਰ੍ਹਾਂ ਮਿਲਦਾ ਜਾਂ ਗੱਲਾਂਬਾਤਾਂ ਕਰਦਾ ਦਿਖਾਈ ਦਿੰਦਾ ਹੈ ਜਵਿੇਂ ਉਸ ਨੂੰ ਸਾਰੀ ਦੁਨੀਆਂ ਜਾਣਦੀ ਹੋਵੇ... ਸਮਝੋ ਉਹ ਘੜੰਮ ਚੌਧਰੀ ਹੀ ਹੋਵੇਗਾ। ਆਮ ਕਰਕੇ ਘੜੰਮ ਚੌਧਰੀ ਉਨ੍ਹਾਂ ਨੂੰ ਕਿਹਾ ਹੀ ਤਾਂ ਜਾਂਦਾ ਹੈ ਕਿਉਂਕਿ ਕਈ ਵਾਰ ਉਨ੍ਹਾਂ ਵਿੱਚੋਂ ਹਰ ਜਗ੍ਹਾ ਮੂਹਰੇ ਹੋ ਹੋ ਕੇ ਆਪਣੀ ਪਛਾਣ ਤਾਂ ਇਸ ਤਰ੍ਹਾਂ ਬਣਾ ਲੈਂਦੇ ਹਨ ਜਵਿੇਂ ਉਨ੍ਹਾਂ ਨੇ ਜ਼ਿੰਦਗੀ ਵਿੱਚ ਬਹੁਤ ਮੱਲਾਂ ਮਾਰ ਕੇ ਨਾਮਣਾ ਖੱਟਿਆ ਹੋਵੇ ਪਰ ਜਦੋਂ ਉਨ੍ਹਾਂ ਦੀਆਂ ਪ੍ਰਾਪਤੀਆਂ ’ਤੇ ਝਾਤੀ ਮਾਰੀਏ ਤਾਂ ਉਹ ਹਵਾ ਨਾਲ ਭਰੇ ਲਿਫ਼ਾਫ਼ੇ ਵਾਂਗ ਹੁੰਦੇ ਹਨ।

ਉਂਝ ਦੇਖਿਆ ਜਾਏ ਤਾਂ ਘੜੰਮ ਚੌਧਰੀ ਸਾਡੇ ਸਮਾਜ ਦਾ ਅਹਿਮ ਹਿੱਸਾ ਹੁੰਦੇ ਹਨ ਕਿਉਂਕਿ ਉਹ ਜਿੱਥੇ ਵੀ ਹਾਜ਼ਰ ਹੋਣ ਉੱਥੇ ਹੀ ਉਹ ਲੋਕਾਂ ਦਾ ਮੁੱਖ ਮੁੱਦੇ ਤੋਂ ਧਿਆਨ ਹਟਾ ਕੇ ਆਪਣੇ ਵੱਲ ਖਿੱਚ ਲੈਂਦੇ ਹਨ। ਕਈ ਵਾਰ ਇਹੋ ਜਿਹੇ ਘੜੰਮ ਚੌਧਰੀ ਆਪਣੀ ਪਛਾਣ ਇੰਨੀ ਉੱਚੀ ਬਣਾ ਲੈਂਦੇ ਹਨ ਕਿ ਉਨ੍ਹਾਂ ਦਾ ਹਰ ਜਗ੍ਹਾ ਚੌਧਰ ਕਰਨਾ ਹੀ ਉਨ੍ਹਾਂ ਦਾ ਰੁਤਬਾ ਬਣ ਜਾਂਦਾ ਹੈ। ਆਮ ਲੋਕ ਵੀ ਉਨ੍ਹਾਂ ਦੀਆਂ ਪ੍ਰਾਪਤੀਆਂ ’ਤੇ ਝਾਤੀ ਮਾਰੇ ਬਿਨਾ ਸਿਰਫ਼ ਉਨ੍ਹਾਂ ਦੀ ਮੌਜੂਦਗੀ ਨੂੰ ਹੀ ਉਨ੍ਹਾਂ ਦਾ ਰੁਤਬਾ ਮੰਨਣ ਲੱਗ ਜਾਂਦੇ ਹਨ। ਇਸ ਵਰਗ ਦੇ ਘੜੰਮ ਚੌਧਰੀ ਜ਼ਿਆਦਾ ਚਲਾਕ, ਪੈਸੇ ਵਾਲੇ ਤੇ ਗੱਲਾਂਬਾਤਾਂ ਦੇ ਮੰਝੇ ਹੋਏ ਹੁੰਦੇ ਹਨ। ਉਨ੍ਹਾਂ ਨੂੰ ਪੈਸੇ ਦੇ ਜ਼ੋਰ ’ਤੇ ਲੋਕਾਂ ਵਿੱਚ ਆਪਣੀ ਵਿਲੱਖਣ ਥਾਂ ਬਣਾਉਣ ਦਾ ਹੁਨਰ ਹੁੰਦਾ ਹੈ। ਜਦ ਉਹ ਸਟੇਜਾਂ ’ਤੇ ਸਨਮਾਨਿਤ ਕੀਤੇ ਜਾਂਦੇ ਹਨ ਤਾਂ ਉਨ੍ਹਾਂ ਦੀ ਸ਼ਾਨ ਵਿੱਚ ਤਾੜੀਆਂ ਮਾਰਨ ਵਾਲੇ ਲੋਕ ਉਨ੍ਹਾਂ ਤੋਂ ਕਿਤੇ ਜ਼ਿਆਦਾ ਕਾਬਲ ਹੁੰਦੇ ਹਨ। ਪਰ ਉਹ ਤਾੜੀਆਂ ਵਾਲੇ ਸੈਕਸ਼ਨ ਵਿੱਚ ਤਾਂ ਬੈਠੇ ਹੁੰਦੇ ਹਨ ਕਿਉਂਕਿ ਉਹ ਇਹ ‘ਹੁਨਰ’ ਨਹੀਂ ਜਾਣਦੇ ਹੁੰਦੇ। ਕੋਈ ਕੋਈ ਸਿਆਸੀ ਆਗੂ ਵੀ ਇਸੇ ਹੁਨਰ ਦੀ ਉਪਜ ਹੁੰਦੇ ਹਨ। ਘੜੰਮ ਚੌਧਰੀ ਬਣਨਾ ਆਮ ਬੰਦੇ ਦੇ ਵਸ ਤੋਂ ਬਾਹਰ ਦੀ ਗੱਲ ਹੈ। ਜੇ ਕੋਈ ਵਿਅਕਤੀ ਹਿੰਮਤ ਕਰਕੇ ਇਨ੍ਹਾਂ ਬਾਰੇ ਜਾਣਬੁੱਝ ਕੇ ਭਰੀ ਸਭਾ ਵਿੱਚ ਤਵਾ ਲਾ ਕੇ ਠਿੱਠ ਕਰਨਾ ਵੀ ਚਾਹੇ ਤਾਂ ਇਹ ਦੰਦੀਆਂ ਕੱਢ ਕੇ ਪਬਲਿਕ ਦਾ ਹਿੱਸਾ ਬਣ ਕੇ ਉਸ ਨੂੰ ਆਪਣੇ ਉੱਤੇ ਨਾ ਲੈਂਦਿਆਂ ਉਸੇ ਨੂੰ ਵਾਹ! ਵਾਹ ਆਖਣ ਲੱਗਦੇ ਹਨ ਜਿਸ ਨਾਲ ਤਵਾ ਲਾਉਣ ਵਾਲੇ ਦਾ ਵੀ ਸਿਰ ਚਕਰਾ ਜਾਂਦਾ ਹੈ ਤੇ ਹਿੰਮਤ ਢਾਹ ਬਹਿੰਦਾ ਹੈ। ਜੇ ਦੇਖਿਆ ਜਾਵੇ ਤਾਂ ਘੜੰਮ ਚੌਧਰੀ ਬਣਨ ਲਈ ਅਤਿ ਦਾ ਆਤਮ-ਵਿਸ਼ਵਾਸੀ, ਹੱਦ ਦਰਜੇ ਦਾ ਢੀਠ ਤੇ ਗੱਲਾਂਬਾਤਾਂ ਨਾਲ ਬਹੁਤ ਸਾਰੇ ਲੋਕਾਂ ਨੂੰ ਭਰਮਾਉਣ ਵਰਗੇ ਗੁਣਾਂ ਦਾ ਧਾਰਨੀ ਹੋਣਾ ਜ਼ਰੂਰੀ ਹੁੰਦਾ ਹੈ।

ਸੰਪਰਕ: 99889-01324

Advertisement
×