ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਮਰੀਕਾ ਵਿਚਲਾ ਗਦਰੀ ਬਾਬਾ- ਬਾਵਾ ਨਨਕਾਣਾ ਬਿਸ਼ਨ

ਗਦਰੀ ਬਾਬਾ ਬਾਵਾ ਨਨਕਾਣਾ ਬਿਸ਼ਨ ਦਾ ਜਨਮ 1 ਦਸੰਬਰ 1877 ਨੂੰ ਮਾਤਾ ਬਸੰਤ ਕੌਰ ਦੀ ਕੁੱਖੋਂ ਪਿਤਾ ਸੰਤ ਰਾਮ ਢੁੱਡੀਕੇ ਦੇ ਘਰੇ ਪਿੰਡ ਕੋਟ ਸੰਤਰਾਮ ਵਿੱਚ (ਨਨਕਾਣਾ ਸਾਹਿਬ ਦੇ ਨਾਲ) ਹੋਇਆ। ਇਹ ਪਿੰਡ ਹੁਣ ਨਨਕਾਣਾ ਸਾਹਿਬ ਦੀ (ਪਾਕਿਸਤਾਨ) ਸੰਤਰਾਮ ਕਲੋਨੀ...
Advertisement

ਗਦਰੀ ਬਾਬਾ ਬਾਵਾ ਨਨਕਾਣਾ ਬਿਸ਼ਨ ਦਾ ਜਨਮ 1 ਦਸੰਬਰ 1877 ਨੂੰ ਮਾਤਾ ਬਸੰਤ ਕੌਰ ਦੀ ਕੁੱਖੋਂ ਪਿਤਾ ਸੰਤ ਰਾਮ ਢੁੱਡੀਕੇ ਦੇ ਘਰੇ ਪਿੰਡ ਕੋਟ ਸੰਤਰਾਮ ਵਿੱਚ (ਨਨਕਾਣਾ ਸਾਹਿਬ ਦੇ ਨਾਲ) ਹੋਇਆ। ਇਹ ਪਿੰਡ ਹੁਣ ਨਨਕਾਣਾ ਸਾਹਿਬ ਦੀ (ਪਾਕਿਸਤਾਨ) ਸੰਤਰਾਮ ਕਲੋਨੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮੁਢਲੀ ਸਿੱਖਿਆ ਦੌਰਾਨ ਬਾਵਾ ਨਨਕਾਣਾ ਬਿਸ਼ਨ ਨੇ ਗੁਰਮੁਖੀ ਤੇ ਉਰਦੂ ਭਾਸ਼ਾ ਸਿੱਖੀ। 1895 ਵਿੱਚ ਰੁਜ਼ਗਾਰ ਦੀ ਭਾਲ ’ਚ ਆਪ ਆਪਣੀ ਮਾਤਾ ਦੇ ਰੱਖੇ 82 ਰੁਪਏ ਲੈ ਕੇ ਰੇਲ ਗੱਡੀ ਰਾਹੀਂ ਬਰਮਾ ਪਹੁੰਚ ਗਏ। ਇਥੇ ਲਗਪਗ ਤਿੰਨ ਸਾਲ ਮਿਹਨਤ ਮਜ਼ਦੂਰੀ ਕੀਤੀ। ਇਸ ਤੋਂ ਪਿੱਛੋਂ ਚੀਨ ਜਾ ਕੇ ਵਿਸ਼ਵ ਦੀਆਂ ਸਭ ਤੋਂ ਔਖੀਆਂ ਭਾਸ਼ਾਵਾਂ ਵਿੱਚੋਂ ਇੱਕ ਮੈਂਡਰਿਨ ਦਾ ਸਰਟੀਫਿਕੇਟ ਕੋਰਸ ਪਾਸ ਕੀਤਾ ਤੇ ਉਥੋਂ ਦੇ ਪੁਲੀਸ ਵਿਭਾਗ ਵਿੱਚ ਦੋ ਸਾਲ ਨੌਕਰੀ ਕੀਤੀ। ਇਸ ਤੋਂ ਬਾਅਦ ਸਿੰਗਾਪੁਰ ਪੁੱਜ ਕੇ 4 ਸਾਲ ਫੌਜ ਦੀ ਨੌਕਰੀ ਕੀਤੀ ਤੇ ਪਿੰਡੋਂ ਮੰਗਵਾਈ ਜ਼ਰੂਰੀ ਚਿੱਠੀ ਰਾਹੀਂ ਡਿਸਚਾਰਜ ਹੋ ਕੇ 1904 ਵਿੱਚ ਸਾਂ ਫਰਾਂਸਿਸਕੋ (ਅਮਰੀਕਾ) ਪਹੁੰਚੇ। ਮਜ਼ਦੂਰੀ ਕਰਦਿਆਂ ਆਪ ਨੇ ਕਾਫੀ ਡਾਲਰ ਜੋੜੇ ਤੇ ਕੁਝ ਹੋਰ ਸੱਜਣਾਂ ਨਾਲ ਜੁੜ ਕੇ ਇਕ ਹਜ਼ਾਰ ਏਕੜ ਦਾ ਫਾਰਮ ਠੇਕੇ ’ਤੇ ਲੈ ਲਿਆ। ਇਥੇ ਸਬਜ਼ੀਆਂ ਦੀ ਕਾਸ਼ਤ ਕਰਕੇ ਘਰ-ਘਰ ਵੇਚਣ ਦਾ ਕਾਰੋਬਾਰ ਸ਼ੁਰੂ ਕੀਤਾ। ਬਿਸ਼ਨ ਜੀ ਭਾਰਤੀਆਂ ਵੱਲੋਂ ਹਰ ਹਫ਼ਤੇ ਗੁਰਦੁਆਰਿਆਂ ’ਚ ਕੀਤੇ ਜਾਂਦੇ ਇਕੱਠਾਂ ਵਿੱਚ ਸ਼ਾਮਲ ਹੁੰਦੇ, ਜਿਥੇ ਪਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਲੱਭਣ ਬਾਰੇ ਵਿਚਾਰਾਂ ਹੁੰਦੀਆਂ। 1911-12 ਦੌਰਾਨ ਬਿਸ਼ਨ ਜੀ ਦਾ ਮੇਲ ਭਾਰਤੀ ਕ੍ਰਾਂਤੀਕਾਰੀ ਆਗੂਆਂ- ਲਾਲਾ ਹਰਦਿਆਲ ਤੇ ਉਨ੍ਹਾਂ ਦੇ ਸਾਥੀਆਂ ਨਾਲ ਹੋਇਆ। 1913 ਵਿੱਚ ਗਦਰ ਪਾਰਟੀ (ਹਿੰਦੀ ਪੈਸੀਫਿਕ ਕੋਸਟ ਐਸੋਸੀਏਸ਼ਨ) ਬਣਨ ਮਗਰੋਂ ਆਪ ਗਦਰ ਪਾਰਟੀ ਦੇ ਮੈਂਬਰ ਬਣੇ ਤੇ ਗਦਰ ਪਾਰਟੀ ਦੀ ਲਹਿਰ ਤੇ ਗਦਰ ਅਖ਼ਬਾਰ ਦੀਆਂ ਸਾਰੀਆਂ ਸਰਗਰਮੀਆਂ ਵਿੱਚ ਹਿੱਸਾ ਲੈਣ ਲੱਗੇ। ਬਿਸ਼ਨ ਜੀ ਨੇ ਤਨ, ਮਨ ਤੇ ਵਿਸ਼ੇਸ਼ ਕਰਕੇ ਧਨ ਨਾਲ ਗਦਰ ਪਾਰਟੀ ਦੀ ਸਹਾਇਤਾ ਵੱਡੇ ਪੱਧਰ ’ਤੇ ਜਾਰੀ ਰੱਖੀ।

1922-23 ’ਚ ਜਦੋਂ ਊਧਮ ਸਿੰਘ ਅਮਰੀਕਾ ਪਹੁੰਚੇ ਤਾਂ ਗਦਰ ਪਾਰਟੀ ਰਾਹੀਂ ਬਿਸ਼ਨ ਜੀ ਨਾਲ ਉਨ੍ਹਾਂ ਦਾ ਮੇਲ-ਜੋਲ ਬਣਿਆ। ਦੋਵੇਂ ਪੱਕੇ ਮਿੱਤਰ ਬਣ ਗਏ ਤੇ ਮੈਰੀਲੈਂਡ ਵਿੱਚ ਦੋ ਸਾਲ ਇੱਕਠੇ ਰਹੇ। ਉਥੇ ਉਨ੍ਹਾਂ ਦੇ ਮਕਾਨ ’ਤੇ ਅਮਰੀਕੀ ਪੁਲੀਸ ਦਾ ਛਾਪਾ ਪੈਣ ਮਗਰੋਂ ਊਧਮ ਸਿੰਘ ਸਫ਼ਲਤਾ ਨਾਲ ਪਿਛਲੇ ਪਾਸੇ ਤੋਂ ਬਚ ਨਿਕਲੇ। ਉਸ ਵੇਲੇ ਆਪ ਨੇ ਖ਼ੁਦ ਵੀ ਊਧਮ ਸਿੰਘ ਦੀ ਵਿੱਤੀ ਮਦਦ ਕੀਤੀ ਤੇ ਹੋਰ ਸਾਥੀਆਂ ਤੋਂ ਵੀ ਕਰਵਾਈ। ਇਸ ਰਕਮ ਨਾਲ ਊਧਮ ਸਿੰਘ ਨੇ ਕੀਮਤੀ ਅਸਲਾ ਖਰੀਦਿਆ ਤੇ ਗਦਰ ਸਾਹਿਤ ਇਕੱਠਾ ਕਰਕੇ ਭਾਰਤ ਵੱਲ ਚਾਲੇ ਪਾ ਦਿੱਤੇ। 1927 ’ਚ ਊਧਮ ਸਿੰਘ ਅੰਮ੍ਰਿਤਸਰ ’ਚ ਫੜੇ ਗਏ ਅਤੇ 1928 ਵਿੱਚ ਉਨ੍ਹਾਂ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਬਿਸ਼ਨ ਜੀ 32 ਸਾਲ ਬਾਅਦ ਨਨਕਾਣਾ ਸਾਹਿਬ ਆਪਣੇ ਘਰ ਪਰਤੇ ਅਤੇ ਅੰਮ੍ਰਿਤਸਰ ਜਾ ਕੇ ਊਧਮ ਸਿੰਘ ਨਾਲ ਮੁਲਾਕਾਤ ਕੀਤੀ। ਬਿਸ਼ਨ ਜੀ ਨੇ ਦੱਸਿਆ ਸੀ ਕਿ 1932 ਵਿੱਚ ਊਧਮ ਸਿੰਘ ਰਿਹਾਅ ਹੋਏ ਤੇ ਸਾਧੂ ਦਾ ਭੇਸ ਧਾਰ ਕੇ ਜੰਮੂ-ਕਸ਼ਮੀਰ ਦੇ ਪਹਾੜਾਂ ਵੱਲ ਚਲੇ ਗਏ। ਉਥੇ ਉਨ੍ਹਾਂ ਨੂੰ ਇੱਕ ਅਮੀਰ ਆਦਮੀ ਮਿਲਿਆ ਜਿਸ ਨੇ ਪ੍ਰਭਾਵਿਤ ਹੋ ਕੇ ਊਧਮ ਸਿੰਘ ਨੂੰ ਬਾਵਾ ਦੇ ਨਾਮ ਹੇਠ ਲਾਹੌਰ ਤੋਂ ਨਵਾਂ ਪਾਸਪੋਰਟ ਜਾਰੀ ਕਰਵਾ ਕੇ ਇੰਗਲੈਂਡ ਭਿਜਵਾਇਆ। ਬਿਸ਼ਨ ਜੀ ਤੇ ਊਧਮ ਸਿੰਘ ਦਾ ਸੰਪਰਕ ਚਿੱਠੀ ਪੱਤਰ ਰਾਹੀਂ ਲਗਾਤਾਰ ਬਣਿਆ ਰਿਹਾ।

Advertisement

1936 ਵਿੱਚ ਆਪ ਦੇ ਫੌਜੀ ਭਰਾ ਕਿਸ਼ਨ ਦਾਸ ਦੀ ਪਲੇਗ ਕਾਰਨ ਮੌਤ ਹੋ ਗਈ। ਆਪ ਨਨਕਾਣਾ ਸਾਹਿਬ ਆਏ, ਪਲੇਗ ਦਾ ਇਲਾਜ ਕਰ ਰਹੇ ਅੰਗਰੇਜ਼ ਡਾਕਟਰਾਂ ਦੀ ਟੀਮ, ਜਿਨ੍ਹਾਂ ਨੂੰ ਭਾਸ਼ਾ ਸਬੰਧੀ ਸਮੱਸਿਆ ਆ ਰਹੀ ਸੀ, ਨਾਲ ਰਹਿ ਕੇ 6 ਮਹੀਨੇ ਇਲਾਕੇ ਦੇ ਲੋਕਾਂ ਦੀ ਸੇਵਾ ਕੀਤੀ। ਇਸੇ ਸਮੇਂ ਆਪ ਦਾ ਵਿਆਹ ਬੀਬੀ ਹਰਬੰਸ ਕੌਰ ਨਾਲ ਹੋਇਆ ਤੇ ਕੁਝ ਦੇਰ ਬਾਅਦ ਆਪ ਮੁੜ ਅਮਰੀਕਾ ਚਲੇ ਗਏ। ਹਰਬੰਸ ਕੌਰ ਸਮੇਤ ਸਾਰਾ ਪਰਿਵਾਰ ਨਨਕਾਣਾ ਸਾਹਿਬ ਹੀ ਰਿਹਾ। ਬਿਸ਼ਨ ਜੀ 4-4 ਸਾਲ ਬਾਅਦ ਦੇਸ਼ ਆਉਣ ਲੱਗੇ। ਆਪ ਦੇ ਘਰੇ 5 ਧੀਆਂ ਤੇ ਇੱਕ ਪੁੱਤਰ ਨੇ ਜਨਮ ਲਿਆ।

1940 ਵਿੱਚ ਲੰਡਨ ’ਚ ਕੀਤੇ ਜਾਣ ਵਾਲੇ ਸਰ ਮਾਈਕਲ ਉਡਵਾਇਰ ਵਾਲੇ ਕੌਮੀ ਬਦਲੇ ਦੇੇ ਇਤਿਹਾਸਕ ਸਾਕੇ ਤੋਂ ਥੋੜ੍ਹਾ ਅਰਸਾ ਪਹਿਲਾਂ ਊਧਮ ਸਿੰਘ ਨੇ ਪਰਮ ਮਿੱਤਰ ਹੋਣ ਕਰਕੇ ਆਪ ਨੂੰ ਇੰਗਲੈਂਡ ਸੱਦਿਆ ਤੇ ਪੂਰੇ 20 ਦਿਨ ਦੋਵਾਂ ਨੇ ਇਕੱਠਿਆਂ ਗੁਜ਼ਾਰੇ। ਵਾਪਸੀ ਮੌਕੇ ਊਧਮ ਸਿੰਘ ਨੇ ਬਿਸ਼ਨ ਜੀ ਨੂੰ ਦੱਸਿਆ, ‘ਜਲਦੀ ਹੀ ਤੁਹਾਨੂੰ ਅਜੇਹੀ ਨਿਵੇਕਲੀ ਖ਼ਬਰ ਮਿਲੇਗੀ ਜਿਸ ਨਾਲ ਮੇਰੀ ਜ਼ਿੰਦਗੀ ਦਾ ਵੱਡਾ ਟੀਚਾ ਪੂਰਾ ਹੋ ਜਾਵੇਗਾ।’ ਇਹ ਘਟਨਾ 13 ਮਾਰਚ 1940 ਨੂੰ ਵਾਪਰੀ।

ਊਧਮ ਸਿੰਘ ਦੇ ਫੜੇ ਜਾਣ ਮਗਰੋਂ ਬਿਸ਼ਨ ਜੀ ਦੀ ਪਹਿਲ ਕਦਮੀ ਨਾਲ ਅਮਰੀਕਾ ਦੀ ਗਦਰ ਪਾਰਟੀ ਨੇ ਮੁਕੱਦਮਾ ਲੜਨ ਲਈ ਦੋ ਵੱਡੇ ਵਕੀਲ ਖੜ੍ਹੇ ਕੀਤੇ, ਤਾਂ ਜੋ ਊਧਮ ਸਿੰਘ ਨੂੰ ਬਚਾਉਣ ਦਾ ਯਤਨ ਕੀਤਾ ਜਾ ਸਕੇ। ਊਧਮ ਸਿੰਘ ਨੇ ਬਿਸ਼ਨ ਜੀ ਨੂੰ ਆਪਣੇ ਅਸਲੀ ਦਸਤਖ਼ਤਾਂ ਵਾਲੀ ਆਖਰੀ ਫੋਟੋ ਲੰਡਨ ਜੇਲ੍ਹ ਵਿੱਚੋਂ ਡਾਕ ਰਾਹੀਂ ਅਮਰੀਕਾ ਭੇਜੀ, ਜਿਸ ਦੇ ਪਿਛਲੇ ਪਾਸੇ ਲਿਖਿਆ ਹੋਇਆ ਸੀ, ‘ਮੁਹੰਮਦ ਸਿੰਘ ਆਜ਼ਾਦ। ਆਪ ਨੂੰ ਯਾਦਗਾਰ ਭੇਜਦਾ ਹਾਂ, ਕਦੇ ਇਸ ਨੂੰ ਦੇਖ ਲਿਆ ਕਰਨਾ। ਐਮ.ਐਸ.ਆਜ਼ਾਦ।’ ਇਹ ਚਿੱਠੀ ਪ੍ਰੋ. ਮਲਵਿੰਦਰਜੀਤ ਵੜੈਚ ਨੇ ਲੰਬੀ ਖੋਜ ਮਗਰੋਂ ਉਨ੍ਹਾਂ ਕੋਲੋਂ 1969 ’ਚ ਪ੍ਰਾਪਤ ਕੀਤੀ ਸੀ।

ਆਪਣੇ ਪਿਆਰੇ ਵਤਨ ਅਤੇ ਵਤਨ ਵਾਸੀਆਂ ਦੇ ਖਿੱਚੇ, ਬਿਸ਼ਨ ਜੀ 1952 ’ਚ ਅਮਰੀਕਾ ਤੋਂ ਵਾਪਸ ਪਿੰਡ ਡਡਹੇੜੀ ਆਪਣੇ ਪਰਿਵਾਰ ਕੋਲ ਪਹੁੰਚੇ ਤੇ ਉਨ੍ਹਾਂ ਸਮੇਤ ਮੰਡੀ ਗੋਬਿੰਦਗੜ੍ਹ (ਜ਼ਿਲ੍ਹਾ ਫਤਿਹਗੜ੍ਹ ਸਾਹਿਬ) ਰਹਿਣ ਲੱਗੇ।

ਬਾਵਾ ਜੀ ਲਗਾਤਾਰ ਦੇਸ਼ ਭਗਤੀ ਤੇ ਲੋਕ ਸੇਵਾ ਦੇ ਕਾਰਜਾਂ ਵਿੱਚ ਜੁਟੇ ਰਹੇ। ਬਿਸ਼ਨ ਜੀ ਦੀ ਪੱਕੀ ਸਮਝ ਸੀ ਕਿ ਦੂਜੀ ਸੰਸਾਰ ਜੰਗ ਪਿੱਛੋਂ ਬਦਲੀਆਂ ਹੋਈਆਂ ਸੰਸਾਰ-ਹਾਲਤਾਂ ਅੰਦਰ ਤੇ ਭਾਰਤ ਦੀਆਂ ਕੌਮੀ ਆਜ਼ਾਦੀ ਲਹਿਰਾਂ ਦੇ ਭਾਰੀ ਦਬਾਅ ਕਾਰਨ 1947 ਵਿੱਚ ਬੇਸ਼ੱਕ ਅੰਗਰੇਜ਼ਾਂ ਨੂੰ ਇਥੋਂ ਨਿਕਲਣਾ ਪਿਆ, ਪਰ ਅੱਜ ਵੀ ਦੇਸ਼ ਦੇ ਰਾਜ ਪ੍ਰਬੰਧ ’ਤੇ ਵੱਡੇ ਦਲਾਲ ਸਰਮਾਏਦਾਰ, ਜਾਗੀਰਦਾਰ, ਭ੍ਰਿਸ਼ਟ ਅਫਸਰਸ਼ਾਹੀ ਤੇ ਸਾਮਰਾਜੀ ਕੰਪਨੀਆਂ ਕਾਬਜ਼ ਹਨ। ਉਹ ਸਮਝਦੇ ਸਨ ਕਿ ਆਜ਼ਾਦੀ ਦੀ ਲਾਲੀ 90 ਫ਼ੀਸਦ ਕਿਸਾਨਾਂ, ਮਜ਼ਦੂਰਾਂ, ਤਮਾਮ ਕਿਰਤੀਆਂ ਦੇ ਘਰਾਂ ’ਚ ਨਹੀਂ ਪਹੁੰਚੀ। ਇਸ ਤਰ੍ਹਾਂ ਵੱਡੇ ਇਨਕਲਾਬ ਦੀ ਆਸ ਤੇ ਵਿਸ਼ਵਾਸ਼ ਸਾਡੇ ਮਨਾਂ ਵਿੱਚ ਜ਼ਿੰਦਾ ਰੱਖਦੇ ਹੋਏ ਆਪ 16 ਜੂਨ 1975 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ। ਆਪ ਵੱਲੋਂ ਕੌਮੀ ਅਜ਼ਾਦੀ ਅਤੇ ਨਵੇਂ-ਨਰੋਏ ਲੋਕ ਪੱਖੀ ਜਮਹੂਰੀ ਰਾਜ ਪ੍ਰ੍ਰਬੰਧ ਦੀ ਸਥਾਪਨਾ ਲਈ ਕੀਤੇ ਵੱਡੇ ਤਿਆਗ ਤੇ ਕੁਰਬਾਨੀਆਂ ਸਦਾ ਸਾਡੇ ਦਿਲਾਂ ਵਿੱਚ ਯਾਦ ਰਹਿਣਗੀਆਂ।

ਸੰਪਰਕ: 96464-02470

Advertisement
Show comments