ਗਾਜ਼ਾ ਵਿੱਚ ਨਸਲਘਾਤ: ਏਤੀ ਮਾਰ ਪਈ ਕੁਰਲਾਣੈ...
ਦੋ ਵਾਰ ਵੈਟੀਕਨ ਕੈਥੋਲਿਕ ਚਰਚ ਦਾ ਪੋਪ ਲੀਓ ਚੌਦਵਾਂ, ਬ੍ਰਿਟੇਨ, ਫਰਾਂਸ, ਆਸਟ੍ਰੇਲੀਆ, ਕੈਨੇਡਾ ਸਮੇਤ 21 ਦੇਸ਼, ਅਰਬ ਲੀਗ, ਯੂਐੱਨ ਅਤੇ ਵਿਸ਼ਵ ਭਰ ਦੀਆਂ ਅਨੇਕ ਮਾਨਵ ਅਧਿਕਾਰਾਂ ਦੀ ਰਾਖੀ ਕਰਨ ਵਾਲੀਆਂ ਸੰਸਥਾਵਾਂ ਇਜ਼ਰਾਈਲ ਨੂੰ ਅਪੀਲਾਂ ਕਰ-ਕਰ ਥੱਕ ਗਈਆਂ ਕਿ ਉਹ ਗਾਜ਼ਾ ਪੱਟੀ ਦੇ ਫ਼ਲਸਤੀਨੀਆਂ ’ਤੇ ਰੋਜ਼ਾਨਾ ਅੰਧਾ-ਧੁੰਦ ਗੋਲੀਬਾਰੀ ਨਾਲ ਦਰਜਨਾਂ ਨੂੰ ਮੌਤ ਦੇ ਘਾਟ ਉਤਾਰਨ, ਸੈਂਕੜਿਆਂ ਨੂੰ ਜ਼ਖ਼ਮੀ ਕਰਨ, ਹਜ਼ਾਰਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਲਾਇਨ ਕਰਨ ਲਈ ਮਜਬੂਰ ਕਰਨ ਵਾਲਾ ਅਤਿ ਘਿਨਾਉਣਾ ਨਸਲਘਾਤੀ ਘਾਣ ਬੰਦ ਕਰ ਦੇਵੇ ਪਰ ਅਮਰੀਕੀ ਸ਼ਹਿ, ਸੁਰੱਖਿਆ ਅਤੇ ਸਹਿਯੋਗ ਕਰ ਕੇ ਉਹ ਜ਼ਰਾ ਵੀ ਟੱਸ ਤੋਂ ਮੱਸ ਨਹੀਂ ਹੋ ਰਿਹਾ।
ਗਾਜ਼ਾ ਪੱਟੀ 41 ਕਿਲੋਮੀਟਰ ਲੰਮਾ, 6 ਤੋਂ 12 ਕਿਲੋਮੀਟਰ ਚੌੜਾ, ਕਰੀਬ 365 ਵਰਗ ਕਿਲੋਮੀਟਰ ਦਾ ਉਹ ਖੇਤਰ ਹੈ ਜੋ ਭੂ-ਮੱਧ ਸਾਗਰ ਦੇ ਪੂਰਬ ਵੱਲ ਮਿਸਰ ਅਤੇ ਇਜ਼ਰਾਈਲ ਦੀਆਂ ਸਰਹੱਦਾਂ ਨਾਲ ਲਗਦਾ ਹੈ। ਇਸ ਉੱਤੇ ਸੰਨ 2007 ਤੋਂ ਹਮਾਸ ਦਾ ਕਬਜ਼ਾ ਹੈ। ਇਸ ਸਮੇਂ ਇਸ ਦੀ ਆਬਾਦੀ 2.1 ਮਿਲੀਅਨ ਹੈ ਜੋ ਵਿਸ਼ਵ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਖੇਤਰ ਵਜੋਂ ਜਾਣਿਆ ਜਾਂਦਾ ਹੈ। ਪਿਛਲੇ 16 ਸਾਲਾਂ ਤੋਂ ਇਹ ਇਜ਼ਰਾਈਲ ਦੀ ਥਲ, ਜਲ ਅਤੇ ਹਵਾਈ ਨਾਕਾਬੰਦੀ ਕਰ ਕੇ ‘ਜੇਲ੍ਹ’ ਬਣਿਆ ਪਿਆ ਹੈ। ਇਸ ਅੰਦਰ ਗਾਜ਼ਾ, ਦੀਰ ਬਲਾਅ, ਖਾਨ ਯੂਨਸ, ਹਫਾਅ ਆਦਿ ਵੱਡੇ ਸ਼ਹਿਰ ਪੈਂਦੇ ਹਨ।
ਲਗਾਤਾਰ ਨਾਕਾਬੰਦੀ, ਹਵਾਈ, ਜਲ ਤੇ ਥਲ ਦੀ ਰੋਜ਼ਾਨਾ ਇਜ਼ਰਾਇਲੀ ਗੋਲੀਬਾਰੀ ਤੋਂ ਤੰਗ ਹਮਾਸ ਲੜਾਕੂਆਂ ਨੇ 7 ਅਕਤੂਬਰ 2023 ਨੂੰ ਇਜ਼ਰਾਈਲ ਅੰਦਰ ਗੁਰੀਲਾ ਘੁਸਪੈਠ ਕਰ ਕੇ ਕਰੀਬ 1200 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ 251 ਨੂੰ ਅਗਵਾ ਕਰ ਲਿਆ। ਬਸ ਫੇਰ ਕੀ ਸੀ, ਇਜ਼ਰਾਈਲ ਨੇ ਪੂਰੇ ਗਾਜ਼ਾ ਨੂੰ ਰਾਖ਼ ਦਾ ਢੇਰ ਬਣਾਉਣ, ਫ਼ਲਸਤੀਨੀਆਂ ਦਾ ਨਸਲਘਾਤ, ਉਨ੍ਹਾਂ ਦਾ ਸੰਪੂਰਨ ਮਲੀਆਮੇਟ ਕਰਨ ਦਾ ਅਹਿਦ ਕਰ ਲਿਆ। ਇਜ਼ਰਾਈਲ ਅਤੇ ਅਮਰੀਕਾ ਦੀ ਇਹ ਯੋਜਨਾ ਹੈ ਕਿ ਫਲਸਤੀਨ ਦੇ ਲੋਕ ਇਸ ਖੇਤਰ ਨੂੰ ਖਾਲੀ ਕਰ ਕੇ ਹੋਰ ਦੇਸ਼ਾਂ ਜਿਵੇਂ ਮਿਸਰ, ਜੌਰਡਨ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਇਰਾਕ ਆਦਿ ਵਿਚ ਜਾ ਵਸਣ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਸ ਖੇਤਰ ਨੂੰ ਅਮਰੀਕਾ ਅਧੀਨ ਕਰ ਕੇ ਇਸ ਨੂੰ ਰਿਵੇਰੀਆ ਵਜੋਂ ਵਿਕਸਿਤ ਕਰ ਕੇ ਟੂਰਿਸਟ ਅਤੇ ਮਨੋਰੰਜਨ ਕੇਂਦਰ ਬਣਾਉਣਾ ਚਾਹੁੰਦਾ ਹੈ; ਇਸ ਦੇ 4 ਬਿਲੀਅਨ ਡਾਲਰ ਦੇ ਗੈਸ ਭੰਡਾਰਾਂ ’ਤੇ ਕਾਬਜ਼ ਹੋਣਾ ਚਾਹੁੰਦਾ ਹੈ।
ਗਾਜ਼ਾ ਪੱਟੀ ਫ਼ਲਸਤੀਨੀਆ ਦੇ ਨਸਲਘਾਤ ਦੀ ਸ਼ਿਕਾਰ ਬਣੀ ਪਈ ਹੈ। ਇਸ ਖੇਤਰ ਦਾ 84 ਪ੍ਰਤੀਸ਼ਤ ਮੁੱਢਲਾ ਢਾਂਚਾ, ਸ਼ਹਿਰ, ਦੇਹਾਤ, ਬਨਸਪਤੀ ਤਹਿਸ ਨਹਿਸ ਕਰ ਦਿੱਤੇ ਗਏ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ, 95 ਪ੍ਰਤੀਸ਼ਤ ਗਰਭਵਤੀ ਔਰਤਾਂ ਅਤੇ ਨਰਸਾਂ ਭੁੱਖਮਰੀ ਦਾ ਸ਼ਿਕਾਰ ਹਨ। ਯੂਨੀਸੈਫ ਅਨੁਸਾਰ, ਰੋਜ਼ਾਨਾ 100 ਬੱਚੇ ਮਰ ਰਹੇ ਹਨ। ਜ਼ਖਮਾਂ ਕਰ ਕੇ ਰੋਜ਼ਾਨਾ 10 ਬੱਚਿਆਂ ਦੇ ਨਕਾਰਾ ਅੰਗ ਕੱਟੇ ਜਾ ਰਹੇ ਹਨ। ਪਿਛਲੇ 658 ਦਿਨਾਂ ਵਿਚ ਗਾਜ਼ਾ ਦੀ ਦੋ-ਤਿਹਾਈ ਆਬਾਦੀ ਨੂੰ 3-4 ਵਾਰ ਇੱਧਰ-ਉੱਧਰ ਪਲਾਇਨ ਕਰਨ ਲਈ ਮਜਬੂਰ ਕੀਤਾ ਗਿਆ।
ਦੋ ਮਹੀਨੇ ਦੀ ਗੋਲਬੰਦੀ ਦੇ ਖ਼ਾਤਮੇ ਬਾਅਦ ‘ਅਪਰੇਸ਼ਨ ਗਿਦੋਂ ਰੱਥ’ ਅਧੀਨ ਚਾਲੂ ਜੁਲਾਈ ਮਹੀਨੇ ਵਿਚ ਇਜ਼ਰਾਇਲੀ ਫੌਜ ਨੇ ਗਾਜ਼ਾ ਅੰਦਰ 140 ਨਵੇਂ ਟਾਰਗੈਟ ਫੁੰਡੇ ਹਨ। ਇਲਾਕੇ ਦੀ ਰਹਿੰਦੀ-ਖੂੰਹਦੀ ਆਰਥਿਕਤਾ ਮਲੀਆਮੇਟ ਕਰ ਦਿੱਤੀ ਹੈ। ਜਦੋਂ ਤੋਂ ਯੂਐੱਨ ਅਧੀਨ ਏਜੰਸੀਆਂ ਰਾਹੀਂ ਲੋਕਾਂ ਨੂੰ ਦਿੱਤੀ ਜਾਂਦੀ ਰਾਹਤ ਸਮੱਗਰੀ ’ਤੇ ਰੋਕ ਲਾ ਕੇ ਇਹ ਕਾਰਜ ਇਜ਼ਰਾਈਲ ਅਤੇ ਅਮਰੀਕੀ ਏਜੰਸੀਆਂ ਨੇ ‘ਗਾਜ਼ਾ ਮਾਨਵਵਾਦੀ ਸੰਸਥਾ’ ਅਧੀਨ ਰਾਹਤ, ਖਾਣ-ਪੀਣ ਦੀਆਂ ਵਸਤਾਂ ਦੀ ਸਪਲਾਈ ਸੰਭਾਲੀ ਹੈ, ਇਹ ਰੋਜ਼ਾਨਾ 500 ਟਰੱਕਾਂ ਤੋਂ ਘੱਟ ਕੇ 80 ਟਰੱਕਾਂ ਤੱਕ ਸੀਮਤ ਹੋ ਗਈ ਹੈ। ਇਜ਼ਰਾਈਲ ਤੇ ਅਮਰੀਕੀਆਂ ਦੀ ਲੁਕਵੀਂ ਸ਼ਹਿ ਰਾਹੀਂ ਲੁਟੇਰੇ ਗੈਂਗਾਂ ਦਾ ਇਸ ਸਿਸਟਮ ’ਤੇ ਕਬਜ਼ਾ ਹੈ। ਉਨ੍ਹਾਂ ਦੀ ਲੁੱਟ-ਖੋਹ ਅਤੇ ਫਿਰ ਮਹਿੰਗੇ ਭਾਅ ਵਸਤਾਂ ਦੀ ਵਿਕਰੀ ਨੇ ਭੁੱਖਮਰੀ ਪੈਦਾ ਕਰ ਦਿੱਤੀ ਹੈ।
ਗਾਜ਼ਾ ਪਰਿਵਾਰਾਂ ਨੂੰ 20 ਕਿਲੋ ਪ੍ਰਤੀ ਮਾਹ ਅਨਾਜ ਖਾਤਰ ਵਿਤਰਨ ਸਥਾਨਾਂ ’ਤੇ 20 ਤੋਂ 40 ਕਿਲੋਮੀਟਰ ਤੁਰ ਕੇ ਜਾਣਾ ਪੈਂਦਾ ਹੈ। ਹੁੰਦਾ ਕੀ ਹੈ? ਇੱਕ ਥਾਂ 20 ਟਰੱਕ, ਜਿਨ੍ਹਾਂ ਵਿਚ ਪ੍ਰਤੀ ਟਰੱਕ 20 ਟਨ ਕਣਕ ਭੇਜੀ ਜਾਂਦੀ ਹੈ, ਵਿੱਚੋਂ ਸਿਰਫ ਤਿੰਨ ਵਿਤਰਣ ਸਥਾਨ ’ਤੇ ਪੁੱਜਦੇ ਹਨ। ਉਨ੍ਹਾਂ ਵਿਚੋਂ 15 ਹਥਿਆਰਬੰਦ ਲੁਟੇਰੇ ਲੁੱਟ ਕੇ ਲੈ ਜਾਂਦੇ ਹਨ, ਦੋ ਖੋਹਾ-ਖੋਹੀ ਵਿਚ ਬਰਬਾਦ ਹੋ ਜਾਂਦੇ ਹਨ। ਵਿਤਰਣ ਸਥਾਨ ਤੇ ਲੋਕਾਂ ਵਿਚ ਲੜਾਈ ਸ਼ੁਰੂ ਹੋ ਜਾਂਦੀ ਹੈ। ਇਜ਼ਰਾਈਲ ਦੇ ਬਖ਼ਤਰਬੰਦ ਦਸਤੇ ਉਨ੍ਹਾਂ ’ਤੇ ਗੋਲੀਬਾਰੀ ਆਰੰਭ ਦਿੰਦੇ ਹਨ। ਕਈ ਤਾਂ ਰਸਤੇ ਵਿਚ ਹੀ ਮਾਰ ਦਿੱਤੇ ਜਾਂਦੇ ਹਨ। ਰਾਹਤ ਸਮੱਗਰੀ ਸਪਲਾਈ ’ਤੇ ਰੋਕ ਕਰ ਕੇ ਗਾਜ਼ਾ ਨਿਵਾਸੀ ਭੁੱਖਮਰੀ ਦਾ ਸ਼ਿਕਾਰ ਹਨ। ਖਾਣ-ਪੀਣ ਦੀਆਂ ਵਸਤਾਂ ਮਹਿੰਗੀਆਂ ਹੋਣ ਕਰ ਕੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕੀਆਂ ਹਨ। ਫਰਵਰੀ 2025 ਤੋਂ 3000 ਪ੍ਰਤੀਸ਼ਤ ਕੀਮਤਾਂ ਵਿਚ ਵਾਧਾ ਹੋਇਆ ਹੈ। 25 ਕਿਲੋ ਆਟਾ ਦੀਰ ਅੱਲ ਬਲਾਹ ਵਿੱਚ 235 ਯੂਐੱਸ ਡਾਲਰ, ਗਾਜ਼ਾ ਅਤੇ ਖਾਨ ਯੂਨਸ ਵਿਚ 520 ਯੂਐੱਸ ਡਾਲਰ ਦਾ ਵਿਕ ਰਿਹਾ ਹੈ। ਇੱਕ ਕਿਲੋ ਟਮਾਟਰ ਭਾਰਤੀ 118 ਰੁਪਏ ਦੇ ਵਿਕ ਰਹੇ ਹਨ। ਇਹੋ ਹਾਲ ਹੋਰ ਵਸਤਾਂ ਦਾ ਹੈ।
ਰਾਹਤ ਸਮੱਗਰੀ ਲੈਣ ਜਾਣ ਵਾਲਿਆਂ ਦੇ ਸੱਥਰ ਕਿਵੇਂ ਇਜ਼ਰਾਇਲੀ ਅੰਧਾ-ਧੁੰਦ ਗੋਲੀਬਾਰੀ ਨਾਲ ਵਿਛਦੇ ਹਨ? 29 ਫਰਵਰੀ 2024 ਨੂੰ ਗਾਜ਼ਾ ਸ਼ਹਿਰ ਦੇ ਦੱਖਣ-ਪੱਛਮ ਵਿਚ ਆਟਾ ਲੈਣ ਗਏ ਲੋਕਾਂ ’ਤੇ ਅੰਧਾ-ਧੁੰਦ ਗੋਲੀਬਾਰੀ ਨਾਲ 112 ਲੋਕ ਮਾਰੇ ਗਏ, 750 ਜ਼ਖ਼ਮੀ ਹੋਏ। ਜੂਨ 2 2025 ਨੂੰ ਉੱਤਰ ਪੱਛਮੀ ਰਫਾਅ ਵਿਤਰਣ ਸਥਾਨ ’ਤੇ 27, ਤਿੰਨ ਜੂਨ ਨੂੰ 30 ਲੋਕ ਮਾਰ ਦਿੱਤੇ। ਸੈਂਕੜੇ ਜ਼ਖ਼ਮੀ ਹੋਏ। 20 ਜੂਨ ਨੂੰ 85 ਅਤੇ 21 ਜੂਨ ਨੂੰ 79 ਲੋਕ ਮੌਤ ਦੇ ਘਾਟ ਉਤਾਰ ਦਿੱਤੇ ਗਏ। ਹੁਣ ਤੱਕ 60,000 ਤੋਂ ਵੱਧ ਗਾਜ਼ਾ ਨਿਵਾਸੀ ਮਾਰੇ ਜਾ ਚੁੱਕੇ ਹਨ; ਕਰੀਬ 1,41,000 ਜ਼ਖ਼ਮੀ ਹੋ ਚੁੱਕੇ ਹਨ। ਇਨ੍ਹਾਂ ਵਿੱਚ 18000 ਨੰਨ੍ਹੇ ਬੱਚੇ ਸ਼ਾਮਿਲ ਹਨ। ਇਸ ਸਮੇਂ 5 ਸਾਲ ਦੀ ਉਮਰ ਤੱਕ ਦੇ 70,000 ਬੱਚੇ, 18,000 ਗਰਭਵਤੀ ਔਰਤਾਂ, 5 ਲੱਖ ਲੋਕ ਭੁੱਖਮਰੀ, ਬਿਮਾਰੀਆਂ ਅਤੇ ਇਲਾਜ ਰਹਿਤ ਹੋਣ ਕਰ ਕੇ ਮਰਨ ਕਿਨਾਰੇ ਹਨ। ਇਸੇ ਕਰ ਕੇ ਗਾਜ਼ਾ ਦੇ ਨੰਨ੍ਹੇ ਬੱਚੇ ਵਿਸ਼ਵ ਭਾਈਚਾਰੇ ਨੂੰ ਸਵਾਲ ਕਰ ਰਹੇ ਹਨ- “ਓ ਲੋਕੋ! ਤੁਸੀਂ ਚੁੱਪ ਕਿਉਂ ਹੋ?”
ਯਹੂਦੀ ਅੱਜ ਤੱਕ ਦੂਜੀ ਵਿਸ਼ਵ ਜੰਗ ਵੇਲੇ ਜਰਮਨ ਤਾਨਾਸ਼ਾਹ ਹਿਟਲਰ ਦੇ ਕਤਲ-ਏ-ਆਮ, ਗੈਸ ਚੈਂਬਰਾਂ ਵਿਚ ਮੌਤਾਂ ਨੂੰ ‘ਹੋਲੌਕਾਸਟ’ (ਸਰਬਨਾਸ਼) ਵਜੋਂ ਤ੍ਰਿਸਕਾਰਦੇ ਹਨ ਪਰ ਜਿਵੇਂ ਉਹ ਗਾਜ਼ਾ ਨਿਵਾਸੀ ਫ਼ਲਸਤੀਨੀਆ ਦਾ ਸਰਬਨਾਸ਼ ਕਰ ਰਹੇ ਹਨ, ਉਹ ਹਿਟਲਰੀ ਸਰਬਨਾਸ਼ ਨੂੰ ਵੀ ਮਾਤ ਪਾਉਂਦਾ ਹੈ। ਇਹ ਬਾਬਰ ਦੇ ਅਣਮਨੁੱਖੀ ਜ਼ੁਲਮਾਂ ਨੂੰ ਮਾਤ ਪਾਉਂਦਾ ਹੈ ਜਿਸ ਦੇ ਪ੍ਰਤੀਕਰਮ ਵਜੋਂ ਗੁਰੂ ਨਾਨਕ ਜੀ ਰੱਬ ਨੂੰ ਕਹਿ ਉਠੇ ਸਨ: ਏਤੀ ਮਾਰ ਪਈ ਕਰਲਾਣੈ ਤੈਂ ਕੀ ਦਰਦੁ ਨ ਆਇਆ॥
ਅਰਬ ਦੇਸ਼ ਇਸ ਸਮੇਂ ਵਿਸ਼ਵ ਦੇ ਅਮੀਰ ਦੇਸ਼ਾਂ ਵਜੋਂ ਜਾਣੇ ਜਾਂਦੇ ਹਨ ਪਰ ਇਨ੍ਹਾਂ ਦੀ ਜ਼ਮੀਰ ਮਰ ਚੁੱਕੀ ਹੈ। ਇਹ ਅਮਰੀਕਾ ਅਤੇ ਇਜ਼ਰਾਈਲ ਦੇ ਪਿੱਠੂ ਬਣ ਚੁੱਕੇ ਹਨ। ਜੇ ਗਾਜ਼ਾ ਵਿਚ ਸਾਰੇ 2.1 ਮਿਲੀਅਨ ਫਲਸਤੀਨੀ ਭੁੱਖ, ਇਲਾਜ ਰਹਿਤ ਅਤੇ ਇਜ਼ਰਾਇਲੀ ਗੋਲੀਬਾਰੀ ਨਾਲ ਮਰ ਵੀ ਜਾਣ ਤਾਂ ਕੋਈ ਫਰਕ ਨਹੀਂ ਪੈਂਦਾ। ਗਾਜ਼ਾ ਅੰਦਰ ਰੋਜ਼ ਬੰਬ ਡਿੱਗ ਰਹੇ ਹਨ, ਹਵਾਈ ਹਮਲੇ ਹੋ ਰਹੇ ਹਨ, ਗੋਲੀਬਾਰੀ ਹੋ ਰਹੀ ਹੈ। ਯੂਐੱਨ ਅਨੁਸਾਰ, 97 ਪ੍ਰਤੀਸ਼ਤ ਪਾਣੀ ਜ਼ਹਿਰੀਲਾ ਹੋ ਚੁੱਕਾ ਹੈ। ਬਿਜਲੀ ਗੁੱਲ ਰਹਿੰਦੀ ਹੈ। ਅਮਰੀਕਾ ਜੋ ਇਜ਼ਰਾਈਲ ਨਾਲ ਮਿਲ ਕੇ ਗਾਜ਼ਾ ਪੱਟੀ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ, ਦਾ ਰਾਸ਼ਟਰਪਤੀ ਜਦੋਂ ਸਾਊਦੀ ਅਰਬ ਅਤੇ ਕਤਰ ਵਿੱਚ ਦੌਰੇ ’ਤੇ ਜਾਂਦਾ ਹੈ ਤਾਂ ਕਤਰ ਮਹਿੰਗਾ ਹਵਾਈ ਜਹਾਜ਼ ਤੋਹਫੇ ਵਜੋਂ ਪੇਸ਼ ਕਰਦਾ ਹੈ। ਹੈ ਨਾ ਨੱਕ ਡੋਬ ਕੇ ਮਰਨ ਵਾਲਾ ਕਾਰਨਾਮਾ!
ਇਜ਼ਰਾਇਲੀ ਬੰਬਾਰੀ ਨੇ ਗਾਜ਼ਾ ਅੰਦਰ 36 ਹਸਪਤਾਲ ਤਬਾਹ ਕਰ ਦਿੱਤੇ। ਸਕੂਲ, ਕਾਲਜ, ਰਿਹਾਇਸ਼ੀ ਇਲਾਕੇ, ਪਨਾਹਗਾਹਾਂ ਦੀ ਬਰਬਾਦੀ, ਸਿਵਲੀਅਨਾਂ ਤੇ ਬੱਚੇ, ਬੁੱਢੇ, ਗਰਭਵਤੀ ਔਰਤਾਂ ’ਤੇ ਗੋਲੀਬਾਰੀ ਨੇ ਯੂਰੋਪ ਅੰਦਰ ਇਜ਼ਰਾਈਲ ਦੀ ਸਾਖ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਬਰਤਾਨਵੀ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਦਾ ਕਹਿਣਾ ਹੈ ਕਿ ਐਸੀ ਸਥਿਤੀ ਸਹਿਣਯੋਗ ਨਹੀਂ। ਅਜਿਹਾ ਹੀ ਕੈਨੇਡਾ, ਫਰਾਂਸ, ਜਰਮਨੀ ਆਦਿ ਦਾ ਕਹਿਣਾ ਹੈ ਪਰ ਲੱਖ ਸੋਨ ਟਕੇ ਦਾ ਸਵਾਲ ਇਹ ਹੈ ਕਿ ਇਜ਼ਰਾਈਲ ਨੂੰ ਰੋਕੇ ਕੌਣ?
17 ਜੁਲਾਈ ਨੂੰ ਇਜ਼ਰਾਈਲ ਨੇ ਗਾਜ਼ਾ ਪੱਟੀ ਸਥਿਤ ਇਕਲੌਤੇ ਕੈਥੋਲਿਕ ਚਰਚ ’ਤੇ ਬੰਬਾਰੀ ਕਰ ਕੇ ਤਿੰਨ ਵਿਅਕਤੀ ਮੌਤ ਦੇ ਘਾਟ ਉਤਾਰ ਦਿੱਤੇ ਅਤੇ 10 ਜ਼ਖ਼ਮੀ ਕਰ ਦਿੱਤੇ। ਗਾਜ਼ਾ ਵਿਚ ਕਰੀਬ 1100 ਇਸਾਈ ਰਹਿੰਦੇ ਹਨ। ਚਰਚ ਦਾ ਪਾਸਟਰ ਗੈਬਰੀਲ ਰੋਮਨਲੀ ਵੀ ਜ਼ਖ਼ਮੀ ਹੋ ਗਿਆ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਅਤੇ ਪੋਪ ਚੌਦਵਾਂ ਲੀਓ ਨੇ ਇਸ ਦੀ ਨਿਖੇਧੀ ਕੀਤੀ। ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ, ਜੋ ਜੰਗੀ ਅਪਰਾਧੀ ਹਨ ਅਤੇ ਜਿਸ ਦੇ ਵਰੰਟ ਕੌਮਾਂਤਰੀ ਅਦਾਲਤ ਨੇ ਜਾਰੀ ਕੀਤੇ ਹੋਏ ਹਨ, ਨੇ ਗ਼ਲਤੀ ਨਾਲ ਇੱਕ ਟੈਂਕ ਰਾਹੀਂ ਹਮਲਾ ਮੰਨਿਆ ਤੇ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦਿਨ 25 ਹੋਰ ਫ਼ਲਸਤੀਨੀ ਵੀ ਮਾਰੇ ਗਏ ਸਨ ਪਰ ਉਨ੍ਹਾਂ ਪ੍ਰਤੀ ਦੁੱਖ ਜ਼ਾਹਿਰ ਕਰਨ ਲਈ ਇਨ੍ਹਾਂ ਸਭ ਦੇ ਬੁੱਲ੍ਹ ਸੀਤੇ ਗਏ। ਪੋਪ ਨੇ ਜ਼ਰੂਰ ਅਜਿਹੇ ਅਪਰਾਧ ਬੰਦ ਕਰਨ ਅਤੇ ਗੋਲੀਬੰਦੀ ਲਈ ਇਜ਼ਰਾਈਲ ਨੂੰ ਅਪੀਲ ਕੀਤੀ।
ਗਾਜ਼ਾ ਜਿੱਥੇ ਬਾਹਰੋਂ ਇਜ਼ਰਾਈਲ ਅਤੇ ਅਮਰੀਕਾ ਦੀ ਮਰਜ਼ੀ ਬਗੈਰ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ, ਅਗਲੇ ਦਿਨ 18 ਜੁਲਾਈ ਤੱਕ ਕੈਥੋਲਿਕ ਚਰਚ ਦੇ ਦੋ ਧਾਰਿਮਕ ਆਗੂਆਂ ਪੀਅਰ ਬਤਿਤਸਾ ਪਿਜ਼ਾਬਲਾ ਅਤੇ ਥੀਵੁਪਿਲਸ ਤੀਜੇ ਨੇ ਘਟਨਾ ਸਥਾਨ ਦਾ ਦੌਰਾ ਕਰ ਕੇ ਇਸਾਈ ਭਾਈਚਾਰੇ ਦੀ ਸੁਰੱਖਿਆ ਦਾ ਭਰੋਸਾ ਦਿੱਤਾ, ਉਨ੍ਹਾਂ ਨਾਲ ਹਮੇਸ਼ਾ ਖੜ੍ਹੇ ਰਹਿਣ ਦਾ ਵਚਨ ਦਿੱਤਾ। ਕਾਸ਼! ਵਿਸ਼ਵ ਦੇ ਰਾਜਨੀਤਕ ਅਤੇ ਧਾਰਿਮਕ ਆਗੂ ਫਲਸਤੀਨੀਆ ਦੀ ਰਾਖੀ ਲਈ ਅੱਗੇ ਆਉਂਦੇ!
ਅਮਰੀਕਾ ਅਤੇ ਇਜ਼ਰਾਈਲ ਅਪਰੇਸ਼ਨ ਅਰੋਰਾ ਤਹਿਤ ਗਾਜ਼ਾ ਪੱਟੀ ਨੂੰ ਫ਼ਲਸਤੀਨੀਆ ਤੋਂ ਖਾਲੀ ਕਰਾ ਕੇ ਕੁਦਰਤੀ ਸੋਮੇ ਲੁੱਟਣਾ ਚਾਹੁੰਦੇ ਹਨ। ਉਹ ਪੱਛਮੀ ਕਿਨਾਰੇ ਅਤੇ ਯੇਰੋਸ਼ਲਮ ਵਿਚ ਵੀ ਸ਼ਾਂਤੀ ਨਹੀਂ ਚਾਹੁੰਦੇ ਲੇਕਿਨ ਹਮਾਸ ਕਾਰਕੁਨ ਅਤੇ ਫ਼ਲਸਤੀਨੀ ਆਪਣੇ ਆਜ਼ਾਦ ਰਾਜ, ਨਿਵੇਕਲੀ ਹੋਂਦ ਅਤੇ ਹੱਕਾਂ ਲਈ ਆਖਿ਼ਰੀ ਦਮ ਤੱਕ ਲੜਨ ਦਾ ਪ੍ਰਣ ਕਰੀ ਬੈਠੇ ਹਨ। ਅੱਜ ਫਿਰ ਫ਼ਲਸਤੀਨੀਆਂ ਨੂੰ ਸਾਮਰਾਜਵਾਦੀਆਂ, ਯਹੂਦੀ ਕੱਟੜਵਾਦੀਆਂ ਅਤੇ ਹਿੰਸਕ ਸ਼ਕਤੀਆਂ ਵਿਰੁੱਧ ਜੰਗ ਜਿੱਤਣ ਲਈ ਯਾਸਰ ਅਰਾਫਾਤ ਵਰਗੇ ਅੱਗ ਫੱਕਣ ਵਾਲੇ ਜੁਝਾਰੂ ਆਗੂ ਦੀ ਲੋੜ ਹੈ।
ਸੰਪਰਕ: +1-289-829-2929