ਗੌਹਰ ਖ਼ਾਨ ਨੇ ਪੁੱਤਰ ਨੂੰ ਜਨਮ ਦਿੱਤਾ
ਟੀਵੀ ਅਦਾਕਾਰਾ ਗੌਹਰ ਖ਼ਾਨ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਅਦਾਕਾਰਾ ਨੇ ਆਪਣੇ ਪਤੀ ਜ਼ਾਇਦ ਦਰਬਾਰ ਨਾਲ ਬੁੱਧਵਾਰ ਨੂੰ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵਿੱਚ ਆਪਣੇ ਚਾਹੁਣ ਵਾਲਿਆਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਬੱਚੇ ਦਾ ਜਨਮ ਸੋਮਵਾਰ ਨੂੰ ਹੋਇਆ ਸੀ। ਇਸ ਪੋਸਟ ਵਿੱਚ ਜੋੜੇ ਨੇ ਲਿਖਿਆ ਹੈ ਕਿ ਉਨ੍ਹਾਂ ਦਾ ਪੁੱਤਰ ਜ਼ੇਹਾਨ ਆਪਣੇ ਛੋਟੇ ਭਰਾ ਦੇ ਜਨਮ ’ਤੇ ਬੇਹੱਦ ਖ਼ੁਸ਼ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਪਰਿਵਾਰ ਲਈ ਸਾਰਿਆਂ ਤੋਂ ਪਿਆਰ ਅਤੇ ਆਸ਼ੀਰਵਾਦ ਚਾਹੁੰਦੇ ਹਨ। ਇਸ ਜੋੜੀ ਵੱਲੋਂ ਕੀਤੇ ਇਸ ਖ਼ੁਲਾਸੇ ਮਗਰੋਂ ਇਨ੍ਹਾਂ ਦੇ ਚਾਹੁਣ ਵਾਲਿਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਇਸ ਪੋਸਟ ’ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਇਸ ਜੋੜੇ ਲਈ ਪਿਆਰ ਅਤੇ ਨਵਜੰਮੇ ਬੱਚੇ ਲਈ ਦੁਆਵਾਂ ਦਿੱਤੀਆਂ ਹਨ। ਇਸ ਪੋਸਟ ’ਤੇ ਅਦਾਕਾਰਾ ਦੀਆ ਮਿਰਜ਼ਾ ਨੇ ਦਿਲ ਵਾਲੀ ਇਮੋਜ਼ੀ ਨਾਲ ਕੁਮੈਂਟ ਕੀਤਾ ਹੈ। ਇਸੇ ਤਰ੍ਹਾਂ ਸਮੀਰਾ ਰੈਡੀ ਨੇ ਲਿਖਿਆ ਹੈ, ‘‘ਮੁਬਾਰਕਾਂ, ਸਾਰੇ ਪਰਿਵਾਰ ਨੂੰ ਇਸ ਖ਼ੁਸ਼ੀ ਦੇ ਮੌਕੇ ’ਤੇ ਬਹੁਤ ਸਾਰਾ ਪਿਆਰ।’’ ਸਵਰਾ ਭਾਸਕਰ ਨੇ ਵੀ ਵਧਾਈਆਂ ਦਿੱਤੀਆਂ ਹਨ। ਅਦਾਕਾਰ ਕਰਨ ਵੀ ਗਰੋਵਰ ਨੇ ਵੀ ਮੁਬਾਰਕਾਂ ਦਿੱਤੀਆਂ ਹਨ। ਇਸ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਕਲਾਕਾਰਾਂ ਨੇ ਵਧਾਈਆਂ ਦਿੱਤੀਆਂ ਹਨ। ਇਸ ਸਾਲ ਅਪਰੈਲ ਵਿੱਚ ਇਸ ਜੋੜੇ ਨੇ ਇੰਸਟਾਗ੍ਰਾਮ ’ਤੇ ਆਪਣੇ ਦੂਜੇ ਬੱਚੇ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਫਿਲਮ ‘ਬੇਗ਼ਮ ਜਾਨ’ ਦੀ ਅਦਾਕਾਰਾ ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਹੋ ਗਈ ਸੀ। ਉਸ ਨੇ ਗਰਭਵਤੀ ਹੋਣ ਦੌਰਾਨ ਆਪਣੇ ਪ੍ਰਸ਼ੰਸਕਾਂ ਨਾਲ ਕਈ ਪੋਸਟਾਂ ਸਾਂਝੀਆਂ ਕੀਤੀਆਂ ਸਨ। ਗੌਹਰ ਖ਼ਾਨ ਟੀਵੀ ਸੀਰੀਜ਼ ‘ਫ਼ੌਜੀ 2’ ਵਿੱਚ ਦਿਖਾਈ ਦਿੱਤੀ ਸੀ।