ਦੋਸਤੀ ਦਿਵਸ: ਇਮਤਿਆਜ਼ ਵੱਲੋਂ ਨਵੀਂ ਫਿਲਮ ‘ਸਾਈਡ ਹੀਰੋਜ਼’ ਦਾ ਐਲਾਨ
ਫਿਲਮ ਨਿਰਮਾਤਾ ਇਮਤਿਆਜ਼ ਅਲੀ ਨੇ ਦੋਸਤੀ ਦਿਵਸ (ਫਰੈਂਡਸ਼ਿਪ ਡੇਅ) ਮੌਕੇ ਆਪਣੇ ਨਵੇਂ ਪ੍ਰਾਜੈਕਟ ਦਾ ਐਲਾਨ ਕੀਤਾ ਹੈ। ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਮਹਾਂਵੀਰ ਜੈਨ ਫਿਲਮਜ਼ ਦੇ ਨਿਰਦੇਸ਼ਕ ਸਣੇ ਅਦਾਕਾਰ ਅਭਿਸ਼ੇਕ ਬੈਨਰਜੀ, ਅਪਾਰਸ਼ਕਤੀ ਖੁਰਾਨਾ ਅਤੇ ਵਰੁਣ ਸ਼ਰਮਾ ਦੀ ਵੀਡੀਓ ਵੀ ਸਾਂਝੀ ਕੀਤੀ ਹੈ। ਇਸ ਤਿੱਕੜੀ ਨੂੰ ਫਿਲਮ ‘ਸਤ੍ਰੀ ਅਤੇ ‘ਫੁਕਰੇ’ ਵਿੱਚ ਕੀਤੀ ਕਾਮੇਡੀ ਲਈ ਜਾਣਿਆ ਜਾਂਦਾ ਹੈ। ਇਸ ਵੀਡੀਓ ਵਿੱਚ ਇਮਤਿਆਜ਼ ਅਲੀ ਇਨ੍ਹਾਂ ਅਦਾਕਾਰਾਂ ਨਾਲ ‘ਸਾਈਡ ਹੀਰੋਜ਼’ ਫਿਲਮ ਬਾਰੇ ਚਰਚਾ ਕਰਦੇ ਦਿਖਾਈ ਦਿੰਦੇ ਹਨ। ਇਸ ਦੌਰਾਨ ਉਹ ਫੋਨ ’ਤੇ ਆਪਣੇ ਇੱਕ ਦੋਸਤ ਨਾਲ ਭੋਜਪੁਰੀ ਬੋਲੀ ’ਚ ਗੱਲ ਕਰ ਰਹੇ ਹਨ। ਵੀਡੀਓ ਵਿੱਚ ਦੋਸਤਾਂ ’ਤੇ ਅਧਾਰਿਤ ਇੱਕ ਕਹਾਣੀ ਬਾਰੇ ਚਰਚਾ ਹੋ ਰਹੀ ਹੈ। ਸੰਜੈ ਤ੍ਰਿਪਾਠੀ ਵੱਲੋਂ ਨਿਰਦੇਸ਼ਿਤ ਇਸ ਫਿਲਮ ਦੀ ਕਹਾਣੀ ਸਿਧਾਰਥ ਸੇਨ ਅਤੇ ਪੰਕਜ ਮੱਟਾ ਵੱਲੋਂ ਲਿਖੀ ਗਈ ਹੈ। ਇਮਤਿਆਜ਼ ਅਲੀ ਵੱਲੋਂ ਇਸ ਫਿਲਮ ਦਾ ਨਿਰਮਾਣ ਮਹਾਵੀਰ ਜੈਨ, ਰਿਆਨ ਐੱਮ ਸ਼ਾਹ ਅਤੇ ਮ੍ਰਿਗਦੀਪ ਸਿੰਘ ਲਾਂਬਾ ਨਾਲ ਮਿਲਕੇ ਕੀਤਾ ਜਾਵੇਗਾ। ਵਰੁਣ ਸ਼ਰਮਾ ਨੇ ਫਿਲਮ ’ਚ ਕੰਮ ਕਰਨ ਬਾਰੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਉਸ ਨੇ ਕਿਹਾ,‘ਇਹ ‘ਦੋਸਤਾਂ ਵੱਲੋਂ ਅਤੇ ਦੋਸਤਾਂ ਲਈ ਬਣਾਈ ਗਈ ਫਿਲਮ ਹੈ। ਮਿਲਦੇ ਹਾਂ ਅਗਲੇ ਫਰੈਂਡਸ਼ਿਪ ਡੇਅ 2026 ਨੂੰ ‘ਸਾਈਡ ਹੀਰੋਜ਼’ ਦੇ ਨਾਲ।’ ਉਸ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਸਾਰੇ ਜੋਸ਼ ਨਾਲ ਭਰੇ ਨਜ਼ਰ ਆ ਰਹੇ ਹਨ। ਫਿਲਮ ‘ਸਾਈਡ ਹੀਰੋਜ਼’ ਅਗਲੇ ਸਾਲ ‘ਦੋਸਤੀ ਦਿਵਸ’ ਮੌਕੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।