ਫ਼ਿਲਮ ‘ਤਨਵੀ ਦਿ ਗਰੇਟ’ ਦਾ ਪਹਿਲਾ ਗੀਤ ਰਿਲੀਜ਼
ਮੁੰਬਈ: ਫ਼ਿਲਮ ‘ਤਨਵੀ ਦਿ ਗਰੇਟ’ ਦਾ ਪਹਿਲਾ ਗੀਤ ਰਿਲੀਜ਼ ਕੀਤਾ ਗਿਆ। ਇਸ ਫ਼ਿਲਮ ਦਾ ਨਿਰਦੇਸ਼ਨ ਅਨੁਪਮ ਖੇਰ ਨੇ ਕੀਤਾ ਹੈ। ‘ਤਨਵੀ ਦਿ ਗਰੇਟ’ ਦਾ ਪਹਿਲਾ ਗੀਤ ‘ਸੈਨਾ ਕੀ ਜੈ’ ਭਾਰਤ ਦੇ ਹਥਿਆਰਬੰਦ ਬਲਾਂ ਦੇ ਸਾਹਸ ਤੇ ਕੁਰਬਾਨੀ ਨੂੰ ਸੱਚੀ ਸ਼ਰਧਾਂਜਲੀ ਹੈ। ਆਸਕਰ ਪੁਰਸਕਾਰ ਜੇਤੂ ਉਸਤਾਦ ਐੱਮਐੱਮ ਕਿਰਵਾਨੀ ਵੱਲੋਂ ਕੰਪੋਜ਼ ਕੀਤੇ ਇਸ ਗੀਤ ਨੂੰ ਸ਼ਗੁਨ ਸੋਢੀ ਨੇ ਗਾਇਆ ਹੈ, ਜਦਕਿ ਗੀਤ ਦੇ ਬੋਲ ਕੌਸਰ ਮੁਨੀਰ ਨੇ ਲਿਖੇ ਹਨ। ਫ਼ਿਲਮ ’ਚ ਮੁੱਖ ਭੂਮਿਕਾ ਨਿਭਾਉਣ ਵਾਲੀ ਸ਼ੁਭਾਂਗੀ ਦੱਤ ਫੌਜੀਆਂ ਨਾਲ ਗਾਉਂਦੀ ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਸ਼ੁਭਾਂਗੀ ਗੀਤ ਵਿੱਚ ਕਰਨ ਟੇਕਰ ਨਾਲ ਵੀ ਡਾਂਸ ਕਰਦੀ ਨਜ਼ਰ ਆ ਰਹੀ ਹੈ, ਜੋ ਫ਼ਿਲਮ ਵਿੱਚ ਫੌਜੀ ਅਤੇ ਉਸ ਦੇ ਪਿਤਾ ਦੀ ਭੂਮਿਕਾ ਨਿਭਾਅ ਰਿਹਾ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ’ਤੇ ਗੀਤ ਸਾਂਝਾ ਕੀਤਾ ਹੈ। ਐੱਮਐੱਮ ਕਿਰਵਾਨੀ ਨੇ ਕਿਹਾ, ‘ਗੀਤ, ਸੈਨਾ ਕੀ ਜੈ’ ਫ਼ਿਲਮ ‘ਤਨਵੀ ਦਿ ਗਰੇਟ’ ਦਾ ਦਿਲ ਹੈ। ਇਹ ਗੀਤ ਸਾਡੀ ਰੱਖਿਆ ਕਰਨ ਵਾਲੇ ਸਾਰੇ ਹਥਿਆਰਬੰਦ ਬਲਾਂ ਨੂੰ ਸਾਡੀ ਸ਼ਰਧਾਂਜਲੀ ਹੈ।’ ਅਨੁਪਮ ਖੇਰ ਨੇ ਕਿਰਵਾਨੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਸਾਡੇ ਸਮੇਂ ਦੇ ਮਹਾਨ ਕਲਾਕਾਰਾਂ ਵਿੱਚੋਂ ਇੱਕ ਹਨ। ਅਨੁਪਮ ਖੇਰ ਨੇ ਇਸ ਤੋਂ ਪਹਿਲਾਂ 2002 ਵਿੱਚ ‘ਓਮ ਜੈ ਜਗਦੀਸ਼’ ਦਾ ਨਿਰਦੇਸ਼ਨ ਕੀਤਾ ਸੀ। -ਏਐੱਨਆਈ