ਮਹੇਸ਼ ਭੱਟ ਵੱਲੋਂ ਮਨੋਰੰਜਨ ਬਾਰੇ ਵਿਚਾਰ ਚਰਚਾ
ਫਿਲਮ ਨਿਰਮਾਤਾ ਮਹੇਸ਼ ਭੱਟ ਨੇ ਕਿਹਾ ਕਿਮਨੋਰੰਜਨ ਕਾਰੋਬਾਰ ਦੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਲੋਕਾਂ ਦਾ ਧਿਆਨ ਖਿੱਚਿਆ ਜਾਵੇ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਦਿਖਾਵਾ ਕਰਨ ਦੇ ਸੁਭਾਅ ਨੇ ਹਾਲਾਤ ਨੂੰ ਹੋਰ ਵੀ ਖ਼ਰਾਬ ਕਰ ਦਿੱਤਾ ਹੈ। ਉਹ ਕਪਿਲ ਸਿੱਬਲ ਨਾਲ ਇੱਕ ਸਮਾਗਮ ਵਿੱਚ ਪੁੱਜੇ ਹੋਏ ਸਨ। ਇਸ ਦੌਰਾਨ ਗੱਲਬਾਤ ਕਰਦਿਆਂ ਉਨ੍ਹਾਂ ਮੀਡੀਆ ਵਿੱਚ ਮਨੋਰੰਜਨ ਦੀ ਮੌਜੂਦਾ ਸਥਿਤੀ ’ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦਾ ਸਮਾਂ ਮਨੋਰੰਜਨ ਜਗਤ ਲਈ ਚੰਗਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖਧਾਰਾ ਦੇ ਮਨੋਰੰਜਨ ਕਾਰੋਬਾਰ ਦੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਲੋਕਾਂ ਦਾ ਧਿਆਨ ਖਿੱਚ ਕੇ ਉਨ੍ਹਾਂ ਤੋਂ ਪ੍ਰਸ਼ੰਸਾ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੋਂ ਅਸੀਂ ਡਿਜੀਟਲ ਯੁੱਗ ’ਚ ਦਾਖ਼ਲ ਹੋਏ ਹਾਂ ਅਤੇ ਸੋਸ਼ਲ ਮੀਡੀਆ ਆਇਆ ਹੈ, ਉਦੋਂ ਤੋਂ ਲੋਕਾਂ ਨੂੰ ਦਬਾਉਣ, ਇਕਜੁੱਟ ਹੋਣ ਖ਼ਿਲਾਫ਼ ਮੋਰਚਾ ਖੋਲ੍ਹਣ ਦੀ ਸਮਰੱਥਾ ਮਜ਼ਬੂਤ ਹੋ ਗਈ ਹੈ। ਭੱਟ ਨੇ ਐਲਗੋਰਿਦਮ ਅਤੇ ਏ ਆਈ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਭਾਵੁਕ ਵਿਚਾਰਾਂ ਨੂੰ ਦਬਾਉਣ ਲਈ ਮਜਬੂਰ ਕਰ ਦਿੱਤਾ ਹੈ। ਪਹਿਲਾਂ ਲੋਕ ਬੋਲਣ ਦੀ ਹਿੰਮਤ ਕਰ ਲੈਂਦੇ ਸਨ ਪਰ ਹੁਣ ਉਨ੍ਹਾਂ ਨੂੰ ਅਲੱਗ-ਥਲੱਗ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਬਹੁਤ ਘੱਟ ਫਿਲਮਾਂ ਹਨ ਜੋ ਖੁੱਲ੍ਹ ਕੇ ਆਪਣੀ ਗੱਲ ਲੋਕਾਂ ਸਾਹਮਣੇ ਰੱਖ ਸਕਦੀਆਂ ਹਨ। ਜੋ ਅਜਿਹਾ ਕਰਨ ਲਈ ਬਣਾਈਆਂ ਜਾਂਦੀਆਂ ਸਨ ਉਨ੍ਹਾਂ ਨੂੰ ਸਾਜ਼ਿਸ਼ ਤਹਿਤ ਰੋਲ ਦਿੱਤਾ ਜਾਂਦਾ ਸੀ। ਇਸ ਮਗਰੋਂ ਲੋਕਾਂ ਨੂੰ ਧੱਕੇ ਨਾਲ ਸਮਝਾਇਆ ਜਾਂਦਾ ਸੀ ਕਿ ਜੇ ਉਹ ਕੁਝ ਕਹਿਣਾ ਚਾਹੁੰਦੇ ਹਨ ਤਾਂ ਉਹ ਜਾਂ ਤਾਂ ਕਵਿਤਾ ਲਿਖਣ ਜਾਂ ਕਿਤਾਬ।
