ਫਿਲਮਫੇਅਰ ਐਵਾਰਡਜ਼: ਦਿਲੀਪ ਨੂੰ ਮਰਨ ਉਪਰੰਤ ‘ਸਿਨੇ ਆਈਕਨ’ ਐਵਾਰਡ
70ਵੇਂ ‘ਹੁੰਦੇਈ ਫਿਲਮਫੇਅਰ ਐਵਾਰਡਜ਼-2025’ ਦੌਰਾਨ ਬੌਲੀਵੁੱਡ ਦੇ ਉੱਘੇ ਅਦਾਕਾਰ ਦਿਲੀਪ ਕੁਮਾਰ ਨੂੰ ਮਰਨ ਉਪਰੰਤ ‘ਸਿਨੇ ਆਈਕਨ’ ਐਵਾਰਡ ਦਿੱਤਾ ਗਿਆ। ਉੱਘੀ ਅਦਾਕਾਰਾ ਜਯਾ ਬੱਚਨ ਨੇ ਇਹ ਸਨਮਾਨ ਭੇਟ ਕੀਤਾ। ਉਨ੍ਹਾਂ ਨਾਲ ਸਟੇਜ ’ਤੇ ਸ਼ਾਹਰੁਖ਼ ਖ਼ਾਨ ਅਤੇ ਕਰਨ ਜੌਹਰ ਵੀ ਮੌਜੂਦ ਸਨ।...
70ਵੇਂ ‘ਹੁੰਦੇਈ ਫਿਲਮਫੇਅਰ ਐਵਾਰਡਜ਼-2025’ ਦੌਰਾਨ ਬੌਲੀਵੁੱਡ ਦੇ ਉੱਘੇ ਅਦਾਕਾਰ ਦਿਲੀਪ ਕੁਮਾਰ ਨੂੰ ਮਰਨ ਉਪਰੰਤ ‘ਸਿਨੇ ਆਈਕਨ’ ਐਵਾਰਡ ਦਿੱਤਾ ਗਿਆ। ਉੱਘੀ ਅਦਾਕਾਰਾ ਜਯਾ ਬੱਚਨ ਨੇ ਇਹ ਸਨਮਾਨ ਭੇਟ ਕੀਤਾ। ਉਨ੍ਹਾਂ ਨਾਲ ਸਟੇਜ ’ਤੇ ਸ਼ਾਹਰੁਖ਼ ਖ਼ਾਨ ਅਤੇ ਕਰਨ ਜੌਹਰ ਵੀ ਮੌਜੂਦ ਸਨ। ਅਦਾਕਾਰ ਦਿਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਸਮਾਗਮ ਵਿੱਚ ਹਾਜ਼ਰ ਨਹੀਂ ਸਨ ਹੋਏ ਤੇ ਉਨ੍ਹਾਂ ਨੇ ਅਦਾਕਾਰ ਸ਼ਾਹਰੁਖ਼ ਖ਼ਾਨ ਨੂੰ ਇਹ ਸਨਮਾਨ ਲੈਣ ਦੀ ਅਪੀਲ ਕੀਤੀ ਸੀ। ਉਨ੍ਹਾਂ ਦੇ ਕਹਿਣ ’ਤੇ ਸ਼ਾਹਰੁਖ਼ ਨੇ ਇਹ ਸਨਮਾਨ ਪ੍ਰਾਪਤ ਕੀਤਾ ਅਤੇ ਅਦਾਕਾਰ ਲਈ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਜ਼ਿਕਰਯੋਗ ਹੈ ਕਿ ਸ਼ਾਹਰੁਖ਼ ਦਿਲੀਪ ਕੁਮਾਰ ਦੇ ਨਜ਼ਦੀਕੀਆਂ ’ਚੋਂ ਹਨ। ਸ਼ਾਹਰੁਖ਼ ਨੇ ਐਵਾਰਡ ਹਾਸਲ ਕਰਨ ਵੇਲੇ ਅਦਾਕਾਰਾ ਦੇ ਪੈਰਾਂ ਨੂੰ ਹੱਥ ਲਾ ਕੇ ਆਸ਼ੀਰਵਾਦ ਲਿਆ। ਸ਼ਾਹਰੁਖ਼ ਨੇ ਦਿਲੀਪ ਕੁਮਾਰ ਅਤੇ ਸਾਇਰਾ ਬਾਨੋ ਨਾਲ ਪਹਿਲੀ ਮਿਲਣੀ ਦੇ ਪਲਾਂ ਨੂੰ ਯਾਦ ਕੀਤਾ। ਉਸ ਨੇ ਕਿਹਾ ਕਿ ਇਹ ਮਿਲਣੀ ਉਸ ਲਈ ਬੇਹੱਦ ਖ਼ਾਸ ਸੀ। ਸ਼ਾਹਰੁਖ਼ ਨੇ ਕਿਹਾ ਕਿ ਉਹ ਸਾਇਰਾ ਬਾਨੋ ਦਾ ਧੰਨਵਾਦੀ ਹੈ ਜਿਨ੍ਹਾਂ ਨੇ ਉਸ ਨੂੰ ਇਸ ਕਾਬਲ ਸਮਝਿਆ ਕਿ ਉਹ ਦਿਲੀਪ ਸਾਬ੍ਹ ਨੂੰ ਮਿਲਣ ਵਾਲਾ ਇਹ ਸਨਮਾਨ ਪ੍ਰਾਪਤ ਕਰੇ। ਉਸ ਨੇ ਕਿਹਾ ਕਿ ਉਹ ਜਦੋਂ ਪਹਿਲੀ ਵਾਰ ਮੁੰਬਈ ਪੁੱਜਿਆ ਸੀ ਤਾਂ ਦਿਲੀਪ ਕੁਮਾਰ ਅਤੇ ਸਾਇਰਾ ਨੇ ਉਸ ਨੂੰ ਆਪਣੇ ਘਰ ਬੁਲਾਇਆ ਸੀ। ਉਸ ਨੇ ਦੱਸਿਆ ਕਿ ਦਿਲੀਪ ਕੁਮਾਰ ਨੇ ਉਸ ਦੇ ਸਿਰ ’ਤੇ ਹੱਥ ਰੱਖਿਆ ਅਤੇ ਕਿਹਾ,‘‘ਸਾਇਰਾ, ਜੇ ਸਾਡਾ ਪੁੱਤਰ ਹੁੰਦਾ ਤਾਂ ਉਹ ਇਸ ਵਰਗਾ ਹੋਣਾ ਸੀ।’’ ਉਸ ਨੇ ਕਿਹਾ ਕਿ ਇਹ ਦੋਵਾਂ ਜਣਿਆਂ ਦਾ ਵਡੱਪਣ ਅਤੇ ਪਿਆਰ ਸੀ। ਦਿਲੀਪ ਕੁਮਾਰ ਦੀ 98 ਸਾਲਾਂ ਦੀ ਉਮਰ ’ਚ ਸਾਲ 2021 ’ਚ ਮੌਤ ਹੋ ਗਈ ਸੀ।