ਕਸ਼ਮੀਰ ’ਚ ਫਿਲਮਾਂ ਦੀ ਸ਼ੂਟਿੰਗ ਜਲਦੀ: ਸੁਨੀਲ ਸ਼ੈੱਟੀ
ਬੌਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਨੇ ਅੱਜ ਕਿਹਾ ਕਿ ਫਿਲਮ ਸਨਅਤ ਸ਼ੂਟਿੰਗ ਲਈ ਮੁੜ ਕਸ਼ਮੀਰ ਆਉਣ ਵਾਸਤੇ ਤਿਆਰ ਹੈ। ਉਸ ਨੇ ਉਮੀਦ ਜ਼ਾਹਿਰ ਕੀਤੀ ਕਿ ਇਹ ਇਲਾਕਾ ਆਪਣੀ ਗੁਆਚੀ ਹੋਈ ਸ਼ਾਨ ਨੂੰ ਜਲਦੀ ਹੀ ਦੁਬਾਰਾ ਹਾਸਲ ਕਰੇਗਾ। ਅਦਾਕਾਰ ਨੇ ਇਹ ਟਿੱਪਣੀ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਦੇ ਕੁੱਝ ਮਹੀਨਿਆਂ ਬਾਅਦ ਕੀਤੀ ਹੈ। ਅਤਿਵਾਦੀਆਂ ਨੇ ਪਹਿਲਗਾਮ ਵਿੱਚ ਇਸ ਸਾਲ ਅਪਰੈਲ ਮਹੀਨੇ ਹਮਲਾ ਕਰ ਕੇ 26 ਜਣਿਆਂ ਨੂੰ ਮਾਰ ਦਿੱਤਾ ਸੀ। ਇਸ ਕਾਰਨ ਇਸ ਇਲਾਕੇ ਵਿੱਚ ਸੈਲਾਨੀਆਂ ਦੀ ਆਮਦ ਪ੍ਰਭਾਵਿਤ ਹੋਈ ਸੀ। ਸਰਕਾਰ ਨੇ ਉਦੋਂ ਤੋਂ ਹੀ ਇੱਥੇ ਸੈਲਾਨੀਆਂ ਦੀ ਆਮਦ ਮੁੜ ਬਹਾਲ ਕਰਨ ਲਈ ਕਈ ਕੋਸ਼ਿਸ਼ਾਂ ਕੀਤੀਆਂ ਹਨ ਪਰ ਡਰ ਕਾਰਨ ਲੋਕ ਇੱਥੇ ਘੱਟ ਆ ਰਹੇ ਹਨ। ਅਦਾਕਾਰ ਸੁਨੀਲ ਸ਼ੈੱਟੀ ਨੇ ਕਿਹਾ ਕਿ ਫਿਲਮਾਂ ਦੀ ਸ਼ੂਟਿੰਗ ਕਸ਼ਮੀਰ ਵਿੱਚ ਮੁੜ ਸ਼ੁਰੂ ਹੋਵੇਗੀ। ਉਸ ਨੇ ਖ਼ੁਲਾਸਾ ਕੀਤਾ ਕਿ ਵਿਕਰਮ ਰਾਜ਼ਦਾਨ, ਸ਼ਬੀਰ ਬਾਕਸਵਾਲਾ ਅਤੇ ਇੱਕ ਹੋਰ ਦੋਸਤ ਬਿਨੈ (ਗਾਂਧੀ) ਇਸ ਸਾਲ ਹੀ ਕਸ਼ਮੀਰ ਵਿੱਚ ਆਪਣੀਆਂ ਫਿਲਮਾਂ ਦੀ ਸ਼ੂਟਿੰਗ ਕਰਨ ਦੀ ਤਿਆਰੀ ਕਰ ਰਹੇ ਹਨ। ਉਮੀਦ ਹੈ ਕਿ ਇਨ੍ਹਾਂ ਫਿਲਮਾਂ ਦੀ ਸ਼ੂਟਿੰਗ ਅਗਲੇ ਸਾਲ ਗਰਮੀਆਂ ਤਕ ਮੁਕੰਮਲ ਹੋ ਜਾਵੇਗੀ। ਅਦਾਕਾਰ ਇੱਥੇ ਬੀ ਐੱਸ ਐੱਫ ਦੇ ਐਵਾਰਡ ਸਮਾਰੋਹ ਦੌਰਾਨ ਪੁੱਜਿਆ ਸੀ। ਉਸ ਨੇ ਕਿਹਾ ਕਿ ਅਤਿਵਾਦੀ ਹਮਲੇ ਕਾਰਨ ਇੱਥੇ ਸੈਲਾਨੀਆਂ ਦੀ ਆਮਦ ਪ੍ਰਭਾਵਿਤ ਹੋਈ ਸੀ ਪਰ ਜਲਦੀ ਹੀ ਸੂਬਾ ਆਪਣੀ ਪੁਰਾਣੀ ਪਛਾਣ ਕਾਇਮ ਕਰ ਲਵੇਗਾ। ਸ਼ੈੱਟੀ ਨੇ ਜੇ ਪੀ ਦੱਤਾ ਦੀ ਫਿਲਮ ‘ਬਾਰਡਰ’ ਵਿੱਚ ਬੀ ਐੱਸ ਐੱਫ ਦੇ ਭੈਰਵ ਸਿੰਘ ਦਾ ਕਿਰਦਾਰ ਨਿਭਾਇਆ ਸੀ। ਸ਼ੈੱਟੀ ਨੇ ਬੀ ਐੱਸ ਐੱਫ ਵੱਲੋਂ ਇੱਥੇ ਮੈਰਾਥਨ ਕਰਵਾਉਣ ਦੀ ਸ਼ਲਾਘਾ ਕੀਤੀ। ਉਸ ਨੇ ਕਿਹਾ ਕਿ ਇਸ ਵਿੱਚ ਸ਼ਾਮਲ ਹੋਣਾ ਉਸ ਲਈ ਮਾਣ ਵਾਲੀ ਗੱਲ ਹੈ। ਕੁਝ ਦਿਨ ਪਹਿਲਾਂ ਹੋਈ ਕਸ਼ਮੀਰ ਮੈਰਾਥਨ ਵਿੱਚ ਵੀ ਉਸ ਨੇ ਸ਼ਮੂਲੀਅਤ ਕੀਤੀ ਸੀ। ਉਹ ਕੋਸ਼ਿਸ਼ ਕਰਦਾ ਹੈ ਕਿ ਅਜਿਹੇ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕੀਤੀ ਜਾਵੇ ਜਿਹੜੇ ਲੋਕਾਂ ਨੂੰ ਤੰਦਰੁਸਤੀ ਲਈ ਪ੍ਰੇਰਦੇ ਹਨ।
