ਰੇਤ ’ਚ ਗੁਆਚੇ ਖੇਤ, ਫ਼ਸਲਾਂ ਕਿੱਥੇ ਉਗਾਈਏ?
ਪੰਜਾਬ ਵਿੱਚ ਹੜ੍ਹ ਆਏ ਨੂੰ ਭਾਵੇਂ ਤਿੰਨ ਮਹੀਨੇ ਬੀਤ ਚੁੱਕੇ ਹਨ, ਪਰ ਇਸ ਵੇਲੇ ਵੀ ਸਤਲੁਜ, ਰਾਵੀ, ਬਿਆਸ ਦੇ ਕੰਢੇ ਵਸੇ ਪਿੰਡਾਂ ਅਤੇ ਕਸਬਿਆਂ ਦੀ ਹਾਲਤ ਬਦ ਤੋਂ ਬਦਤਰ ਹੈ। ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਸੁਲਤਾਨਪੁਰ ਲੋਧੀ, ਹੁਸ਼ਿਆਰਪੁਰ, ਨੰਗਲ, ਰੋਪੜ ਆਦਿ ਵਿੱਚ ਇਸ ਵੇਲੇ ਵੀ ਖੇਤ ਪੂਰੀ ਤਰ੍ਹਾਂ ਸਾਫ਼ ਨਹੀਂ ਹੋਏ, ਖੇਤਾਂ ਵਿੱਚੋਂ ਰੇਤ ਅਜੇ ਵੀ ਨਹੀਂ ਕੱਢੀ ਗਈ।
ਜ਼ਿਲ੍ਹਾ ਗੁਰਦਾਸਪੁਰ ਦੇ ਬਹੁ ਗਿਣਤੀ ਪਿੰਡਾਂ ਵਿੱਚ ਰਾਵੀ ਨੇ ਮਾਰ ਕੀਤੀ, ਜਿਸ ਕਾਰਨ ਹੜ੍ਹਾਂ ਨਾਲ ਆਈ ਪਹਾੜੀ ਰੇਤ ਨੇ ਕਿਸਾਨਾਂ ਦੀਆਂ ਜ਼ਮੀਨਾਂ ਇੰਜ ਮੱਲ ਲਈਆਂ ਜਿਵੇਂ ਸਦੀਆਂ ਤੋਂ ਹੀ ਰੇਤ ਇੱਥੇ ਜੰਮੀ ਹੋਵੇ। ਕਿਸਾਨ ਆਪਣੇ ਖ਼ਰਚੇ ’ਤੇ ਪੈਲ਼ੀਆਂ ’ਚੋਂ ਰੇਤਾ ਕੱਢ ਰਹੇ ਨੇ, ਪਰ ਇਹ ਰੇਤ ਜਿੱਥੇ ਕਿਸੇ ਕੰਮ ਨਹੀਂ ਆ ਰਹੀ, ਉੱਥੇ ਦੂਜੇ ਪਾਸੇ ਇਸ ਨੂੰ ਕੱਢਣ ਵਾਸਤੇ ਪ੍ਰਤੀ ਏਕੜ ਚਾਰ ਤੋਂ ਪੰਜ ਹਜ਼ਾਰ ਰੁਪਏ ਖ਼ਰਚਾ ਆ ਰਿਹਾ। ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਥੋੜ੍ਹੀ ਹੈ, ਉਨ੍ਹਾਂ ਨੂੰ ਤਾਂ ਹੋਰ ਵੀ ਇਹ ਸਭ ਕੁਝ ਕਰਨਾ ਔਖਾ ਲੱਗ ਰਿਹਾ ਹੈ ਕਿਉਂਕਿ ਨਾ ਤਾਂ ਉਨ੍ਹਾਂ ਕੋਲ ਟਰੈਕਟਰ ਹਨ ਅਤੇ ਨਾ ਹੀ ਕੋਈ ਜੇਸੀਬੀ, ਇਸ ਕਾਰਨ ਉਨ੍ਹਾਂ ਨੂੰ ਕਿਰਾਏ ’ਤੇ ਸਭ ਕੁਝ ਲੈਣਾ ਪੈ ਰਿਹੈ।
ਸਰਕਾਰਾਂ ਨੇ ਤਾਂ ਹੱਥ ਖੜ੍ਹੇ ਕਰ ਦਿੱਤੇ ਹਨ। ਮੁਆਵਜ਼ੇ ਦੇ ਨਾਂ ’ਤੇ ਲੋਕਾਈ ਨੂੰ ਇਸ ਕਦਰ ਨਿਚੋੜਿਆ ਜਾ ਰਿਹਾ ਕਿ ਲੋਕ ਮੂੰਹ ਵਿਖਾਉਣ ਜੋਗੇ ਨਹੀਂ ਰਹੇ। ਪੰਜਾਬ ਦੇ ਜਿਨ੍ਹਾਂ ਹਿੱਸਿਆਂ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਉੱਥੇ ਤਾਂ ਸਰਕਾਰ ਦਾ 50 ਤੋਂ 75% ਵਾਲਾ ਹੀ ਮੁਆਵਜ਼ਾ ਪੁੱਜਿਆ। ਭਾਵੇਂ ਕਿ ਕੁਝ ਸਰਕਾਰੀ ਦਾਅਵੇ ਕਹਿੰਦੇ ਨੇ ਕਿ ਕਈ ਕਿਸਾਨਾਂ ਨੇ ਦਰਿਆਈ ਜ਼ਮੀਨਾਂ ’ਤੇ ਕਬਜ਼ੇ ਕੀਤੇ ਹੋਏ ਸਨ, ਜਿਸ ਕਾਰਨ ਉਨ੍ਹਾਂ ਦੀਆਂ ਪੈਲ਼ੀਆਂ ਵਹਿ ਗਈਆਂ, ਪਰ ਸਵਾਲ ਇਹ ਹੈ ਕਿ ਜਿਹੜੀਆਂ ਜ਼ਮੀਨਾਂ ਦਰਿਆਵਾਂ ਤੋਂ ਕਈ-ਕਈ ਕਿਲੋਮੀਟਰ ਦੂਰ ਸਨ, ਉਨ੍ਹਾਂ ਦੀ ਤਬਾਹੀ ਦਾ ਮੁਆਵਜ਼ਾ ਜਾਂ ਫਿਰ ਉਨ੍ਹਾਂ ਦੀ ਮਦਦ ਕੌਣ ਕਰੇਗਾ, ਉਸ ਲਈ ਕੌਣ ਜ਼ਿੰਮੇਵਾਰ ਹੈ?
ਹਾਲਾਤ ਇਹ ਬਣ ਚੁੱਕੇ ਹਨ ਕਿ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਜਿੱਥੇ ਕੁਝ ਸਮਾਂ ਪਹਿਲਾਂ ਭਾਰਤ-ਪਾਕਿਸਤਾਨ ਵਿਚਾਲੇ ਵਿਗੜੇ ਹਾਲਾਤ ਕਾਰਨ ਮਾਰ ਝੱਲਣੀ ਪਈ, ਉੱਥੇ ਹੀ ਦੂਜੇ ਪਾਸੇ ਹੜ੍ਹਾਂ ਕਾਰਨ ਇਹੀ ਸਰਹੱਦੀ ਪਿੰਡਾਂ ਦੇ ਲੋਕ ਮਾਰੇ ਗਏ। ਪੰਜਾਬ ਦੇ ਬਹੁ ਗਿਣਤੀ ਕਿਸਾਨ ਇਸ ਵੇਲੇ ਖੇਤੀ ਛੱਡਣ ਨੂੰ ਮਜਬੂਰ ਹੋ ਚੁੱਕੇ ਹਨ। ਹਾਲਾਤ ਇਹ ਹਨ ਕਿ ਕਿਸਾਨਾਂ ਦਾ ਕਹਿਣਾ ਹੈ ਕਿ 1988 ਤੋਂ ਬਾਅਦ 2025 ਵਿੱਚ ਆਏ ਇਨ੍ਹਾਂ ਹੜ੍ਹਾਂ ਨੇ ਉਨ੍ਹਾਂ ਦੀ ਪੂਰੀ ਜ਼ਿੰਦਗੀ ਤਬਾਹ ਕਰਕੇ ਰੱਖ ਦਿੱਤੀ ਹੈ। ਕਿਸਾਨ ਕਹਿੰਦੇ ਹਨ ਕਿ ਉਨ੍ਹਾਂ ਨੇ ਫ਼ਸਲ ਵੇਚ ਕੇ ਹੀ ਅੱਗੇ ਸਭ ਕੁਝ ਕਰਨਾ ਸੀ, ਬੱਚਿਆਂ ਦੇ ਵਿਆਹ ਰੱਖੇ ਸੀ ਅਤੇ ਹੋਰ ਕਈ ਪ੍ਰੋਗਰਾਮ ਨਿਰਧਾਰਤ ਸਨ, ਪਰ ਹੜ੍ਹਾਂ ਨੇ ਉਨ੍ਹਾਂ ਸਾਰਿਆਂ ’ਤੇ ਪਾਣੀ ਫੇਰ ਕੇ ਰੱਖ ਦਿੱਤਾ।
ਖੇਤਾਂ ਵਿੱਚ ਅੱਠ-ਅੱਠ ਫੁੱਟ ਪਈ ਰੇਤ ਨੇ ਜਿੱਥੇ ਕਿਸਾਨਾਂ ਦੇ ਸੁਪਨਿਆਂ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਹੈ, ਉੱਥੇ ਹੀ ਦੂਜੇ ਪਾਸੇ ਹੁਣ ਚਿੰਤਾ ਇਸ ਗੱਲ ਦੀ ਹੈ ਕਿ ਜੇਕਰ ਨਵੰਬਰ ਮਹੀਨੇ ਦੇ ਵਿੱਚ ਵਿੱਚ ਖੇਤਾਂ ਵਿੱਚੋਂ ਰੇਤ ਕੱਢ ਕੇ ਕਣਕ ਦੀ ਬਿਜਾਈ ਹੋ ਗਈ ਤਾਂ ਠੀਕ ਹੈ ਨਹੀਂ ਤਾਂ ਉਨ੍ਹਾਂ ਕੋਲ ਖਾਣ ਲਈ ਦਾਣੇ ਵੀ ਨਹੀਂ ਬਚਣੇ। ਕਿਸਾਨ ਕਹਿੰਦੇ ਹਨ ਕਿ ਹੁਣ ਖੇਤਾਂ ਵਿੱਚ ਕਣਕ ਬੀਜਣ ਦਾ ਵੇਲਾ ਹੈ, ਪਰ ਖੇਤਾਂ ਵਿੱਚ ਕਣਕ ਦੀ ਬਿਜਾਈ ਕਰਨ ਦੀ ਬਜਾਏ ਉਹ ਖੇਤਾਂ ਵਿੱਚੋਂ ਰੇਤ ਕੱਢ ਰਹੇ ਨੇ। ਖੇਤਾਂ ਵਿੱਚ ਚਾਰੇ ਪਾਸੇ ਰੇਤ ਹੀ ਰੇਤ ਵਿਖਾਈ ਦੇ ਰਹੀ ਹੈ। ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ, ਪਰ ਫਿਰ ਵੀ ਇੰਨੀ ਜ਼ਿਆਦਾ ਮਦਦ ਕੋਈ ਨਹੀਂ ਕਰ ਸਕਦਾ। ਆਪਣੇ ਖੇਤਾਂ ਨੂੰ ਵੇਖ ਕੇ ਰੋਂਦੇ ਕਿਸਾਨ ਇਹ ਕਹਿ ਰਹੇ ਨੇ ਕਿ ਉਨ੍ਹਾਂ ਦੇ ਅਰਮਾਨਾਂ ’ਤੇ ਕੁਦਰਤ ਨੇ ਤਾਂ ਪਾਣੀ ਫੇਰਿਆ ਹੀ ਸੀ, ਸਗੋਂ ਸਰਕਾਰਾਂ ਦੀਆਂ ਗ਼ਲਤੀਆਂ ਦੇ ਕਾਰਨ ਵੀ ਉਨ੍ਹਾਂ ਨੂੰ ਭਿਆਨਕ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ।
ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਸਤਲੁਜ ਦਰਿਆ ਨੇ ਸਭ ਤੋਂ ਵੱਧ ਮਾਰ ਕੀਤੀ ਹੈ। ਜਦੋਂ ਪੰਜਾਬ ਦੇ ਗੁਰਦਾਸਪੁਰ, ਪਠਾਨਕੋਟ ਹੀ ਹੜ੍ਹਾਂ ਦੀ ਮਾੜੀ ਮੋਟੀ ਲਪੇਟ ਵਿੱਚ ਆਉਣੇ ਸ਼ੁਰੂ ਹੋਏ ਸੀ ਤਾਂ ਉਸ ਵੇਲੇ ਫ਼ਾਜ਼ਿਲਕਾ ਦੇ ਕਈ ਪਿੰਡ ਹੜ੍ਹਾਂ ਦੀ ਮਾਰ ਹੇਠ ਆ ਚੁੱਕੇ ਸਨ। ਸਤਲੁਜ ਨੇ ਕਈ ਪਿੰਡਾਂ ਦੀ ਫ਼ਸਲ ਤਬਾਹ ਕਰ ਦਿੱਤੀ ਹੈ, ਮੁੱਖ ਤੌਰ ’ਤੇ ਝੋਨੇ ਦੀ ਫ਼ਸਲ। ਉੱਥੋਂ ਦੇ ਕਿਸਾਨ ਕਹਿੰਦੇ ਨੇ ਕਿ ਹੁਣ ਉਨ੍ਹਾਂ ਦੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਉਹ ਕਣਕ ਕਿਵੇਂ ਬੀਜਣਗੇ ਕਿਉਂਕਿ ਪੈਲ਼ੀਆਂ ਵਿੱਚ ਕਈ-ਕਈ ਫੁੱਟ ਰੇਤ ਚੜ੍ਹੀ ਪਈ ਹੈ।
ਹੁਣ ਸਵਾਲ ਉੱਠਦਾ ਹੈ ਕਿ ਸਰਕਾਰਾਂ ਨੂੰ ਕਰਨਾ ਕੀ ਚਾਹੀਦਾ? ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਇੱਕ ਵਧੀਆ ਨੀਤੀ ਬਣਾਏ ਅਤੇ ਆਉਂਦੇ ਸਾਲ ਦੀ ਉਡੀਕ ਨਾ ਕੀਤੀ ਜਾਵੇ, ਕਿਸਾਨਾਂ ਦੀਆਂ ਪੈਲ਼ੀਆਂ ਵਿੱਚੋਂ ਰੇਤ ਕਢਾਉਣ ਵਾਸਤੇ ਕੋਈ ਉੱਚ ਪ੍ਰਬੰਧ ਕੀਤੇ ਜਾਣ। ਇਸ ਤੋਂ ਇਲਾਵਾ ਡੈਮਾਂ ਵਿੱਚ ਜੰਮੀ ਮਿੱਟੀ ਨੂੰ ਸਾਫ਼ ਕੀਤਾ ਜਾਵੇ ਅਤੇ ਦਰਿਆਵਾਂ ਅਤੇ ਨਹਿਰਾਂ ਦੀ ਬਣਤਰ ਵੀ ਸੁਧਾਰੀ ਜਾਵੇ। ਜ਼ਿਕਰਯੋਗ ਹੈ ਕਿ ਦਰਿਆਵਾਂ ਦੀ ਸਫ਼ਾਈ ਅਤੇ ਡੈਮਾਂ ਵਿੱਚੋਂ ਪਹਾੜੀ ਮਿੱਟੀ ਕੱਢਣ ਦਾ ਕੰਮ ਕੋਈ ਆਮ ਬੰਦੇ ਦਾ ਨਹੀਂ, ਇਸ ਲਈ ਸਰਕਾਰਾਂ ਨੂੰ ਅਤੇ ਬੋਰਡ ਨੂੰ ਕੋਈ ਵਧੀਆ ਨੀਤੀ ਬਣਾਉਣੀ ਪੈਣੀ ਹੈ ਤਾਂ ਹੀ ਇਹ ਕਾਰਜ ਸੰਭਵ ਹੋ ਸਕਦਾ ਹੈ।
ਸੰਪਰਕ: 95698-20314
