ਫ਼ਵਾਦ ਖ਼ਾਨ-ਵਾਣੀ ਕਪੂਰ ਦੀ ‘ਅਬੀਰ ਗੁਲਾਲ’ ਭਾਰਤ ਵਿੱਚ ਨਹੀਂ ਹੋਵੇਗੀ ਰਿਲੀਜ਼
ਪਾਕਿਸਤਾਨੀ ਅਦਾਕਾਰ ਫਵਾਦ ਖਾਨ ਅਤੇ ਵਾਣੀ ਕਪੂਰ ਦੀ ਰੋਮਾਂਟਿਕ ਡਰਾਮਾ ਫਿਲਮ ‘ਅਬੀਰ ਗੁਲਾਲ’ ਹੁਣ 29 ਅਗਸਤ ਨੂੰ ਵਿਸ਼ਵ ਭਰ ਵਿਚ ਰਿਲੀਜ਼ ਹੋਵੇਗੀ ਪਰ ਇਹ ਫਿਲਮ ਭਾਰਤ ਵਿਚ ਰਿਲੀਜ਼ ਨਹੀਂ ਹੋਵੇਗੀ। ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਇਸ ਫਿਲਮ ਦੀ ਰਿਲੀਜ਼ ’ਤੇ ਰੋਕ ਲਾ ਦਿੱਤੀ ਗਈ ਸੀ ਕਿਉਂਕਿ ਇਸ ਫਿਲਮ ਵਿਚ ਮੁੱਖ ਕਿਰਦਾਰ ਪਾਕਿਸਤਾਨੀ ਅਦਾਕਾਰ ਫਵਾਦ ਖਾਨ ਨੇ ਨਿਭਾਇਆ ਸੀ ਤੇ ਦੋਵੇਂ ਦੇਸ਼ਾਂ ਦਰਮਿਆਨ ਸਬੰਧ ਸੁਖਾਵੇਂ ਨਾ ਹੋਣ ਕਾਰਨ ਇਸ ਫਿਲਮ ਨੂੰ ਹੁਣ ਭਾਰਤ ਨੂੰ ਛੱਡ ਕੇ ਦੁਨੀਆ ਭਰ ਵਿਚ ਰਿਲੀਜ਼ ਕੀਤਾ ਜਾਵੇਗਾ। ਸੂਤਰਾਂ ਨੇ ਕਿਹਾ ਕਿ ਫਿਲਮ ਦਾ ਪਹਿਲਾਂ ਸਿਰਲੇਖ ‘ਅਬੀਰ ਗੁਲਾਲ’ ਸੀ। ਇਹ ਫਿਲਮ ਹੁਣ ਸੰਯੁਕਤ ਰਾਜ ਅਮਰੀਕਾ, ਬਰਤਾਨੀਆ, ਕੈਨੇਡਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ਸਣੇ 75 ਤੋਂ ਵੱਧ ਦੇਸ਼ਾਂ ਵਿੱਚ ਰਿਲੀਜ਼ ਹੋਵੇਗੀ। ਜ਼ਿਕਰਯੋਗ ਹੈ ਕਿ ਆਰਤੀ ਐਸ ਬਾਗਦੀ ਵਲੋਂ ਨਿਰਦੇਸ਼ਿਤ ਇਹ ਫਿਲਮ ਭਾਰਤ ਵਿੱਚ 9 ਮਈ ਨੂੰ ਰਿਲੀਜ਼ ਹੋਣ ਵਾਲੀ ਸੀ ਪਰ 22 ਅਪਰੈਲ ਨੂੰ ਕਸ਼ਮੀਰ ਦੇ ਪਹਿਲਗਾਮ ਵਿੱਚ ਦਹਿਸ਼ਤਗਰਦਾਂ ਨੇ ਹਮਲਾ ਕਰ ਦਿੱਤਾ ਜਿਸ ਕਾਰਨ ਭਾਰਤ ਵਾਸੀਆਂ ਦਾ ਪਾਕਿਸਤਾਨ ਤੇ ਪਾਕਿਸਤਾਨੀ ਅਦਾਕਾਰਾਂ ਖ਼ਿਲਾਫ਼ ਰੋਸ ਵਧ ਗਿਆ। ਆਲ ਇੰਡੀਅਨ ਸਿਨੇ ਵਰਕਰਜ਼ ਐਸੋਸੀਏਸ਼ਨ ਅਤੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਸਣੇ ਕਈ ਵਪਾਰਕ ਸੰਗਠਨਾਂ ਨੇ ਭਾਰਤੀ ਫਿਲਮ ਉਦਯੋਗ ਵਿੱਚ ਪਾਕਿਸਤਾਨੀ ਅਦਾਕਾਰਾਂ ’ਤੇ ਪਾਬੰਦੀ ਲਗਾਉਣ ਦੀ ਮੁੜ ਮੰਗ ਕੀਤੀ ਹੈ।