ਫਰਹਾਨ ਅਖਤਰ ਵੱਲੋਂ ਨਿਰਮਿਤ ਫਿਲਮ ‘ਬੂੰਗ’ ਦੀ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੌਰਨ ਦੀ ਸਪੌਟਲਾਈਟ ਫਿਲਮ ਵਜੋਂ ਚੋਣ
ਫਰਹਾਨ ਅਖਤਰ ਅਤੇ ਰਿਤੇਸ਼ ਸਿਧਵਾਨੀ ਦੇ ਐਕਸਲ ਐਂਟਰਟੇਨਮੈਂਟ ਦੁਆਰਾ ਨਿਰਮਿਤ ਅਤੇ ਲਕਸ਼ਮੀਪ੍ਰਿਆ ਦੇਵੀ ਵੱਲੋਂ ਨਿਰਦੇਸ਼ਤ ਫਿਲਮ ‘ਬੂੰਗ’ ਨੂੰ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੌਰਨ (ਆਈਐੱਫਐੱਫਐੱਮ) 2025 ਦੀ ਸਪੌਟਲਾਈਟ ਫਿਲਮ ਵਜੋਂ ਚੁਣਿਆ ਗਿਆ ਹੈ। ਲਕਸ਼ਮੀਪ੍ਰਿਆ ਦੇਵੀ ਵੱਲੋਂ ਬਣਾਈ ਪਹਿਲੀ ਫਿਲਮ ਤੇ ਫਰਹਾਨ ਅਖਤਰ ਅਤੇ ਰਿਤੇਸ਼ ਸਿਧਵਾਨੀ ਦੀ ਕੰਪਨੀ ਐਕਸਲ ਐਂਟਰਟੇਨਮੈਂਟ ਦੀ ਸਮਰਥਨ ਪ੍ਰਾਪਤ ਫਿਲਮ ਇਹ ਮਨੀਪੁਰ ਦੀ ਡਰਾਮਾ ਆਧਾਰਿਤ ਫਿਲਮ ਹੈ ਜਿਸ ਦਾ ਪ੍ਰੀਮੀਅਰ ਵਿਕਟੋਰੀਅਨ ਸੂਬੇ ਵਿੱਚ ਹੋਵੇਗਾ। ਇਸ ਫਿਲਮ ਵਿਚ ਗੁਗੁਨ ਕਿਪਗੇਨ ਅਤੇ ਬਾਲਾ ਹਿਜਮ ਨੇ ਮੁੱਖ ਕਿਰਦਾਰ ਨਿਭਾਏ ਹਨ। ਜ਼ਿਕਰਯੋਗ ਹੈ ਕਿ ਲਕਸ਼ਮੀਪ੍ਰਿਆ ਦੇਵੀ ਨੇ ਇਸ ਤੋਂ ਪਹਿਲਾਂ ‘ਲੱਕ ਬਾਏ ਚਾਂਸ’, ‘ਤਲਾਸ਼’, ‘ਪੀਕੇ’ ਅਤੇ ਮੀਰਾ ਨਾਇਰ ਦੀ ਸੀਰੀਜ਼ ‘ਏ ਸੂਟੇਬਲ ਬੁਆਏ’ ਵਿਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ ਹੈ। ਫੈਸਟੀਵਲ ਡਾਇਰੈਕਟਰ ਮਿਤੂ ਭੌਮਿਕ ਲੈਂਗੇ ਨੇ ਕਿਹਾ, ‘ਅਸੀਂ ਇਸ ਸਾਲ ਦੀ ਸਪੌਟਲਾਈਟ ਫਿਲਮ ਵਜੋਂ ‘ਬੂੰਗ’ ਦੇ ਵਿਸ਼ਵ ਪ੍ਰੀਮੀਅਰ ਨੂੰ ਪੇਸ਼ ਕਰਦੇ ਹੋਏ ਬਹੁਤ ਖੁਸ਼ ਹਾਂ। ਇਹ ਇੱਕ ਅਜਿਹੀ ਕਹਾਣੀ ਹੈ ਜੋ ਜਿੰਨੀ ਦਲੇਰੀ ਭਰਪੂਰ ਹੈ ਤੇ ਓਨੀ ਹੀ ਦਿਲ ਦੇ ਨੇੜੇ ਵੀ। ਇਸ ਵਿਚ ਲਕਸ਼ਮੀਪ੍ਰਿਆ ਦੇਵੀ ਨੇ ਭਾਰਤੀ ਸਿਨੇਮਾ ਦੇ ਪਰਦੇ ਪਿੱਛੇ ਬੇਮਿਸਾਲ ਕੰਮ ਕੀਤਾ ਹੈ। ਆਈਐੱਫਐੱਫਐੱਮ ਹਮੇਸ਼ਾ ਨਵੀਆਂ ਆਵਾਜ਼ਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਰਿਹਾ ਹੈ ਅਤੇ ‘ਬੂੰਗ’ ਬਿਲਕੁਲ ਉਸੇ ਤਰ੍ਹਾਂ ਦੀ ਕਹਾਣੀ ਹੈ।’ ਦੱਸਣਾ ਬਣਦਾ ਹੈ ਕਿ ਆਈਐੱਫਐੱਫਐੱਮ 2025 ਐਡੀਸ਼ਨ 14 ਤੋਂ 24 ਅਗਸਤ ਤੱਕ ਮੈਲਬੌਰਨ ਵਿੱਚ ਹੋਵੇਗਾ।