ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੌਮੀ ਨਮੋਸ਼ੀ ਦੇ ਦਿਨਾਂ ’ਚ ਉੱਭਰੇ ਸਵਾਲਾਂ ਦੇ ਸਨਮੁਖ

ਪਾਵੇਲ ਕੁੱਸਾ ਅਮਰੀਕਾ ਤੋਂ ਡਿਪੋਰਟ ਕਰ ਕੇ ਭਾਰਤ ਵਾਪਸ ਭੇਜੇ ਲੋਕਾਂ ਦੀ ਅਜਿਹੀ ਹੋਣੀ ਨੇ ਮੁਲਕ ਦੀ ਲੋਕਾਈ ਨੂੰ ਦਰਪੇਸ਼ ਬਹੁ-ਪਰਤੀ ਸੰਕਟਾਂ ਨੂੰ ਫਿਰ ਤਿੱਖੀ ਤਰ੍ਹਾਂ ਉਭਾਰ ਕੇ ਪੇਸ਼ ਕੀਤਾ ਹੈ। ਇਸ ਨੇ ਪਰਵਾਸ ਨਾਲ ਜੁੜੇ ਬਹੁ-ਪਸਾਰੀ ਮਸਲਿਆਂ ’ਤੇ ਦੁਨੀਆ...
Advertisement
ਪਾਵੇਲ ਕੁੱਸਾ

ਅਮਰੀਕਾ ਤੋਂ ਡਿਪੋਰਟ ਕਰ ਕੇ ਭਾਰਤ ਵਾਪਸ ਭੇਜੇ ਲੋਕਾਂ ਦੀ ਅਜਿਹੀ ਹੋਣੀ ਨੇ ਮੁਲਕ ਦੀ ਲੋਕਾਈ ਨੂੰ ਦਰਪੇਸ਼ ਬਹੁ-ਪਰਤੀ ਸੰਕਟਾਂ ਨੂੰ ਫਿਰ ਤਿੱਖੀ ਤਰ੍ਹਾਂ ਉਭਾਰ ਕੇ ਪੇਸ਼ ਕੀਤਾ ਹੈ। ਇਸ ਨੇ ਪਰਵਾਸ ਨਾਲ ਜੁੜੇ ਬਹੁ-ਪਸਾਰੀ ਮਸਲਿਆਂ ’ਤੇ ਦੁਨੀਆ ਦੇ ਅਸਾਵੇਂ ਵਿਕਾਸ ਦੇ ਹਾਲਾਤ ’ਚ ਇੱਕ ਪਾਸੇ ਸਾਮਰਾਜੀ ਮੁਲਕਾਂ ਦੀ ਸੰਸਾਰ ਅੰਦਰ ਹੈਸੀਅਤ ਤੇ ਦੂਜੇ ਪਾਸੇ ਗਰੀਬ ਤੇ ਦਬਾਏ ਹੋਏ ਮੁਲਕਾਂ ਦੀ ਹੈਸੀਅਤ ਨਾਲ ਜੁੜੀ ਲੋਕਾਂ ਦੀ ਹੋਣੀ ਨੂੰ ਦਰਸਾਇਆ ਹੈ। ਅਮਰੀਕੀ ਫੌਜੀ ਜਹਾਜ਼ਾਂ ’ਚ ਘੋਰ ਅਪਰਾਧੀਆਂ ਵਾਂਗ ਹੱਥਕੜੀਆਂ ਤੇ ਬੇੜੀਆਂ ਲਾ ਕੇ ਵਾਪਸ ਭੇਜੇ ਗਏ ਭਾਰਤੀ ਲੋਕਾਂ ਦੀ ਇਸ ਤਸਵੀਰ ਨਾਲ ਮੁਲਕ ਦੇ ਲੋਕਾਂ ਨੂੰ ਕੌਮੀ ਨਮੋਸ਼ੀ ਦਾ ਅਹਿਸਾਸ ਹੋਇਆ ਹੈ ਤੇ ਸੰਸਾਰ ਦ੍ਰਿਸ਼ ’ਤੇ ਉਭਰੀ ਇਸ ਤਸਵੀਰ ਦੀ ਪੀੜ ਮੁਲਕ ਭਰ ਦੇ ਲੋਕਾਂ ਨੇ ਮਹਿਸੂਸ ਕੀਤੀ ਹੈ। ਇਹ ਨਮੋਸ਼ੀ ਕੁਝ ਸੈਂਕੜੇ ਵਿਅਕਤੀਆਂ ਵੱਲੋਂ ਕਿਸੇ ਦੇਸ਼ ਦੇ ਕਾਨੂੰਨ ਤੋੜਨ ਦੀ ਗ਼ਲਤੀ ਦੇ ਸਿੱਟੇ ’ਚੋਂ ਹੀ ਨਹੀਂ ਉਪਜੀ ਹੈ ਸਗੋਂ ਸੰਸਾਰ ਸਾਮਰਾਜੀ ਪ੍ਰਬੰਧ ਅੰਦਰ ਸਾਡੇ ਦੇਸ਼ ਦੀ ਹੈਸੀਅਤ ਦਾ ਸਿੱਟਾ ਹੈ। ਇਸ ਘਟਨਾ ਕ੍ਰਮ ਨੇ ਇਸ ਹੈਸੀਅਤ ਦੀ ਮੁੜ ਨਵੇਂ ਰੂਪ ’ਚ ਨਿਸ਼ਾਨਦੇਹੀ ਕੀਤੀ ਹੈ।
Advertisement

ਇਹ ਮੁੱਦਾ ਸਿਰਫ਼ ਕਿਸੇ ਬੇਗਾਨੇ ਮੁਲਕ ’ਚ ਗ਼ੈਰ-ਕਾਨੂੰਨੀ ਢੰਗ ਨਾਲ ਜਾ ਵੜੇ ਕੁਝ ਲੋਕਾਂ ’ਤੇ ਕਾਨੂੰਨੀ ਕਾਰਵਾਈ ਦੇ ਸਾਧਾਰਨ ਅਮਲ ਤੱਕ ਸੀਮਤ ਮੁੱਦਾ ਨਹੀਂ ਹੈ। ਜੇਕਰ ਗੱਲ ਇੰਨੀ ਹੀ ਹੋਵੇ ਤਾਂ ਕਹਾਣੀ ਮੁੱਕ ਜਾਂਦੀ ਹੈ ਪਰ ਕਹਾਣੀ ਤਾਂ ਲੰਮੀ ਹੈ ਤੇ ਅਜੇ ਸਫ਼ਰ ’ਤੇ ਹੈ। ਕਿਰਤੀ ਭਾਰਤੀ ਲੋਕਾਂ ਦੀ ਪਰਵਾਸ ਮਜਬੂਰੀ ਤੇ ਸਿੱਟਿਆਂ ਦੇ ਕਿੰਨੇ ਹੀ ਪਹਿਲੂਆਂ ਨੂੰ ਸਮੋਈ ਬੈਠੀ ਹੈ।

ਫੌਰੀ ਘਟਨਾਕ੍ਰਮ ਦਾ ਪ੍ਰਸੰਗ ਤਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਵਿਸ਼ੇਸ਼ ਤੌਰ ’ਤੇ ਲਏ ਕਦਮਾਂ ਦਾ ਹੈ। ਉਸ ਵੱਲੋਂ ਸੱਤਾ ’ਤੇ ਕਾਬਜ਼ ਹੋਣ ਲਈ ਪਰਵਾਸੀਆਂ ਦੇ ਮੁੱਦੇ ਦੀ ਉਵੇਂ ਜਿਵੇਂ ਹੀ ਵਰਤੋਂ ਕੀਤੀ ਗਈ ਹੈ ਜਿਵੇਂ ਦੁਨੀਆ ਭਰ ’ਚ ਸੱਜੇ ਪੱਖੀ ਸਰਮਾਏਦਾਰ ਧੜੇ ਕਰਦੇ ਹਨ। ਇਹ ਢੰਗ ਆਪੋ-ਆਪਣੇ ਮੁਲਕ ਦੇ ਸੰਕਟਾਂ ਨੂੰ ਪਰਵਾਸੀ ਕਿਰਤੀਆਂ ਦੀ ਮੌਜੂਦਗੀ ਸਿਰ ਪਾ ਕੇ ਲੋਕਾਂ ਦਾ ਧਿਆਨ ਭਟਕਾਉਣ, ਅੰਨ੍ਹੀ ਤੇ ਅਖੌਤੀ ਦੇਸ਼ ਭਗਤੀ ਜਗਾਉਣ, ਵੋਟਾਂ ਹਥਿਆਉਣ ਤੇ ਕਿਰਤੀ ਜਮਾਤਾਂ ’ਚ ਪਾਟਕ ਪਾ ਕੇ ਉਨ੍ਹਾਂ ਦੇ ਏਕੇ ਨੂੰ ਕੁਚਲਣ ਤੇ ਤਖਤਾਂ ’ਤੇ ਪੈਰ ਟਿਕਾਉਣ ਦਾ ਢੰਗ ਹੈ। ਅਮਰੀਕਾ ਅੰਦਰ ਹੀ ਨਹੀਂ, ਦੁਨੀਆ ਦੇ ਹੋਰਨਾਂ ਮੁਲਕਾਂ ’ਚ ਵੀ ਇਹੋ ਵਰਤਾਰਾ ਚੱਲ ਰਿਹਾ ਹੈ। ਟਰੰਪ ਨੇ ਆਪਣਾ ਵਾਅਦਾ ਪੁਗਾ ਕੇ ਦਿਖਾਉਣ ਦੀ ਵਿਉਂਤ ਤਹਿਤ ਸੱਤਾ ਵਿੱਚ ਆਉਣ ਸਾਰ ਇਕਦਮ ਇਹ ਕਦਮ ਚੁੱਕੇ ਹਨ ਤੇ ਇਸ ਢੰਗ ਨਾਲ ਉਭਾਰ ਕੇ ਪੇਸ਼ ਕੀਤੇ ਹਨ ਕਿ ਕੌਮਾਂਤਰੀ ਪੱਧਰ ’ਤੇ ਦ੍ਰਿਸ਼ ਸਿਰਜਿਆ ਗਿਆ ਹੈ। ਇਉਂ ‘ਅਮਰੀਕਾ ਨੂੰ ਮੁੜ ਤੋਂ ਮਹਾਨ ਬਣਾਉਣ’ ਦੇ ਟਰੰਪਮਈ ਦਾਅਵਿਆਂ ਰਾਹੀਂ ਅਮਰੀਕੀ ਲੋਕਾਂ ਨੂੰ ਧਰਵਾਸ ਦੇਣ ਦਾ ਸਾਧਨ ਬਣਾਇਆ ਗਿਆ ਹੈ। ਇਹ ਵੱਖਰਾ ਵਿਸ਼ਾ ਹੈ ਕਿ ਅਮਰੀਕਾ ਨੂੰ ਮੁੜ ਤੋਂ ਮਹਾਨ ਬਣਾਉਣ ਦੀ ਇਸ ਮੁਹਿੰਮ ਦਾ ਅਰਥ ਕਿਵੇਂ ਅਮਰੀਕੀ ਸਾਮਰਾਜ ਦੀ ਸੰਸਾਰ ਚੌਧਰ ਨੂੰ ਪੈ ਰਹੇ ਖੋਰੇ ਨੂੰ ਠੱਲ੍ਹਣ ਦੇ ਜੁਗਾੜ ਕਰਨਾ ਹੈ ਤੇ ਸੰਸਾਰ ਮਹਾਂ ਸ਼ਕਤੀ ਵਜੋਂ ਸੰਸਾਰ ਮਾਮਲਿਆਂ ’ਚ ਇਸ ਦੀ ਕਮਜ਼ੋਰ ਪੈ ਰਹੀ ਪਕੜ ਨੂੰ ਹੋਰ ਢਿੱਲੀ ਹੋਣ ਤੋਂ ਰੋਕਣ ਦਾ ਆਹਰ ਕਰਨਾ ਹੈ। ਇਸ ਦਾਅਵੇ ਅਤੇ ਪੇਸ਼ਕਾਰੀ ਦੇ ਸਿਰ ’ਤੇ ਅਮਰੀਕਾ ਵਿੱਚ ਸੱਤਾ ’ਤੇ ਕਾਬਜ਼ ਰਹਿਣਾ ਹੈ। ਇਸ ਵਿਸ਼ੇ ਦਾ ਵਿਸਥਾਰ ਵੀ ਬਹੁਤ ਲੰਮਾ ਹੈ ਕਿ ਕਿਵੇਂ ‘ਅਮਰੀਕੀ ਮਹਾਨਤਾ’ ਦੇ ਇਸ ਤਾਜ ’ਚੋਂ ਦੁਨੀਆ ਭਰ ਦੇ ਕਿਰਤੀ ਲੋਕਾਂ ਤੇ ਕੌਮਾਂ ਦੀ ਤਬਾਹੀ ਦਾ ਮੰਜ਼ਰ ਸਾਫ਼ ਝਲਕਦਾ ਹੈ। ਅਮਰੀਕੀ ਜ਼ਿੰਦਗੀ ਦੀ ਉੱਚਤਾ ਸਿਰਫ ਉਸ ਮੁਲਕ ਦੇ ਸੋਮਿਆਂ ਦੇ ਸਿਰ ’ਤੇ ਹਾਸਲ ਹੋਈ ਉੱਚਤਾ ਨਹੀਂ, ਇਸ ਅੰਦਰ ਦੁਨੀਆ ਭਰ ਦੇ ਲੋਕਾਂ ਦੀ ਕਿਰਤ ਅਤੇ ਇਸ ਧਰਤੀ ਦੇ ਕੁਦਰਤੀ ਸਰੋਤਾਂ ਦੀ ਅਥਾਹ ਵਰਤੋਂ ਸ਼ਾਮਿਲ ਹੈ।&ਨਬਸਪ; ਇਸ ਸੁਖਾਲੀ ਜ਼ਿੰਦਗੀ ਦੀ ਕੀਮਤ ਦੁਨੀਆ ਦੇ ਲੋਕਾਂ ਅਥਾਹ ਦੁਸ਼ਵਾਰੀਆਂ ਨਾਲ ਤਾਰ ਰਹੇ ਹਨ।

ਪਛੜੇ ਤੇ ਔਖੇ ਜੀਵਨ ਹਾਲਾਤ ਵਾਲੇ ਸਮਾਜਾਂ ਤੋਂ ਵਿਕਸਿਤ ਤੇ ਖੁਸ਼ਹਾਲ ਸਮਾਜਾਂ ਵੱਲ ਪਰਵਾਸ ਆਮ ਇਤਿਹਾਸਕ ਵਰਤਾਰਾ ਹੈ ਪਰ ਸਾਡੇ ਮੁਲਕ ’ਚੋਂ ਮੌਜੂਦਾ ਦੌਰ ’ਚ ਪਰਵਾਸ ਦਾ ਅਜਿਹਾ ਆਕਾਰ ਤੇ ਪ੍ਰਸਾਰ ਜਿੱਥੇ ਮੁਲਕ ਦੇ ਗੰਭੀਰ ਆਰਥਿਕ ਸਮਾਜਿਕ ਸੰਕਟਾਂ ਦੀ ਉਪਜ ਹੈ ਉਥੇ ਸਾਮਰਾਜੀ ਮੁਲਕਾਂ ਦੀ ਸ਼ਾਨ-ਓ-ਸ਼ੌਕਤ ਤੇ ਅਮੀਰੀ ਦੇ ਸਾਡੇ ਵਰਗੇ ਮੁਲਕਾਂ ਨਾਲੋਂ ਵੱਧ ਰਹੇ ਪਾੜੇ ਦਾ ਇਜ਼ਹਾਰ ਵੀ ਹੈ। ਅਮਰੀਕਾ ਵਰਗੇ ਸਾਮਰਾਜੀ ਮੁਲਕ ਦੀ ਅਜਿਹੀ ਹੈਸੀਅਤ ਤੇ ਜ਼ਿੰਦਗੀ ਦਾ ਵਿਕਸਿਤ ਪੱਧਰ ਸਾਡੇ ਵਰਗੇ ਮੁਲਕਾਂ ਦੇ ਲੋਕਾਂ ਅੰਦਰ ਜ਼ਿੰਦਗੀ ਦੇ ਕਿਸੇ ਸਵਰਗ ਵਰਗਾ ਸੁਫਨਾ ਜਗਾਉਂਦਾ ਹੈ ਤੇ ਇੱਥੇ ਥਾਂ ਹਾਸਿਲ ਕਰ ਕੇ ਜ਼ਿੰਦਗੀ ਦੀ ਖੁਸ਼ਹਾਲੀ ਦਾ ਸਿਖ਼ਰਲਾ ਮੁਕਾਮ ਹਾਸਲ ਕਰ ਲੈਣ ਦੀਆਂ ਉਮੀਦਾਂ ਲਾਈਆਂ ਜਾਂਦੀਆਂ ਹਨ। ਇਨ੍ਹਾਂ ਉਮੀਦਾਂ ਦੀ ਪੂਰਤੀ ਲਈ ਜ਼ਮੀਨਾਂ ਵੇਚ ਕੇ, ਸਾਰੇ ਸਾਧਨ ਜੁਟਾ ਕੇ, ਕਰਜ਼ੇ ਚੁੱਕ ਕੇ, ਦੁਨੀਆ ’ਚ ਥਾਂ-ਥਾਂ ਭਟਕ ਕੇ, ਜੰਗਲਾਂ ’ਚ ਰੁਲ-ਖਪ ਜਾਣ ਜਾਂ ਸਮੁੰਦਰਾਂ ’ਚ ਡੁੱਬ ਜਾਣ ਦੇ ਜੋਖਿ਼ਮ ਉਠਾਏ ਜਾਂਦੇ ਹਨ। ਜਿੰਦਗੀਆਂ ਦਾਅ ’ਤੇ ਲਾ ਕੇ ਇਉਂ ਕਰਨਾ ਆਪਣੇ ਆਪ ’ਚ ਮੁਲਕ ਅੰਦਰ ਬੇ-ਉਮੀਦੀ ਤੇ ਬੇਵਸੀ ਦਾ ਆਲਮ ਹੰਢਾਉਂਦੇ ਲੋਕਾਂ ਦੀ ਹਾਲਤ ਦਾ ਬਿਆਨੀਆ ਬਣਦਾ ਹੈ। ਸਾਡੇ ਮੁਲਕ ’ਚੋਂ ਪਰਵਾਸ ਕਰ ਕੇ ਗਏ ਲੋਕਾਂ ਵੱਲੋਂ ਬੇਹੱਦ ਔਖੇ ਹਾਲਾਤ ’ਚ ਬਿਲਕੁਲ ਜ਼ੀਰੋ ਤੋਂ ਸ਼ੁਰੂ ਕਰ ਕੇ ਅਥਾਹ ਮਿਹਨਤਾਂ ਨਾਲ ਜ਼ਿੰਦਗੀ ’ਚ ਹਾਸਲ ਕੀਤੀਆਂ ਕਾਮਯਾਬੀਆਂ ਇਹ ਕਹਾਣੀ ਵੀ ਬਿਆਨਦੀਆਂ ਹਨ ਕਿ ਸਾਡੇ ਆਪਣੇ ਮੁਲਕ ਅੰਦਰ ਜੇ ਕਿਰਤ ਦਾ ਮੁੱਲ ਪਵੇ ਤਾਂ ਇਥੇ ਕੀ ਦਾ ਕੀ ਸਿਰਜਿਆ ਜਾ ਸਕਦਾ ਹੈ ਪਰ ਸਾਡੇ ਆਪਣੇ ਮੁਲਕ ਅੰਦਰ ਸਰੀਰਕ ਕਿਰਤ ਤੇ ਦਿਮਾਗੀ ਕਿਰਤ ਦੋਹਾਂ ਦੀ ਅਜਿਹੀ ਬੇਕਦਰੀ ਦਾ ਆਲਮ ਹੈ ਕਿ ਦੇਸ਼ ’ਚ ਵੱਖ-ਵੱਖ ਖੇਤਰਾਂ ’ਚ ਉੱਚ ਕੋਟੀ ਦੀ ਬੌਧਿਕ ਸਮਰੱਥਾ ਵਾਲੀ ਨੌਜਵਾਨ ਪ੍ਰਤਿਭਾ ਵੀ ਵਿਦੇਸ਼ੀ ਧਰਤੀਆਂ ਵੱਲ ਉਡਾਰੀਆਂ ਭਰ ਰਹੀ ਹੈ।

ਸਾਮਰਾਜੀ ਮੁਲਕਾਂ ਲਈ ਸਾਡੇ ਮੁਲਕਾਂ ਦੀ ਇਹ ਜਵਾਨੀ ਕਿਰਤੀਆਂ ਵਜੋਂ ਦੌਲਤਾਂ ਸਿਰਜਣ ਵਾਲੀ ਸੋਨੇ ਦੀ ਖਾਨ ਹੈ। ਸਾਡੇ ਨੌਜਵਾਨ ਵਿਕਸਿਤ ਸਾਮਰਾਜੀ ਤੇ ਵਿਕਸਿਤ ਪੂੰਜੀਵਾਦੀ ਮੁਲਕਾਂ ’ਚ ਜਾ ਕੇ ਬੇਹੱਦ ਨੀਵੀਆਂ ਉਜਰਤਾਂ ਤੇ ਦਿਨ ਰਾਤ ਕਿਰਤ ਕਰਦੇ ਹਨ, ਉਨ੍ਹਾਂ ਕੰਮਾਂ ਨੂੰ ਹੱਥ ਪਾਉਂਦੇ ਹਨ ਜਿਨ੍ਹਾਂ ਨੂੰ ਵਿਕਸਿਤ ਸਮਾਜਾਂ ਦੇ ਲੋਕ ਕਰਨ ਤੋਂ ਟਾਲਾ ਵੱਟਦੇ ਹਨ, ਜਿਸਮ ਤੋੜ ਦੇਣ ਵਾਲੀ ਸਰੀਰਕ ਮਿਹਨਤ ਕਰਦੇ ਹਨ ਤੇ ਉਨ੍ਹਾਂ ਦੇ ਮੁਲਕਾਂ ਦੀ ਆਰਥਿਕ ਗਤੀ ’ਚ ਅਹਿਮ ਹਿੱਸਾ ਪਾਉਂਦੇ ਹਨ। ਇਨ੍ਹਾਂ ਮੁਲਕਾਂ ਦੀਆਂ ਪਰਵਾਸੀ ਕਾਮਿਆਂ ਲਈ ਨੀਤੀਆਂ ਆਪਣੇ ਮੁਲਕਾਂ ਦੀ ਸਰਮਾਏਦਾਰੀ ਦੀਆਂ ਜ਼ਰੂਰਤਾਂ ਅਨੁਸਾਰ ਬਣਦੀਆਂ ਹਨ, ਕਾਮਿਆਂ ਦੀ ਵਧੀ ਲੋੜ ਅਨੁਸਾਰ ਨਿਯਮ ਨਰਮ ਹੋ ਜਾਂਦੇ ਹਨ ਤੇ ਸਰਮਾਏਦਾਰੀ ਦੇ ਆਪਣੇ ਸੰਕਟਾਂ ਦੇ ਸਮਿਆਂ ’ਚ ਇਹ ਬਦਲ ਜਾਂਦੇ ਹਨ। ਪਰਵਾਸੀ ਕਾਮਿਆ ’ਤੇ ਰਾਜ ਦੀ ਨਿਗਰਾਨੀ ਦਾ ਡੰਡਾ ਲਮਕਾ ਕੇ ਰੱਖਿਆ ਜਾਂਦਾ ਹੈ ਤੇ ਉਨ੍ਹਾਂ ਵੱਲੋਂ ਚੋਰੀ ਕੰਮ ਕਰਦੇ ਰਹਿਣ ਦੇ ਗੁਨਾਹ ਦੇ ਪ੍ਰਭਾਵ ਹੇਠ ਸਸਤੀ ਕਿਰਤ ਹਾਸਲ ਕੀਤੀ ਜਾਂਦੀ ਹੈ। ਸਾਡੇ ਵਰਗੇ ਮੁਲਕਾਂ ਦੀ ਕਿਰਤ ਸ਼ਕਤੀ ਵਿਕਸਿਤ ਸਾਮਰਾਜੀ ਮੁਲਕਾਂ ਦੀਆਂ ਦੌਲਤਾਂ ਸਿਰਜਣ ’ਚ ਹਿੱਸਾ ਪਾਉਂਦੀ ਹੈ, ਲੋੜ ਪੈਣ ’ਤੇ ਦੁਰਕਾਰੀ ਜਾ ਸਕਦੀ ਹੈ। ਉਥੋਂ ਦੇ ਅਖੌਤੀ ਕੌਮੀ ਮਾਣ ਨੂੰ ਜਗਾਉਣ ਲਈ ਨਿਸ਼ਾਨਾ ਬਣਾਈ ਜਾ ਸਕਦੀ ਹੈ। ਕੈਨੇਡਾ ’ਚ ਕੌਮਾਂਤਰੀ ਵਿਦਿਆਰਥੀ ਅਜਿਹੇ ਹੀ ਕਾਮੇ ਹਨ ਜਿਹੜੇ ਮਹਿੰਗੀਆਂ ਕਾਲਜ ਫੀਸਾਂ ਵਤਨੋਂ ਮੰਗਵਾ ਕੇ ਤਾਰਦੇ ਹਨ ਤੇ ਮੁਸ਼ਕਿਲ ਹਾਲਾਤ ’ਚ ਜਿਊਂਦੇ ਹਨ।

ਟਰੰਪ ਵਰਗੇ ਅਮਰੀਕੀ ਸਾਮਰਾਜੀ ਹੁਕਮਰਾਨਾਂ ਦਾ ਅਮਰੀਕੀ ਧਰਤੀ ਬਾਰੇ ਅਜਿਹਾ ਨੈਤਿਕ ਦਾਅਵਾ ਇਤਿਹਾਸ ਦੇ ਸਨਮੁਖ ਖੜ੍ਹਾ ਕਰ ਕੇ ਦੇਖਿਆਂ ਵੀ ਦਿਲਚਸਪ ਬਣ ਜਾਂਦਾ ਹੈ ਕਿ ਜਿਹੜੇ ਲੋਕ ਇਸ ਧਰਤੀ ’ਤੇ ਖੁਦ ਲੁਟੇਰਿਆਂ ਵਜੋਂ ਆਏ, ਕਬਜ਼ੇ ਜਮਾਏ ਤੇ ਸਥਾਨਕ ਬਸ਼ਿੰਦਿਆਂ ਨੂੰ ਨਰਕ ਭਰੀ ਜ਼ਿੰਦਗੀ ’ਚ ਸੁੱਟ ਦਿੱਤਾ ਗਿਆ। ਜਬਰੀ ਕਬਜ਼ੇ ਹੇਠ ਕੀਤੀ ਧਰਤੀ ’ਤੇ ਆਪਣੀ ਪੂੰਜੀ ਦੀ ਸਲਤਨਤ ਉਸਾਰੀ ਤੇ ਉਸ ਦੀ ਰਾਖੀ ਲਈ ਕਾਨੂੰਨ ਘੜੇ। ਜਦੋਂ ਅਜਿਹੇ ਵਿਰਸੇ ਦੇ ਲੋਕ ਕਿਸੇ ਹੋਰ ਧਰਤੀ ਤੋਂ ਆ ਕੇ ਕਿਰਤ ਕਰਨਾ ਚਾਹੁੰਦੇ ਲੋਕਾਂ ਨੂੰ ਮਹਾਂ ਅਪਰਾਧੀਆਂ ਵਜੋਂ ਪੇਸ਼ ਕਰਦੇ ਹਨ ਤਾਂ ਗੱਲ ਸਿਰਫ ਮੌਜੂਦ ਕਾਨੂੰਨਾਂ ਦੇ ਹਵਾਲੇ ਤੱਕ ਹੀ ਸੀਮਤ ਨਹੀਂ ਰਹਿ ਸਕਦੀ। ਧਾੜਵੀਆਂ ਤੇ ਕਿਰਤੀਆਂ ਦੇ ਦਾਅਵਿਆਂ ਦੇ ਮਸਲੇ ਵੀ ਸਾਡੇ ਸਨਮੁੱਖ ਹੁੰਦੇ ਹਨ। ਅਮਰੀਕਾ ਸਮੇਤ ਵਿਕਸਿਤ ਪੂੰਜੀਵਾਦੀ ਮੁਲਕਾਂ ਦੇ ਇਹ ਹੁਕਮਰਾਨ ਆਪਣੀ ਪੂੰਜੀ ਲਈ ਦੁਨੀਆ ਭਰ ’ਚ ਰੋਕਾਂ ਦਾ ਖਾਤਮਾ ਚਾਹੁੰਦੇ ਹਨ ਤੇ ਉਸ ਨੂੰ ਸੰਸਾਰੀਕਰਨ ਦਾ ਨਾਂ ਦਿੰਦੇ ਹਨ ਪਰ ਆਪਣੀਆਂ ਸਲਤਨਤਾਂ ਦੇ ਅੰਦਰ ਕਿਰਤੀਆਂ ਦੀ ਆਮਦ ’ਤੇ ਰੌਲਾ ਪਾਉਂਦੇ ਹਨ। ਸਾਡੇ ਮੁਲਕ ਅੰਦਰ ਮੜ੍ਹੀਆਂ ਗਈਆਂ ਸਾਮਰਾਜੀ ਮੁਲਕਾਂ ਦੀਆਂ ਇਨ੍ਹਾਂ ਸਾਮਰਾਜੀ ਸੰਸਾਰੀਕਰਨ ਵਾਲੀਆਂ ਨਵ-ਉਦਾਰਵਾਦੀ ਨੀਤੀਆਂ ਨੇ ਹੀ ਤਾਂ ਮੁਲਕ ਦੇ ਕਿਰਤੀਆਂ ਨੂੰ ਵਿਦੇਸ਼ਾਂ ਦੀਆਂ ਧਰਤੀਆਂ ’ਤੇ ਰੁਲਣ ਲਈ ਮਜਬੂਰ ਕੀਤਾ ਹੈ। ਕੌਣ ਕਿਸ ਦਾ ਮੁਜਰਮ ਹੈ, ਇਹ ਸਵਾਲ ਵੀ ਬਹੁ-ਪਰਤੀ ਹੈ।

ਵਿਦੇਸ਼ੀ ਧਰਤੀਆਂ ’ਤੇ ਰੁਲਦੇ ਸਾਡੇ ਮੁਲਕ ਦੇ ਕਿਰਤੀ ਲੋਕਾਂ ਦੀ ਅਜਿਹੀ ਹੋਣੀ ਲਈ ਦਹਾਕਿਆਂ ਤੋਂ ਭਾਰਤੀ ਰਾਜ ਤੇ ਕਾਬਜ਼ ਜਮਾਤਾਂ ਜਿ਼ੰਮੇਵਾਰ ਹਨ ਜਿਨ੍ਹਾਂ ਨੇ ਕੁਦਰਤੀ ਦੌਲਤਾਂ ਤੇ ਅਥਾਹ ਮਨੁੱਖਾ ਸ਼ਕਤੀ ਨਾਲ ਭਰਪੂਰ ਇਸ ਧਰਤੀ ਨੂੰ ਦੇਸੀ ਵਿਦੇਸ਼ੀ ਪੂੰਜੀਪਤੀਆਂ ਦੀ ਲੁੱਟ ਲਈ ਪਰੋਸ ਰੱਖਿਆ ਹੈ। ਇਸ ਲੁੱਟ ਨੇ ਕਿਰਤ ਦੀ ਘੋਰ ਬੇਕਦਰੀ ਕੀਤੀ ਹੈ ਤੇ ਮੁਲਕ ਨੂੰ ਪਛੜੇਵੇਂ ’ਚ ਸੁੱਟ ਕੇ ਰੱਖਿਆ ਹੈ। ਸਾਮਰਾਜੀ ਮੁਲਕਾਂ ਦਾ ਦਾਬਾ ਮੰਨ ਕੇ ਤੇ ਦੇਸ਼ ਦੇ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ ਲੋੜਾਂ ਅਨੁਸਾਰ ਉਸਾਰੇ ਗਏ ਅਖੌਤੀ ਵਿਕਾਸ ਦੇ ਮਾਡਲ ਨੇ ਮੁਲਕ ਅੰਦਰ ਅ-ਸਨਤੀਕਰਨ ਦਾ ਪੁੱਠਾ ਅਮਲ ਚਲਾਇਆ ਹੋਇਆ ਹੈ। ਖੇਤੀ ਜਗੀਰਦਾਰਾਂ ਦੀ ਲੁੱਟ ਦੇ ਵੱਸ ਪਈ ਰਹੀ ਹੈ ਤੇ ਹੁਣ ਸਾਮਰਾਜੀ ਬਹੁ-ਕੌਮੀ ਕੰਪਨੀਆਂ ਵੀ ਆਪਣੀ ਲੁੱਟ ਦਾ ਪਸਾਰਾ ਕਰ ਰਹੀਆਂ ਹਨ। ਇਹ ਹਾਲਤ ਮੁਲਕ ਦੇ ਸੰਕਟਾਂ ਨੂੰ ਹੋਰ ਡੂੰਘਾ ਕਰ ਰਹੀ ਹੈ। ਇਨ੍ਹਾਂ ਸੰਕਟਾਂ ਨੇ ਪਰਵਾਸ ਉਡਾਰੀਆਂ ਭਰਨ ਦੇ ਹਾਲਾਤ ਮੁੜ-ਮੁੜ ਸਿਰਜਣੇ ਹਨ।

ਡਿਪੋਰਟ ਕੀਤੇ ਲੋਕਾਂ ਦੇ ਪ੍ਰਸੰਗ ’ਚ ਦੇਸ਼ ਦੀਆਂ ਹਾਕਮ ਜਮਾਤੀ ਸਿਆਸੀ ਪਾਰਟੀਆਂ ਇੱਕ ਦੂਜੇ ਖਿਲਾਫ ਦੂਸ਼ਣਬਾਜ਼ੀ ਤੇ ਬਿਆਨਬਾਜ਼ੀ ਰਾਹੀਂ ਇਸ ਹਕੀਕਤ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਇਹ ਵਰਤਾਰਾ ਇਸ ਧਰਤੀ ’ਤੇ ਉਨ੍ਹਾਂ ਸਭਨਾਂ ਵੱਲੋਂ ਬਦਲ-ਬਦਲ ਕੇ ਕੀਤੇ ਰਾਜ ਦੀਆਂ ਹੀ ਬਰਕਤਾਂ ਹਨ। ਬੇਰੁਜ਼ਗਾਰੀ ਦੇ ਅਥਾਹ ਪਸਾਰੇ ਤੋਂ ਲੈ ਕੇ ਏਜੰਟਾਂ ਦੀਆਂ ਠੱਗੀਆਂ ਦੇ ਧੰਦਿਆਂ ਤੱਕ ਦੇ ਅਨੇਕ ਮਸਲੇ ਇਨ੍ਹਾਂ ਪਾਰਟੀਆਂ ਦੇ ਸ਼ਾਸਨਾਂ ਦੀ ਹੀ ਦੇਣ ਹਨ। ਅਮਰੀਕੀ ਫੌਜੀ ਜਹਾਜ਼ ਅੰਮ੍ਰਿਤਸਰ ਉੱਤਰਦਾ ਜਾਂ ਗੁਜਰਾਤ, ਅਜਿਹੀ ਬਿਆਨਬਾਜ਼ੀ ਰਾਹੀਂ ਇੱਕ ਦੂਜੇ ਨੂੰ ਕੋਸਣ ਦਾ ਮੌਕਾ ਨਹੀਂ ਖੁੰਝਾਇਆ ਜਾ ਰਿਹਾ ਜਦਕਿ ਦੇਸ਼ ਭਰ ’ਚੋਂ ਹੁੰਦਾ ਪਰਵਾਸ ‘ਵਿਕਸਿਤ’ ਭਾਰਤ ਦੀ ਹਕੀਕਤ ਹੈ। ਇਹ ਸਭ ਕੁਝ ਉਦੋਂ ਵਾਪਰਿਆ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਅਮਰੀਕਾ ਵਿੱਚ ਸੀ। ਉਸ ਵੱਲੋਂ ਕੀਤੇ ਦੌਰੇ ਦਾ ਤੱਤ ਵੀ ਡਿਪੋਰਟ ਹੋ ਕੇ ਆਏ ਭਾਰਤੀਆਂ ਦੀ ਹੋਣੀ ਤੋਂ ਵੱਖਰਾ ਨਹੀਂ ਹੈ। ਉਸ ਦੀ ਮੁਲਾਕਾਤ ਰਾਹੀਂ ਅਮਰੀਕੀ ਸਾਮਰਾਜੀ ਹੁਕਮਰਾਨਾਂ ਨੇ ਭਾਰਤੀ ਆਰਥਿਕਤਾ ’ਤੇ ਆਪਣਾ ਸ਼ਿਕੰਜਾ ਹੋਰ ਕਸਣ ਅਤੇ ਇਥੇ ਲੁੱਟ ਦੇ ਨਵੇਂ ਰਾਹ ਬਣਾਉਣ ਲਈ ਆਪਣੀ ਭਾਰੂ ਹੈਸੀਅਤ ਦੀ ਖੁੱਲ੍ਹ ਕੇ ਵਰਤੋਂ ਕੀਤੀ ਹੈ। ਡਿਪੋਰਟ ਕੀਤੇ ਭਾਰਤੀਆਂ ਦੀ ਅਜਿਹੀ ਹੋਣੀ ਭਾਰਤੀ ਹਕੂਮਤ ਤੇ ਅਮਰੀਕੀ ਸਾਮਰਾਜੀ ਹਾਕਮਾਂ ਦੇ ਰਿਸ਼ਤੇ ਦੇ ਪਸਾਰ ਵਜੋਂ ਵੀ ਦੇਖੀ ਤੇ ਸਮਝੀ ਜਾ ਸਕਦੀ ਹੈ। ਭਾਰਤ ਸਰਕਾਰ ਨੇ ਸੌਖਾ ਜਿਹਾ ਰਾਹ ਲੱਭਦਿਆਂ ਇਸ ਬਾਰੇ ਅਮਰੀਕੀ ਨਿਯਮਾਂ ਤੇ ਕਾਨੂੰਨਾਂ ਦਾ ਹਵਾਲਾ ਦੇ ਕੇ ਜ਼ਿੰਮੇਵਾਰੀ ਤੋਂ ਪੱਲਾ ਛੁਡਾ ਲਿਆ ਹੈ। ਇਸ ਕੌਮੀ ਨਮੋਸ਼ੀ ਲਈ ਜਵਾਬਦੇਹੀ ਤੋਂ ਭੱਜਿਆ ਜਾ ਰਿਹਾ ਹੈ।

ਵਾਪਸ ਭੇਜੇ ਭਾਰਤੀਆਂ ਦੀ ਹੋਣੀ ਸਾਮਰਾਜੀ ਲੁੱਟ ਦਾ ਸ਼ਿਕਾਰ ਹੋਏ ਮੁਲਕ ਦੇ ਲੋਕਾਂ ਦੀ ਹੋਣੀ ਹੈ। ਇਹ ਹੋਣੀ ਲੋਕਾਂ ਨੂੰ ਵਿਦੇਸ਼ਾਂ ਲਈ ਕਾਨੂੰਨੀ ਰਾਹ ਅਖਤਿਆਰ ਕਰਨ ਦੀਆਂ ਨਸੀਹਤਾਂ ਨਾਲ ਹੀ ਨਹੀਂ ਸਗੋਂ ਦੇਸ਼ ’ਚੋਂ ਸਾਮਰਾਜੀ ਲੁੱਟ ਤੇ ਦਾਬੇ ਦੇ ਖਾਤਮੇ ਨਾਲ ਹੀ ਬਦਲੀ ਜਾਣੀ ਹੈ। ਮੁਲਕ ਦੇ ਸੋਮਿਆਂ ਤੇ ਸਾਧਨਾਂ ’ਤੇ ਆਧਾਰਿਤ ਸਵੈ-ਨਿਰਭਰ ਵਿਕਾਸ ਦਾ ਮਾਡਲ ਲਾਗੂ ਕਰ ਕੇ ਸਹੀ ਅਰਥਾਂ ’ਚ ਵਿਕਸਿਤ ਭਾਰਤ ਬਣਨ ਨਾਲ ਬਦਲੀ ਜਾਣੀ ਹੈ। ਅਜਿਹਾ ਕਰਨ ਲਈ ਲੋਕਾਂ ਅੰਦਰ ਇਸੇ ਧਰਤੀ ’ਤੇ ਸਮੂਹਿਕ ਤੌਰ ’ਤੇ ਜੂਝ ਕੇ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਸਕਣ ਦੀ ਭਾਵਨਾ ਤੇ ਉਮੀਦਾਂ ਜਗਾਉਣ ਦੀ ਜ਼ਰੂਰਤ ਹੈ। ਕੌਮੀ ਨਮੋਸ਼ੀ ਦੇ ਇਨ੍ਹਾਂ ਦਿਨਾਂ ’ਚ ਆਪਣਾ ਮੁਲਕ ਸੰਵਾਰਨ ਲਈ ਕੌਮੀ ਸਵੈਮਾਣ ਦਾ ਜਜ਼ਬਾ ਜਗਾਉਣ ਦੀ ਲੋੜ ਹੈ। ਨਮੋਸ਼ੀ ਦੇ ਅਹਿਸਾਸ ਨੂੰ ਤੱਜ ਕੇ ਲੋਕਾਂ ਦੀਆਂ ਉਮੰਗਾਂ ਤੇ ਰੀਝਾਂ ਦੇ ਹਾਣ ਦਾ ਸਮਾਜੀ ਸਿਆਸੀ ਪ੍ਰਬੰਧ ਉਸਾਰਨ ਦੇ ਸਵਾਲ ਦੇ ਸਨਮੁਖ ਖੜ੍ਹੇ ਹੋਣ ਦੀ ਲੋੜ ਹੈ। ਪਰਵਾਸ ਮਜਬੂਰੀਆਂ ਤੋਂ ਕੌਮੀ ਸਵੈਮਾਣ ਤੱਕ ਦਾ ਸਫ਼ਰ ਕਿਰਤੀ ਲੋਕਾਂ ਦੀ ਸਮੂਹਿਕ ਸਾਂਝੀ ਜਦੋਜਹਿਦ ਦਾ ਸਫਰ ਹੈ।

ਸੰਪਰਕ: 94170-54015

Advertisement