ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੋਸ਼ਲ ਮੀਡੀਆ ਦਾ ਨਿਵੇਕਲਾ ਸ਼ਾਇਰ ਸੰਨੀ ਧਾਲੀਵਾਲ

ਅਵਤਾਰ ਸਿੰਘ ਬਿਲਿੰਗ ਯਥਾਰਥ ਨਾਲ ਓਤਪੋਤ ਤੇ ਮੌਜੂਦਾ ਜੀਵਨ ਨੂੰ ਸੰਬੋਧਿਤ ਸੰਨੀ ਧਾਲੀਵਾਲ ਦੀ ਕਵਿਤਾ ਵੱਖਰੀ ਕਿਸਮ ਦਾ ਪ੍ਰਭਾਵ ਸਿਰਜਦੀ, ਪਾਠਕ ਅੰਦਰ ਹਲਚਲ ਜਿਹੀ ਮਚਾ ਦਿੰਦੀ ਹੈ। ਸਾਰੀ ਕਵਿਤਾ ਵਿੱਚ ਫੈਲਿਆ ‘ਸੰਨੀ ਡੇਅ’ ਦਾ ਅਲੰਕਾਰ ਵੱਖੋ ਵੱਖ ਧੁਨੀਆਂ ਰਾਹੀਂ ਗੂੰਜਦਾ...
Advertisement

ਅਵਤਾਰ ਸਿੰਘ ਬਿਲਿੰਗ

ਯਥਾਰਥ ਨਾਲ ਓਤਪੋਤ ਤੇ ਮੌਜੂਦਾ ਜੀਵਨ ਨੂੰ ਸੰਬੋਧਿਤ ਸੰਨੀ ਧਾਲੀਵਾਲ ਦੀ ਕਵਿਤਾ ਵੱਖਰੀ ਕਿਸਮ ਦਾ ਪ੍ਰਭਾਵ ਸਿਰਜਦੀ, ਪਾਠਕ ਅੰਦਰ ਹਲਚਲ ਜਿਹੀ ਮਚਾ ਦਿੰਦੀ ਹੈ। ਸਾਰੀ ਕਵਿਤਾ ਵਿੱਚ ਫੈਲਿਆ ‘ਸੰਨੀ ਡੇਅ’ ਦਾ ਅਲੰਕਾਰ ਵੱਖੋ ਵੱਖ ਧੁਨੀਆਂ ਰਾਹੀਂ ਗੂੰਜਦਾ ਇੱਕ ਵੱਖਰਾ ਵਾਤਾਵਰਨ ਸਿਰਜਦਾ ਹੈ। ਇਹ ਕਵਿਤਾ ਆਵਾਸ ਤੇ ਪਰਵਾਸ ਦੀਆਂ ਦੁਸ਼ਵਾਰੀਆਂ ਨੂੰ ਸੰਬੋਧਿਤ ਹੈ।

Advertisement

ਸੰਨੀ ਧਾਲੀਵਾਲ ਅਨੁਸਾਰ, “ਜਾਤਾਂ ਧਰਮਾਂ ਨੂੰ ਪ੍ਰਣਾਈ ਸਿਆਸਤ ਦੇ ਸਤਾਏ ਅਸੀਂ ਇੱਧਰ ਪਰਵਾਸ ਵਿੱਚ ਕੈਨੇਡਾ ਆਏ ਹਾਂ। ਇੱਥੇ ਜਾਤ, ਧਰਮ, ਬਰਾਦਰੀ ਦੇ ਪੱਖਪਾਤ ਨੂੰ ਤਿਆਗਣ ਵਿੱਚ ਹੀ ਬਿਹਤਰੀ ਹੈ। ਸਾਨੂੰ ਜਾਤ ਬਰਾਦਰੀ, ਧਰਮ-ਮਜ਼੍ਹਬ ਤੋਂ ਉਤਸ਼ਾਹਤ ਹੋ ਕੇ ਨਹੀਂ, ਸਿਆਸਤਦਾਨ ਦਾ ਕਿਰਦਾਰ ਦੇਖ ਕੇ ਵੋਟ ਪਾਉਣੀ ਸੋਭਦੀ ਹੈ। ਪਿਛਲੀ ਜਾਤ ਬਰਾਦਰੀ, ਫੋਕਟ ਰੀਤੀ ਰਿਵਾਜ ਤੇ ਮਜ਼੍ਹਬੀ ਕਲਚਰ ਨੂੰ ਆਪਣੇ ਨਾਲ ਇੱਧਰ ਨਹੀਂ ਲਿਆਉਣਾ ਸੋਭਦਾ। ਦੋਹਾਂ ਸੱਭਿਆਚਾਰਾਂ ਦੇ ਸੰਜੋਗ ਵਜੋਂ ਆਪਣਾ ਬੜਾ ਕੁਝ ਜੋ ਕੋਝਾ ਹੈ, ਉਹ ਛੱਡਣਾ ਚਾਹੀਦਾ ਅਤੇ ਗੋਰੇ ਕਲਚਰ ਵਿੱਚੋਂ ਚੰਗੇ ਨੂੰ ਅਪਣਾਉਣਾ ਬਣਦਾ ਹੈ।” ਉਸ ਦੀ ਪੁਸਤਕ ‘ਖ਼ਾਲੀ ਆਲ੍ਹਣਾ’ ਵਿੱਚੋਂ ‘ਘਾਹ’ ਨਾਂ ਦੀ ਕਵਿਤਾ ਇੱਕ ਪਰਵਾਸੀ ਨੂੰ ਅਜਿਹਾ ਸੁਝਾਅ ਦਿੰਦੀ ਪ੍ਰਤੀਤ ਹੁੰਦੀ ਹੈ:

ਤੂੰ ਕਦੇ ਸੋਚਿਐ

ਤੇਰੇ ਦਿਮਾਗ਼ ਵਿੱਚ

ਕਿੰਨੀ ਤਰ੍ਹਾਂ ਦੇ ਵੀਡਜ਼ ਨੇ?

ਰੀਤੀ ਰਿਵਾਜਾਂ

ਧਰਮ, ਜਾਤ-ਪਾਤ

ਊਚ-ਨੀਚ ਛੂਤ-ਛਾਤ

ਅਮੀਰੀ-ਗ਼ਰੀਬੀ

ਕਾਲੇ-ਪੀਲੇ ਲੋਕ

ਜੇ ਤੂੰ ਮਾਰਨੇ ਹੀ ਹਨ

ਕਿਸੇ ‘ਸੰਨੀ ਡੇਅ’ ਵਾਲੇ ਦਿਨ

ਇਹ ਵੀਡਜ਼ ਮਾਰਨੇ ਸ਼ੁਰੂ ਕਰ

ਇਨ੍ਹਾਂ ’ਤੇ ਰਾਊਂਡ-ਅੱਪ ਦੀ ਸਪਰੇਅ ਕਰ

ਮਨੁੱਖਤਾ ਨੂੰ ਫ਼ਾਇਦਾ ਹੋਏਗਾ

ਬਹਿਰੂਪੀਏ ਨੇਤਾਵਾਂ ਵਾਂਗ ਸਾਡੇ ਬੁੱਧੀਜੀਵੀ ਵੀ ਬੜੇ ਦੋਹਰੇ ਕਿਰਦਾਰ ਦੇ ਮਾਲਕ ਹਨ। ਮਨ ਹੋਰ, ਮੁੱਖ ਹੋਰ, ਕਰਨੀ ਵੱਖਰੀ। ਸੰਨੀ ਧਾਲੀਵਾਲ ਦੇ ਵਿਅੰਗ ਤੋਂ ਅਜਿਹੀ ਵਿਦਵਾਨ ਸ਼੍ਰੇਣੀ ਕਿਵੇਂ ਬਚ ਕੇ ਨਿਕਲ ਸਕਦੀ ਸੀ। ਦੇਖੋ ਅਖੀਰ ਨੂੰ ‘ਸ਼ੀਸ਼ਾ ਬੋਲਿਆ’:

ਸ਼ਰਮ! ਸ਼ਰਮ ! ਸ਼ਰਮ ਕਰ

ਤੂੰ ਆਪਣੇ ਦੋਵੇਂ ਬੱਚੇ

ਵਧੀਆ ਅੰਗਰੇਜ਼ੀ ਸਕੂਲ ਵਿੱਚ ਪੜ੍ਹਾ ਕੇ

ਆਇਲੈਟਸ ਕਰਵਾ ਕੇ, ਕੈਨੇਡਾ ਭੇਜ ਦਿੱਤੇ

ਲੋਕਾਂ ਦੇ ਬੱਚਿਆਂ ਨੂੰ ਡੰਡੇ ਨਾਲ

ਪੰਜਾਬੀ ਪੜ੍ਹਾਉਂਦਾ ਫਿਰਦਾ ਏਂ

... ਬੋਰਡ ’ਤੇ ਜਾ ਕੇ ਲਿਖ ਦੇਨਾ ਏਂ..

ਮਾਂ- ਬੋਲੀ ਤੋਂ ਬਿਨਾਂ ਬੰਦਾ ਮੁਰਝਾ ਜਾਂਦਾ ਹੈ

... ਤੇਰੇ ਬੱਚਿਆਂ ਨੇ

ਨਾ ਮਾਂ-ਬੋਲੀ ਸਿੱਖੀ

ਨਾ ਪੜ੍ਹੀ ਨਾ ਲਿਖੀ

ਕੀ ਉਹ ਮੁਰਝਾ ਗਏ?

ਸਾਰੀ ਜ਼ਿੰਦਗੀ ਮੌਲੇ ਬਲਦ ਬਣ ਕੇ ਆਪਣੀ ਸੰਤਾਨ ਦੀ ਬਿਹਤਰੀ ਵਾਸਤੇ ਕਮਾਈਆਂ ਕਰਦੇ ਰਹੇ ਭਾਰਤੀ ਬਾਪੂ ਕੈਨੇਡਾ ਆ ਕੇ ਉਸੇ ਔਲਾਦ ਲਈ ‘ਵਿਹਲੇ ਰੋਟੀਆਂ ਡੱਫਦੇ’ ਭਾਰਤ ਵਿਚਲੇ ਉਸ ਪਰਿਵਾਰਕ ਮੌਲੇ ਬਲਦ ਨਾਲੋਂ ਵੀ ਹੀਣੇ ਬਣ ਕੇ ਰਹਿ ਜਾਂਦੇ। ਕਿਸੇ ਦਾਦੀ ਦੇ ਸ਼ਬਦਾਂ ਵਿੱਚ ਪੰਜਾਬ ਵਿਚਲੇ ਬੁੱਢੇ ਹੋਏ ਮੌਲੇ ਬਲਦ ਦੀ ਤਾਂ ਬਾਪੂ ਪਹਿਲਾਂ ਵਾਂਗ ਸੇਵਾ ਸੰਭਾਲ ਕਰਦਾ ਰਿਹਾ, ਪਰ ਕੈਨੇਡਾ ਵਿੱਚ ਆਏ ਅਜਿਹੇ ਇੱਕ ਬਾਪ ਦੀ ਹੋਣੀ ਦੀ ਝਲਕ ਦੇਖੋ:

ਦੂਸਰੇ ਸ਼ਹਿਰ ਤੋਂ ਦੋਸਤ ਦਾ ਫੋਨ ਆਇਆ

ਕਹਿੰਦਾ, ‘ਯਾਰ, ਬਾਪੂ ਗੁੱਸੇ ਹੋ ਕੇ

ਪਿੰਡ ਵਾਪਸ ਚਲਾ ਗਿਆ’

ਕਹਿੰਦਾ, ‘ਪਿਉ ਦਾ ਪੁੱਤ ਨਹੀਂ

ਜੇ ਵਾਪਸ ਕੈਨੇਡਾ ਆਇਆ’

‘ਯਾਰ, ਕਸੂਰ ਤਾਂ ਮੇਰਾ ਹੀ ਹੈ

ਮੇਰੇ ਮੂੰਹੋਂ ਨਿਕਲ ਗਿਆ

‘ਬਾਪੂ ਵਿਹਲਾ ਰੋਟੀਆਂ ਡੱਫਦਾ ਰਹਿਨੈ

ਕੋਈ ਘਰੇ ਝਾੜੂ ਪੋਚਾ ਲਾ ਦਿਆ ਕਰ

ਸੰਤਾਨ ਨਾਲ ਭਰਿਆ-ਭੁਕੰਨਾ ਆਲ੍ਹਣਾ ਇੱਕ ਦਿਨ ਖ਼ਾਲੀ ਹੋ ਜਾਂਦਾ ਹੈ। ਪਰਵਾਸ ਵਿੱਚ ਸੁਖੀ ਵੱਸਦੇ ਮਾਤਾ ਪਿਤਾ ਵੀ ਇਕੱਲੇ ਰਹਿ ਜਾਂਦੇ:

ਹੁਣ ਆਲ੍ਹਣੇ ਵਿੱਚ

ਤੂੰ ਤੇ ਮੈਂ ਰਹਿ ਗਏ ਹਾਂ

ਬੱਚਿਆਂ ਬਿਨ ਆਲ੍ਹਣਾ

ਖ਼ਾਲੀ ਹੋ ਗਿਆ

ਆਪਾਂ ਆਪਣਾ ਫ਼ਰਜ਼ ਨਿਭਾ ਦਿੱਤਾ

ਹੁਣ ਜ਼ਿੰਦਗੀ ਦੀ ਖੇਡ

ਬੱਚਿਆਂ ਨੂੰ ਖੇਡਣ ਦੇਈਏ

ਪਤਾ ਨਹੀਂ ਕਿਹੜੇ ਦਿਨ

ਇਹ ਆਲ੍ਹਣਾ ਹੋਰ ਖ਼ਾਲੀ ਹੋ ਜਾਵੇ

ਚੱਲ ਫੇਰ ਹੁਣ ਆਪਾਂ

ਆਪਣੀ ਜ਼ਿੰਦਗੀ ਦੀ ਸੀ-ਸਾ ਖੇਡੀਏ

ਕਿਤੇ ਇਹ ਨਾ ਹੋਵੇ ਕਿ

‘ਸੰਨੀ ਡੇਅ’ ਦੀ ਉਡੀਕ ਵਿੱਚ

ਆਪਾਂ ਲੇਟ ਹੋ ਜਾਈਏ

ਆਪਾਂ ਲੇਟ ਹੋ ਜਾਈਏ

ਜੀਵਨ ਆਵਾਸ ਦਾ ਹੋਵੇ ਜਾਂ ਪਰਵਾਸ ਵਿਚਲਾ, ਇਸ ਵਿੱਚ ਬੁਰੀ ਤਰਾਂ ਗ੍ਰੱਸੇ ਆਮ ਬੰਦੇ ਨੂੰ ਇਸ ਜ਼ਿੰਦਗੀ ਨੂੰ ਮਾਣਨਾ ਜ਼ਰੂਰੀ ਹੈ। ਕਿਤੇ ਇਹ ਨਾ ਹੋਵੇ ਉਹ ਵੀ ਹੋਰ ਵੱਧ ਹੋਰ ਜ਼ਮੀਨ ਵਗਲਣ ਦੇ ਗੇੜ ਵਿੱਚ ਉਲਝਿਆ, ਇਸ ਨੂੰ ਗੁਆ ਨਾ ਲਵੇ। ‘ਜ਼ਿੰਦਗੀ’ ਪੈਰ ਪੈਰ ਉੱਤੇ ਉਸ ਨੂੰ ਸੁਚੇਤ ਕਰਦੀ ਹੈ:

ਜ਼ਿੰਦਗੀ ਕਹਿੰਦੀ

ਮੈਂ ਚੱਲੀ ਹਾਂ

ਬਠਿੰਡੇ ਦੀ ਰੇਤ ਵਾਂਗ

ਤੇਰੇ ਹੱਥਾਂ ’ਚੋਂ ਕਿਰਦੀ

ਤੂੰ ਜਾਗ

ਤੂੰ ਉੱਠ

ਅੱਖਾਂ ਖੋਲ੍ਹ

...ਤੈਨੂੰ ਮੈਂ ਕਿਰਦੀ ਨਹੀਂ ਦਿਸਦੀ?

...ਮੇਰੇ ਨਾਲ ਥੋੜ੍ਹਾ ਵਕਤ ਬਿਤਾ ਲੈ

ਮੇਰੇ ਹੱਥਾਂ ਵਿੱਚ ਹੱਥ ਪਾ ਲੈ

...ਮੈਨੂੰ ਆਪਣੇ ਕੋਲ ਬਿਠਾ ਲੈ

ਮੇਰੇ ਨਾਲ ਲਾਡ- ਲਡਾ ਲੈ

...ਦੇਖੀਂ ਕਿਤੇ ਤੂੰ ਵੀ

ਵੱਡਾ ਸਾਰਾ

ਵਗਲ ਮਾਰਨ ਦੇ ਚੱਕਰ ਵਿੱਚ

ਮੂੰਹ ਪਰਨੇ ਨਾ ਡਿੱਗ ਪਵੀਂ

...ਸੰਨੀ ਡੇਅ ਨੂੰ ਸੋਗ ਡੇਅ ਵਿੱਚ

ਬਦਲਣ ਲੱਗਿਆਂ ਬਹੁਤ ਵਕਤ ਨਹੀਂ ਲੱਗਦਾ।

‘ਮੇਰਾ ਸਥਾਨ ਤੇਰਾ ਰਾਸ਼ਟਰ’ ਵਿੱਚ ਪਰਵਾਸੀ ਸਿਸਟਮ ਵਿੱਚ ਰਚ-ਮਿਚ ਚੁੱਕਿਆ ਸ਼ਾਇਰ ਮਨ ਆਪਣੀ ਜਨਮ ਭੂਮੀ ਦੇ ਭੇਖੀ ਸਿਆਸਤਦਾਨਾਂ ਉੱਤੇ ਆਪਣੇ ਵਿਅੰਗ ਦੀ ਨਸ਼ਤਰ ਕੱਸਦਾ ਦੇਸ ਦੀ ਲਾਈਲੱਗ ਪਰਜਾ ਨੂੰ ਵੀ ਸੁਝਾਉਂਦਾ ਹੈ:

ਕਦੇ ਮੈਂ ਵੀ ਤੇਰੇ ਵਾਂਗੂੰ

ਪਿਛ-ਲੱਗ ਹੁੰਦਾ ਸੀ

ਦਿਮਾਗ਼ ਜ਼ਰੂਰ ਰੱਖਦਾ ਸੀ

ਪਰ ਵਰਤਦਾ ਕਦੇ ਵੀ ਨਹੀਂ ਸੀ

ਚੱਲ ਉੱਠ ਤੂੰ ਵੀ ਮੇਰੇ ਨਾਲ ਚੱਲ

ਤੈਨੂੰ ਵੀ ‘ਸੰਨੀ ਡੇਅ’ ’ਤੇ

ਗਿਆਨ ਸਾਗਰ ਦੀ ਘੁੱਟ ਪਿਲਾ ਦੇਈਏ

ਭੇਡ ਤੋਂ ਬੰਦਾ ਬਣਾ ਦੇਈਏ

ਕਿਉਂਕਿ :

ਆਹ ਜਿਹੜੇ

ਤੇਰੀਆਂ ਭਾਵਨਾਵਾਂ ਨਾਲ ਖੇਡਦੇ ਹਨ

ਪੁੱਠੇ, ਗੰਦੇ ਤੇ ਗਰਮ ਨਾਅਰੇ ਲਗਵਾਉਂਦੇ ਹਨ

ਇਹ ਆਪ

ਵੱਡੇ ਘਰ ਤੇ ਸਵਿੱਸ ਬੈਂਕ ਵਿੱਚ ਪੈਸੇ ਰੱਖਦੇ ਹਨ

ਇਹ ਤੇਰਾ ਮੇਰਾ ਉੱਲੂ ਬਣਾਉਂਦੇ ਹਨ

ਇਹ ਮਾਵਾਂ ਦੇ ਪੁੱਤ ਮਰਵਾਉਂਦੇ ਹਨ

ਇੱਕ ਹੋਰ ਕਵਿਤਾ ‘ਚੱਲ ਉੱਠ ਹੋ ਖੜ੍ਹਾ, ਝਾੜ ਪਰਨਾ’ ਵਿੱਚ ਉਸ ਦਾ ਸ਼ਾਇਰ ਮਨ ਆਪਣੇ ਵਤਨੀ ਨੂੰ ਉਸ ਨਾਲ ਸੰਘਰਸ਼ ਦੇ ਰਾਹ ਉੱਤੇ ਤੁਰਨ ਦਾ ਸੁਝਾਅ ਵੀ ਦਿੰਦਾ ਹੈ। ਲੋਟੂ ਸਿਆਸਤ ਤੋਂ ਛੁਟਕਾਰਾ ਪਾਉਣ ਦਾ ਏਹੀ ਇੱਕ ਹੱਲ ਹੈ:

ਬੱਦਲਵਾਈ ਹੋਵੇ ਜਾਂ ‘ਸੰਨੀ ਡੇਅ’

ਤੈਨੂੰ ਵੀ ਉੱਠਣਾ ਪਊ

ਇਹ ਕੰਮ ਮੇਰੇ ਇਕੱਲੇ ਤੋਂ ਨ੍ਹੀਂ ਹੋਣਾ

ਤੈਨੂੰ ਵੀ ਮੇਰਾ ਸਾਥ ਨਿਭਾਉਣਾ ਪਊ

ਇਨ੍ਹਾਂ ਨੇ ਏਦਾਂ ਨ੍ਹੀਂ ਮੰਨਣਾ

ਇਨ੍ਹਾਂ ਦੇ ਗਲ਼ ’ਚ ਪਰਨਾ ਪਾਉਣਾ ਪਊ

ਨਾਸੀਂ ਧੂੰਆਂ ਲਿਆਉਣਾ ਪਊ

ਸਵਾਲਾਂ ਦਾ ਜਵਾਬ ਲੈਣਾ ਪਊ

ਇਨ੍ਹਾਂ ਚਿੱਟ ਕੱਪੜੀਆਂ ਨੂੰ ਕੁਰਸੀ ਤੋਂ ਲਾਹੁਣਾ ਪਊ।

ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿਖੇ ਵੱਸਦੇ, ਇੱਥੇ ਸੀਨੀਅਰ ਵਿਦਿਆਰਥੀਆਂ ਨੂੰ ਲੰਬਾ ਸਮਾਂ ਗਣਿਤ, ਸਾਇੰਸ ਪੜ੍ਹਾਉਂਦੇ ਰਹੇ ਇਸ ਪਰਵਾਸੀ ਸ਼ਾਇਰ ਦਾ ਪਿਛੋਕੜ ਪਿੰਡ ਰਣਸੀਂਹ (ਸੰਗਰੂਰ) ਦਾ ਹੈ। ਸੋਸ਼ਲ ਮੀਡੀਆ ਰਾਹੀਂ ਮਸ਼ਹੂਰ ਹੋਈ ਉਸ ਦੀ ਹਰ ਇੱਕ ਕਵਿਤਾ ਨਵੀਂ ਨਕੋਰ ਹੈ। ਮਨ ਨੂੰ ਧੂਹ ਪਾਉਂਦੀ ਹੈ।

ਸੰਪਰਕ: 82849-09596 (ਵੱਟਸਐਪ)

Advertisement