ਇਮਰਾਨ ਹਾਸ਼ਮੀ ਦੀ ‘ਹੱਕ’ ਸੱਤ ਨੂੰ ਹੋਵੇਗੀ ਰਿਲੀਜ਼
ਕਲਾਕਾਰ ਦਾ ਕੰਮ ਆਪਣੀ ਕਲਾ ਨਾਲ ਚਰਚਾ ਛੇੜਨਾ ਹੁੰਦਾ ਹੈ। ਬੌਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਆਪਣੀ ਅਗਲੀ ਫਿਲਮ ‘ਹੱਕ’ ਨਾਲ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਫਿਲਮ ਸਾਲ 1985 ਦੇ ਸ਼ਾਹ ਬਾਨੋ ਬੇਗ਼ਮ ਕੇਸ ਨਾਲ ਸਬੰਧਤ ਹੈ। ਇਸ ਦਾ ਨਿਰਦੇਸ਼ਨ ਸੁਪਰਨ ਵਰਮਾ ਨੇ ਕੀਤਾ ਹੈ। ਫਿਲਮ ਜਿਗਨਾ ਵੋਰਾ ਦੀ ਕਿਤਾਬ ‘ਬਾਨੋ: ਭਾਰਤ ਕੀ ਬੇਟੀ’ ’ਤੇ ਆਧਾਰਤ ਹੈ ਅਤੇ ਇਸ ਦੀ ਕਹਾਣੀ ਮੁਹੰਮਦ ਅਹਿਮਦ ਖ਼ਾਨ ਅਤੇ ਸ਼ਾਹ ਬਾਨੋ ਬੇਗ਼ਮ ਕੇਸ ਦੇ ਦੁਆਲੇ ਘੁੰਮਦੀ ਹੈ। ਇਸ ਕੇਸ ਦੀ ਕਾਨੂੰਨੀ ਲੜਾਈ 1978 ਵਿੱਚ ਉਦੋਂ ਸ਼ੁਰੂ ਹੋਈ ਸੀ ਜਦੋਂ ਸ਼ਾਹ ਬਾਨੋ ਦੇ ਵਕੀਲ ਪਤੀ ਨੇ ਉਸ ਨੂੰ ਤਲਾਕ ਦੇ ਦਿੱਤਾ ਸੀ। ਇਸ ਖ਼ਿਲਾਫ਼ ਉਸ ਨੇ ਸਾਲ 1985 ਵਿੱਚ ਸੁਪਰੀਮ ਕੋਰਟ ਪਹੁੰਚ ਕੀਤੀ ਸੀ। ਇਸ ਕੇਸ ਦਾ ਅੰਤਿਮ ਫ਼ੈਸਲਾ ਪੰਜ ਜਸਟਿਸ ਦੇ ਬੈਂਚ ਨੇ ਸੁਣਾਇਆ ਸੀ। ਇਸ ਵਿੱਚ ਆਖਿਆ ਗਿਆ ਸੀ ਕਿ ਮੁਸਲਮਾਨ ਔਰਤਾਂ ਵੀ ਗੁਜ਼ਾਰਾ ਭੱਤਾ ਲੈਣ ਦੀਆਂ ਹੱਕਦਾਰ ਹਨ। ਇਸ ਫਿਲਮ ਵਿੱਚ ਯਾਮੀ ਗੌਤਮ ਨੇ ਸ਼ਾਜ਼ੀਆ ਬਾਨੋ ਅਤੇ ਇਮਰਾਨ ਹਾਸ਼ਮੀ ਨੇ ਉਸ ਦੇ ਪਤੀ ਵਕੀਲ ਅੱਬਾਸ ਖ਼ਾਨ ਦਾ ਕਿਰਦਾਰ ਨਿਭਾਇਆ ਹੈ। ਇਸ ਫਿਲਮ ਵਿੱਚ ਸਾਲ 1970 ਤੋਂ 1980 ਦੀ ਕਹਾਣੀ ਦਿਖਾਈ ਗਈ ਹੈ। ਇਮਰਾਨ ਹਾਸ਼ਮੀ ਨੇ ਕਿਹਾ ਕਿ ਇਹ ਮੁੱਦਾ ਅੱਜ ਵੀ ਪ੍ਰਾਸੰਗਿਗ ਹੈ। ਇਮਰਾਨ ਨੇ ਕਿਹਾ ਕਿ ਹਾਲੇ ਵੀ ਕਈ ਤਲਾਕ ਇਸ ਤਰ੍ਹਾਂ ਦੇ ਹੋ ਰਹੇ ਹਨ ਜੋ ਔਰਤ ਦੀ ਪਛਾਣ ਦਾ ਅਧਿਕਾਰ ਹੀ ਖੋਹ ਲੈਂਦੇ ਹਨ। ਇਸ ਫਿਲਮ ਦਾ ਨਿਰਮਾਣ ਜੰਗਲੀ ਪਿੱਕਚਰਜ਼ ਵੱਲੋਂ ਇਨਸੋਮਾਨੀਆ ਫਿਲਮਜ਼ ਅਤੇ ਬਵੇਜਾ ਸਟੂਡੀਓਜ਼ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਇਹ ਫਿਲਮ ਸੱਤ ਨਵੰਬਰ ਨੂੰ ਰਿਲੀਜ਼ ਹੋਵੇਗੀ।
