ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਘਾਤਕ ਸਿੱਧ ਹੋ ਰਿਹਾ ਬਿਜਲਈ ਕੂੜਾ

ਅਜੋਕੇ ਵਿਗਿਆਨਕ ਯੁੱਗ ਵਿੱਚ ਕੀਤੀਆਂ ਨਵੀਆਂ ਬਿਜਲਈ ਕਾਢਾਂ ਨੇ ਜਿੱਥੇ ਮਨੁੱਖ ਦਾ ਜੀਵਨ ਸੁਖਾਲਾ ਅਤੇ ਅਨੰਦਮਈ ਬਣਾ ਦਿੱਤਾ ਹੈ, ਉੱਥੇ ਕਈ ਨਵੀਆਂ ਸਮੱਸਿਆਵਾਂ ਨੂੰ ਵੀ ਜਨਮ ਦਿੱਤਾ ਹੈ ਜਿਨ੍ਹਾਂ ਵਿੱਚ ਗੰਭੀਰ ਸਮੱਸਿਆ ਹੈ- ਬਿਜਲਈ ਕੂੜਾ। ਅੱਜ ਦੇ ਜ਼ਮਾਨੇ ਦੇ ਬਿਜਲਈ...
Advertisement

ਅਜੋਕੇ ਵਿਗਿਆਨਕ ਯੁੱਗ ਵਿੱਚ ਕੀਤੀਆਂ ਨਵੀਆਂ ਬਿਜਲਈ ਕਾਢਾਂ ਨੇ ਜਿੱਥੇ ਮਨੁੱਖ ਦਾ ਜੀਵਨ ਸੁਖਾਲਾ ਅਤੇ ਅਨੰਦਮਈ ਬਣਾ ਦਿੱਤਾ ਹੈ, ਉੱਥੇ ਕਈ ਨਵੀਆਂ ਸਮੱਸਿਆਵਾਂ ਨੂੰ ਵੀ ਜਨਮ ਦਿੱਤਾ ਹੈ ਜਿਨ੍ਹਾਂ ਵਿੱਚ ਗੰਭੀਰ ਸਮੱਸਿਆ ਹੈ- ਬਿਜਲਈ ਕੂੜਾ। ਅੱਜ ਦੇ ਜ਼ਮਾਨੇ ਦੇ ਬਿਜਲਈ ਸਾਧਨ ਜਿਵੇਂ ਮੋਬਾਈਲ, ਲੈਪਟੌਪ, ਟੀਵੀ, ਕੰਪਿਊਟਰ, ਕੈਲਕੁਲੇਟਰ, ਫਰਿਜ਼, ਡਾਕਟਰੀ ਮਸ਼ੀਨਾਂ ਆਦਿ ਵਰਤਣ ਮਗਰੋਂ ਜਾਂ ਖ਼ਰਾਬ ਹੋਣ ਕਾਰਨ ਸੁੱਟ ਦਿੱਤੇ ਜਾਂਦੇ ਹਨ। ਇਸ ਕੂੜੇ ਨੂੰ ਹੀ ਬਿਜਲਈ ਕੂੜਾ ਜਾਂ ਈ-ਕੂੜਾ ਕਿਹਾ ਜਾਂਦਾ ਹੈ। ਜਲਦੀ-ਜਲਦੀ ਤਕਨਾਲੋਜੀ ਬਦਲਣ ਕਾਰਨ ਇਸ ਕੂੜੇ ਦੀ ਮਾਤਰਾ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅੰਦਾਜ਼ੇ ਮੁਤਾਬਿਕ ਸਮੁੱਚੇ ਵਿਸ਼ਵ ਦੀ ਆਬਾਦੀ ਵਾਧਾ ਦਰ ਨਾਲੋਂ ਤਿੰਨ ਗੁਣਾ ਵਾਧਾ ਦਰ ਨਾਲ ਨਵਾਂ ਬਿਜਲਈ ਕੂੜਾ ਹਰ ਸਾਲ ਪੈਦਾ ਕੀਤਾ ਜਾ ਰਿਹਾ ਹੈ ਅਤੇ ਜਿਸ ਹਿਸਾਬ ਨਾਲ ਦਿਨੋ-ਦਿਨ ਤਕਨਾਲੋਜੀ ਬਦਲ ਰਹੀ ਹੈ, ਉਸ ਹਿਸਾਬ ਨਾਲ ਆਉਂਦੇ ਸਮੇਂ ਵਿੱਚ ਕਿਤੇ ਵੱਧ ਈ-ਕੂੜਾ ਪੈਦਾ ਹੋਣ ਦਾ ਖ਼ਦਸ਼ਾ ਹੈ। ਕੁਝ ਲੋਕ ਇਨ੍ਹਾਂ ਨੂੰ ਤੋੜ ਕੇ ਹਜ਼ਾਰਾਂ ਕਿਸਮ ਦੇ ਰਸਾਇਣ ਸਾਡੇ ਚੁਗਿਰਦੇ ’ਚ ਛੱਡੇ ਦਿੰਦੇ ਹਨ ਜਿਸ ਨਾਲ ਬਿਮਾਰੀਆਂ ਫੈਲਣ ਦਾ ਖ਼ਤਰਾ ਵਧ ਰਿਹਾ ਹੈ।

ਵਿਸ਼ਵ ਸਿਹਤ ਸੰਗਠਨ ਅਨੁਸਾਰ ਸੰਸਾਰ ਭਰ ਵਿੱਚ 2019 ਵਿੱਚ ਤਕਰੀਬਨ 53.6 ਮਿਲੀਅਨ ਟਨ ਨਵਾਂ ਈ-ਕੂੜਾ ਪੈਦਾ ਹੋਇਆ ਜਿਸ ਦਾ ਮਹਿਜ਼ 14 ਮਿਲੀਅਨ ਟਨ ਹੀ ਮੁੜ ਵਰਤੋਂ ਵਿੱਚ ਲਿਆਂਦਾ ਗਿਆ; ਭਾਵ, ਉਸ ਨੂੰ ਸਹੀ ਤਰੀਕੇ ਨਾਲ ਟਿਕਾਣੇ ਲਗਾਇਆ ਗਿਆ, ਬਾਕੀ ਦਾ 39.6 ਮਿਲੀਅਨ ਟਨ ਕੂੜਾ ਯੋਜਨਾ ਰਹਿਤ ਤਰੀਕੇ ਨਾਲ ਪ੍ਰਦੂਸ਼ਣ ਪੈਦਾ ਕਰਨ ਅਤੇ ਬਿਮਾਰੀਆਂ ਫੈਲਾਉਣ ਲਈ ਖੁੱਲ੍ਹੇ ਢੇਰਾਂ ਦੇ ਰੂਪ ਵਿੱਚ ਸੁੱਟ ਦਿੱਤਾ ਗਿਆ। ਬਿਜਲਈ ਕੂੜੇ ਨੂੰ ਕਈ ਗੈਰ-ਮਿਆਰੀ ਤਰੀਕਿਆਂ ਨਾਲ ਟਿਕਾਣੇ ਲਗਾਉਣ ਦੀਆਂ ਵਿਧੀਆਂ ਅਪਣਾਈਆਂ ਜਾਂਦੀਆਂ ਹਨ ਜਿਵੇਂ ਜ਼ਮੀਨ ’ਚ ਦਬਾਉਣਾ, ਪਾਣੀ ’ਚ ਸੁੱਟਣਾ, ਹੱਥਾਂ ਨਾਲ ਤੋੜਨਾ ਜਾਂ ਅੱਗ ਲਗਾਉਣਾ ਆਦਿ। ਇਹ ਸਾਰੇ ਹੀ ਤਰੀਕੇ ਵਾਤਾਵਰਨ ਵਿੱਚ ਪ੍ਰਦੂਸ਼ਣ ਪੈਦਾ ਕਰ ਕੇ ਭਿਆਨਕ ਬਿਮਾਰੀਆਂ ਫੈਲਾ ਕੇ ਸੰਕਟਮਈ ਹਾਲਾਤ ਪੈਦਾ ਕਰਨ ਵਾਲੇ ਹਨ ਕਿਉਂਕਿ ਇਨ੍ਹਾਂ ਸਾਰੇ ਤਰੀਕਿਆਂ ਨਾਲ ਹਵਾ, ਪਾਣੀ ਅਤੇ ਜ਼ਮੀਨ ਵਿੱਚ ਹੱਦੋਂ ਵੱਧ ਜ਼ਹਿਰੀਲੇ ਪਦਾਰਥ ਸੁੱਟ ਦਿੱਤੇ ਜਾਂਦੇ ਹਨ।

Advertisement

ਸਭ ਤੋਂ ਵੱਧ ਈ-ਕੂੜਾ ਸੁੱਟਣ ਵਾਲੇ ਦੇਸ਼ ਚੀਨ, ਅਮਰੀਕਾ, ਜਪਾਨ ਅਤੇ ਜਰਮਨੀ ਹਨ। ਭਾਰਤ ਇਸ ਵਿੱਚ ਪੰਜਵੇਂ ਨੰਬਰ ’ਤੇ ਹੈ। ਅਮਰੀਕਾ ਅਤੇ ਯੂਰੋਪੀਅਨ ਦੇਸ਼ਾਂ ਦੁਆਰਾ ਪੈਦਾ ਕੀਤੇ ਈ-ਕੂੜੇ ਦਾ ਤਕਰੀਬਨ 40 ਫ਼ੀਸਦ ਹਿੱਸਾ ਏਸ਼ੀਆ ਦੇ ਦੇਸ਼ਾਂ ਵਿੱਚ ਕਾਨੂੰਨੀ ਅਤੇ ਗੈਰ-ਕਾਨੂੰਨੀ, ਦੋਵਾਂ ਤਰੀਕਿਆਂ ਨਾਲ ਬਰਾਮਦ ਕਰ ਦਿੱਤਾ ਜਾਂਦਾ ਹੈ। ਈ-ਕੂੜਾ ਜ਼ਿਆਦਾਤਰ ਪਲਾਸਟਿਕ, ਕੱਚ, ਭਾਰੀਆਂ ਧਾਤਾਂ ਜਿਵੇਂ ਪਾਰਾ, ਸਿੱਕਾ, ਕੈਡਮੀਅਮ ਅਤੇ ਕੀਮਤੀ ਧਾਤਾਂ ਜਿਵੇਂ ਸੋਨੇ ਚਾਂਦੀ ਦਾ ਮਿਸ਼ਰਨ ਹੁੰਦਾ ਹੈ। ਇਸ ਵਿੱਚ ਕੁਝ ਤੱਤ ਕਿਉਂਕਿ ਕੀਮਤੀ, ਵਿਕਰੀ ਯੋਗ ਅਤੇ ਮੁੜ ਵਰਤਣ ਯੋਗ ਹੁੰਦੇ ਹਨ, ਇਸ ਲਈ ਕੁਝ ਲੋੜਵੰਦ ਲੋਕ ਇਸ ਨੂੰ ਤੋੜ-ਭੰਨ ਕੇ ਅਤੇ ਅੱਗ ਲਗਾ ਕੇ ਇਸ ਦੇ ਪੁਰਜਿ਼ਆਂ ਨੂੰ ਵੱਖ-ਵੱਖ ਕਰਦੇ ਹਨ ਪਰ ਇਉਂ ਕਰਦਿਆਂ ਕੂੜੇ ਵਿਚਲੇ ਜ਼ਹਿਰੀਲੇ ਰਸਾਇਣਕ ਪਦਾਰਥ ਸਾਡੇ ਵਾਤਾਵਰਨ ਵਿੱਚ ਰਲ ਜਾਂਦੇ ਹਨ, ਜਿਨ੍ਹਾਂ ਨਾਲ ਕੰਮ ਕਰਦੇ ਮਜ਼ਦੂਰਾਂ ਅਤੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਸਿੱਧੇ ਤੌਰ ’ਤੇ ਬਿਮਾਰੀਆਂ ਲੱਗਣ ਦਾ ਖ਼ਤਰਾ ਹੁੰਦਾ ਹੈ।&ਨਬਸਪ;

ਵਿਸ਼ਵ ਮਜ਼ਦੂਰ ਸੰਗਠਨ ਦੇ ਸਾਲ 2020 ਦੇ ਅੰਕੜਿਆਂ ਅਨੁਸਾਰ ਸੰਸਾਰ ਭਰ ਵਿੱਚ ਡੇਢ ਕਰੋੜ ਤੋਂ ਵੱਧ ਬੱਚੇ ਉਦਯੋਗ ਖੇਤਰ, ਜਿਸ ਵਿੱਚ ਉਦਯੋਗਾਂ ਦਾ ਕੂੜਾ ਇਕੱਠਾ ਕਰਨਾ ਸ਼ਾਮਿਲ ਹੈ, ਵਿੱਚ ਮਜ਼ਦੂਰੀ ਕਰਦੇ ਹਨ। ਮੈਡੀਕਲ ਖੇਤਰ ਦੇ ਮਾਹਿਰਾਂ ਦੇ ਅਧਿਐਨ ਅਨੁਸਾਰ ਬਿਜਲਈ ਕੂੜੇ ਤੋਂ ਨਿਕਲਦੇ ਪਾਰੇ ਅਤੇ ਸਿੱਕੇ ਜਿਹੀਆਂ ਧਾਤਾਂ ਕਾਰਨ ਛੋਟੇ ਬੱਚਿਆਂ ਨੂੰ ਸਾਹ, ਅਧਰੰਗ,ਅੰਨ੍ਹਾਪਣ, ਯਾਦਾਸ਼ਤ ਖ਼ਤਮ ਹੋਣਾ, ਮਨੋਰੋਗ ਅਤੇ ਨਾੜੀ ਪ੍ਰਣਾਲੀਆਂ ਦੀਆਂ ਬਿਮਾਰੀਆਂ ਦਾ ਸਿ਼ਕਾਰ ਹੋ ਜਾਂਦੇ ਹਨ। ਇਨ੍ਹਾਂ ਦੀ ਰੋਗ ਰੋਕੂ ਪ੍ਰਣਾਲੀ ਕਮਜ਼ੋਰ ਹੋ ਸਕਦੀ ਹੈ ਜਿਸ ਕਾਰਨ ਇਹ ਬੱਚੇ ਸਾਰੀ ਉਮਰ ਵੱਖ-ਵੱਖ ਤਰ੍ਹਾਂ ਦੇ ਰੋਗਾਂ ਨਾਲ ਘਿਰੇ ਰਹਿੰਦੇ ਹਨ। ਬਿਜਲਈ ਕੂੜੇ ਨੂੰ ਤੋੜਦੀਆਂ ਅਤੇ ਅੱਗ ਲਗਾਉਂਦੀਆਂ ਗਰਭਵਤੀ ਮਹਿਲਾਵਾਂ ਲਈ ਇਸ ਕੂੜੇ ’ਚੋਂ ਨਿਕਲਦੇ ਜ਼ਹਿਰੀਲੇ ਰਸਾਇਣ ਅਤੇ ਗੈਸਾਂ ਪੇਟ ’ਚ ਪਲ ਰਹੇ ਬੱਚਿਆਂ ਲਈ ਘਾਤਕ ਹੁੰਦੇ ਹਨ। ਇਨ੍ਹਾਂ ਰਸਾਇਣਾਂ ਦੇ ਪ੍ਰਭਾਵ ਕਰ ਕੇ ਬੱਚਾ ਮਾਂ ਦੇ ਪੇਟ ਵਿੱਚ ਮਰ ਵੀ ਸਕਦਾ ਜਾਂ ਫਿਰ ਬੱਚੇ ਦਾ ਜਨਮ ਸਮੇਂ ਤੋਂ ਪਹਿਲਾਂ ਵੀ ਹੋ ਸਕਦਾ ਹੈ ਅਤੇ ਇਨ੍ਹਾਂ ਦੋਨਾਂ ਹਾਲਾਤ ਵਿੱਚ ਗਰਭਵਤੀ ਮਹਿਲਾ ਦਾ ਜੀਵਨ ਖ਼ਤਰੇ ਵਿੱਚ ਪਿਆ ਰਹਿੰਦਾ ਹੈ। ਜੇ ਬੱਚਾ ਜਨਮ ਲੈ ਵੀ ਲੈਂਦਾ ਹੈ ਤਾਂ ਬੱਚੇ ਦੇ ਫੇਫੜਿਆਂ ਦਾ ਵਿਕਾਸ ਪੂਰੀ ਤਰ੍ਹਾਂ ਨਾ ਹੋਣ ਕਰ ਕੇ ਉਹ ਉਮਰ ਭਰ ਦਮੇ ਅਤੇ ਸਾਹ ਦੇ ਰੋਗਾਂ ਤੋਂ ਪੀੜਤ ਰਹਿੰਦਾ ਹੈ।

ਇਉਂ ਈ-ਕੂੜਾ ਸਾਡੀ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਬਹੁਤ ਘਾਤਕ ਹੈ। ਇੱਥੇ ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਸ਼ਹਿਰ ਦਾ ਜ਼ਿਕਰ ਲਾਜ਼ਮੀ ਹੈ। ਪਿੱਤਲ ਨਗਰੀ ਵਜੋਂ ਮਸ਼ਹੂਰ ਇਹ ਸ਼ਹਿਰ ਲੰਮੇ ਸਮੇਂ ਤੋਂ ਬਿਜਲਈ ਕੂੜੇ ਦਾ ਕੇਂਦਰ ਹੈ, ਜਿੱਥੇ ਰੋਜ਼ਾਨਾ 9 ਟਨ ਦੇ ਕਰੀਬ ਨਵਾਂ ਬਿਜਲਈ ਕੂੜਾ ਕਾਨੂੰਨੀ ਜਾਂ ਗੈਰ-ਕਾਨੂੰਨੀ ਢੰਗਾਂ ਨਾਲ ਆ ਜਾਂਦਾ ਹੈ। ਉੱਥੇ ਅਨੇਕ ਗੈਰ-ਕਾਨੂੰਨੀ ਇਕਾਈਆਂ ਇਸ ਕੂੜੇ ਦੀ ਤੋੜ-ਭੰਨ ਦੇ ਕੰਮ ਵਿੱਚ ਲੱਗੀਆਂ ਹੋਈਆਂ ਹਨ। ਇਹ ਇਕਾਈਆਂ ਕਚਰੇ ਦਾ ਵੱਡਾ ਹਿੱਸਾ ਗੰਗਾ ਨਦੀ ਵਿੱਚ ਸੁੱਟ ਦਿੰਦੀਆਂ ਹਨ ਜਿਸ ਨਾਲ ਪਾਣੀ ਜ਼ਹਿਰੀਲਾ ਬਣ ਜਾਂਦਾ ਹੈ। ਕੇਂਦਰੀ ਪ੍ਰਦੂਸ਼ਣ ਬੋਰਡ ਵੱਲੋਂ 2018 ਵਿੱਚ ਕੀਤੇ ਸਰਵੇ ਵਿੱਚ ਬਿਜਲਈ ਕੂੜੇ ’ਚੋਂ ਨਿਕਲੇ ਕਾਲੇ ਪਾਊਡਰ ਦੇ ਢੇਰ ਦਾ ਜ਼ਿਕਰ ਕੀਤਾ ਗਿਆ ਸੀ।

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਖੋਜ ਵਿੱਚ ਵੀ ਪਤਾ ਲਗਾਇਆ ਗਿਆ ਕਿ ਕੁਝ ਲਾਲਚੀ ਲੋਕਾਂ ਦੁਆਰਾ ਇਸ ਵਿੱਚੋਂ ਸੋਨਾ ਅਤੇ ਚਾਂਦੀ ਵਰਗੀਆਂ ਧਾਤਾਂ ਕੱਢਣ ਖਾਤਿਰ ਈ-ਕੂੜੇ ਨੂੰ ਅੱਗ ਲਗਾਈ ਜਾਂਦੀ ਹੈ ਅਤੇ ਚੰਦ ਰੁਪਈਆਂ ਖਾਤਿਰ ਇਹ ਲੋਕ ਆਬੋ-ਹਵਾ ਨੂੰ ਪ੍ਰਦੂਸ਼ਿਤ ਕਰ ਰਹੇ ਹਨ। ਵਿਗਿਆਨੀ ਦੱਸਦੇ ਹਨ ਕਿ ਈ-ਕੂੜੇ ਨੂੰ ਜ਼ਮੀਨ ਹੇਠ ਦਬਾਉਣ ’ਤੇ ਇਹ ਡਾਈਆਕਸਿਨ ਅਤੇ ਫੁਰਾਨ ਵਰਗੀਆਂ ਜ਼ਹਿਰੀਲੀਆਂ ਗੈਸਾਂ ਛੱਡਦਾ ਹੈ ਅਤੇ ਇਹ ਜ਼ਮੀਨ ਵਿੱਚੋਂ ਹੀ ਪੀਣ ਵਾਲੇ ਪਾਣੀ ਅੰਦਰ ਦਾਖ਼ਲ ਹੋ ਕੇ ਭਿਆਨਕ ਰੋਗਾਂ ਦਾ ਕਾਰਨ ਵੀ ਬਣਦਾ ਹੈ। ਇਸ ਵਿਚਲੀਆਂ ਸਿੱਕੇ ਅਤੇ ਪਾਰੇ ਵਰਗੀਆਂ ਭਾਰੀਆਂ ਧਾਤਾਂ ਗੁਰਦੇ ਅਤੇ ਜਿਗਰ ਦੇ ਰੋਗਾਂ ਦਾ ਕਾਰਨ ਬਣਦੀਆਂ ਹਨ।

ਬਿਜਲਈ ਕੂੜੇ ਨਾਲ ਨਜਿੱਠਣ ਲਈ ਵਿਚਾਰ-ਵਟਾਂਦਰਾ ਤਾਂ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਪਰ ਇਸ ਨੂੰ ਅਸਲੀ ਬਲ ਉਦੋਂ ਮਿਲਿਆ ਸੀ ਜਦੋਂ ਸੰਯੁਕਤ ਰਾਸ਼ਟਰ ਸੰਘ ਦੀ ਖ਼ਤਰਨਾਕ ਕੂੜਾ ਨਜਿੱਠਣ ਲਈ ਹੋਈ ‘ਬੇਸਲ ਕਨਵੈਨਸ਼ਨ’ ਨਾਂ ਦੀ ਕੌਮਾਂਤਰੀ ਸੰਧੀ ਦੇ ਦਾਇਰੇ ਵਿੱਚ ਬਿਜਲਈ ਕੂੜੇ ਦੀ ਸਾਂਭ-ਸੰਭਾਲ ਨੂੰ ਸ਼ਾਮਿਲ ਕਰ ਲਿਆ ਗਿਆ। ਜੂਨ 2022 ਨੂੰ ਕਨਵੈਸ਼ਨ ਦੇ ਉਦੇਸ਼ਾਂ ਵਿੱਚ ਤਰਮੀਮ ਕਰਦਿਆਂ ਸਪੱਸ਼ਟ ਕੀਤਾ ਗਿਆ ਕਿ ਕਿਸੇ ਵੀ ਦੇਸ਼ ਨੂੰ ਬਿਜਲਈ ਕੂੜੇ ਨੂੰ ਇੱਕ ਤੋਂ ਦੂਜੀ ਥਾਂ ਭੇਜਣ ਤੋਂ ਪਹਿਲਾਂ ਉਕਤ ਅਦਾਰੇ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਹੋਏਗੀ। ਬੇਸਲ ਕਨਵੈਸ਼ਨ ਦਾ ਇਹ ਉਪਰਾਲਾ ਬਾਵੇਂ ਇਸ ਵੱਡੀ ਸਮੱਸਿਆ ਦੇ ਹੱਲ ਲਈ ਮਹਿਜ਼ ਛੋਟੀ ਜਿਹੀ ਪਹਿਲ ਹੈ, ਪਰ ਇਹ ਸਹੀ ਦਿਸ਼ਾ ਵੱਲ ਵਧਾਇਆ ਮਹਤੱਵਪੂਰਨ ਕਦਮ ਹੈ।

ਸੰਪਰਕ: 62842-20595

Advertisement
Show comments