ਦਿਲਜੀਤ ਦੀ ਨਵੀਂ ਫਿਲਮ ਦੀ ਸ਼ੂਟਿੰਗ ਪੰਜਾਬ ’ਚ ਸ਼ੁਰੂ
ਫਿਲਮ ਨਿਰਦੇਸ਼ਕ ਇਮਤਿਆਜ਼ ਅਲੀ, ਐਪਲਾਜ਼ ਐਂਟਰਟੇਨਮੈਂਟ ਨਾਲ ਮਿਲ ਕੇ ਆਪਣੇ ਅਗਲੇ ਪ੍ਰਾਜੈਕਟ ’ਤੇ ਕੰਮ ਕਰ ਰਹੇ ਹਨ। ਇਸ ਫਿਲਮ ਵਿੱਚ ਦਿਲਜੀਤ ਦੋਸਾਂਝ, ਵੇਦਾਂਗ ਰੈਨਾ, ਸ਼ਰਵਰੀ ਅਤੇ ਨਸੀਰੂਦੀਨ ਸ਼ਾਹ ਦਿਖਾਈ ਦੇਣਗੇ। ਇਹ ਫਿਲਮ ਅਗਲੇ ਸਾਲ ਵਿਸਾਖੀ ਨੇੜੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।...
ਫਿਲਮ ਨਿਰਦੇਸ਼ਕ ਇਮਤਿਆਜ਼ ਅਲੀ, ਐਪਲਾਜ਼ ਐਂਟਰਟੇਨਮੈਂਟ ਨਾਲ ਮਿਲ ਕੇ ਆਪਣੇ ਅਗਲੇ ਪ੍ਰਾਜੈਕਟ ’ਤੇ ਕੰਮ ਕਰ ਰਹੇ ਹਨ। ਇਸ ਫਿਲਮ ਵਿੱਚ ਦਿਲਜੀਤ ਦੋਸਾਂਝ, ਵੇਦਾਂਗ ਰੈਨਾ, ਸ਼ਰਵਰੀ ਅਤੇ ਨਸੀਰੂਦੀਨ ਸ਼ਾਹ ਦਿਖਾਈ ਦੇਣਗੇ। ਇਹ ਫਿਲਮ ਅਗਲੇ ਸਾਲ ਵਿਸਾਖੀ ਨੇੜੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਜਾਣਕਾਰੀ ਅਨੁਸਾਰ ਇਸ ਫਿਲਮ ਦਾ ਨਿਰਮਾਣ ਐਪਲਾਜ਼ ਐਂਟਰਟੇਨਮੈਂਟ ਨੇ ਵਿੰਡੋ ਸੀਟ ਫਿਲਮਜ਼ ਅਤੇ ਰਿਲਾਇੰਸ ਐਂਟਰਟੇਨਮੈਂਟ ਨਾਲ ਮਿਲ ਕੇ ਕੀਤਾ ਹੈ। ਇਸ ਫਿਲਮ ਦੀ ਮੁੰਬਈ ਵਿੱਚ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ ਤੇ ਹੁਣ ਬਾਕੀ ਹਿੱਸੇ ਦੀ ਸ਼ੂਟਿੰਗ ਪੰਜਾਬ ਵਿੱਚ ਸ਼ੁਰੂ ਕੀਤੀ ਗਈ ਹੈ। ਇਸ ਫਿਲਮ ਦੀ ਕਹਾਣੀ ਬਾਰੇ ਹਾਲੇ ਖ਼ੁਲਾਸਾ ਨਹੀਂ ਕੀਤਾ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਅਲੀ ਨੇ ਕਿਹਾ, ‘‘ਕੀ ਪਿਆਰ ਖੋ ਸਕਦਾ ਹੈ? ਕੀ ਘਰ ਨੂੰ ਕਿਸੇ ਦੇ ਦਿਲ ’ਚੋਂ ਕੱਢਿਆ ਜਾ ਸਕਦਾ ਹੈ? ਇਹ ਫਿਲਮ ਇਸੇ ’ਤੇ ਆਧਾਰਿਤ ਹੈ। ਮੈਂ ਇਸ ਫਿਲਮ ’ਤੇ ਕੰਮ ਲਈ ਖ਼ੁਦ ਨੂੰ ਕਿਸਮਤ ਵਾਲਾ ਸਮਝਦਾ ਹਾਂ। ਇੱਕ ਵਿਅਕਤੀ ਕੋਲੋਂ ਸਭ ਕੁਝ ਵਿਸਰ ਜਾਣ ਤੋਂ ਬਾਅਦ ਜੋ ਕੁਝ ਬਚਦਾ ਹੈ, ਇਸ ਫਿਲਮ ਵਿੱਚ ਉਸੇ ਨੂੰ ਦਿਖਾਇਆ ਗਿਆ ਹੈ। ਪਿਆਰ ਜੋ ਕਦੇ ਸਾਥ ਨਹੀਂ ਛੱਡਦਾ। ਇਹ ਸਾਡੇ ਬੁੱਲ੍ਹਾਂ ’ਤੇ ਗੀਤ ਅਤੇ ਸਾਡੇ ਦਿਲ ’ਚ ਮੁਸਕੁਰਾਹਟ ਬਣ ਕੇ ਰਹਿੰਦਾ ਹੈ।’’ ਐਪਲਾਜ਼ ਐਂਟਰਟੇਨਮੈਂਟ ਦੇ ਮੈਨੇਜਿੰਗ ਡਾਇਰੈਕਟਰ ਸਮੀਰ ਨਾਇਰ ਨੇ ਕਿਹਾ ਕਿ ਇਹ ਇੱਕ ਮੁੰਡੇ ਅਤੇ ਕੁੜੀ ਦੀ ਕਹਾਣੀ ਹੈ ਪਰ ਇਸ ਵਿੱਚ ਮੁਲਕ ਦੇ ਹਾਲਾਤ ਵੀ ਦਿਖਾਏ ਗਏ ਹਨ। ਉਨ੍ਹਾਂ ਕਿਹਾ ਕਿ ਚੰਗੀ ਟੀਮ ਨਾਲ ਕੰਮ ਕਰ ਕੇ ਇਸ ਫਿਲਮ ਦਾ ਬਿਹਤਰੀਨ ਕੰਮ ਦਰਸ਼ਕਾਂ ਅੱਗੇ ਪੇਸ਼ ਕੀਤਾ ਜਾਵੇਗਾ। ਇਸ ਦਾ ਸੰਗੀਤ ਏ ਆਰ ਰਹਿਮਾਨ ਅਤੇ ਗੀਤ ਇਰਸ਼ਾਦ ਕਾਮਿਲ ਨੇ ਲਿਖੇ ਹਨ।