ਦਿਲਜੀਤ ਲੋਕਾਂ ਦੀ ਨਾਰਾਜ਼ਗੀ ਗੱਲਬਾਤ ਰਾਹੀਂ ਦੂਰ ਕਰੇ: ਅਜੈ ਦੇਵਗਨ
ਮੁੰਬਈ:
ਅਦਾਕਾਰ ਅਜੈ ਦੇਵਗਨ ਨੇ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨਾਲ ਜੁੜੇ ਵਿਵਾਦ ’ਤੇ ਕਿਹਾ ਕਿ ਜਦੋਂ ਕਿਸੇ ਮੁੱਦੇ ’ਤੇ ਤੁਹਾਡਾ ਨਜ਼ਰੀਆ ਜਾਂ ਵਿਚਾਰ ਵੱਖੋ-ਵੱਖ ਹੋਣ ਤਾਂ ਇਸ ਦੇ ਹੱਲ ਲਈ ਤੁਹਾਨੂੰ ਬੈਠ ਕੇ ਗੱਲਬਾਤ ਕਰਨੀ ਪੈਂਦੀ ਹੈ। ਜ਼ਿਕਰਯੋਗ ਹੈ ਅਜੈ ਦੇਵਗਨ ਦਿਲਜੀਤ ਦੀ ਫਿਲਮ ‘ਸਰਦਾਰ ਜੀ 3’ ਤੋਂ ਉਸ ਖ਼ਿਲਾਫ਼ ਸ਼ੁਰੂ ਹੋਈ ਚਰਚਾ ਦੇ ਮਾਮਲੇ ’ਚ ਬੋਲ ਰਹੇ ਸਨ। ਇਸ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੇ ਹੋਣ ਕਾਰਨ ਉਨ੍ਹਾਂ ਦੀ ਆਲੋਚਨਾ ਹੋਈ ਸੀ। ਪਿੱਛਲੇ ਮਹੀਨੇ ਅਦਾਕਾਰ ਦਿਲਜੀਤ ਵੱਲੋਂ ਫਿਲਮ ‘ਸਰਦਾਰ ਜੀ 3’ ਦਾ ਟਰੇਲਰ ਜਾਰੀ ਕਰਨ ਤੋਂ ਬਾਅਦ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ। ਇਸ ਕਾਰਨ 27 ਨੂੰ ਕਈ ਦੇਸ਼ਾਂ ਵਿੱਚ ਰਿਲੀਜ਼ ਹੋਈ ਸੀ ਪਰ ਭਾਰਤ ’ਚ ਇਸ ਨੂੰ ਰਿਲੀਜ਼ ਹੀ ਨਹੀਂ ਕੀਤਾ ਗਿਆ ਸੀ। ਅਜੈ ਦੇਵਗਨ ਇੱਥੇ ਆਪਣੀ ਫਿਲਮ ‘ਸਨ ਆਫ ਸਰਦਾਰ 2’ ਦੇ ਟਰੇਲਰ ਰਿਲੀਜ਼ ਸਮੇਂ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਅਜੈ ਦੇਵਗਨ ਨੇ ਕਿਹਾ, ‘‘ਮੈਂ ਨਹੀਂ ਜਾਣਦਾ ਕਿ ਇਹ ਟਰੌਲਿੰਗ ਕਿੱਧਰੋਂ ਆਉਂਦੀ ਹੈ ਜਾਂ ਕੀ ਇਹ ਸਹੀ ਹੈ ਜਾਂ ਗ਼ਲਤ ਹੈ। ਮੈਂ ਇਸ ’ਤੇ ਕੋਈ ਟਿੱਪਣੀ ਨਹੀਂ ਕਰ ਸਕਦਾ। ਉਸ (ਦਿਲਜੀਤ) ਦੀਆਂ ਆਪਣੀਆਂ ਸਮੱਸਿਆਵਾਂ ਹੋਣਗੀਆਂ ਅਤੇ ਲੋਕ ਆਪਣੇ ਸੋਚ ਦੇ ਹਿਸਾਬ ਨਾਲ ਟਿੱਪਣੀਆਂ ਕਰਦੇ ਹਨ। ਜਦੋਂ ਤੁਸੀਂ ਵੱਖ-ਵੱਖ ਵਿਚਾਰਾਂ ਦੀ ਸਥਿਤੀ ਵਿੱਚ ਹੋਵੋ ਤਾਂ ਇਸ ਮਸਲੇ ਦਾ ਤੁਹਾਨੂੰ ਬੈਠ ਕੇ ਗੱਲਬਾਤ ਰਾਹੀਂ ਹੱਲ ਕੱਢਣਾ ਚਾਹੀਦਾ ਹੈ।। ਇਸ ਦੌਰਾਨ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲਿਆਂ ਨੇ ਦਿਲਜੀਤ ’ਤੇ ਪਾਬੰਦੀ ਲਾਉਣ ਦੀ ਗੱਲ ਕੀਤੀ ਸੀ। ਦੂਜੇ ਪਾਸੇ ਸਿਆਸਤਦਾਨਾਂ ਅਤੇ ਕੁਝ ਜਥੇਬੰਦੀਆਂ ਨੇ ਵੀ ਪਹਿਲਗਾਮ ਹਮਲੇ ਦਾ ਤਰਕ ਦਿੰਦਿਆਂ ਗਾਇਕ ਅਤੇ ਅਦਾਕਾਰ ਦਿਲਜੀਤ ਵੱਲੋਂ ਪਾਕਿਸਤਾਨੀ ਅਦਾਕਾਰਾ ਨਾਲ ਕੰਮ ਕਰਨ ਦਾ ਵਿਰੋਧ ਕੀਤਾ ਸੀ। ਜ਼ਿਕਰਯੋਗ ਹੈ ਕਿ ਅਜੈ ਦੀ ਫਿਲਮ 25 ਜੁਲਾਈ ਨੂੰ ਰਿਲੀਜ਼ ਕੀਤੀ ਜਾਵੇਗੀ। -ਪੀਟੀਆਈ