ਦਿਲਜੀਤ ਐਮੀ ਐਵਾਰਡ ਤੋਂ ਖੁੰਝਿਆ
ਫਿਲਮ ‘ਅਮਰ ਸਿੰਘ ਚਮਕੀਲਾ’ ਲਈ ਸੀ ਨਾਮਜ਼ਦ; ਸਪੈਨਿਸ਼ ਅਦਾਕਾਰ ਓਰੀਓਲ ਪਲਾ ਬਣਿਆ ਸਰਵੋਤਮ ਅਦਾਕਾਰ
ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ 53ਵੇਂ ਇੰਟਰਨੈਸ਼ਨਲ ਐਮੀ ਐਵਾਰਡਜ਼ 2025 ਵਿੱਚ ਸਰਬੋਤਮ ਅਦਾਕਾਰ ਦਾ ਖਿਤਾਬ ਜਿੱਤਣ ਤੋਂ ਖੁੰਝ ਗਿਆ। ਦਿਲਜੀਤ ਨੂੰ ਇਮਤਿਆਜ਼ ਅਲੀ ਦੀ ਫਿਲਮ ‘ਅਮਰ ਸਿੰਘ ਚਮਕੀਲਾ’ ਵਿੱਚ ਸ਼ਾਨਦਾਰ ਅਦਾਕਾਰੀ ਲਈ ਨਾਮਜ਼ਦ ਕੀਤਾ ਗਿਆ ਸੀ। ਇਸ ਸਾਲ ਦਾ ਇਹ ਸਨਮਾਨ ਸਪੈਨਿਸ਼ ਅਦਾਕਾਰ ਓਰੀਓਲ ਪਲਾ ਨੂੰ ਸੀਰੀਜ਼ ‘ਯੋ, ਐਡਿਕਟੋ’ (ਆਈ, ਐਡਿਕਟ) ਲਈ ਦਿੱਤਾ ਗਿਆ। ਫਿਲਮ ‘ਅਮਰ ਸਿੰਘ ਚਮਕੀਲਾ’ ਬਿਹਤਰੀਨ ਟੀ ਵੀ ਮੂਵੀ/ਮਿਨੀ ਸੀਰੀਜ਼ ਵਰਗ ਵਿੱਚ ਵੀ ਐਵਾਰਡ ਹਾਸਲ ਨਹੀਂ ਕਰ ਸਕੀ। ਆਪਣੀ ਪਹਿਲੀ ਕੌਮਾਂਤਰੀ ਐਮੀ ਨਾਮਜ਼ਦਗੀ ਦੌਰਾਨ ਦਿਲਜੀਤ ਦੋਸਾਂਝ ਫਿਲਮ ਨਿਰਦੇਸ਼ਕ ਇਮਤਿਆਜ਼ ਅਲੀ ਨਾਲ ਰੈੱਡ ਕਾਰਪੈਟ ’ਤੇ ਨਜ਼ਰ ਆਇਆ। ਭਾਵੇਂ ਦਿਲਜੀਤ ਇਹ ਐਵਾਰਡ ਨਹੀਂ ਜਿੱਤ ਸਕਿਆ ਪਰ ਇਸ ਨਾਮਜ਼ਦਗੀ ਨੂੰ ਵਿਸ਼ਵ ਪੱਧਰ ’ਤੇ ਦੇਸ਼ ਲਈ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ। ਇਸ ਵਰਗ ਵਿੱਚ ਦਿਲਜੀਤ ਦਾ ਮੁਕਾਬਲਾ ਡੇਵਿਡ ਮਿਸ਼ੇਲ ਅਤੇ ਡਿਏਗੋ ਵਾਸਕੁਏਜ਼ ਵਰਗੇ ਅਦਾਕਾਰਾਂ ਨਾਲ ਸੀ। ਇਮਤਿਆਜ਼ ਅਲੀ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਪੰਜਾਬ ਦੇ ‘ਐਲਵਿਸ’ ਵਜੋਂ ਜਾਣੇ ਜਾਂਦੇ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਜੀਵਨੀ ’ਤੇ ਆਧਾਰਤ ਹੈ। ਅਪਰੈਲ 2024 ਵਿੱਚ ਨੈੱਟਫਲਿਕਸ ’ਤੇ ਰਿਲੀਜ਼ ਹੋਈ ਇਸ ਫਿਲਮ ਵਿੱਚ ਪਰੀਨਿਤੀ ਚੋਪੜਾ ਨੇ ਮੁੱਖ ਭੂਮਿਕਾ ਨਿਭਾਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2020 ਵਿੱਚ ‘ਦਿੱਲੀ ਕਰਾਈਮ’ ਨੇ ਬੈੱਸਟ ਡਰਾਮਾ ਸੀਰੀਜ਼ ਅਤੇ 2021 ਵਿੱਚ ਵੀਰ ਦਾਸ ਨੇ ਕਾਮੇਡੀ ਲਈ ਐਮੀ ਐਵਾਰਡ ਜਿੱਤਿਆ ਸੀ।

