ਪਾਕਿ ਅਦਾਕਾਰਾ ਹਾਨੀਆ ਨਾਲ ਕੰਮ ਕਰਨ ’ਤੇ ਦਿਲਜੀਤ ਦੀ ਆਲੋਚਨਾ
ਨਵੀਂ ਦਿੱਲੀ:
ਮਕਬੂਲ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਨੂੰ ਆਪਣੀ ਆਉਣ ਵਾਲੀ ਫਿਲਮ ‘ਸਰਦਾਰ ਜੀ 3’ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨਾਲ ਕੰਮ ਕਰਨ ਕਰਕੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਫ਼ਿਲਮ ਪੰਜਾਬੀ ਹਾਰਰ-ਕਾਮੇਡੀ ਫਿਲਮ ‘ਸਰਦਾਰ ਜੀ’ ਦਾ ਤੀਜਾ ਭਾਗ ਹੈ। ਇਸ ਦਾ ਨਿਰਦੇਸ਼ਨ ਅਮਰ ਹੁੰਦਲ ਨੇ ਕੀਤਾ ਹੈ। ਫਿਲਮ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਦ ਸਿੱਧੂ ਦੇ ‘ਵ੍ਹਾਈਟ ਹਿੱਲ ਸਟੂਡੀਓਜ਼’ ਅਤੇ ‘ਸਟੋਰੀ ਟਾਈਮ ਪ੍ਰੋਡਕਸ਼ਨਜ਼’ ਵੱਲੋਂ ਮਿਲ ਕੇ ਬਣਾਈ ਗਈ ਹੈ। ਦਿਲਜੀਤ ਨੇ ਬੀਤੀ ਰਾਤ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਫਿਲਮ ਦਾ ਟਰੇਲਰ ਸਾਂਝਾ ਕੀਤਾ ਹੈ। ਅਦਾਕਾਰ ਨੇ ਕਿਹਾ ਕਿ ਇਹ ਫਿਲਮ, ਜੋ ਪਹਿਲਾਂ ਪੂਰੀ ਦੁਨੀਆ ਵਿੱਚ ਰਿਲੀਜ਼ ਹੋਣ ਵਾਲੀ ਸੀ, ਹੁਣ 27 ਜੂਨ ਨੂੰ ਸਿਰਫ਼ ਵਿਦੇਸ਼ਾਂ ਵਿੱਚ ਹੀ ਰਿਲੀਜ਼ ਹੋਵੇਗੀ। ਕੈਪਸ਼ਨ ਵਿੱਚ ਲਿਖਿਆ ਹੈ, ‘‘‘ਸਰਦਾਰ ਜੀ 3’ ਸਿਰਫ਼ ਵਿਦੇਸ਼ਾਂ ਵਿੱਚ 27 ਜੂਨ ਨੂੰ ਰਿਲੀਜ਼ ਹੋ ਰਹੀ ਹੈ।’’ ਇਸ ਤੋਂ ਬਾਅਦ ਕਈ ਸੋਸ਼ਲ ਮੀਡੀਆ ਵਰਤੋਂਕਾਰਾਂ ਨੇ ਫਿਲਮ ਵਿੱਚ ਪਾਕਿਸਤਾਨੀ ਕਲਾਕਾਰ ਦੀ ਚੋਣ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਇੱਕ ਵਰਤੋਂਕਾਰ ਨੇ ਲਿਖਿਆ, “ਬਾਈਕਾਟ।” ਦੂਸਰੇ ਨੇ ਟਿੱਪਣੀ ਕੀਤੀ, “ਦਿਲਜੀਤ ਦੁਸਾਂਝ ਗੱਦਾਰ ਹੈ।” ਇਹ ਵਿਵਾਦ ਅਪਰੈਲ ਵਿੱਚ ਹੋਏ ਪਹਿਲਗਾਮ ਅਤਿਵਾਦੀ ਹਮਲੇ ਮਗਰੋਂ ਸ਼ੁਰੂ ਹੋਇਆ। ਇਸ ਹਮਲੇ ਵਿੱਚ 26 ਭਾਰਤੀ ਨਾਗਰਿਕਾਂ ਦੀ ਜਾਨ ਚਲੀ ਗਈ ਸੀ। ਹਮਲੇ ਮਗਰੋਂ ਭਾਰਤ-ਪਾਕਿਸਤਾਨ ਸਬੰਧ ਮੁੜ ਤਣਾਅਪੂਰਨ ਹੋ ਗਏ ਹਨ। ਪਹਿਲਗਾਮ ਹਮਲੇ ਮਗਰੋਂ ਭਾਰਤ ਵਿੱਚ ਹਾਨੀਆ ਆਮਿਰ, ਫਵਾਦ ਖਾਨ, ਮਾਹਿਰਾ ਖਾਨ, ਅਲੀ ਜ਼ਫਰ, ਆਤਿਫ ਅਸਲਮ ਅਤੇ ਰਾਹਤ ਫਤਹਿ ਅਲੀ ਖਾਨ ਸਮੇਤ ਪਾਕਿਸਤਾਨੀ ਕਲਾਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਫਵਾਦ ਖਾਨ ਅਤੇ ਵਾਣੀ ਕਪੂਰ ਦੀ ਫਿਲਮ ‘ਅਬੀਰ ਗੁਲਾਲ’ ਨੂੰ ਵੀ ਭਾਰਤ ਵਿੱਚ ਰਿਲੀਜ਼ ਹੋਣ ਦੀ ਇਜਾਜ਼ਤ ਨਹੀਂ ਮਿਲੀ ਸੀ। ਇਹ ਫਿਲਮ ਮਈ ਵਿੱਚ ਰਿਲੀਜ਼ ਹੋਣੀ ਸੀ। -ਪੀਟੀਆਈ